ਸੌਰ ਊਰਜਾ ਉਹ ਊਰਜਾ ਹੈ, ਜਿਹੜੀ ਸਿੱਧੇ ਸੂਰਜ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਸੌਰ ਊਰਜਾ ਹੀ ਮੌਸਮ ਅਤੇ ਜਲਵਾਯੂ ਵਿੱਚ ਪਰਿਵਰਤਨ ਲਿਆਉਂਦੀ ਹੈ। ਇਹ ਧਰਤੀ ਉੱਤੇ ਸਭ ਪ੍ਰਕਾਰ ਦੇ ਜੀਵਨ (ਰੁੱਖ-ਬੂਟੇ ਅਤੇ ਜੀਵ-ਜੰਤੂ) ਦਾ ਸਹਾਰਾ ਹੈ।
ਉਂਜ ਤਾਂ ਸੌਰ ਊਰਜਾ ਦਾ ਕਈ ਤਰ੍ਹਾਂ ਨਾਲ ਉਪਯੋਗ ਹੁੰਦਾ ਹੈ, ਪਰ ਸੂਰਜ ਦੀ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਣ ਨੂੰ ਹੀ ਮੁੱਖ ਤੌਰ ਤੇ ਸੌਰ ਊਰਜਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਸੂਰਜ ਦੀ ਊਰਜਾ ਨੂੰ ਦੋ ਤਰ੍ਹਾਂ ਨਾਲ ਬਿਜਲਈ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ। ਪਹਿਲਾ ਪ੍ਰਕਾਸ਼- ਬਿਜਲਈ ਸੈੱਲ ਦੀ ਸਹਾਇਤਾ ਨਾਲ ਅਤੇ ਦੂਜਾ ਕਿਸੇ ਤਰਲ ਪਦਾਰਥ ਨੂੰ ਸੂਰਜ ਦੀ ਊਸ਼ਮਾ ਨਾਲ ਗਰਮ ਕਰਨ ਦੇ ਬਾਅਦ ਇਸ ਨਾਲ ਬਿਜਲਈ ਜਨਰੇਟਰ ਚਲਾ ਕੇ।
ਸੂਰਜ ਨੂੰ ਇੱਕ ਅਲੌਕਿਕ ਸ਼ਕਤੀ ਸਰੋਤ, ਸ਼ਾਂਤ ਅਤੇ ਵਾਤਾਵਰਣ ਅਨੁਕੂਲ ਪ੍ਰਕਿਰਤੀ ਅਤੇ ਨਵਿਆਉਣਯੋਗ ਸੌਰ ਊਰਜਾ ਦੇ ਸਰੋਤ ਦੇ ਰੁਪ ਵਿੱਚ ਲੋਕਾਂ ਦੁਆਰਾ ਆਪਣੀ ਸੰਸਕ੍ਰਿਤੀ ਅਤੇ ਜੀਵਨ ਜਿਊਣ ਦੇ ਤਰੀਕੇ ਦੇ ਸਮਰੂਪ ਅਪਣਾਇਆ ਗਿਆ ਹੈ। ਵਿਗਿਆਨ ਅਤੇ ਸੰਸਕ੍ਰਿਤੀ ਦੇ ਏਕੀਕਰਨ ਅਤੇ ਸੰਸਕ੍ਰਿਤੀ ਅਤੇ ਤਕਨਾਲੋਜੀ ਦੇ ਸਾਧਨਾਂ ਦੇ ਪ੍ਰਯੋਗ ਰਾਹੀਂ ਸੌਰ ਊਰਜਾ ਭਵਿੱਖ ਦੇ ਲਈ ਨਵਿਆਉਣਯੋਗ ਊਰਜਾ ਦਾ ਸਰੋਤ ਸਾਬਿਤ ਹੋਣ ਵਾਲੀ ਹੈ।
ਸੂਰਜ ਤੋਂ ਸਿੱਧੇ ਪ੍ਰਾਪਤ ਹੋਣ ਵਾਲੀ ਊਰਜਾ ਵਿੱਚ ਕਈ ਖਾਸ ਵਿਸ਼ੇਸ਼ਤਾਵਾਂ ਹਨ। ਜੋ ਇਸ ਸਰੋਤ ਨੂੰ ਆਕਰਸ਼ਕ ਬਣਾਉਂਦੀਆਂ ਹਨ। ਇਨ੍ਹਾਂ ਵਿੱਚ ਇਸ ਦਾ ਜ਼ਿਆਦਾ ਵਿਸਤਾਰਿਤ ਹੋਣਾ, ਗੈਰ-ਪ੍ਰਦੂਸ਼ਣਕਾਰੀ ਅਤੇ ਅਖੰਡਤ ਹੋਣਾ ਪ੍ਰਮੁੱਖ ਹਨ। ਸੰਪੂਰਨ ਭਾਰਤੀ ਭੂ-ਭਾਗ ਉੱਤੇ ੫੦੦੦ ਲੱਖ ਕਰੋੜ ਕਿਲੋਵਾਟ ਘੰਟਾ ਪ੍ਰਤੀ ਵਰਗ ਮੀ. ਦੇ ਬਰਾਬਰ ਸੌਰ ਊਰਜਾ ਆਉਂਦੀ ਹੈ, ਜੋ ਕਿ ਵਿਸ਼ਵ ਦੀ ਸੰਪੂਰਣ ਬਿਜਲਈ ਖਪਤ ਤੋਂ ਕਈ ਗੁਣਾ ਵੱਧ ਹੈ। ਸਾਫ਼ ਧੁੱਪ ਵਾਲੇ (ਬਿਨਾਂ ਧੁੰਦ ਅਤੇ ਬੱਦਲ ਦੇ) ਦਿਨਾਂ ਵਿੱਚ ਰੋਜ਼ਾਨਾ ਦੀ ਔਸਤ ਸੌਰ-ਊਰਜਾ ਦੀ ਪਹੁੰਚ ੪ ਤੋਂ ੭ ਕਿਲੋਵਾਟ ਘੰਟਾ ਪ੍ਰਤੀ ਵਰਗ ਮੀਟਰ ਤਕ ਹੁੰਦਾ ਹੈ। ਦੇਸ਼ ਵਿੱਚ ਸਾਲ ਵਿੱਚ ਲਗਭਗ ੨੫੦ ਤੋਂ ੩੦੦ ਦਿਨ ਅਜਿਹੇ ਹੁੰਦੇ ਹਨ ਜਦੋਂ ਸੂਰਜ ਦੀ ਰੌਸ਼ਨੀ ਪੂਰੇ ਦਿਨ ਭਰ ਉਪਲਬਧ ਰਹਿੰਦੀ ਹੈ।
ਭਾਰਤ ਵਿੱਚ ਸੌਰ ਊਰਜਾ ਦੇ ਲਈ ਅਨੇਕਾਂ ਪ੍ਰੋਗਰਾਮਾਂ ਦਾ ਸੰਚਾਲਨ ਭਾਰਤ ਸਰਕਾਰ ਦੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਰਾਹੀਂ ਕੀਤਾ ਜਾਂਦਾ ਹੈ। ਭਾਰਤ ਦੀ ਸੰਘਣੀ ਆਬਾਦੀ ਅਤੇ ਉੱਚ ਸੌਰ ਤਾਪਮਾਨ ਸੌਰ ਊਰਜਾ ਨੂੰ ਭਾਰਤ ਦੇ ਲਈ ਇੱਕ ਆਦਰਸ਼ ਊਰਜਾ ਸਰੋਤ ਬਣਾਉਂਦਾ ਹੈ। ਪਰ ਸੌਰ ਊਰਜਾ ਬੇਹੱਦ ਖਰਚੀਲੀ ਹੈ ਅਤੇ ਇਸ ਉੱਤੇ ਭਾਰੀ ਨਿਵੇਸ਼ ਦੀ ਜ਼ਰੂਰਤ ਪੈਂਦੀ ਹੈ। ਸੌਰ ਊਰਜਾ ਦਾ ਸਰੂਪ ਅਸਥਿਰ ਹੈ, ਜਿਸ ਕਾਰਨ ਇਸ ਨੂੰ ਗਰਿਡ ਵਿੱਚ ਸਮਾਯੋਜਿਤ ਕਰਨਾ ਮੁਸ਼ਕਲ ਹੁੰਦਾ ਹੈ। ਲੋਕਾਂ ਵਿੱਚ ਜਾਗਰੂਕਤਾ ਦੀ ਘਾਟ, ਉੱਚ ਉਤਪਾਦਨ ਲਾਗਤ ਅਤੇ ਵਰਤਮਾਨ ਊਰਜਾ ਨੂੰ ਛੱਡਣ ਦੀਆਂ ਸੀਮਾਵਾਂ ਅਤੇ ਟਰਾਂਸਮਿਸ਼ਨ ਨੈੱਟਵਰਕ ਨੂੰ ਦੇਸ਼ ਭਰ ਵਿੱਚ ਸੌਰ ਊਰਜਾ ਸਮਰੱਥਾ ਦੇ ਭਰਪੂਰ ਸ਼ੋਸ਼ਣ ਦੀ ਦਿਸ਼ਾ ਵਿੱਚ ਮੁੱਖ ਰੁਕਾਵਟ ਦੇ ਰੂਪ ਵਿੱਚ ਮੰਨਿਆ ਗਿਆ ਹੈ।
ਹੈਂਡਬੁਕ ਆਨ ਸੋਲਰ ਰੇਡੀਏਸ਼ਨ ਓਵਰ ਇੰਡੀਆ ਦੇ ਅਨੁਸਾਰ, ਭਾਰਤ ਦੇ ਜ਼ਿਆਦਾਤਰ ਹਿੱਸੇ ਵਿੱਚ ਇੱਕ ਸਾਲ ਵਿੱਚ ੨੫੦ - ੩੦੦ ਧੁੱਪ ਨਿਕਲਣ ਵਾਲੇ ਦਿਨਾਂ ਸਹਿਤ ਰੋਜ਼ਾਨਾ ਪ੍ਰਤੀ ਵਰਗਮੀਟਰ ੪ - ੭ ਕਿਲੋਵਾਟ ਘੰਟੇ ਦੀ ਸੌਰ ਵਿਕੀਰਣ ਪ੍ਰਾਪਤ ਹੁੰਦੀ ਹੈ। ਰਾਜਸਥਾਨ ਅਤੇ ਗੁਜਰਾਤ ਵਿੱਚ ਪ੍ਰਾਪਤ ਸੌਰ ਵਿਕੀਰਣ ਉੜੀਸਾ ਵਿੱਚ ਪ੍ਰਾਪਤ ਵਿਕੀਰਣ ਦੀ ਤੁਲਨਾ ਵਿੱਚ ਜ਼ਿਆਦਾ ਹੈ। ਦੇਸ਼ ਵਿੱਚ ੩੦ - ੫੦ ਮੈਗਾਵਾਟ/ਪ੍ਰਤੀ ਵਰਗ ਕਿਲੋਮੀਟਰ ਛਾਇਆ ਰਹਿਤ ਖੁੱਲ੍ਹਾ ਖੇਤਰ ਹੋਣ ਦੇ ਬਾਵਜੂਦ ਉਪਲਬਧ ਸਮਰੱਥਾ ਦੀ ਤੁਲਨਾ ਵਿੱਚ ਦੇਸ਼ ਵਿੱਚ ਸੌਰ ਊਰਜਾ ਦਾ ਪ੍ਰਯੋਗ ਕਾਫੀ ਘੱਟ ਹੈ (ਜੋ ੨੦੧੪ ਦੀ ਸਥਿਤੀ ਦੇ ਅਨੁਸਾਰ ੨੬੪੭ ਮੈਗਾਵਾਟ ਹੈ)।
