ਹੋਮ / ਖ਼ਬਰਾਂ / ੯ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ: ਨਵੀਆਂ ਤਕਨੀਕਾਂ ਦੇ ਪ੍ਰਸਾਰ ਦਾ ਸਾਧਨ ਬਣ ਰਹੀਆਂ ਪ੍ਰਦਰਸ਼ਨੀਆਂ
ਸਾਂਝਾ ਕਰੋ

੯ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ: ਨਵੀਆਂ ਤਕਨੀਕਾਂ ਦੇ ਪ੍ਰਸਾਰ ਦਾ ਸਾਧਨ ਬਣ ਰਹੀਆਂ ਪ੍ਰਦਰਸ਼ਨੀਆਂ

ਡੀ. ਐਫ. ਓ. ਦਲਜੀਤ ਸਿੰਘ ਨੇ ਦੱਸਿਆ ਕਿ ਵਣ ਖੇਤੀ ਕਿਸਾਨਾਂ ਲਈ ਫਸਲੀ ਵਿਭਿੰਨਤਾ ਦਾ ਉੱਤਮ ਸਾਧਨ ਹੈ।

ਸ਼੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਫਿੱਕੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ੯ਵੀਂ ਕੌਮੀ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਲਾਈਵ ਸਟਾਕ ਐਕਸਪੋ ੨੦੧੬ ਵਿਚ ਪਸ਼ੂ ਪਾਲਕਾਂ ਅਤੇ ਕਿਸਾਨ ਵੀਰਾਂ ਨੂੰ ਨਵੀਂਆਂ ਤਕਨੀਕਾਂ, ਦਵਾਈਆਂ ਅਤੇ ਖੇਤੀ ਸੰਦਾ ਬਾਰੇ ਜਾਣਕਾਰੀ ਦੇਣ ਲਈ ਪ੍ਰਦਰਸ਼ਨੀ ਲਾਈ ਗਈ ਹੈ। ਇਸ ਪ੍ਰਦਰਸ਼ਨੀ ਵਿਚ ਜਿੱਥੇ ਪ੍ਰਾਈਵੇਟ ਅਦਾਰਿਆਂ ਵਲੋਂ ਆਪਣੇ ਸਟਾਲ ਲਾਏ ਗਏ ਹਨ, ਉੱਥੇ ਹੀ ਸਰਕਾਰੀ ਵਿਭਾਗ ਵੀ ਇੱਥੇ ਆਪਣੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਪਹੁੰਚੇ ਹੋਏ ਹਨ। ਪੰਜਾਬ ਰਾਜ ਵਣ ਵਿਕਾਸ ਨਿਗਮ ਵੱਲੋਂ ਵੀ ਇਸ ਪ੍ਰਦਰਸ਼ਨੀ 'ਚ ਆਪਣਾ ਸਟਾਲ ਲਾਇਆ ਗਿਆ ਹੈ, ਜਿੱਥੇ ਖਾਸ ਤੌਰ 'ਤੇ ਕਿਸਾਨਾਂ ਨੂੰ ਵਣ ਖੇਤੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨਿਗਮ ਦੇ ਐਮ. ਡੀ. ਜਤਿੰਦਰ ਸ਼ਰਮਾ ਨੇ ਦੱਸਿਆ ਕਿ ਕਿ ਨਿਗਮ ਵੱਲੋਂ ਕਿਸਾਨਾਂ ਨੂੰ ਖਾਸ ਤੌਰ 'ਤੇ ਸੇਮ ਮਾਰੀਆਂ ਜ਼ਮੀਨਾਂ ਵਿਚ ਬਾਇਓਡ੍ਰਨੇਜ ਪ੍ਰਾਜੈਕਟ ਤਹਿਤ ਸਫੈਦੇ ਦੇ ਪੌਦੇ ਮੁਫਤ ਲਾ ਕੇ ਦਿੱਤੇ ਜਾ ਰਹੇ ਹਨ। ਇਸ ਸਬੰਧੀ ਜ਼ਮੀਨ ਤਿਆਰ ਕਰਨਾ, ਪੌਦੇ ਲਾਉਣੇ ਆਦਿ ਸਾਰੇ ਕੰਮ ਨਿਗਮ ਵੱਲੋਂ ਆਪਣੇ ਖਰਚ 'ਤੇ ਕਰਕੇ, ਕਿਸਾਨ ਨੂੰ ਖੇਤ ਵਾਪਸ ਕੀਤਾ ਜਾਂਦਾ ਹੈ ਤਾਂ ਜੋ ਕਿਸਾਨਾਂ ਨੂੰ ਸੇਮ ਮਾਰੀਆਂ ਜ਼ਮੀਨਾਂ ਤੋਂ ਕੋਈ ਆਮਦਨ ਲੈਣ ਦੇ ਯੋਗ ਬਣਾਇਆ ਜਾ ਸਕੇ। ਇਸ ਤੋਂ ਬਿਨ੍ਹਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਸਫੈਦੇ ਦੇ ਪੌਦੇ ਖੇਤਾਂ ਦੀਆਂ ਵੱਟਾਂ 'ਤੇ ਲਾਉਣ ਲਈ ਮੁਫ਼ਤ ਦਿੱਤੇ ਜਾਂਦੇ ਹਨ, ਇਸ ਲਈ ਕਿਸਾਨ ਆਪਣੇ ਜ਼ਿਲੇ ਦੇ ਵਣ ਵਿਭਾਗ ਦੇ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ। ਨਿਗਮ ਵੱਲੋਂ ਸਿੱਖਿਆ ਦੇ ਪ੍ਰਸਾਰ ਵਿਚ ਯੋਗਦਾਨ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਮੈਰੀਟੋਰੀਅਸ ਸਕੂਲਾਂ ਵਿਚ ਫਰਨੀਚਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਡੀ. ਐਫ. ਓ. ਦਲਜੀਤ ਸਿੰਘ ਨੇ ਦੱਸਿਆ ਕਿ ਵਣ ਖੇਤੀ ਕਿਸਾਨਾਂ ਲਈ ਫਸਲੀ ਵਿਭਿੰਨਤਾ ਦਾ ਉੱਤਮ ਸਾਧਨ ਹੈ।
ਇਸੇ ਹੀ ਤਰ੍ਹਾਂ ਇੱਥੇ ਨਾਬਾਰਡ ਵੱਲੋਂ ਵੀ ਵਿੱਤੀ ਸਾਖਰਤਾ ਅਤੇ ਸਵੈ ਸਹਾਇਤਾ ਸਮੂਹਾਂ ਦੇ ਸਟਾਲ ਲਗਵਾਏ ਗਏ ਹਨ। ਲੋਕ ਵੱਡੀ ਗਿਣਤੀ ਵਿਚ ਵਿੱਤੀ ਸਾਖਰਤਾ ਸਟਾਲ 'ਤੇ ਪਹੁੰਚ ਕੇ ਨਗਦੀ ਰਹਿਤ ਭੁਗਤਾਨ ਦੀਆਂ ਵਿਧੀਆਂ ਦੀ ਜਾਣਕਾਰੀ ਹਾਸਲ ਕਰ ਰਹੇ ਹਨ। ਨਾਬਾਰਡ ਦੇ ਡੀ. ਡੀ. ਐਮ ਬਲਜੀਤ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਸਵੈ ਸਹਾਇਤਾ ਸਮੂਹ ਲਈ ਵੀ ਇਹ ਮੇਲਾ ਇਕ ਉੱਤਮ ਮੰਚ ਹੈ, ਜਿੱਥੇ ਉਹ ਆਪਣੇ ਉਤਪਾਦਾਂ ਦਾ ਮੰਡੀਕਰਨ ਆਸਾਨੀ ਨਾਲ ਕਰ ਸਕਦੇ ਹਨ। ਇਸੇ ਤਰਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀ ਸਟਾਲ ਲਾਇਆ ਗਿਆ ਹੈ, ਜੋ ਕਿ ਕਿਸਾਨਾਂ ਨੂੰ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦੇ ਰਿਹਾ ਹੈ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਐੱਚ. ਐੱਸ. ਸੰਧਾ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ੨੦੦ ਤੋਂ ਵੱਧ ਸਟਾਲ ਲਾਏ ਗਏ ਹਨ।
ਸ੍ਰੋਤ : ਜਗ ਬਾਣੀ

 

 

Back to top