ਸ਼ਹਿਦ ਮੱਖੀ ਪਾਲਣ ਤੋਂ ਭਾਵ ਮੱਖੀਆਂ ਨੂੰ ਚਲਤ ਫਰੇਮਾਂ/ ਛੱਤਿਆਂ ਵਾਲੇ ਲੱਕੜ ਦੇ ਬਕਸਿਆਂ ਵਿੱਚ ਰੱਖਣਾ। ਉਨ੍ਹਾਂ ਤੋਂ ਸ਼ਹਿਦ ਅਤੇ ਹੋਰ ਹਾਈਵ ਪਦਾਰਥ ਲੈਣ ਲਈ ਅਤੇ ਫ਼ਸਲਾਂ ਦੇ ਪਰਪਰਾਗਣ ਲਈ ਉਨ੍ਹਾਂ ਦਾ ਲੋੜੀਂਦਾ ਯੋਗ ਪ੍ਰਬੰਧ ਕਰਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਯੂਰੋਪੀਅਨ ਸ਼ਹਿਦ ਮੱਖੀ (ਐਪਿਸ ਮੈਲੀਫੈਰਾ) ਦੀ ਇਟੈਲੀਅਨ ਕਿਸਮ ਨੂੰ ਭਾਰਤ ਵਿਚ ਲਿਆ ਕੇ ਇਸ ਨੂੰ ਕਾਮਯਾਬੀ ਨਾਲ ਸਥਾਪਿਤ ਕੀਤਾ। ਇਹ ਕਿਸਮ ਪੰਜਾਬ ਦੇ ਗਰਮ ਅਤੇ ਮੈਦਾਨੀ ਇਲਾਕਿਆਂ ਲਈ ਅਨੁਕੂਲ ਹੈ। ਸ਼ਹਿਦ ਮੱਖੀਆਂ ਦੇ ਕਟੁੰਬ ਵਿੱਚ ਇੱਕ ਰਾਣੀ ਮੱਖੀ, ਕਈ ਹਜ਼ਾਰ ਕਾਮਾ ਮੱਖੀਆਂ ਅਤੇ ਕਟੁੰਬਾਂ ਦੇ ਵਾਧੇ ਸਮੇਂ ਸੈਂਕੜੇ ਡਰੋਨ (ਨਰ) ਮੱਖੀਆਂ ਹੁੰਦੀਆਂ ਹਨ। ਸ਼ਹਿਦ ਮੱਖੀਆਂ ਪਾਲਣ ਕਿਸੇ ਭਰੋਸੇਯੋਗ ਅਦਾਰੇ ਤੋਂ ਸਿਖਲਾਈ ਹਾਸਲ ਕਰਨ ਤੋਂ ਬਾਅਦ ਹੀ ਸ਼ੁਰੂ ਕਰੋ।
(੧) ਫੁੱਲ ਫੁਲਾਕਾ ਪੰਜਾਬ ਵਿੱਚ ਵਾਧੂ ਸ਼ਹਿਦ ਇਕੱਠਾ ਕਰਨ ਦੇ ਮੁੱਖ ਸੋਮੇ ਤੋਰੀਆ, ਸਰ੍ਹੋਂ, ਸਫੈਦਾ, ਸੂਰਜਮੁਖੀ, ਅਰਹਰ, ਨਾਸ਼ਪਾਤੀ, ਕਪਾਹ, ਨਰਮਾ, ਬਰਸੀਮ ਅਤੇ ਛਟਾਲਾ ਆਦਿ ਹਨ। ਟਾਹਲੀ, ਕੱਦੁ ਜਾਤੀ ਦੀਆਂ ਵੇਲਾਂ, ਮੱਕੀ, ਲੀਚੀ, ਬੇਰ, ਅਮਰੂਦ, ਨਿੰਬੂ ਜਾਤੀ ਦੇ ਬੂਟੇ, ਖੈਰ ਆਦਿ ਦਰਮਿਆਨੀ ਮਹੱਤਤਾ ਵਾਲੇ ਸ਼ਹਿਦ, ਪੋਲਣ ਜਾਂ ਦੋਵਾਂ ਦੇ ਸੋਮੇ ਹਨ।
(੨) ਸਾਜੋ-ਸਮਾਨ ਦਸ ਫਰੇਮਾਂ ਵਾਲਾ ਮੱਖੀਆਂ ਪਾਲਣ ਦਾ ਬਕਸਾ, ਰਾਣੀ ਨਿਖੇੜੂ ਜਾਲੀ, ਸਿਰ ਅਤੇ ਚਿਹਰੇ ਉੱਪਰ ਪਹਿਨਣ ਵਾਲੀ ਜਾਲੀ, ਫਰੇਮਾਂ ਨੂੰ ਹਿਲਾਉਣ ਵਾਲੀ ਖੁਰਪੀ, ਧੂੰਆਂ ਦੇਣ ਲਈ ਧੌਂਕਣੀ, ਸੈੱਲ ਟੋਪੀਆਂ ਲਾਹੁਣ ਵਾਲਾ ਚਾਕੂ, ਸ਼ਹਿਦ ਕੱਢਣ ਲਈ ਟਰੇਅ, ਸ਼ਹਿਦ ਕੱਢਣ ਦੀ ਮਸ਼ੀਨ, ਬੁਨਿਆਦੀ ਸ਼ੀਟਾਂ ਅਤੇ ਰਾਣੀ ਦਾ ਪਿੰਜਰਾ ਆਦਿ ਲੋੜੀਂਦੇ ਉਪਕਰਣ ਹਨ।
(੩) ਸ਼ਹਿਦ ਦੀਆਂ ਮੱਖੀਆਂ ਪਾਲਣਾ ਸ਼ੁਰੂ ਕਰਨ ਦਾ ਸਮਾਂ ਪੰਜਾਬ ਵਿੱਚ ਸ਼ਹਿਦ ਮੱਖੀਆਂ ਪਾਲਣ ਸ਼ੁਰੂ ਕਰਨ ਲਈ ਦੋ ਢੁੱਕਵੇਂ ਸਮੇਂ ਫਰਵਰੀ-ਮਾਰਚ ਅਤੇ ਅਕਤੂਬਰ-ਨਵੰਬਰ ਹਨ। ਫਰਵਰੀ-ਮਾਰਚ ਦਾ ਸਮਾਂ ਮੱਖੀਆਂ ਦਾ ਧੰਦਾ ਸ਼ੁਰੂ ਕਰਨ ਲਈ ਜ਼ਿਆਦਾ ਢੁਕਵਾਂ ਹੈ, ਕਿਉਂਕਿ ਇਸ ਸਮੇਂ ਫੁੱਲ-ਫੁਲਾਕਾ ਕਾਫ਼ੀ ਮਿਲਦਾ ਹੈ, ਮੌਸਮ ਸੁਖਾਵਾਂ ਹੁੰਦਾ ਹੈ ਅਤੇ ਅੱਗੋਂ ਲਗਾਤਾਰ ਦਿਨ ਵੱਡੇ ਹੁੰਦੇ ਜਾਂਦੇ ਹਨ।
(੪) ਸ਼ਹਿਦ ਮੱਖੀ ਫਾਰਮ ਲਈ ਥਾਂ ਦੀ ਚੋਣ ਸ਼ਹਿਦ ਮੱਖੀਆਂ ਪਾਲਣ ਲਈ ਅਜਿਹੀ ਥਾਂ ਢੁੱਕਵੀਂ ਹੁੰਦੀ ਹੈ, ਜਿੱਥੇ ਲਗਭਗ ਸਾਰਾ ਸਾਲ ਫੁੱਲ ਫੁਲਾਕਾ, ਤਾਜ਼ੇ ਪਾਣੀ ਦਾ ਪ੍ਰਬੰਧ, ਲੋੜ ਅਨੁਸਾਰ ਧੁੱਪ ਅਤੇ ਛਾਂ, ਘੱਟ ਤੋਂ ਘੱਟ ਖੜਕਾ ਅਤੇ ਟਰੈਕਟਰ ਟਰਾਲੀ ਆਦਿ ਪਹੁੰਚਣ ਦੀ ਸੌਖ ਹੋਵੇ। ਮੱਖੀਆਂ ਰੱਖਣ ਵਾਲੀ ਥਾਂ ਪੱਧਰੀ ਅਤੇ ਸਾਫ਼ ਹੋਵੇ ਅਤੇ ਹੜ੍ਹ ਆਦਿ ਦੀ ਮਾਰ ਤੋਂ ਦੂਰ ਹੋਵੇ। ਸ਼ਹਿਦ ਮੱਖੀਆਂ ਦੇ ਬਕਸੇ ਗਰਮੀਆਂ ਵਿਚ ਛਾਂਵੇਂ ਅਤੇ ਸਰਦੀ ਵਿੱਚ ਧੁੱਪ ਵਿੱਚ ਰੱਖੋ। ਬਕਸਿਆਂ ਦਾ ਗੇਟ ਦੱਖਣ-ਪੂਰਬੀ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਬਕਸਿਆਂ ਦੀਆਂ ਕਤਾਰਾਂ ਵਿੱਚ ਘੱਟੋ-ਘੱਟ ਦਸ ਫੁੱਟ ਅਤੇ ਬਕਸੇ ਤੋਂ ਬਕਸੇ ਵਿੱਚ ਘੱਟੋ-ਘੱਟ ਤਿੰਨ ਫੁੱਟ ਦਾ ਫ਼ਾਸਲਾ ਜ਼ਰੂਰ ਰੱਖੋ। ਦੋ ਕਤਾਰਾਂ ਵਿੱਚ ਰੱਖੇ ਬਕਸੇ ਇੱਕ ਦੂਜੇ ਦੇ ਅੱਗੇ ਪਿੱਛੇ ਨਾ ਰੱਖੋ।
(੫) ਸ਼ਹਿਦ ਮੱਖੀ ਕਟੁੰਬਾਂ ਦੀ ਮੌਸਮੀ ਸਾਂਭ-ਸੰਭਾਲ।
ਇਹ ਮੌਸਮ ਸ਼ਹਿਦ ਮੱਖੀਆਂ ਪਾਲਣ ਦਾ ਧੰਦਾ ਸ਼ੁਰੂ ਕਰਨ, ਰਾਣੀ ਮੱਖੀਆਂ ਤਿਆਰ ਕਰਨ, ਕਟੁੰਬਾਂ ਦੀ ਗਿਣਤੀ ਵਧਾਉਣ, ਰਾਇਲ ਜੈਲੀ ਪੈਦਾ ਕਰਨ ਅਤੇ ਪਰਾਗ ਇਕੱਠਾ ਕਰਨ ਲਈ ਬਹੁਤ ਢੁੱਕਵਾਂ ਹੈ। ਇਸ ਮੌਸਮ ਵਿੱਚ ਸ਼ਹਿਦ ਮੱਖੀ ਕਟੁੰਬਾਂ ਦੇ ਪ੍ਰਬੰਧ ਬਾਰੇ ਜਾਣਕਾਰੀ ਅੱਗੇ ਦਿੱਤੀ ਗਈ ਹੈ।
ਸ਼ਹਿਦ ਮੱਖੀਆਂ ਦੇ ਬਕਸਿਆਂ ਨੂੰ ਹਵਾ ਬੰਦ ਅਤੇ ਧੁੱਪ ਵਾਲੇ ਦਿਨ ਖੋਲ ਕੇ ਨਿਰੀਖਣ ਕਰੋ। ਅੰਦਰ ਦਿੱਤੀ ਹੋਈ ਸਰਦੀ ਦੀ ਪੈਕਿੰਗ ਕੱਢ ਦਿਓ ਅਤੇ ਬਕਸੇ ਦੇ ਫਰਸ਼ ਨੂੰ ਸਾਫ਼ ਕਰਕੇ ਸਾਰੀ ਰਹਿੰਦ-ਖੂੰਹਦ ਇਕੱਠੀ ਕਰਕੇ ਇਸ ਨੂੰ ਜਲਾ ਦਿਓ ਜਾਂ ਜ਼ਮੀਨ ਵਿੱਚ ਦੱਬ ਦਿਓ।
ਬਕਸੇ ਵਿਚ ਲੋੜ ਮੁਤਾਬਿਕ ਹੋਰ ਬਣੇ-ਬਣਾਏ ਛੱਤੇ ਜਾਂ ਮੋਮ ਦੀਆਂ ਬੁਨਿਆਦੀ ਸ਼ੀਟਾਂ ਲੱਗੇ ਫਰੇਮ ਦਿਓ। ਜੇਕਰ ਬਰੂਡ ਚੈਂਬਰ ਵਿੱਚ ਮੱਖੀਆਂ ਦੇ ਸਾਰੇ ਛੱਤੇ ਪੂਰੇ ਭਰੇ ਹੋਣ ਤਾਂ ਵਾਧੂ ਜਗ੍ਹਾਂ ਦੇਣ ਲਈ ਸੁਪਰ ਚੈਂਬਰ ਦੀ ਵਰਤੋਂ ਕਰੋ।
ਜ਼ਿਆਦਾ ਬਲਤਾ ਅਤੇ ਭੀੜ ਵਾਲੇ ਕਟੁੰਬ ਇਸ ਮੌਸਮ ਵਿਚ ਸਵਾਰਮ ਕਰ ਜਾਂਦੇ ਹਨ। ਸਵਾਰਮ ਕਰਨ ਸਮੇਂ ਪੁਰਾਣੀ ਰਾਣੀ ਮੱਖੀ ਆਪਣੇ ਨਾਲ ਲਗਭਗ ਅੱਧੀਆਂ ਕਾਮਾ ਮੱਖੀਆਂ ਨੂੰ ਲੈ ਕੇ ਉੋਡ ਜਾਂਦੀ ਹੈ। ਕਟੁੰਬਾਂ ਨੂੰ ਸਵਾਰਮ ਦੇਣ ਤੋਂ ਰੋਕਣ ਲਈ ਕਟੁੰਬਾਂ ਵਿੱਚ ਹੋਰ ਜਗ੍ਹਾ ਦਿਓ ਅਤੇ ਸ਼ੱਕੀ ਕਟੁੰਬਾਂ ਦਾ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਨਿਰੀਖਣ ਕਰਦੇ ਰਹੋ। ਜੇਕਰ ਇੱਕ ਚੰਗੀ ਰਾਣੀ ਦੇ ਹੁੰਦੇ ਹੋਏ ਵੀ ਕਟੁੰਬ ਰਾਣੀ ਸੈੱਲ ਬਣਾ ਲਵੇ ਤਾਂ ਉਨ੍ਹਾਂ ਰਾਣੀ ਸੈੱਲਾਂ ਨੂੰ ਤੋੜ ਦਿਓ। ਰਾਣੀ ਮੱਖੀ ਦੇ ਇੱਕ ਪਾਸੇ ਦੇ ਖੰਭ ਲੰਬਾਈ ਰੁੱਖੋਂ ਤਕਰੀਬਨ ੧/੩ ਤੋਂ ੧/੨ ਹਿੱਸਾ ਕੱਟ ਦਿਓ। ਸਵਾਰਮ ਦੀ ਜ਼ਿਆਦਾ ਤਾਂਘ ਵਾਲੇ ਕਟੁੰਬ ਨੂੰ ਵੰਡ ਕੇ ਦੋ ਕਟੁੰਬ ਬਣਾ ਦਿਓ।
ਤਿੰਨ ਸਾਲ ਪੁਰਾਣੇ ਛੱਤੇ ਅਤੇ ਡੇਢ ਸਾਲ ਤੋਂ ਪੁਰਾਣੀ ਰਾਣੀ ਮੱਖੀ ਨੂੰ ਬਦਲ ਦਿਓ।
ਸ਼ਹਿਦ ਮੱਖੀਆਂ ਦੀ ਬਾਹਰ ਫ਼ਸਲਾਂ ਦੇ ਫੁੱਲਾਂ ਤੇ ਜਾਣ ਦੀ ਤਾਂਘ ਵਧਾਉਣ ਲਈ ਖੰਡ ਦਾ ਪਤਲਾ ਘੋਲ (ਦੋ ਹਿੱਸੇ ਪਾਣੀ ਅਤੇ ਇੱਕ ਹਿੱਸਾ ਖੰਡ) ਬਣਾ ਕੇ ਉਤਸ਼ਾਹਕ ਖੁਰਾਕ ਵਜੋਂ ਦਿਓ।
ਯੂਰੋਪੀਅਨ ਫਾਊਲ ਬਰੂਡ ਅਤੇ ਸੈਕ ਬਰੂਡ ਬੀਮਾਰੀਆਂ ਬਾਰੇ ਸੁਚੇਤ ਰਹੋ ਅਤੇ ਇਨ੍ਹਾਂ ਦੇ ਹੋਣ ਦੇ ਸ਼ੱਕ ਦੀ ਸੂਰਤ ਵਿੱਚ ਮਾਹਿਰਾਂ ਦੀ ਸਲਾਹ ਲਓ ਅਤੇ ਸੁਝਾਏ ਰੋਕਥਾਮ ਉਪਰਾਲੇ ਕਰੋ, ਗੈਰ ਰਸਾਇਣਕ ਤਰੀਕਿਆਂ ਨੂੰ ਤਰਜੀਹ ਦਿਓ। ਬਾਹਰੀ ਪਰਜੀਵੀ ਚਿਚੜੀਆਂ ਦੇ ਹਮਲੇ ਤੋਂ ਕਟੁੰਬਾਂ ਨੂੰ ਬਚਾਉਣ ਲਈ ਯੋਗ ਉਪਰਾਲੇ ਕਰੋ, ਜਿਨ੍ਹਾਂ ਬਾਰੇ ਵਰਨਣ ਅੱਗੇ ਕੀਤਾ ਗਿਆ ਹੈ।
ਸਰੋਤ : ਅਗ੍ਰਿਛੁਲ੍ਤੁਰੇ , ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020