ਵਿਅਕਤੀ, ਜੋ ਟੈਸਟ ਕਰੇਗਾ, ਉਹ ਐਕੋਕਾਰਡੀਓਗਰਾਮ ਕਰਨ ਵਿੱਚ ਸੁਸਿਖਿਅਤ ਹੋਵੇਗਾ। ਇਸ ਵਿਅਕਤੀ ਨੂੰ ਸੋਨੋਗਰਾਫ਼ਰ ਕਿਹਾ ਜਾਂਦਾ ਹੈ।
ਸੋਨੋਗਰਾਫ਼ਰ ਪਹਿਲਾਂ ਤੁਹਾਡੇ ਬੱਚੇ ਦਾ ਭਾਰ ਤੋਲੇਗਾ ਅਤੇ ਕੱਦ ਮਾਪੇਗਾ। ਫਿਰ ਉਹ ਤੁਹਾਡੇ ਬੱਚੇ ਨੂੰ ਵਿਸੇਸ਼ ਐਕੋ ਰੂਮ ਵਿੱਚ ਲਿਆਵੇਗਾ/ਗੀ।
ਤੁਹਾਡੇ ਬੱਚੇ ਨੂੰ ਇੱਕ ਵਿਸੇਸ਼ ਬੈੱਡ ਉੱਤੇ ਲਿਟਾਇਆ ਜਾਵੇਗਾ ਜਿਸ ਬੈੱਡ ਨੂੰ ਉੱਚਾ ਅਤੇ ਨੀਵਾਂ ਕੀਤਾ ਜਾ ਸਕਦਾ ਹੈ। ਤੁਹਾਡੇ ਬੱਚੇ ਨੂੰ ਸਵੈਟਰ, ਕਮੀਜ਼, ਅਤੇ ਕਮਰ ਤੋਂ ਉੱਪਰ ਦੇ ਦੂਜੇ ਕੱਪੜੇ ਉਤਾਰਨੇ ਪੈਣਗੇ।
ਸੋਨੋਗਰਾਫ਼ਰ ਤੁਹਾਡੇ ਬੱਚੇ ਦੀ ਛਾਤੀ ਜਾਂ ਬਾਹਵਾਂ ਉੱਤੇ ਤਿੰਨ ਸਟਿੱਕਰ ਲਾਵੇਗਾ। ਇਨ੍ਹਾਂ ਸਟਿੱਕਰਾਂ ਨੂੰ ਅਲੈਕਟ੍ਰੋਡਜ਼ ਕਿਹਾ ਜਾਂਦਾ ਹੈ। ਇਹ ਤਾਰਾਂ ਰਾਹੀਂ ਐਕੋ ਮਸ਼ੀਨ ਨਾਲ ਜੁੜੇ ਹੁੰਦੇ ਹਨ। ਟੈਸਟ ਦੌਰਾਨ ਇਹ ਤੁਹਾਡੇ ਬੱਚੇ ਦੇ ਦਿਲ ਦੀ ਗਤੀ ਰਿਕਾਰਡ ਕਰਨਗੇ।
ਫਿਰ, ਸੋਨੋਗਰਾਫ਼ਰ ਤੁਹਾਡੇ ਬੱਚੇ ਦੀ ਛਾਤੀ ਉੱਤੇ ਕੁਝ ਜੈਲੀ ਲਾਵੇਗਾ ਤਾਂ ਜੋ ਪਰੋਬ (ਜਾਂਚਣ ਵਾਲਾ ਯੰਤਰ) ਤੁਹਾਡੇ ਬੱਚੇ ਦੀ ਚਮੜੀ ਉੱਪਰ ਸਹਿਜੇ ਹੀ ਚੱਲ ਸਕੇ। ਇਹ ਪਰੋਬ ਇੱਕ ਕੈਮਰੇ ਵਰਗਾ ਹੁੰਦਾ ਹੈ ਜੋ ਤੁਹਾਡੇ ਬੱਚੇ ਦੇ ਦਿਲ ਦੀਆਂ ਤਸਵੀਰਾਂ ਲੈਂਦਾ ਹੈ। ਇਹ ਲਗਭਗ ੧੫ ਸੈਂਟੀਮੀਟਰ (੬'') ਲੰਮਾਂ ਅਤੇ ਇਸ ਦਾ ਸਿਰਾ ਗੋਲ ਹੁੰਦਾ ਹੈ ਕਿ ਇਹ ਜੈਲੀ ਉੱਤੇ ਸਹਿਜੇ ਹੀ ਟਿਕ ਸਕੇ।
ਕਮਰੇ ਅੰਦਰਲੀਆਂ ਬਹੁਤੀਆਂ ਲਾਈਟਾਂ ਬੁਝਾ ਦਿੱਤੀਆਂ ਜਾਣਗੀਆਂ ਤਾਂ ਜੋ ਸੋਨੋਗਰਾਫ਼ਰ ਤਸਵੀਰਾਂ ਨੂੰ ਕੰਮਪਿਊਟਰ ਦੀ ਸਕਰੀਨ ਉੱਪਰ ਵੇਖ ਸਕੇ। ਸੋਨੋਗਰਾਫ਼ਰ ਪਰੋਬ ਨੂੰ ਅੱਗੇ ਪਿੱਛੇ ਕਰੇਗਾ ਤਾਂ ਜੋ ਉਹ ਤੁਹਾਡੇ ਬੱਚੇ ਦੀਆਂ ਤਸਵੀਰਾਂ ਵੱਖ ਵੱਖ ਕੋਣਾਂ ਤੋਂ ਵੇਖ ਸਕੇ। ਤਸਵੀਰਾਂ ਪੇਟ, ਛਾਤੀ ਅਤੇ ਗਰਦਨ ਤੋਂ ਲਈਆਂ ਜਾਂਦੀਆਂ ਹਨ। ਤੁਸੀਂ ਇਨ੍ਹਾਂ ਤਸਵੀਰਾਂ ਨੂੰ ਕੰਪਿਊਟਰ ਦੀ ਸਕਰੀਨ ਉੱਤੇ ਵੇਖ ਸਕਦੇ ਹੋ। ਇਹ ਸਾਰੀਆਂ ਤਸਵੀਰਾਂ ਕੰਪਿਊਟਰ ਵਿੱਚ ਸਾਂਭੀਆਂ ਜਾਂਦੀਆਂ ਹਨ।
ਐਕੋਕਾਰਡੀਓਗਰਾਮ ਦੌਰਾਨ ਤੁਹਾਡੇ ਬੱਚੇ ਨੂੰ ਕੋਈ ਦਰਦ ਨਹੀਂ ਹੋਵੇਗਾ। ਉਹ ਪਰੋਬ ਦਾ ਕੁਝ ਭਾਰ ਮਹਿਸੂਸ ਕਰੇਗਾ। ਕਈ ਵਾਰੀ ਜਦੋਂ ਐਕੋ ਮਸ਼ੀਨ ਦਿਲ ਵਿੱਚ ਖ਼ੂਨ ਦੇ ਵਿਹਾਅ ਨੂੰ ਰਿਕਾਰਡ ਕਰਦੀ ਹੋਵੇਗੀ ਤਾਂ ਤੁਹਾਡਾ ਬੱਚਾ ਉੱਚੀ ਸ਼ੂਸ਼ੂ ਦੀ ਅਵਾਜ਼ ਸੁਣੇਗਾ।
ਜਦੋਂ ਸੋਨੋਗਰਾਫ਼ਰ ਤਸਵੀਰਾਂ ਲੈਣ ਦਾ ਕੰਮ ਖ਼ਤਮ ਕਰ ਲੈਂਦੀ ਹੈ, ਫਿਰ ਉਹ ਕਾਰਡੀਆਲੋਜਿਸਟ ਨੂੰ ਰਿਪੋਰਟ ਦੇਵੇਗੀ ਅਤੇ ਇਹ ਬਿੰਬ ਉਸ ਨੂੰ ਵਿਖਾਵੇਗੀ। ਕਾਰਡੀਆਲੋਜਿਸਟ, ਇਸ ਸਮੇਂ, ਹੋਰ ਤਸਵੀਰਾਂ ਵੀ ਲੈ ਸਕਦਾ ਹੈ। ਇਹ ਟੈਸਟ ਕਰਨ ਦਾ ਆਮ ਹਿੱਸਾ ਹੁੰਦਾ ਹੈ। ਇਸ ਦੌਰਾਨ, ਤੁਹਾਡਾ ਬੱਚਾ ਐਕੋ ਮਸ਼ੀਨ ਦੇ ਨਾਲ ਬੱਝਾ ਰਹੇਗਾ। ਸੋਨੋਗਰਾਫ਼ਰ ਜਾਂ ਨਰਸ ਤੁਹਾਨੂੰ ਦੱਸੇਗੀ ਕਿ ਤੁਹਾਡਾ ਬੱਚਾ ਕਦੋਂ ਮੁੜ ਕੇ ਕੱਪੜੇ ਪਾ ਸਕਦਾ ਹੈ।
