ਬਿਜਾਈ ਤੋਂ ੧੫ ਅਤੇ ੩੦ ਦਿਨਾਂ ਬਾਅਦ ਦੋ ਗੋਡੀਆਂ ਕਰਕੇ ਫ਼ਸਲ ਵਿੱਚੋਂ ਘਾਹ-ਫੂਸ ਖ਼ਤਮ ਕੀਤਾ ਜਾ ਸਕਦਾ ਹੈ। ਪਹਿਲੀ ਗੋਡੀ ਖੁਰਪੇ ਜਾਂ ਕਸੌਲੇ ਨਾਲ ਕਰੋ। ਲਾਈਨਾਂ ਵਿੱਚ ਬੀਜੀ ਫ਼ਸਲ ਦੀ ਗੋਡੀ ਬਲਦਾਂ ਨਾਲ ਚੱਲਣ ਵਾਲੀ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰਾਂ ਨਾਲ ਕੀਤੀ ਜਾ ਸਕਦੀ ਹੈ। ਦੂਜੀ ਗੋਡੀ ਲਈ ਇਕ ਪਹੀਏ ਵਾਲੀ ਤ੍ਰਿਫਾਲੀ ਵਰਤੋ। ਜੇਕਰ ਬਿਜਾਈ ਮੱਕੀ ਬੀਜਣ ਵਾਲੇ ਪਲਾਂਟਰ ਨਾਲ ਨਾ ਕੀਤੀ ਗਈ ਹੋਵੇ ਤਾਂ ਪਹਿਲੀ ਗੋਡੀ ਸਮੇਂ ਬੂਟੇ ਵਿਰਲੇ ਕਰ ਦਿਉ ਅਤੇ ਬੂਟਿਆਂ ਵਿਚਕਾਰ ਫ਼ਾਸਲਾ ੨੦ ਸੈਂਟੀਮੀਟਰ ਰੱਖੋ।
ਐਟਰਾਟਾਫ਼ ੫੦ ਡਬਲਯੂ ਪੀ (ਐਟਰਾਜ਼ੀਨ) ੮੦੦ ਗ੍ਰਾਮ ਪ੍ਰਤੀ ਏਕੜ ਦੇ ਹਿਸਾਬ, ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਅਤੇ ੫੦੦ ਗ੍ਰਾਮ ਪ੍ਰਤੀ ਏਕੜ ਹਲਕੀਆਂ ਜ਼ਮੀਨਾਂ ਵਿੱਚ ਛਿੜਕੋ। ਇਹ ਦਵਾਈ, ਬਿਜਾਈ ਤੋਂ ਦੋ ਦਿਨਾ ਦੇ ਅੰਦਰ-ਅੰਦਰ ੨੦੦ ਲਿਟਰ ਪਾਣੀ ਵਿੱਚ ਘੋਲ ਕੇ ਵਰਤੀ ਜਾ ਸਕਦੀ ਹੈ। ਜੇਕਰ ਬਿਜਾਈ ਸਮੇਂ ਨਦੀਨ ਨਾਸ਼ਕ ਦਵਾਈਆਂ ਨਾ ਵਰਤੀਆਂ ਜਾਂ ਸਕੀਆਂ ਹੋਣ ਤਾਂ ਐਟਰਾਟਾਫ਼ ੫੦ ਡਬਲਯੂ ਪੀ (ਐਟਰਾਜ਼ੀਨ) ਦਾ ਛਿੜਕਾਅ, ੨੫੦ ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ੨੦ ਸੈਂਟੀਮੀਟਰ ਚੌੜੀ ਪੱਟੀ ਵਿੱਚ ਫ਼ਸਲ ਦੀਆਂ ਕਤਾਰਾਂ ਤੇ ਬਿਜਾਈ ਤੋਂ ੧੦ ਦਿਨਾਂ ਬਾਅਦ ਤੱਕ ਵੀ ਕੀਤਾ ਜਾ ਸਕਦਾ ਹੈ ਅਤੇ ਕਤਾਰਾਂ ਵਿੱਚ ਬਾਕੀ ਰਹਿੰਦੀ ਜਗ੍ਹਾ ਦੀ ੧੫-੩੦ ਦਿਨਾਂ ਬਾਅਦ ਗੋਡੀ ਕਰ ਦੇਣੀ ਚਾਹੀਦੀ ਹੈ ਜਾਂ ਉੱਪਰ ਦੱਸੀ ਦਵਾਈ ਦਾ ਛਿੜਕਾਅ ੫੦੦-੮੦੦ ਗ੍ਰਾਮ ਪ੍ਰਤੀ ਏਕੜ ਦੇ ਹਿਸਾਬ (ਜ਼ਮੀਨ ਦੀ ਕਿਸਮ ਅਨੁਸਾਰ) ਬਿਜਾਈ ਤੋਂ ਮਗਰੋਂ ੧੦ ਦਿਨਾਂ ਤੱਕ ਕਰ ਦਿਉ। ਇਹ ਨਦੀਨ ਨਾਸ਼ਕ ਦਵਾਈ ਚੌੜੇ ਪੱਤਿਆਂ ਵਾਲੇ ਨਦੀਨਾਂ ਅਤੇ ਘਾਹ ਦੀ ਵੀ ਰੋਕਥਾਮ ਕਰ ਦਿੰਦੀ ਹੈ ਪਰ ਇਟਸਿਟ ਦੀ ਰੋਕਥਾਮ ਲਈ ਖਾਸ ਕਰਕੇ ਅਸਰਦਾਇਕ ਹੈ। ਇਹ ਦਵਾਈ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਇੱਕਸਾਰ ਵਰਤਣੀ ਚਾਹੀਦੀ ਹੈ ਤਾਂ ਕਿ ਮੱਕੀ ਤੋਂ ਬਾਅਦ ਬੀਜੀ ਜਾਣ ਵਾਲੀ ਫ਼ਸਲ ਤੇ ਇਸ ਦਾ ਮਾੜਾ ਅਸਰ ਨਾ ਹੋਵੇ। ਬਾਲਟੀ ਜਾਂ ਟੱਬ ਵਿੱਚ ਬਚੀ ਹੋਈ ਦਵਾਈ ਨੂੰ ਖੇਤ ਵਿੱਚ ਨਾ ਸੁੱਟੋ, ਨਹੀਂ ਤਾਂ ਇਸ ਮਗਰੋਂ ਆਉਣ ਵਾਲੀ ਹਾੜ੍ਹੀ ਦੀ ਫ਼ਸਲ ਤੇ ਮਾੜਾ ਅਸਰ ਪੈਂਦਾ ਹੈ। ਜਿਥੇ ਇਟਸਿਟ ਦੀ ਸਮੱਸਿਆ ਨਾ ਹੋਵੇ ਉਥੇ ਲਾਸੋ ੫੦ ਈ ਸੀ (ਐਲਾਕਲੋਰ) ਦੋ ਲਿਟਰ ਪ੍ਰਤੀ ਏਕੜ ਦੇ ਹਿਸਾਬ ੨੦੦ ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ ੨ ਦਿਨਾਂ ਦੇ ਅੰਦਰ-ਅੰਦਰ ਛਿੜਕੀ ਜਾ ਸਕਦੀ ਹੈ । ਸਖ਼ਤ ਜਾਨ ਨਦੀਨ ਜਿਵੇਂ ਕਿ ਅਰੈਕਨੀ ਘਾਹ, ਬਾਂਸ ਪੱਤਾ, ਕਾਂ ਮੱਕੀ ਆਦਿ ਦੀ ਰੋਕਥਾਮ ਲਈ ੬੦੦ ਗ੍ਰਾਮ ਐਟਰਾਜ਼ੀਨ ਨੂੰ ਇਕ ਲਿਟਰ ਲਾਸੋ ੫੦ ਈ ਸੀ (ਐਲਾਕਲੋਰ) ਜਾਂ ਇਕ ਲਿਟਰ ਸਟੌਂਪ ੩੦ ਈ ਸੀ (ਪੈਂਡੀਮੈਥਾਲਿਨ) ਜਾਂ ਇਕ ਲਿਟਰ ਟਰੈਫਲਾਨ ੪੮ ਈ ਸੀ (ਟਰਾਈਫਲੂਰਾਲਿਨ) ਪ੍ਰਤੀ ਏਕੜ ੨੦੦ ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ ੨ ਦਿਨਾਂ ਦੇ ਅੰਦਰ-ਅੰਦਰ ਛਿੜਕੀ ਜਾ ਸਕਦੀ ਹੈ। ਡੀਲੇ/ਮੋਥੇ ਦੀ ਰੋਕਥਾਮ ਲਈ ੨, ੪-ਡੀ ਅਮਾਈਨ ਸਾਲਟ ੫੮ ਪ੍ਰਤੀਸ਼ਤ ੪੦੦ ਮਿ.ਲਿ. ਪ੍ਰਤੀ ਏਕੜ ਬਿਜਾਈ ਤੋਂ ੨੦-੨੫ ਦਿਨ ਬਾਅਦ ੧੫੦ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਮੱਕੀ ਵਿੱਚ ਕਾਸ਼ਤਕਾਰੀ ਢੰਗਾਂ ਰਾਹੀਂ ਨਦੀਨਾਂ ਦੀ ਰੋਕਥਾਮ ਕਰਨ ਲਈ ਮੱਕੀ ਦੀਆਂ ਕਤਾਰਾਂ ਵਿੱਚ ਇੱਕ ਜਾਂ ਦੋ ਕਤਾਰਾਂ ਰਵਾਂਹਾਂ ਦੀਆਂ ਬੀਜੋ ਅਤੇ ਇਸ ਨੂੰ ਬੀਜਣ ਤੋਂ ੪੫ ਦਿਨਾਂ ਬਾਅਦ ਮੱਕੀ ਦੇ ਬੂਟਿਆਂ ਨਾਲ ਲਿਪਟਣ ੩੦ ਤੋਂ ਪਹਿਲਾਂ-ਪਹਿਲਾਂ ਚਾਰੇ ਵਾਸਤੇ ਕੱਟ ਲਓ। ਇਸ ਪਿਛੋਂ ਮੱਕੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਵਾਧੂ ਖਾਦ ਪਾਉਣ ਦੀ ਲੋੜ ਹੈ। ਰਵਾਂਹ ਦਾ ਬੀਜ ਸਿਫ਼ਾਰਸ਼ ਕੀਤੇ ਨਾਲੋਂ ਲਗਭਗ ਦੋ ਤਿਹਾਈ ਵਰਤੋ (ਰਵਾਂਹ ੮੮ ਦਾ ੧੬ ਕਿਲੋ ਅਤੇ ਰਵਾਂਹ ੩੬੭ ਦਾ ੮ ਕਿਲੋ ਪ੍ਰਤੀ ਏਕੜ), ਰਵਾਂਹ ਦੀ ਬੀਜਾਈ ਮੱਕੀ ਦੀ ਬੀਜਾਈ ਦੇ ਨਾਲ ਹੀ ਕਰੋ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020