ਘੋਲ ਬਣਾਉਣ ਦੇ ਦੋ ਤਰੀਕੇ ਹਨ ਪਹਿਲੇ ਤਰੀਕੇ ਅਨੁਸਾਰ ਇੱਕ ਏਕੜ ਦੀ ਨਦੀਨ ਨਾਸਕ ਨੂੰ ੪-੫ ਲਿਟਰ ਪਾਣੀ ਵਿਚ ਚੰਗੀ ਤਰ੍ਹਾਂ ਘੋਲ ਲਉ ਅਤੇ ਇਸ ਦੀ ਮਾਤਰਾ ਅੰਦਾਜਾ ਲਾਏ ਗਏ ਪਾਣੀ ਅਨੁਸਾਰ ਬਣਾ ਲਉ। ਇਸ ਕੰਮ ਲਈ ਇੱਕ ਵੱਡੇ ਡਰੰਮਫ਼ਬਰਤਨ ਦੀ ਲੋੜ ਪੈਦੀ ਹੈ। ਉਦਾਹਰਣ ਦੇ ਤੌਰ ਤੇ ਜੇਕਰ ਅੰਦਾਜਾ ਲਾਇਆ ਗਿਆ ਪਾਣੀ ੧੫੦ ਲਿਟਰ ਹੋਵੇ ਤਾਂ ਇੱਕ ਏਕੜ ਦੀ ਦਵਾਈ ਦਾ ਘੋਲ ੧੫੦ ਲਿਟਰ ਪਾਣੀ ਵਿੱਚ ਬਣਾਉ। ਦੂਸਰੇ ਤਰੀਕੇ ਅਨੁਸਾਰ ਜੇਕਰ ਵੱਡਾ ਡਰੰਮ ਨਾ ਮਿਲੇ ਤਾਂ ਇੱਕ ਏਕੜ ਦਵਾਈ ਦਾ ਘੋਲ ਏਨੀ ਹੀ ਮਾਤਰਾ ਵਿਚ ਭਰ ਦਿਉ। ਘੋਲ ਨੂੰ ਪੰਪ ਵਿੱਚ ਪਾਉਣ ਤੋ ਪਹਿਲਾਂ ਉਸਨੂੰ ਚੰਗੀ ਤਰ੍ਹਾਂ ਹਰੇਕ ਵਾਰੀ ਹਿਲਾਉਣਾ ਚਾਹੀਦਾ ਹੈ ਅਤੇ ਘੋਲ ਵਾਲਾ ਪਾਣੀ ਪਾਉਣ ਤੋਂ ਇਕ ਲਿਟਰ ਪਾਣੀ ਪੰਪ ਵਿਚ ਪਾਉ।
ਨਦੀਨ ਨਾਸ਼ਕ ਦਾ ਵਧੀਆ ਅਸਰ ਲੈਣ ਲਈ ਉਹਨਾਂ ਦੇ ਘੋਲ ਦੀ ਮਾਤਰਾ ਵੱਖੋ-ਵੱਖ ਹੁੰਦੀ ਹੈ। ਜੋ ਨਦੀਨ ਨਾਸ਼ਕ ਪੱਤਿਆਂ ਰਾਹੀ ਪ੍ਰਵੇਸ਼ ਕਰਦੇ ਹਨ, ਉਹਨਾਂ ਦੇ ਛਿੜਕਾਅ ਲਈ ਘੱਟ ਪਾਣੀ (੮੦-੧੦੦ ਲਿਟਰ ਪ੍ਰਤੀ ਏਕੜ) ਦੀ ਵਰਤੋ ਨਾਲ ਵਧੀਆ ਨਤੀਜੇ ਲਏ ਜਾ ਸਕਦੇ ਹਨ ਕਿਉਕਿ ਘੱਟ ਪਾਣੀ ਨਾਲ ਛਿੜਕਾਅ ਦਾ ਤੁਪਕਾ ਛੋਟਾ ਹੋਵੇਗਾ ਅਤੇ ਉਹ ਜ਼ਿਆਦਾ ਦੇਰ ਤੱਕ ਨਦੀਨ ਦੇ ਪੱਤੇ ਉਤੇ ਰਹੇਗਾ। ਜੇਕਰ ਤੁਪਕਾ ਵੱਡਾ ਹੋਵੇਗਾ ਤਾਂ ਉਹ ਜਲਦੀ ਹੀ ਪੱਤੇ ਉਤੋ ਡਿੱਗ ਪਵੇਗਾ ਅਤੇ ਨਦੀਨ ਨਾਸ਼ਕ ਦਵਾਈ ਨਦੀਨਾਂ ਦੇ ਅੰਦਰ ਘੱਟ ਜਾਵੇਗੀ। ਨਦੀਨ ਨਾਸ਼ਕ ਜੋ ਕਿ ਨਦੀਨ ਉੱਗਣ ਪਿਛੋ ਛਿੜਕਾਅ ਕੀਤੇ ਜਾਂਦੇ ਹਨ ਜਿਵੇਂ ਕਿ ਝੋਨੇ ਦੀ ਫ਼ਸਲ ਵਿੱਚ ਮੈਟਸਲਫਿਊਰਾਨ ਅਤੇ
ਬਿਸਪਾਇਰੀਬੈਕ ਨੂੰ ਵਾਧੂ ਪਾਣੀ ਕੱਢਣ ਉਪਰੰਤ ਛਿੜਕਣਾ ਚਾਹੀਦਾ ਹੈ। ਨਦੀਨ ਨਾਸ਼ਕ ਦੇ ਛਿੜਕਾਅ ਲਈ ੮੦੮੦੦ ਜਾਂ ੧੧੦੯੦੦ ਨੰਬਰ ਦੀਆਂ ਫਲੈਟ ਫੈਨ ਨੋਜ਼ਲਾਂ ਜਿਹੜੀਆਂ ਕਿ ੮੦-੧੦੦ ਲਿਟਰ ਪ੍ਰਤੀ ਏਕੜ ਪਾਣੀ ਕੱਢਦੀਆਂ ਹੋਣ ਦੀ ਵਰਤੋ ਕਰੋ। ਡਬਲਯੂ ਐਸ ਐਮ-੨੪ ਫਲੱਡ ਜੈਟੱ ਨੋਜ਼ਲ ਦੀ ਵਰਤੋ ਵੀ ਉੱਗੀ ਹੋਈ ਫ਼ਸਲ ਤੇ ਛਿੜਕਾਅ ਕਰਨ ਲਈ ਕੀਤੀ ਜਾ ਸਕਦੀ ਹੈ ਕਿਉਕਿ ਇਹ ਨੋਜ਼ਲ ਪਾਣੀ ਘੱਟ ਕੱਢਦੀ ਹੈ। ਬਸੰਤ ਰੁੱਤ ਅਤੇ ਸਾਉਣੀ ਦੇ ਸੀਜ਼ਨ ਦੌਰਾਨ ਕੁੱਝ ਦਵਾਈਆਂ ਫ਼ਸਲ ਬੀਜਣ ਜਾਂ ਫ਼ਸਲ ਉਗੱਣ ਤੋ ਪਹਿਲਾਂ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹਨਾਂ ਦਵਾਈਆਂ ਤੋ ਚੰਗੇ ਨਤੀਜੇ ਲੈਣ ਲਈ ਜ਼ਿਆਦਾ ਪਾਣੀ (੨੦੦ ਲਿਟਰ ਪ੍ਰਤੀ ਏਕੜ) ਦੀ ਵਰਤੋ ਕਰੋ। ਇਹ ਦਵਾਈਆਂ ਜ਼ਿਆਦਾਤਰ ਜੜ੍ਹਾਂ ਰਾਹੀ ਪ੍ਰਵੇਸ਼ ਕਰਦੀਆਂ ਹਨ ਅਤੇ ਚੰਗੇ ਨਤੀਜਿਆਂ ਲਈ ਜ਼ਮੀਨ ਵਿਚ ਨਮੀ ਦੀ ਮਾਤਰਾ ਜ਼ਿਆਦਾ ਚਾਹੀਦੀ ਹੈ। ਫ਼ਸਲ ਦੇ ਉਗੱਣ ਤੋ ਪਹਿਲਾਂ ਪਾਉਣ ਵਾਲੀਆਂ ਨਦੀਨ ਨਾਸ਼ਕ ਦਵਾਈਆਂ ਲਈ ਹਮੇਸ਼ਾ ਡਬਲਯੂ ਐਸ ਐਨ-੭੮ ਜਾਂ ਡਬਲਯੂ ਐਸ ਐਨ-੬੨ (ਫਲੱਡ ਜੈਟੱ ਨੋਜ਼ਲਾਂ) ਦੀ ਵਰਤੋ ਕਰੋ ਜਿਹੜੀਆਂ ਕਿ ਜ਼ਿਆਦਾ ਪਾਣੀ ਕੱਢਦੀਆਂ ਹਨ। ਸੁੱਕੀ ਜ਼ਮੀਨ ਵਿੱਚ ਚੰਗੇ ਨਤੀਜੇ ਨਹੀ ਮਿਲਦੇ ਪਰ ਜ਼ਿਆਦਾ ਪਾਣੀ ਵਰਤਣ (੩੦੦-੪੦੦ ਲਿਟਰ ਪ੍ਰਤੀ ਏਕੜ) ਨਾਲ ਦਵਾਈ ਦਾ ਅਸਰ ਵਧਾਇਆ ਜਾ ਸਕਦਾ ਹੈ। ਹਮੇਸ਼ਾ ਫ਼ਸਲ ਉਗੱਣ ਤੋ ਪਹਿਲਾਂ ਪਾਉਣ ਵਾਲੀਆਂ ਨਦੀਨ ਨਾਸ਼ਕ ਦਵਾਈਆਂ ਲਈ ਫਲੱਡ ਜੈਟੱ/ਫਲੱਡ ਕੱਟ ਨੋਜ਼ਲਾਂ ਦੀ ਵਰਤੋ ਕਰੋ।
ਛਿੜਕਾਅ ਵਾਲੇ ਪਾਣੀ ਦਾ ਅੰਦਾਜਾ ਲਗਾਉਣ ਪਿੱਛੋ, ਇਕ ਏਕੜ ਵਿਚ ਲੱਗਣ ਵਾਲੇ ਪੰਪਾਂ (੧੫ ਲਿਟਰ) ਦਾ ਅੰਦਾਜਾ ਲਗਾਓ ਅਤੇ ਖੇਤ ਨੂੰ ਉਨੇ ਹੀ ਹਿੱਸਿਆਂ ਵਿਚ ਵੰਡੋ ਜਿੰਨੇ ਪੰਪ ਲਗਾਉਣੇ ਹੋਣ । ਝੋਨੇ ਦੀ ਫਸਲ ਵਿਚ ਨਦੀਨ ਨਾਸਕ ਦਵਾਈ ਦੇ ਛਿੜਕਾਅ ਲਈ ੭-੮ ਪੰਪਾਂ ਦੀ ਜਰੂਰਤ ਹੁੰਦੀ ਹੈ। ਇਸ ਲਈ ਚੰਗਾ ਹੋਵੇ ਜੇਕਰ ਖੇਤ ਨੂੰ ੭-੮ ਹਿੱਸਿਆਂ ਵਿਚ ਵੰਡਿਆਂ ਜਾਵੇ ਅਤੇ ਇਕ ਹਿੱਸੇ ਵਿਚ ਇਕ ਪੰਪ ਛਿੜਕੋ ਤਾਂ ਜੋ ਦਵਾਈ ਦਾ ਛਿੜਕਾਅ ਇਕਸਾਰ ਹੋਵੇ। ਛਿੜਕਾਅ ਕਰਦੇ ਸਮੇ ਸਪਰੇ ਦਬਾਅ ੧.