ਜ਼ਮੀਨ ਨੂੰ ੪ ਜਾਂ ੫ ਵਾਰ ਵਾਹੁਣ ਅਤੇ ਸੁਹਾਗਣ ਨਾਲ ਹੀ ਖੇਤ ਠੀਕ ਤਿਆਰ ਹੋ ਜਾਂਦਾ ਹੈ ਅਤੇ ਨਾਲ ਹੀ ਢੇਲੇ ਅਤੇ ਨਦੀਨ ਖਤਮ ਹੋ ਜਾਂਦੇ ਹਨ। ਖੇਤ ਉੱਚਾ ਨੀਵਾਂ ਹੋਵੇ ਤਾਂ ਪੱਧਰਾ ਕਰ ਲੈਣਾ ਚਾਹੀਦਾ ਹੈ ਤਾਂ ਜੋ ਸਿੰਚਾਈ ਠੀਕ ਹੋ ਸਕੇ ਅਤੇ ਵਾਧੂ ਪਾਣੀ ਬਾਹਰ ਕੱਢਿਆ ਜਾ ਸਕੇ। ਹਲਕੀਆਂ ਅਤੇ ਦਰਮਿਆਨੀਆਂ ਜ਼ਮੀਨਾਂ ਵਿੱਚ ਜਿਥੇ ਨਦੀਨ ਆਦਿ ਨਾ ਹੋਣ ਉੱਥੇ ਮੁੱਢਲੀ ਵਾਹੀ ਦੀ ਲੋੜ ਨਹੀਂ ਅਤੇ ਰੌਣੀ ਜਾਂ ਮੀਂਹ ਪਿੱਛੋਂ ਮੱਕੀ ਸਿੱਧੇ ਤੌਰ ਤੇ ਬੀਜੀ ਜਾ ਸਕਦੀ ਹੈ। ਇਸ ਸਿਫ਼ਾਰਸ਼ ਨਾਲ ਵਾਹੀ ਉੱਪਰ ਹੋਣ ਵਾਲਾ ਖਰਚ ਘਟੇਗਾ।
ਪਰਲ ਪੌਪਕੌਰਨ ਲਈ ੭ ਕਿਲੋ ਪ੍ਰਤੀ ਏਕੜ ਅਤੇ ਬਾਕੀ ਕਿਸਮਾਂ ਲਈ ੮ ਕਿਲੋ ਬੀਜ ਪ੍ਰਤੀ ਏਕੜ ਵਰਤੋ। ਬਿਜਾਈ ਤੋਂ ਪਹਿਲਾਂ ਬੀਜ ਨੂੰ ਬਾਵਿਸਟਨ ਜਾਂ ਡੈਰੋਸਲ ਜਾਂ ਐਗਰੋਜ਼ਿਮ ੫੦ ਡਬਲਯੂ ਪੀ ਦਵਾਈ ਨਾਲ ਸੋਧ ਲਉ। ਇੱਕ ਕਿਲੋ ਬੀਜ ਪਿੱਛੇ ੩ ਗ੍ਰਾਮ ਦਵਾਈ ਕਾਫ਼ੀ ਹੈ।
ਅੱਧਾ ਕਿਲੋ ਕਨਸ਼ੋਰਸ਼ੀਅਮ ਦੇ ਪੈਕਟ ਨੂੰ ਇਕ ਲਿਟਰ ਪਾਣੀ ਵਿੱਚ ਮਿਲਾ ਕੇ ਮੱਕੀ ਦੇ ਬੀਜ ਨੂੰ ਚੰਗੀ ਤਰ੍ਹਾਂ ਲਗਾ ਦਿਉ। ਛਾਵੇਂ ਪੱਕੇ ਫਰਸ਼ ਤੇ ਖਿਲਾਰ ਕੇ ਸੁਕਾ ਲਉ ਅਤੇ ਛੇਤੀ ਬੀਜ ਦਿਉ।
ਮੱਕੀ ਦੇ ਬੀਜ ਨੂੰ ਕਨਸ਼ੋਰਸ਼ੀਅਮ ਦਾ ਟੀਕਾ ਲਾਉਣਾ ਨਾਲ ਝਾੜ ਵੱਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕੌਬਾਇਓਲੌਜੀ ਵਿਭਾਗ ਪਾਸੋ ਮਿਲਦਾ ਹੈ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020