ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਦਾਲਾਂ / ਅਰਹਰ ਦੇ ਪੌਦ ਸੁਰੱਖਿਆ ਉੱਤੇ ਜਾਣਕਾਰੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਅਰਹਰ ਦੇ ਪੌਦ ਸੁਰੱਖਿਆ ਉੱਤੇ ਜਾਣਕਾਰੀ

ਅਰਹਰ ਦੇ ਪੌਦ ਸੁਰੱਖਿਆ ਉੱਤੇ ਜਾਣਕਾਰੀ।

(ੳ) ਕੀੜੇ - ਮਕੌੜੇ

ਬਲਿਸਟਰ ਬੀਟਲ: ਕੀੜੇ ਦਾ ਵੇਰਵਾ ਮੂੰਗੀ ਹੇਠ ਦੇਖੋ।

ਰੋਕਥਾਮ: ਫ਼ਸਲ ਤੇ ਇਸ ਕੀੜੇ ਦਾ ਹਮਲਾ ਹੋਣ ਤੇ ੨੦੦ ਮਿਲੀਲਿਟਰ ਇੰਡੌਕਸਾਕਾਰਬ ੧੪.੫ ਐਸ ਸੀ ਜਾਂ ੨੦੦ ਮਿਲੀਲਿਟਰ ਡੈਲਟਾਮੈਥਰਿਨ ੨.੮ ਈ ਸੀ ਨੂੰ ੧੦੦-੧੨੫ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸ਼ਾਮ ਦੇ ਸਮੇਂ ਛਿੜਕਾਅ ਕਰੋ। ਜੇ ਲੋੜ ਪਵੇ ਤਾਂ ੧੦ ਦਿਨਾਂ ਬਾਅਦ ਦੁਬਾਰਾ ਛਿੜਕਾਅ ਕਰੋ।

ਫ਼ਲੀ ਦੀਆਂ ਸੁੰਡੀਆਂ : ਅਰਹਰ ਦੇ ਕੀੜਿਆਂ ਵਿੱਚ ਫ਼ਲੀ ਛੇਦਕ ਚਿਤਕਬਰੀ ਸੁੰਡੀ ਅਤੇ ਫ਼ਲੀ ਛੇਦਕ ਸੁੰਡੀ ਇਸ ਫ਼ਸਲ ਦੇ ਮੁੱਖ ਕੀੜੇ ਹਨ। ਫ਼ਲੀ ਛੇਦਕ ਚਿਤਕਬਰੀ ਸੁੰਡੀ ਫੁੱਲ ਪੈਂਦੇ ਸਾਰ ਹੀ ਫ਼ਸਲ ਤੇ ਹਮਲਾ ਕਰ ਦਿੰਦੀ ਹੈ। ਪੂਰੀ ਪਲੀ ਸੁੰਡੀ ਹਲਕੇ ਪੀਲੇ ਰੰਗ ਦੀ ਹੁੰਦੀ ਹੈ ਅਤੇ ਇਸ ਦੇ ਸਰੀਰ ਦੇ ਉਪਰਲੇ ਹਿੱਸੇ ਤੇ ਕਾਲੇ ਜਾਂ ਭੂਰੇ ਧੱਬਿਆਂ ਦੀਆਂ ਧਾਰੀਆਂ ਹੁੰਦੀਆਂ ਹਨ। ਇਹ ਸੁੰਡੀ ਪੱਤੇ, ਡੋਡੀਆਂ, ਫੁੱਲ ਅਤੇ ਫ਼ਲੀਆਂ ਨੂੰ ਜਾਲਾ ਬਣਾ ਕੇ ਜੋੜ ਲੈਂਦੀ ਹੈ ਅਤੇ ਅੰਦਰੋ-ਅੰਦਰੀ ਫੁੱਲਾਂ ਅਤੇ ਫ਼ਲੀ ਵਿੱਚ ਬਣ ਰਹੇ ਦਾਣਿਆਂ ਨੂੰ ਖਾ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ। ਫ਼ਲੀ ਛੇਦਕ ਚਿਤਕਬਰੀ ਸੁੰਡੀ ਦੀ ਰੋਕਥਾਮ ਲਈ ਫ਼ਸਲ ਨੂੰ ਫੁੱਲ ਪੈਂਦੇ ਸਾਰ ਹੀ ੬੦ ਮਿਲੀਲਿਟਰ ਸਪਾਈਨੋਸੈਡ ੪੫ ਐਸ ਸੀ ਜਾਂ ੨੦੦ ਮਿਲੀਲਿਟਰ ਇੰਡੌਕਸਾਕਾਰਬ ੧੪.੫ ਐਸ ਸੀ ਨੂੰ ੧੦੦-੧੨੫ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਛਿੜਕੋ। ਫ਼ਸਲ ਨੂੰ ਫ਼ਲੀਆਂ ਲੱਗਣ ਸਮੇਂ ਉੱਪਰ ਲਿਖੀਆਂ ਕੀਟਨਾਸ਼ਕਾਂ ਵਿੱਚੋਂ ਕਿਸੇ ਵੀ ਇੱਕ ਕੀਟਨਾਸ਼ਕ ਦਾ ਛਿੜਕਾਅ ਦੁਹਰਾਉ। ਫ਼ਲੀ ਛੇਦਕ ਚਿਤਕਬਰੀ ਸੁੰਡੀ ਦੀ ਰੋਕਥਾਮ ਲਈ ਵਰਤੇ ਗਏ ਕੀਟਨਾਸ਼ਕ, ਅਰਹਰ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹੋਰ ਫ਼ਲੀ ਛੇਦਕ ਸੁੰਡੀਆਂ ਦੀ ਵੀ ਰੋਕਥਾਮ ਕਰਦੀਆਂ ਹਨ।