੫-੨.੦ ਬਾਰ ਰੱਖੋ। ਇਕਸਾਰ ਸਪਰੇ ਦਬਾਅ ਰੱਖਣ ਲਈ ਦਬਾਅ ਰੈਗੂਲੇਟਰ ਵਾਲਵ ਦੀ ਵਰਤੋਂ ਕਰੋ। ਨਦੀਨ ਨਾਸਕ ਦਵਾਈਆਂ ਦਾ ਛਿੜਕਾਅ ਨੋਜਲ ਨੂੰ ਬਗੈਰ ਘੁਮਾਏ, ਇੱਕ ਸਿੱਧੀ ਪੱਟੀ ਵਿਚ ਕਰੋ। ਖੇਤ ਖਤਮ ਹੋਣ ਤੇ ਛਿੜਕਾਅ ਬੰਦ ਕਰ ਦਿਉ ਅਤੇ ਦੂਜੀ ਛਿੜਕਾਅ ਵਾਲੀ ਪੱਟੀ ਪਹਿਲੀ ਦੇ ਸਮਾਨਅੰਤਰ ਹੋਣੀ ਚਾਹੀਦੀ ਹੈ ਅਤੇ ਤਕਰੀਬਨ ੨੦-੩੦ ਪ੍ਰਤੀਸਤ ਛਿੜਕਾਅ ਪਹਿਲੀ ਪੱਟੀ ਦੇ ਉਪਰ ਆਉਣਾ ਚਾਹੀਦਾ ਹੈ। ਨਦੀਨ ਨਾਸ਼ਕ ਦਵਾਈ ਦੇ ਘੋਲ ਨੂੰ ਚੰਗੀ ਤਰ੍ਹਾਂ ਹਿਲਾ ਕੇ ਪੰਪ ਵਿਚ ਪਾਓ ਕਿਉਕਿ ਬਹੁਤ ਸਾਰੇ ਨਦੀਨ ਨਾਸਕ ਖਾਸ ਤੌਰ ਤੇ ਪਾਊਡਰ ਵਾਲੇ ਨਦੀਨ ਨਾਸਕ ਘੋਲ ਦੇ ਥੱਲੇ ਬੈਠ ਜਾਂਦੇ ਹਨ। ਪੂਰੇ ਖੇਤ ਵਿਚ ਛਿੜਕਾਅ ਕਰਨ ਤੋ ਬਾਅਦ ਜੇਕਰ ਘੋਲ ਦਾ ਕੁੱਝ ਹਿੱਸਾ ਬਚ ਜਾਵੇ ਤਾਂ ਉਸ ਨੂੰ ਦੁਬਾਰਾ ਛਿੜਕਾਅ ਨਾ ਕਰੋ।
ਜਾਂ ਤਾਂ ਉਸਨੂੰ ਉਸੇ ਫਸਲ ਦੇ ਦੂਸਰੇ ਖੇਤ ਵਿਚ ਵਰਤੋ ਜਾਂ ਉਸਨੂੰ ਖਾਲੀ ਜਗ੍ਹਾ ਤੇ ਡੋਲ ਦਿਓ। ਛਿੜਕਾਅ ਲਈ ਹਮੇਸ਼ਾ ਫਲੈਟ ਫੈਨ ਜਾਂ ਫਲੱਡ ਜ਼ੈੱਟ ਨੋਜ਼ਲ ਦਾ ਇਸਤੇਮਾਲ ਕਰੋ ਅਤੇ ਕਦੇ ਵੀ ਕੋਨ ਕਿਸਮ ਦੀ ਨੋਜ਼ਲ ਨਾ ਵਰਤੋ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020