ਸੌਰ ਪੈਨਲ ਰਾਹੀਂ ਚੱਲਣ ਵਾਲੇ ਕੰਪਿਊਟਰ
ਰੌਸ਼ਨੀ ਅਤੇ ਊਸ਼ਮਾ ਦੋਵੇਂ ਰੂਪਾਂ ਵਿੱਚ ਪ੍ਰਾਪਤ ਸੌਰ ਊਰਜਾ ਦਾ ਉਪਯੋਗ ਕਈ ਤਰ੍ਹਾਂ ਨਾਲ ਹੋ ਸਕਦਾ ਹੈ। ਸੌਰ ਊਸ਼ਮਾ ਦਾ ਉਪਯੋਗ ਅਨਾਜ ਨੂੰ ਸੁਕਾਉਣ, ਜਲ ਊਸ਼ਮਨ, ਖਾਣਾ ਪਕਾਉਣ, ਕੂਲਿੰਗ, ਜਲ ਸ਼ੁੱਧੀਕਰਣ ਅਤੇ ਬਿਜਲਈ ਊਰਜਾ ਉਤਪਾਦਨ ਦੇ ਲਈ ਕੀਤਾ ਜਾ ਸਕਦਾ ਹੈ। ਫ਼ੋਟੋ ਵੋਲਟਿਕ ਪ੍ਰਣਾਲੀ ਦੁਆਰਾ ਸੌਰ ਪ੍ਰਕਾਸ਼ ਨੂੰ ਬਿਜਲੀ ਵਿੱਚ ਰੂਪਾਂਤ੍ਰਿਤ ਕਰਕੇ ਰੌਸ਼ਨੀ ਪ੍ਰਾਪਤ ਕੀਤੀ ਜਾ ਸਕਦੀ ਹੈ, ਕੂਲਿੰਗ ਦਾ ਕੰਮ ਕੀਤਾ ਜਾ ਸਕਦਾ ਹੈ, ਟੈਲੀਫ਼ੋਨ, ਟੈਲੀਵੀਜ਼ਨ, ਰੇਡੀਓ ਆਦਿ ਚਲਾਏ ਜਾ ਸਕਦੇ ਹਨ, ਅਤੇ ਪੱਖੇ ਅਤੇ ਜਲ-ਪੰਪ ਆਦਿ ਵੀ ਚਲਾਏ ਜਾ ਸਕਦੇ ਹਨ।
ਜਲ ਦਾ ਊਸ਼ਮਨ
ਸੌਰ ਊਰਜਾ ਤੋਂ ਗਰਮ ਜਲ ਦੀ ਪ੍ਰਾਪਤੀ ਹੁੰਦੀ ਹੈ। ਸੌਰ-ਊਸ਼ਮਾ ਉੱਤੇ ਆਧਾਰਿਤ ਤਕਨਾਲੋਜੀ ਦਾ ਉਪਯੋਗ ਘਰੇਲੂ, ਵਪਾਰਕ ਅਤੇ ਉਦਯੋਗਿਕ ਇਸਤੇਮਾਲ ਵਿੱਚ ਜਲ ਨੂੰ ਗਰਮ ਕਰਨ ਵਿੱਚ ਕੀਤਾ ਜਾ ਸਕਦਾ ਹੈ। ਦੇਸ਼ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਸੌਰ ਜਲ-ਊਸ਼ਮਕ ਬਣਾਏ ਜਾ ਰਹੇ ਹਨ। ਲਗਭਗ ੪,੫੦,੦੦੦ ਵਰਗ ਮੀਟਰ ਤੋਂ ਵੱਧ ਖੇਤਰਫਲ ਦੇ ਸੌਰ ਜਲ ਊਸ਼ਮਾ ਸੰਗ੍ਰਾਹਕ ਸਥਾਪਿਤ ਕੀਤੇ ਜਾ ਚੁੱਕੇ ਹਨ, ਜੋ ਰੋਜ਼ਾਨਾ ੨੨੦ ਲੱਖ ਲੀਟਰ ਪਾਣੀ ਨੂੰ ੬੦-੭੦° ਸੈਲਸੀਅਸ ਤਕ ਗਰਮ ਕਰਦੇ ਹਨ। ਭਾਰਤ ਸਰਕਾਰ ਦਾ ਗੈਰ-ਪਰੰਪਰਕ ਊਰਜਾ ਸਰੋਤ ਮੰਤਰਾਲਾ ਇਸ ਊਰਜਾ ਦੇ ਉਪਯੋਗ ਨੂੰ ਹੱਲਾਸ਼ੇਰੀ ਦੇਣ ਲਈ ਤਕਨਾਲੋਜੀ ਵਿਕਾਸ, ਪ੍ਰਮਾਣੀਕਰਨ, ਆਰਥਿਕ ਅਤੇ ਵਿੱਤੀ ਹੱਲਾਸ਼ੇਰੀ, ਜਨ-ਪ੍ਰਚਾਰ ਆਦਿ ਪ੍ਰੋਗਰਾਮ ਚਲਾ ਰਿਹਾ ਹੈ। ਇਸ ਦੇ ਸਿੱਟੋ ਵਜੋਂ ਤਕਨਾਲੋਜੀ ਹੁਣ ਲਗਭਗ ਪਰਿਪੱਕਤਾ ਪ੍ਰਾਪਤ ਕਰ ਚੁੱਕੀ ਹੈ ਅਤੇ ਇਸ ਦੀ ਸਮਰੱਥਾ ਅਤੇ ਆਰਥਿਕ ਲਾਗਤ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। ਵੱਡੇ ਪੈਮਾਨੇ ਉੱਤੇ ਖੇਤਰ-ਪਰੀਖਣਾਂ ਰਾਹੀਂ ਇਹ ਸਾਬਿਤ ਹੋ ਚੁੱਕਿਆ ਹੈ ਕਿ ਰਿਹਾਇਸ਼ੀ ਭਵਨਾਂ, ਰੈਸਟੋਰੈਂਟਾਂ, ਹੋਟਲਾਂ, ਹਸਪਤਾਲਾਂ ਅਤੇ ਵਿਭਿੰਨ ਉੱਦਮਾਂ (ਖਾਧ ਵਸਤੂ ਸ਼ੁੱਧੀਕਰਣ, ਔਸ਼ਧੀ, ਕੱਪੜਾ, ਡੱਬਾ ਬੰਦੀ, ਆਦਿ) ਦਾ ਲਈ ਇਹ ਇੱਕ ਉਚਿਤ ਤਕਨਾਲੋਜੀ ਹੈ।
ਜਦੋਂ ਅਸੀਂ ਸੌਰ ਊਸ਼ਮਕ ਨਾਲ ਪਾਣੀ ਗਰਮ ਕਰਦੇ ਹਾਂ ਤਾਂ ਇਸ ਨਾਲ ਉੱਚ ਲੋੜ ਵਾਲੇ ਸਮੇਂ ਵਿੱਚ ਬਿਜਲੀ ਦੀ ਬੱਚਤ ਹੁੰਦੀ ਹੈ। ੧੦੦ ਲੀਟਰ ਸਮਰੱਥਾ ਦੇ ੧੦੦੦ ਘਰੇਲੂ ਸੌਰ ਜਵ-ਉਸ਼ਮਕਾਂ ਨਾਲ ਇੱਕ ਮੈਗਾਵਾਟ ਬਿਜਲੀ ਦੀ ਬੱਚਤ ਹੁੰਦੀ ਹੈ। ਨਾਲ ਹੀ ਅਜਿਹਾ ਅਨੁਮਾਨ ਹੈ ਕਿ ੧੦੦ ਲੀਟਰ ਦੀ ਸਮਰੱਥਾ ਦੇ ਇੱਕ ਸੌਰ ਊਸ਼ਮਕ ਨਾਲ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਵਿੱਚ ਹਰ ਸਾਲ ੧.੫ ਟਨ ਦੀ ਕਮੀ ਹੋਵੇਗੀ। ਇਨ੍ਹਾਂ ਪਲਾਂਟਾਂ ਦਾ ਜੀਵਨ-ਕਾਲ ਲਗਭਗ ੧੫-੨੦ ਸਾਲ ਦਾ ਹੁੰਦਾ ਹੈ।
ਸੌਰ-ਪਾਚਕ (ਸੋਲਰ ਕੂਕਰ)
ਸੌਰ ਊਸ਼ਮਾ ਰਾਹੀਂ ਖਾਣਾ ਪਕਾਉਣ ਨਾਲ ਕਈ ਪ੍ਰਕਾਰ ਦੇ ਪਰੰਪਰਾਗਤ ਈਂਧਣਾਂ ਦੀ ਬੱਚਤ ਹੁੰਦੀ ਹੈ। ਬਾਕਸ ਪਾਚਕ, ਵਾਸ਼ਪ-ਪਾਚਕ ਅਤੇ ਊਸ਼ਮਾ ਭੰਡਾਰਕ ਪ੍ਰਕਾਰ ਦੇ ਅਤੇ ਭੋਜਨ ਪਾਚਕ, ਸਮੁਦਾਇਕ ਪਾਚਕ ਆਦਿ ਪ੍ਰਕਾਰ ਦੇ ਸੌਰ-ਪਾਚਕ ਵਿਕਸਤ ਕੀਤੇ ਜਾ ਚੁੱਕੇ ਹਨ। ਅਜਿਹੇ ਵੀ ਬਾਕਸ ਪਾਚਕ ਵਿਕਸਤ ਕੀਤੇ ਗਏ ਹਨ, ਜੋ ਬਰਸਾਤ ਜਾਂ ਧੁੰਦ ਦੇ ਦਿਨਾਂ ਵਿੱਚ ਬਿਜਲੀ ਨਾਲ ਖਾਣਾ ਪਕਾਉਣ ਦੇ ਲਈ ਪ੍ਰਯੋਗ ਕੀਤੇ ਜਾ ਸਕਦੇ ਹਨ। ਹਾਲੇ ਤਕ ਲਗਭਗ ੪,੬੦,੦੦੦੦ ਸੋਲਰ-ਕੂਕਰ ਵੇਚੇ ਜਾ ਚੁੱਕੇ ਹਨ।
ਸੌਰ ਵਾਯੂ ਊਸ਼ਮਨ
ਸੂਰਜ ਦੀ ਗਰਮੀ ਦੇ ਪ੍ਰਯੋਗ ਦੁਆਰਾ ਕਟਾਈ ਦੇ ਪਿੱਛੋਂ ਖੇਤੀ ਉਤਪਾਦਾਂ ਅਤੇ ਹੋਰ ਪਦਾਰਥਾਂ ਨੂੰ ਸੁਕਾਉਣ ਲਈ ਸੰਦ ਵਿਕਸਤ ਕੀਤੇ ਗਏ ਹਨ। ਇਨ੍ਹਾਂ ਪ੍ਰਕਿਰਿਆਵਾਂ ਦੇ ਪ੍ਰਯੋਗ ਰਾਹੀਂ ਖੁੱਲ੍ਹੇ ਵਿੱਚ ਅਨਾਜਾਂ ਅਤੇ ਹੋਰ ਉਤਪਾਦਾਂ ਨੂੰ ਸੁਕਾਉਂਦੇ ਸਮੇਂ ਹੋਣ ਵਾਲੇ ਨੁਕਸਾਨ ਘੱਟ ਕੀਤੇ ਜਾ ਸਕਦੇ ਹਨ। ਚਾਹ ਪੱਤੀਆਂ, ਲੱਕੜੀ, ਮਸਾਲੇ ਆਦਿ ਨੂੰ ਸੁਕਾਉਣ ਵਿੱਚ ਇਨ੍ਹਾਂ ਦਾ ਵਿਆਪਕ ਪ੍ਰਯੋਗ ਕੀਤਾ ਜਾ ਰਿਹਾ ਹੈ।
ਸੌਰ ਪੈਨਲ ਦੀ ਸਥਾਪਨਾ
ਕਿਸੇ ਵੀ ਘਰੇਲੂ ਅਤੇ ਵਪਾਰਕ ਭਵਨ ਦੇ ਲਈ ਇਹ ਜ਼ਰੂਰੀ ਹੈ ਕਿ ਉਸ ਵਿੱਚ ਰਹਿਣ ਵਾਲੇ ਵਿਅਕਤੀਆਂ ਦੇ ਲਈ ਉਹ ਸੁੱਖਕਾਰੀ ਹੋਵੇ। ਸੌਰ ਪੈਨਲ ਦੀ ਸਥਾਪਨਾ ਆਮ ਕਰਕੇ ਜਲਵਾਯੂ ਦੇ ਨਾਲ ਤਾਲਮੇਲ ਰੱਖਣ ਵਾਲਾ ਪ੍ਰਬੰਧ ਹੈ। ਭਵਨ ਦੇ ਅੰਤਰਗਤ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਕੇ ਸਰਦੀ ਅਤੇ ਗਰਮੀ ਦੋਵੇਂ ਰੁੱਤਾਂ ਵਿੱਚ ਜਲਵਾਯੂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਚੱਲਦੇ ਪਰੰਪਰਾਗਤ ਊਰਜਾ (ਬਿਜਲੀ ਅਤੇ ਈਂਧਣ) ਦੀ ਬੱਚਤ ਕੀਤੀ ਜਾ ਸਕਦੀ ਹੈ।
ਆਦਿੱਤਿਆ ਸੌਰ ਕਾਰਜਸ਼ਾਲਾਵਾਂ
ਭਾਰਤ ਸਰਕਾਰ ਦੇ ਗੈਰ-ਪਰੰਪਰਕ ਊਰਜਾ ਸਰੋਤ ਮੰਤਰਾਲਾ ਦੇ ਸਹਿਯੋਗ ਨਾਲ ਦੇਸ਼ ਦੇ ਕਈ ਹਿੱਸਿਆਂ ਵਿੱਚ ਆਦਿੱਤਿਆ ਸੌਰ ਕਾਰਜਸ਼ਾਲਾਵਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਨਵਿਆਉਣਯੋਗ ਊਰਜਾ ਉਪਕਰਣਾਂ ਦੀ ਵਿੱਕਰੀ, ਰੱਖ-ਰਖਾਅ, ਮੁਰੰਮਤ ਅਤੇ ਉਸ ਸੰਬੰਧੀ ਸੂਚਨਾ ਦਾ ਪ੍ਰਚਾਰ-ਪ੍ਰਸਾਰ ਇਨ੍ਹਾਂ ਦਾ ਮੁੱਖ ਕੰਮ ਹੋਵੇਗਾ। ਸਰਕਾਰ ਇਸ ਦੇ ਲਈ ਇਕਮੁਸ਼ਤ ਧਨ ਅਤੇ ਦੋ ਸਾਲਾਂ ਤਕ ਕੁਝ ਆਵਰਤੀ ਰਾਸ਼ੀ ਉਪਲਬਧ ਕਰਾਉਂਦੀ ਹੈ। ਇਹ ਉਮੀਦ ਰੱਖੀ ਗਈ ਹੈ ਕਿ ਇਹ ਕਾਰਜਸ਼ਾਲਾਵਾਂ ਗਾਹਕ-ਹਿਤੈਸ਼ੀ ਤੌਰ ਤੇ ਕੰਮ ਕਰਨਗੀਆਂ ਅਤੇ ਆਪਣੇ ਲਈ ਧਨ ਖ਼ੁਦ ਜੁਟਾਉਣਗੀਆਂ।
ਸੌਰ ਫ਼ੋਟੋ ਵੋਲਟਿਕ ਪ੍ਰੋਗਰਾਮ
ਸੌਰ ਫ਼ੋਟੋ ਵੋਲਟਿਕ ਤਰੀਕੇ ਨਾਲ ਊਰਜਾ ਪ੍ਰਾਪਤ ਕਰਨ ਲਈ ਸੂਰਜ ਦੀ ਰੌਸ਼ਨੀ ਨੂੰ ਸੇਮੀਕੰਡਕਟਰ ਦੇ ਬਣੇ ਸੋਲਾਰ ਸੈੱਲ ਉੱਤੇ ਪਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਪ੍ਰਣਾਲੀ ਵਿੱਚ ਸੂਰਜ ਦੀ ਰੌਸ਼ਨੀ ਤੋਂ ਸਿੱਧੇ ਬਿਜਲੀ ਪ੍ਰਾਪਤ ਕਰਕੇ ਕਈ ਪ੍ਰਕਾਰ ਦੇ ਕੰਮ ਸੰਪਾਦਿਤ ਕੀਤੇ ਜਾ ਸਕਦੇ ਹਨ।
