ਬੰਗਲੌਰ ਲਾਗਲੇ ਅਨੇਕਲ ਤਾਲੁਕਾ ਦੇ ਮੈਯਸੰਦਰਾ ਪਿੰਡ ਦੇ ਦੇ ਨੇੜਲੇ ਕੁੱਝ ਪਿੰਡਾਂ ਵਿੱਚ ਰਵਾਇਤੀ ਸਬਜ਼ੀ ਅਤੇ ਫੁੱਲ ਉਤਪਾਦਕ ਕਿਸਾਨਾਂ ਨਾਲ ਜੈਵਿਕ ਸਬਜ਼ੀਆਂ ਦੀ ਮਿਸ਼ਰਤ ਖੇਤੀ ਸ਼ੁਰੂ ਕੀਤੀ। ਹਾਲਾਂਕਿ ਪਹਿਲਾਂ ਇਹ ਕਿਸਾਨ ਹੋਰਨਾਂ ਪਿੰਡਾਂ ਦੇ ਕਿਸਾਨਾਂ ਵਾਂਗ ਹੀ ਸਬਜ਼ੀਆਂ ਅਤੇ ਫੁੱਲਾਂ ਦੀ ਇੱਕ ਭਾਤੀ ਖੇਤੀ ਹੀ ਕਰਦੇ ਸਨ।ਇਹ ਖੇਤਰ ਚੁਕੰਦਰ ਅਤੇ ਗਾਜਰ ਦੀਆਂ ਸਬਜ਼ੀਆਂ ਲਈ ਪ੍ਰਸਿੱਧ ਸੀ।
ਸ਼ੁਰੂਆਤੀ ਦੌਰ ਵਿੱਚ ੧੫੦ ਕਿਸਾਨਾਂ ਨਾਲ ਜੈਵਿਕ ਖੇਤੀ ਦਾ ਕੰਮ ਸ਼ੁਰੂ ਕੀਤਾ ਗਿਆ। ਤਿੰਨ ਸਾਲ ਦੀ ਅਵਧੀ ਦੌਰਾਨ, ਇਹ ਗਿਣਤੀ ਘਟ ਕੇ ਜੈਵਿਕ ਖੇਤੀ ਜਾਰੀ ਰੱਖਣ ਵਾਲੇ ਸਿਰਫ ਕੁੱਝ ਕਿਸਾਨਾਂ ਤੱਕ ਸੀਮਿਤ ਰਹਿ ਗਈ।
ਜੈਵਿਕ ਮੰਡੀਕਰਨ ਲਈ ਕਿਸਾਨਾਂ ਨੂੰ ੪੦ ਕਿਲੋਮੀਟਰ ਲੰਬੇ ਸਫਰ ਕਾਰਣ ਸ਼ੁਰੂਆਤੀ ਝਿਜਕ ਦੇ ਬਾਵਜੂਦ ਕੁੱਝ ਸਿਰੜੀ ਕਿਸਾਨਾਂ ਦੇ ਦਮ ਤੇ ਜੈਵਿਕ ਕਿਸਾਨ ਬਾਜ਼ਾਰ ਦੀ ਸ਼ੁਰੂਆਤ ਹੋ ਪਾਈ। ੧੦ ਕਿਸਾਨਾਂ ਤੋਂ ਸ਼ੁਰੂ ਹੋਏ ਕਿਸਾਨ ਬਾਜ਼ਾਰ ਵਿੱਚ ਅੱਜ ੭੦ ਤੋਂ ਵੱਧ ਕਿਸਾਨ ਲਗਾਤਾਰ ਸਾਮਾਨ ਉਪਲਭਧ ਕਰਵਾ ਰਹੇ ਹਨ। ਫਿਰ ਕਿਸਾਨ ਇੱਕ ਗਰੁੱਪ ਸਹਿਜਾ ਸਵੈਯਵਾ ਤਰਕਾਰੀ ਬੇਲਾਗਰਾਰਾ ਸੰਘੋ ਅਧੀਨ ਇਕੱਠੇ ਹੋਏ ਅਤੇ ਇੱਕ ਸਾਂਝੀ ਜਗ੍ਹਾਂ ਸਬਜ਼ੀਆਂ ਨੂੰ ਇਕੱਠੇ ਕਰਨਾ ਸ਼ੁਰੂ ਕੀਤਾ ਅਤੇ ਇੱਥੋਂ ਬਾਜ਼ਾਰ ਵਿੱਚ ਸਪਲਾਈ ਕੀਤੀ।
ਕਿਸਾਨਾਂ ਨੂੰ ਬਾਜ਼ਾਰ ਦੀ ਮੰਗ ਅਨੁਸਾਰ ਵੰਨਸੁਵੰਨੀਆਂ ਸਬਜ਼ੀਆਂ ਪੈਦਾ ਕਰਨ ਲਈ ਪ੍ਰੇਰਤ ਕੀਤਾ ਗਿਆ।ਇਸ ਤਰ੍ਹਾਂ ਕਿਸਾਨ ੪੦ ਕਿਸਮਾਂ ਦੀਆਂ ਸਬਜ਼ੀਆਂ ਪੈਦਾ ਕਰਕੇ ਬੰਗਲੌਰ ਅਤੇ ਗਵਾਂਢੀ ਰਾਜਾਂ ਵਿੱਚ ਵੀ ਪੁੱਜਦੀਆਂ ਕਰਨ ਵਿੱਚ ਸਫਲ ਰਹੇ। ਨਤੀਜੇ ਵਜੋਂ ਕਿਸਾਨਾਂ ਦੀ ਟਰਨਓਵਰ ੭੦੦ ਰੁਪਏ ਪ੍ਰਤੀਦਿਨ ਦੀ ਮਾਮੂਲੀ ਰਾਸ਼ੀ ਤੋਂ ਵੱਧ ਕੇ ੫ ਲੱਖ ਰੁਪਏ ਪ੍ਰਤਿ ਮਹੀਨੇ ਤੱਕ ਪੁੱਜ ਗਈ।