ਐਕੋਕਾਰਡੀਓਗਰਾਮ ੩੦ ਮਿੰਟ ਤੋਂ ੯੦ ਮਿੰਟ ਜਾਂ ਵੱਧ ਸਮਾਂ ਲੈ ਸਕਦਾ ਹੈ। ਅਕਸਰ ਤੁਹਾਡੇ ਬੱਚੇ ਦਾ ਪਹਿਲਾ ਐਕੋਕਾਰਡੀਓਗਰਾਮ ਵੱਧ ਸਮਾਂ ਲੈਂਦਾ ਹੈ॥ ਟੈਸਟ ਕਿੰਨੀ ਦੇਰ ਲਏ ਜਾਂਦੇ ਰਹਿਣਗੇ ਇਸ ਦਾ ਨਿਰਭਰ ਤੁਹਾਡੇ ਬੱਚੇ ਦੇ ਉਸ ਡਾਕਟਰ 'ਤੇ ਕਰਦਾ ਹੈ ਜਿਸ ਨੇ ਟੈਸਟ ਲੈਣ ਲਈ ਕਿਹਾ ਹੈ।
ਆਪਣੇ ਬੱਚੇ ਨਾਲ ਦਿਆਨਤਦਾਰੀ ਨਾਲ ਅਤੇ ਖੁੱਲ੍ਹ ਕੇ ਗੱਲ ਕਰੋ ਕਿ ਟੈਸਟ ਵਿੱਚ ਕੀ ਹੋਣਾ ਹੈ। ਐਕੋਕਾਰਡੀਓਗਰਾਮ ਦੌਰਾਨ ਜੋ ਕੁਝ ਹੋਣਾ ਹੁੰਦਾ ਹੈ ਉਸ ਦੀ ਵਿਆਖਿਆ ਦਿਓ। ਬੱਚੇ ਦੀ ਸਮਝ ਦੀ ਪੱਧਰ ਅਨੁਸਾਰ ਜਿੰਨੇ ਵੀ ਉਚਿਤ ਵੇਰਵੇ ਹੋ ਸਕਦੇ ਹੋਣ ਉਸ ਨੂੰ ਦੱਸੋ। ਐਪੁਆਇਂਟਮੈਂਟ ਬਾਰੇ ਉਸ ਨੂੰ ਅਗੇਤਰਾ ਹੀ ਦੱਸ ਦਿਓ ਤਾਂ ਜੋ ਹਸਪਤਾਲ ਪਹੁੰਚਣਾ ਉਸ ਲਈ ਹੈਰਾਨੀ ਵਾਲੀ ਗੱਲ ਨਾ ਹੋਵੇ। ਆਪਣੇ ਬੱਚੇ ਨੂੰ ਦੱਸ ਦਿਓ ਕਿ ਟੈਸਟ ਨਾਲ ਕੋਈ ਪੀੜ ਨਹੀਂ ਹੁੰਦੀ ਅਤੇ ਟੈਸਟ ਤੋਂ ਡਰਨ ਦਾ ਕੋਈ ਕਾਰਨ ਨਹੀਂ ਹੈ। ਆਪਣੇ ਬੱਚੇ ਨੂੰ ਇਹ ਵੀ ਦੱਸ ਦਿਓ ਕਿ ਟੈਸਟ ਦੌਰਾਨ ਤੁਸੀਂ ਉਸ ਦੇ ਕੋਲ ਹੀ ਹੋਵੋਗੇ।
ਜੇ ਤੁਸੀਂ ਚਾਹੋ ਤਾਂ ਤੁਸੀਂ ਅਤੇ ਤੁਹਾਡਾ ਬੱਚਾ ਘਰ ਵਿੱਚ ਅਭਿਆਸ ਕਰ ਸਕਦੇ ਹੋ। ਆਪਣੇ ਬੱਚੇ ਨੂੰ ਇੱਕ ਹਨੇਰੇ ਕਮਰੇ ਵਿੱਚ ਇੱਕ ਬੈੱਡ ਉੱਪਰ ਪਿੱਠ ਭਾਰ ਲਿਟਾਅ ਦਿਓ। ਕਿਉਂਕਿ ਸੋਨੋਗਰਾਫ਼ਰ ਨੇ ਧਿਆਣ ਟਿਕਾਉਣਾ ਹੁੰਦਾ ਹੈ ਉਸ ਨੂੰ ਦੱਸੋ ਕਿ ਇਹ ਮਾਹੌਲ ਨਿੱਘਾ ਅਤੇ ਸ਼ਾਤ ਹੋਵੇਗਾ।