ਭਾਰਤ ਉਨ੍ਹਾਂ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਫ਼ੋਟੋ ਵੋਲਟਿਕ ਪ੍ਰਣਾਲੀ ਦੀ ਤਕਨਾਲੋਜੀ ਦਾ ਉਚਿਤ ਵਿਕਾਸ ਕੀਤਾ ਗਿਆ ਹੈ ਅਤੇ ਇਸ ਤਕਨਾਲੋਜੀ ਉੱਤੇ ਆਧਾਰਿਤ ਬਿਜਲਈ ਉਤਪਾਦਕ ਇਕਾਈਆਂ ਰਾਹੀਂ ਅਨੇਕ ਪ੍ਰਕਾਰ ਦੇ ਕੰਮ ਪੂਰੇ ਕੀਤੇ ਜਾ ਰਹੇ ਹਨ। ਦੇਸ਼ ਵਿੱਚ ਨੌਂ ਕੰਪਨੀਆਂ ਦੁਆਰਾ ਸੌਰ ਸੈੱਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਬਾਈਸ ਦੁਆਰਾ ਫੋਟੋਵੋਲਟਿਕ ਮਾਡਿਊਲਾਂ ਦਾ। ਲਗਭਗ ੫੦ ਕੰਪਨੀਆਂ ਫ਼ੋਟੋ ਵੋਲਟਿਕ ਪ੍ਰਣਾਲੀਆਂ ਦੀ ਯੋਜਨਾ, ਤਾਲਮੇਲ ਅਤੇ ਸਪਲਾਈ ਦੇ ਪ੍ਰੋਗਰਾਮਾਂ ਨਾਲ ਸਰਗਰਮ ਰੂਪ ਨਾਲ ਜੁੜੀਆਂ ਹੋਈਆਂ ਹਨ। ਸੰਨ ੧੯੯੬-ਕ਼੯੯੯ ਦੇ ਦੌਰਾਨ ਦੇਸ਼ ਵਿੱਚ ੯.੫ ਮੈਗਾਵਾਟ ਦੇ ਫ਼ੋਟੋ ਵੋਲਟਿਕ ਮੌਡਿਊਲ ਨਿਰਮਿਤ ਕੀਤੇ ਗਏ। ਹਾਲੇ ਤਕ ਲਗਭਗ ੬੦੦੦੦੦ ਵਿਅਕਤੀਗਤ ਫੋਟੋ ਵੋਲਟਿਕ ਪ੍ਰਣਾਲੀਆਂ (ਕੁੱਲ ਸਮਰੱਥਾ ੪੦ ਮੈਗਾਵਾਟ) ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ। ਭਾਰਤ ਸਰਕਾਰ ਦਾ ਗੈਰ-ਪਰੰਪਰਕ ਊਰਜਾ ਸਰੋਤ ਮੰਤਰਾਲਾ ਸੌਰ ਲਾਲਟੈਣ, ਸੌਰ-ਗ੍ਰਹਿ, ਸੌਰ ਜਨਤਕ ਪ੍ਰਕਾਸ਼ ਪ੍ਰਣਾਲੀ, ਜਲ-ਪੰਪ, ਅਤੇ ਪੇਂਡੂ ਖੇਤਰਾਂ ਦੇ ਲਈ ਏਕਲ ਫੋਟੋਵੋਲਟਿਕ ਊਰਜਾ ਪਲਾਂਟਾਂ ਦੇ ਵਿਕਾਸ, ਸਥਾਪਨਾ ਆਦਿ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਫ਼ੋਟੋ ਵੋਲਟਿਕ ਪ੍ਰਣਾਲੀ ਮੌਡਿਊਲਰ ਪ੍ਰਕਾਰ ਦੀ ਹੁੰਦੀ ਹੈ। ਇਨ੍ਹਾਂ ਵਿੱਚੋਂ ਕਿਸੇ ਪ੍ਰਕਾਰ ਦੇ ਜੀਵਾਸ਼ਮ ਊਰਜਾ ਦੀ ਖਪਤ ਨਹੀਂ ਹੁੰਦੀ ਹੈ ਅਤੇ ਇਨ੍ਹਾਂ ਦੇ ਰੱਖ-ਰਖਾਅ ਅਤੇ ਚਲਾਉਣ ਦਾ ਤਰੀਕਾ ਸੌਖਾ ਹੈ। ਨਾਲ ਹੀ ਇਹ ਵਾਤਾਵਰਣ ਅਨੁਕੂਲ ਹਨ। ਦੂਰ-ਦੁਰਾਡੇ ਦੇ ਸਥਾਨਾਂ, ਰੇਗਿਸਤਾਨੀ ਇਲਾਕਿਆਂ, ਪਹਾੜੀ ਖੇਤਰਾਂ, ਦੀਪਾਂ ਅਤੇ ਜੰਗਲੀ ਇਲਾਕਿਆਂ ਆਦਿ, ਜਿੱਥੇ ਪ੍ਰਚਲਿਤ ਗਰਿਡ ਪ੍ਰਣਾਲੀ ਦੁਆਰਾ ਬਿਜਲੀ ਆਸਾਨੀ ਨਾਲ ਨਹੀਂ ਪਹੁੰਚ ਸਕਦੀ ਹੈ, ਦੇ ਲਈ ਇਹ ਪ੍ਰਣਾਲੀ ਆਦਰਸ਼ ਹੈ। ਇਸ ਲਈ ਫ਼ੋਟੋ ਵੋਲਟਿਕ ਪ੍ਰਣਾਲੀ ਦੂਰ-ਦੁਰਾਡੇ ਦੇ ਮੁਸ਼ਕਲ ਸਥਾਨਾਂ ਦੀ ਦਸ਼ਾ ਸੁਧਾਰਨ ਵਿੱਚ ਬੇਹੱਦ ਉਪਯੋਗੀ ਹੈ।