ਇੱਥੋਂ ਤੱਕ ਕਿ ਭੂਮੀਹੀਣ ਕਿਸਾਨਾਂ ਨੂੰ ਵੀ ਸਬਜ਼ੀਆਂ ਉਗਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਨੂੰ ਆਪਣੀ ਰੋਜ਼ੀਰੋਟੀ ਕਮਾਉਣ ਦੇ ਸਮਰੱਥ ਬਣਾਇਆ। ਮੰਗਲਾ ਨਾਮਕ ਭੂਮੀਹੀਣ ਮਹਿਲਾ ਕਿਸਾਨ ਆਪਣੇ ਘਰ ਦੇ ਆਸਪਾਸ ਖਾਲੀ ਜਗ੍ਹਾ ਵਿੱਚ ਕੜ੍ਹੀ ਪੱਤਾ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਉਗਾ ਕੇ ੧੫੦੦ ਰੁਪਏ ਮਹੀਨਾ ਕਮਾ ਰਹੀ ਹੈ।
ਇਹ ਕਿਸਾਨ ਸਮੂਹ ਸਹਿਜਾ ਸਮਰਿੱਧਾ ਆਰਗੈਨਿਕ ਪ੍ਰੋਡਿਊਸਰ ਕੰਪਨੀ ਰਾਹੀਂ ਪ੍ਰਮੁੱਖ ਸੁਪਰ ਮਾਰਕਿਟਾਂ, ਜੈਵਿਕ ਸਟੋਰਾਂ ਅਤੇ ਜੈਵਿਕ ਕਿਸਾਨ ਬਾਜ਼ਾਰਾਂ ਰਾਹੀ ਸਿੱਧੇ ਖਪਤਕਾਰਾਂ ਨੂੰ ਉਤਪਾਦ ਵੇਚ ਕੇ ਵਿਭਿੰਨ ਬਾਜ਼ਾਰ ਚੈਨਲਾਂ ਤੱਕ ਪਹੁੰਚ ਗਿਆ ਹੈ। ਜੈਵਿਕ ਕਿਸਾਨ ਬਾਜ਼ਾਰ ਅਲੱਗਅਲੱਗ ਥਾਂਵਾਂ ਅਤੇ ਖੇਤਰਾਂ ਵਿੱਚ ਖਪਤਕਾਰਾਂ ਤੱਕ ਸਿੱਧੀ ਪਹੁੰਚ ਬਣਾਉਣ ਲਈ ਆਯੋਜਿਤ ਕੀਤੇ ਜਾਂਦੇ ਹਨ। ਇਸ ਸਭ ਨਾਲ ਬ੍ਰਾਂਡ ਨੂੰ ਬਣਨ ਵਿੱਚ ਮੱਦਦ ਮਿਲੀ ਅਤੇ ਹੁਣ ਇਹ ਸਭ ਜਗ੍ਹਾ ਸਹਿਜਾ ਸਬਜ਼ੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਹਫ਼ਤੇ ਵਿੱਚ ਪੰਜ ਦਿਨ ਲੱਗਣ ਵਾਲੇ ਕਿਸਾਨ ਬਾਜ਼ਾਰ ਵਿੱਚ ਕਿਸਾਨ ਮੰਗ ਦੇ ਹਿਸਾਬ ਨਾਲ ਸਬਜ਼ੀਆਂ ਲਿਆਉਂਦੇ ਹਨ। ਗੁਣਵੱਤਾ ਦਾ ਧਿਆਨ ਰੱਖਦਿਆਂ ਸਬਜ਼ੀਆਂ ਦੀ ਗ੍ਰੇਡਿੰਗ ਕਰਨ ਉਪਰੰਤ ਤੋਲ ਕੇ ਵਿਭਿੰਨ ਦੁਕਾਨਾਂ 'ਤੇ ਭੇਜਦੇ ਹਨ। ਭੁਗਤਾਨ ਹਫ਼ਤਾਵਾਰੀ ਆਧਾਰ 'ਤੇ ਕੀਤੇ ਜਾਂਦੇ ਹਨ। ਇੱਥੋਂ ਦੇ ਕਿਸਾਨਾਂ ਨੂੰ ਉੱਚ ਮਾਨਤਾ ਪ੍ਰਾਪਤ ਪ੍ਰਮਾਣਿਕਤਾ ਦੇਣ ਵਾਲੀ ਏਜ਼ੰਸੀ ਆਈ ਐਮ ਓ ਵੱਲੋਂ ਕਰੜੀ ਨਿਗਰਾਨੀ ਅਤੇ ਪੜ੍ਹਤਾਲ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਰਟੀਫਿਕੇਸ਼ਨ ਦਿੱਤੀ ਜਾਂਦੀ ਹੈ।
ਹੋਸ਼ਾਲੀ ਦੇ ਗਾਜਰ ਅਤੇ ਚੁਕੰਦਰ ਉਤਪਾਦ ੬੬ ਵਰ੍ਹਿਆਂ ਦੇ ਕਿਸਾਨ ਨਾਗਰਾਜ ਅਨੁਸਾਰ ਬਾਜ਼ਾਰ ਤੱਕ ਸਿੱਧੀ ਪਹੁੰਚ ਸਦਕਾ ਉਹਨਾਂ ਨੂੰ ਬਹੁਤ ਲਾਭ ਹੋਇਆ ਹੈ ਅਤੇ ਬੀਤੇ ਚਾਰ ਸਾਲਾਂ ਵਿੱਚ ਉਹਨਾਂ ਦੀ ਆਮਦਨੀ ਦੁੱਗਣੀ ਹੋ ਗਈ ਹੈ।ਆਮ ਬਾਜ਼ਾਰ ਵਿੱਚ ੧੨ ਤੋਂ ੧੮ ਰੁਪਏ ਪ੍ਰਤਿ ਕਿੱਲੋ ਵਿਕਣ ਵਾਲੀ ਕੈਮੀਕਲ ਗਾਜਰ ਦੇ ਮੁਕਾਬਲੇ ਉਹਨਾਂ ਨੂੰ ਸਹਿਜਾ ਰਾਹੀ ਉਹਨਾਂ ਦੀ ਜੈਵਿਕ ਗਾਜਰ ੨੫ ਤੋਂ ੩੫ ਰੁਪਏ ਪ੍ਰਤਿ ਕਿੱਲੋ ਵਿਕਦੀ ਹੈ। ਇੱਥੋਂ ਤੱਕ ਕਿ ਸਹਿਜਾ ਦੀ ਇਸ ਪਹਿਲ ਲਈ ਜੇਕਰ ਅਸੀ ਮਾਮੂਲੀ ਜਿਹਾ ਯੋਗਦਾਨ ਵੀ ਕਟਵਾ ਦਿੰਦੇ ਹਾਂ, ਫਿਰ ਵੀ ਸਾਨੂੰ ਆਪਣੇ ਉਤਪਾਦ ਲਈ ੬੦ ਤੋਂ ੮੦ ਪ੍ਰਤੀਸ਼ਤ ਤੱਕ ਜ਼ਿਆਦਾ ਮਿਲਦਾ ਹੈ।
ਹਾਲਾਂਕਿ ਇਸ ਖੇਤਰ ਦੇ ਕਿਸਾਨਾਂ ਕੋਲ ੦.੫ ਏਕੜ ਤੋਂ ਲੈ ਕੇ ੨.੫ ਏਕੜ ਤੱਕ ਦੇ ਛੋਟੇ ਖੇਤ ਹਨ ਪਰ ਉਹ ਸਨਮਾਨਜਨਕ ਜ਼ਿੰਦਗੀ ਜਿਉਂ ਰਹੇ ਹਨ। ਜੈਵਿਕ ਸਬਜ਼ੀਆਂ ਉਗਾਉਣ ਵਾਲੇ ਕਿਸਾਨ ਪਸ਼ੂਧਨ ਨੂੰ ਵੀ ਸੰਭਾਲ ਰਹੇ ਹਨ ਜੋ ਕਿ ਪੋਸ਼ਕ ਤੱਤਾਂ ਦਾ ਅਧਿਕਤਮ ਉਪਯੋਗ ਸੁਨਿਸ਼ਚਿਤ ਕਰਦਾ ਹੈ ਅਤੇ ਨਾਲ ਹੀ ਵਧੇਰੇ ਆਰਥਿਕ ਲਾਭ ਪਹੁੰਚਾਉਂਦਾ ਹੈ।
ਸਰੋਤ : ਲੇਇੱਸ ਇੰਡੀਆ
ਆਖਰੀ ਵਾਰ ਸੰਸ਼ੋਧਿਤ : 8/21/2020