ਥੋੜ੍ਹਾ ਜਿੰਨਾ ਨਿੱਘਾ ਹੈਂਡ ਲੋਸ਼ਨ ਆਪਣੇ ਬੱਚੇ ਦੀ ਛਾਤੀ ਦੇ ਵਿਚਕਾਰ ਅਤੇ ਖੱਬੇ ਪਾਸੇ ਲਾਓ। ਪੀਣ ਵਾਲੇ ਗਲਾਸ ਦੇ ਥੱਲੇ ਨੂੰ ਛਾਤੀ 'ਤੇ ਇੱਧਰ ਉੱਧਰ ਕਰੋ। ਵਿਆਖਿਆ ਦਿਓ ਕਿ ਗਲਾਸ ਇੱਕ ਕੈਮਰਾ ਹੋਵੇਗਾ ਜਿਸ ਨਾਲ ਸੋਨੋਗਰਾਫ਼ਰ ਤਸਵੀਰਾਂ ਲੈਂਦਾ ਹੈ।
ਆਪਣੇ ਨਾਲ ਬੱਚੇ ਦਾ ਵਿਸ਼ੇਸ਼ ਖਿਡਾਉਣਾ, ਸੁਰੱਖਿਆ ਕੰਬਲ, ਜਾਂ ਮਨਚਾਹੀ ਵਿਡੀਓ ਲਿਜਾਓ।
ਆਪਣੇ ਬੱਚੇ ਨੂੰ ਦੱਸੋ ਕਿ ਟੈਸਟ ਲੈਬ ਵਿਖੇ ਐਕੋਕਾਰਡੀਓਗਰਾਮ ਲਈ ਮੁਹੱਈਆ ਕੀਤੀ ਜਗ੍ਹਾ ਉਸ ਨੂੰ ਆਪਣੀ ਕਮੀਜ਼, ਜਾਂ ਸਵੈਟਰ ਆਪ ਉਤਾਰਨੀ ਅਤੇ ਪਾਉਣੀ ਪੈਣਾ ਹੈ।
ਆਪਣੇ ਬੱਚੇ/ਬੱਚੀ ਨੂੰ ਦੱਸੋ ਕਿ ਟੈਸਟ ਦੌਰਾਨ ਐਕੋ ਬੈੱਡ ਉੱਪਰ ਤੁਸੀਂ ਵੀ ਨਾਲ ਹੀ ਲੇਟੇ ਹੋਵੋਗੇ। ਯਕੀਨੀ ਬਣਾਓ ਕਿ ਬੱਚੇ ਨੂੰ ਪਤਾ ਹੋਵੇ ਕਿ ਟੈਸਟ ਨੂੰ ਸਮਾਂ ਲੱਗ ਜਾਂਦਾ ਹੈ ਪਰ ਤੁਸੀਂ ਉਸ ਨੂੰ ਇਕੱਲੇ ਨਹੀਂ ਛੱਡ ਕੇ ਜਾਓਗੇ।
ਤੁਹਾਡੇ ਬੱਚੇ ਦੇ ਐਕੋਕਾਰਡੀਓਗਰਾਮ ਦੇ ਨਤੀਜੇ ਦੱਸਣ ਦਾ ਕੰਮ ਸਿਰਫ਼ ਬੱਚੇ ਦਾ ਕਾਰਡੀਆਲੋਜਿਸਟ, ਪੈਡੀਅਟ੍ਰੀਸ਼ਨ (ਬੱਚਿਆਂ ਦਾ ਮਾਹਰ), ਜਾਂ ਦੂਜਾ ਮਾਹਰ ਜਿਸ ਨੇ ਟੈਸਟ ਕਰਵਾਉਣ ਲਈ ਕਿਹਾ ਹੋਵੇ, ਹੀ ਕਰ ਸਕਦਾ ਹੈ।
ਟੈਸਟ ਕਰਨ ਵਾਲੇ ਸੋਨੋਗਰਾਫ਼ਰ ਅਤੇ ਕਾਰਡੀਆਲੋਜਿਸਟ ਜਿਹੜਾ ਤਸਵੀਰਾਂ ਦੀ ਨਜ਼ਰਸਾਨੀ ਕਰਦਾ ਹੈ, ਨੂੰ ਤੁਹਾਨੂੰ ਨਤੀਜਾ ਦੇਣ ਦੀ ਇਜਾਜ਼ਤ ਨਹੀਂ ਹੁੰਦੀ।
ਜੇ ਤੁਹਾਡੇ ਬੱਚੇ ਨੂੰ ਟੈਸਟ ਲਈ ਸੁਲਾਇਆ ਜਾਂਦਾ ਹੈ ਤਾਂ ਟੈਸਟ ਤੋਂ ਪਹਿਲਾਂ ਕੁਝ ਸਮਾਂ ਬੱਚੇ ਨੂੰ ਕੁਝ ਖਾਣਾ ਪੀਣਾ ਨਹੀਂ ਚਾਹੀਦਾ।
ਆਖਰੀ ਵਾਰ ਸੰਸ਼ੋਧਿਤ : 2/6/2020