ਸੌਰ ਲਾਲਟੈਣ
ਸੌਰ ਲਾਲਟੈਣ ਇੱਕ ਹੌਲਾ ਢੋ ਜਾ ਸਕਣਾ ਵਾਲਾ ਫ਼ੋਟੋ ਵੋਲਟਿਕ ਤੰਤਰ ਹੈ। ਇਸ ਦੇ ਅੰਤਰਗਤ ਲਾਲਟੈਣ, ਰੱਖ-ਰਖਾਅ ਰਹਿਤ ਬੈਟਰੀ, ਇਲੈਕਟ੍ਰੋਨਿਕ ਨਿਯੰਤਰਕ ਪ੍ਰਣਾਲੀ, ਅਤੇ ੭ ਵਾਟ ਦਾ ਛੋਟਾ ਫਲੁਓਰੇਸੇਂਟ ਲੈਂਪ ਯੁਕਤ ਮੌਡਿਊਲ ਅਤੇ ਇੱਕ ੧੦ ਵਾਟ ਦਾ ਫ਼ੋਟੋ ਵੋਲਟਿਕ ਮੌਡਿਊਲ ਆਉਂਦਾ ਹੈ। ਇਹ ਘਰ ਦੇ ਅੰਦਰ ਅਤੇ ਘਰ ਦਾ ਬਾਹਰ ਰੋਜ਼ਾਨਾ ੩ ਤੋਂ ੪ ਘੰਟੇ ਤਕ ਪ੍ਰਕਾਸ਼ ਦੇ ਸਕਣ ਵਿੱਚ ਸਮਰੱਥ ਹੈ। ਕੈਰੋਸੀਨ ਆਧਾਰਿਤ ਲਾਲਟੈਣ, ਢਿਬਰੀ, ਪੈਟਰੋਮੈਕਸ ਆਦਿ ਦਾ ਇਹ ਇੱਕ ਆਦਰਸ਼ ਵਿਕਲਪ ਹੈ। ਇਨ੍ਹਾਂ ਵਿੱਚੋਂ ਨਾ ਤਾਂ ਇਸ ਨਾਲ ਧੂੰਆਂ ਨਿਕਲਦਾ ਹੈ, ਨਾ ਅੱਗ ਲੱਗਣ ਦਾ ਖਤਰਾ ਹੈ ਅਤੇ ਨਾ ਸਿਹਤ ਦਾ। ਹੁਣ ਤਕ ਲਗਭਗ ੨,੫੦,੦੦੦ ਤੋਂ ਵੱਧ ਸੌਰ ਲਾਲਟੈਣ ਦੇਸ਼ ਦੇ ਪੇਂਡੂ ਇਲਾਕਿਆਂ ਵਿੱਚ ਲੱਗੇ ਹਨ।
ਸੌਰ ਜਲ-ਪੰਪ
ਫ਼ੋਟੋ ਵੋਲਟਿਕ ਪ੍ਰਣਾਲੀ ਰਾਹੀਂ ਪੀਣ ਅਤੇ ਸਿੰਜਾਈ ਦੇ ਲਈ ਖੂਹਾਂ ਆਦਿ ਨੂੰ ਪਾਣੀ ਦਾ ਪੰਪ ਕੀਤਾ ਜਾਣਾ, ਭਾਰਤ ਦੇ ਲਈ ਇੱਕ ਬੇਹੱਦ ਉਪਯੋਗੀ ਪ੍ਰਣਾਲੀ ਹੈ। ਸਧਾਰਨ ਜਲ ਪੰਪ ਪ੍ਰਣਾਲੀ ਵਿੱਚ ੯੦੦ ਵਾਟ ਦਾ ਫ਼ੋਟੋ ਵੋਲਟਿਕ ਮੌਡਿਊਲ, ਇੱਕ ਮੋਟਰ ਯੁਕਤ ਪੰਪ ਅਤੇ ਹੋਰ ਜ਼ਰੂਰੀ ਉਪਕਰਣ ਹੁੰਦੇ ਹਨ। ਹਾਲੇ ਤਕ ੪,੫੦੦ ਤੋਂ ਵੱਧ ਸੌਰ ਜਲ ਪੰਪ ਸਥਾਪਿਤ ਕੀਤੇ ਜਾ ਚੁੱਕੇ ਹਨ।
ਗ੍ਰਾਮੀਣ ਬਿਜਲਈਕਰਣ (ਏਕਲ ਬਿਜਲੀ ਘਰ)
ਫੋਟੋਵੋਲਟਿਕ ਸੈੱਲਾਂ ਉੱਤੇ ਆਧਾਰਿਤ ਇਨ੍ਹਾਂ ਬਿਜਲੀ ਘਰਾਂ 'ਚੋਂ ਗਰਿਡ ਪੱਧਰ ਦੀ ਬਿਜਲੀ ਪਿੰਡ ਵਾਸੀਆਂ ਨੂੰ ਪ੍ਰਦਾਨ ਕੀਤੀ ਜਾ ਸਕਦੀ ਹੈ। ਇਨ੍ਹਾਂ ਬਿਜਲੀ ਘਰਾਂ ਵਿੱਚ ਅਨੇਕ ਸੌਰ ਸੈੱਲਾਂ ਦਾ ਸਮੂਹ, ਸਟੋਰੇਜ ਬੈਟਰੀ ਅਤੇ ਹੋਰ ਜ਼ਰੂਰੀ ਨਿਯੰਤਰਕ ਉਪਕਰਣ ਹੁੰਦੇ ਹਨ। ਬਿਜਲੀ ਨੂੰ ਘਰਾਂ ਵਿੱਚ ਪਹੁੰਚਾਉਣ ਲਈ ਸਥਾਨਕ ਸੌਰ ਗਰਿਡ ਦੀ ਲੋੜ ਹੁੰਦੀ ਹੈ। ਇਨ੍ਹਾਂ ਪਲਾਂਟਾਂ ਨੂੰ ਗਰਿਡ ਪੱਧਰ ਦੀ ਬਿਜਲੀ ਵਿਅਕਤੀਗਤ ਰਿਹਾਇਸ਼ਾਂ, ਸਮੁਦਾਇਕ ਭਵਨਾਂ ਅਤੇ ਵਪਾਰਕ ਕੇਂਦਰਾਂ ਨੂੰ ਪ੍ਰਦਾਨ ਕੀਤੀ ਜਾ ਸਕਦੀ ਹੈ। ਇਨ੍ਹਾਂ ਦੀ ਸਮਰੱਥਾ ੧.੨੫ ਕਿਲੋਵਾਟ ਤਕ ਹੁੰਦੀ ਹੈ। ਹਾਲੇ ਤਕ ਲਗਭਗ ਇੱਕ ਮੈਗਾਵਾਟ ਦੀ ਕੁਲ ਸਮਰੱਥਾ ਦੇ ਅਜਿਹੇ ਪਲਾਂਟ ਦੇਸ਼ ਦੇ ਵੱਖੋ-ਵੱਖ ਹਿੱਸਿਆਂ ਵਿੱਚ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਦੇਸ਼ ਦਾ ਉੱਤਰ-ਪੂਰਬੀ ਖੇਤਰ, ਲਕਸ਼ਦੀਪ, ਬੰਗਾਲ ਦਾ ਸਾਗਰ ਦੀਪ, ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਪ੍ਰਮੁੱਖ ਹਨ।
ਜਨਤਕ ਸੌਰ ਪ੍ਰਕਾਸ਼ ਪ੍ਰਣਾਲੀ
ਪੇਂਡੂ ਇਲਾਕਿਆਂ ਵਿੱਚ ਜਨਤਕ ਸਥਾਨਾਂ ਅਤੇ ਗਲੀਆਂ, ਸੜਕਾਂ ਆਦਿ ਉੱਤੇ ਰੌਸ਼ਨੀ ਕਰਨ ਲਈ ਇਹ ਉੱਤਮ ਪ੍ਰਕਾਸ਼ ਸਰੋਤ ਹਨ। ਇਸ ਵਿੱਚ ੭੪ ਵਾਟ ਦਾ ਇੱਕ ਫ਼ੋਟੋ ਵੋਲਟਿਕ ਮੌਡਿਊਲ, ਇੱਕ ੭੫ ਏਂਪੀਅਰ-ਘੰਟਾ ਦੀ ਘੱਟ ਰੱਖ-ਰਖਾਅ ਵਾਲੀ ਬੈਟਰੀ ਅਤੇ ੧੧ ਵਾਟ ਦਾ ਇੱਕ ਫਲੁਓਰੇਸੇਂਟ ਲੈਂਪ ਹੁੰਦਾ ਹੈ। ਸ਼ਾਮ ਹੁੰਦਿਆਂ ਹੀ ਇਹ ਆਪਣੇ ਆਪ ਜਗ ਜਾਂਦਾ ਹੈ ਅਤੇ ਸਵੇਰੇ ਬੁਝ ਜਾਂਦਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਹੁਣ ਤਕ ੪੦,੦੦੦ ਤੋਂ ਵੱਧ ਇਕਾਈਆਂ ਲਗਾਈਆਂ ਜਾ ਚੁੱਕੀਆਂ ਹਨ।
ਘਰੇਲੂ ਸੌਰ ਪ੍ਰਣਾਲੀ ਦੇ ਅੰਤਰਗਤ ੨ ਤੋਂ ੪ ਬਲਬ (ਜਾਂ ਟਿਊਬ ਲਾਈਟ) ਜਗਾਏ ਜਾ ਸਕਦੇ ਹਨ, ਨਾਲ ਹੀ ਇਸ ਨਾਲ ਛੋਟਾ ਡੀਸੀ ਪੱਖਾ ਅਤੇ ਇੱਕ ਛੋਟਾ ਟੈਲੀਵੀਜ਼ਨ ੨ ਤੋਂ ੩ ਘੰਟੇ ਤਕ ਚਲਾਇਆ ਜਾ ਸਕਦਾ ਹੈ। ਇਸ ਪ੍ਰਣਾਲੀ ਵਿੱਚ ੩੭ ਵਾਟ ਦਾ ਫ਼ੋਟੋ ਵੋਲਟਿਕ ਪੈਨੇਲ ਅਤੇ ੪੦ ਏਂਪਿਅਰ-ਘੰਟਾ ਦੀ ਅਲਪ ਰੱਖ-ਰਖਾਅ ਵਾਲੀ ਬੈਟਰੀ ਹੁੰਦੀ ਹੈ। ਪੇਂਡੂ ਉਪਯੋਗ ਦੇ ਲਈ ਇਸ ਪ੍ਰਕਾਰ ਦੀ ਬਿਜਲੀ ਦਾ ਸਰੋਤ ਗਰਿਡ ਪੱਧਰ ਦੀ ਬਿਜਲੀ ਦੇ ਮੁਕਾਬਲੇ ਕਾਫੀ ਵਧੀਆ ਹੈ। ਹੁਣ ਤਕ ਪਹਾੜੀ, ਜੰਗਲੀ ਅਤੇ ਰੇਗਿਸਤਾਨੀ ਇਲਾਕਿਆਂ ਦੇ ਲਗਭਗ ੧,੦੦,੦੦੦ ਘਰਾਂ ਵਿੱਚ ਇਹ ਪ੍ਰਣਾਲੀ ਲਗਾਈ ਜਾ ਚੁੱਕੀ ਹੈ।
ਸਰੋਤ : ਸਥਾਨਕ ਸਮਾਚਾਰ, ਪੱਤਰ ਸੂਚਨਾ ਦਫ਼ਤਰ
ਆਖਰੀ ਵਾਰ ਸੰਸ਼ੋਧਿਤ : 8/12/2020