ਸਾਵਧਾਨੀ: ਸ਼ਹਿਦ ਦੀਆਂ ਮੱਖੀਆਂ ਜਾਂ ਹੋਰ ਕੀੜੇ ਜਿਨ੍ਹਾਂ ਰਾਹੀਂ ਪਰ-ਪ੍ਰਾਗਣ ਕਿਰਿਆ ਹੁੰਦੀ ਹੈ, ਉਪਰੋਕਤ ਕੀਟਨਾਸ਼ਕਾਂ ਰਾਹੀਂ ਮਰ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਬਚਾਉਣ ਲਈ ਛਿੜਕਾਅ ਸ਼ਾਮ ਨੂੰ ਹੀ ਕਰਨਾ ਚਾਹੀਦਾ ਹੈ, ਕਿਉਂਕਿ ਉਸ ਵੇਲੇ ਫ਼ਸਲ ਉਤੇ ਇਨ੍ਹਾਂ ਮਿੱਤਰ ਕੀੜਿਆਂ ਦੀ ਗਿਣਤੀ ਬਹੁਤ ਘੱਟ ਰਹਿ ਜਾਂਦੀ ਹੈ।

(ਅ) ਬਿਮਾਰੀਆਂ

ਪੱਤਿਆਂ ਦੇ ਧੱਬਿਆਂ ਦਾ ਰੋਗ: ਇਹ ਉਲੀ ਦਾ ਰੋਗ ਹੈ ਤੇ ਇਸ ਰੋਗ ਨਾਲ ਪੱਤਿਆਂ ਦੇ ਹੇਠਲੇ ਪਾਸੇ ਸਲੇਟੀ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਕਈ ਵਾਰ ਇਹ ਧੱਬੇ ਇੱਕ ਦੂਜੇ ਨਾਲ ਮਿਲ ਕੇ ਬੇ-ਤਰਤੀਬੇ ਜਿਹੇ ਚਟਾਖ ਬਣ ਜਾਂਦੇ ਹਨ ਅਤੇ ਕਈ ਵਾਰ ਪੱਤਿਆਂ ਅਤੇ ਤਣੇ ਤੇ ਧਾਰੀਆਂ ਜਿਹੀਆਂ ਬਣ ਜਾਂਦੀਆਂ ਹਨ। ਇਸ ਬਿਮਾਰੀ ਨਾਲ ਪੁਰਾਣੇ ਪੱਤੇ ਛੇਤੀ ਝੜ ਜਾਂਦੇ ਹਨ। ਇਸ ਦੀ ਰੋਕਥਾਮ ਲਈ ਬਿਮਾਰੀ ਰਹਿਤ ਬੀਜ ਵਰਤੋ। ਬੀਜ ਨੂੰ ਕੈਪਟਾਨ ਜਾਂ ਥੀਰਮ (੩ ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ) ਲਗਾ ਕੇ ਬੀਜੋ।

ਬੈਕਟੀਰੀਆ ਦੁਆਰਾ ਪੱਤਿਆਂ ਦੇ ਧੱਬਿਆਂ ਦਾ ਰੋਗ: ਗੂੜ੍ਹੇ ਭੂਰੇ ਨੋਕਦਾਰ ਧੱਬੇ ਪੱਤੇ ਤੇ ਪੈਦਾ ਹੋ ਜਾਂਦੇ ਹਨ ਅਤੇ ਜ਼ਿਆਦਾਤਰ ਧੱਬੇ ਪੱਤੇ ਦੇ ਇੱਕ ਪਾਸੇ ਹੁੰਦੇ ਹਨ। ਹਮਲੇ ਵਾਲੇ ਪੱਤੇ ਪੀਲੇ ਹੋ ਕੇ ਛੇਤੀ ਝੜ ਜਾਂਦੇ ਹਨ। ਇਹ ਧੱਬੇ ਪੱਤੇ ਦੀਆਂ ਨਾੜੀਆਂ, ਮੁੱਖ ਤਣੇ ਅਤੇ ਟਾਹਣੀਆਂ ਤੇ ਪੈ ਜਾਂਦੇ ਹਨ। ਅਣਗਿਣਤ ਧੱਬੇ ਤਣੇ ਅਤੇ ਟਾਹਣੀਆਂ ਤੇ ਪਾਏ ਜਾਂਦੇ ਹਨ। ਇਸ ਬਿਮਾਰੀ ਦੀ ਰੋਕਥਾਮ ਲਈ ਬਿਮਾਰੀ ਰਹਿਤ ਬੀਜ ਵਰਤੋ।

ਤਣੇ ਦਾ ਝੁਲਸ ਰੋਗ: ਇਹ ਇੱਕ ਉੱਲੀ ਰੋਗ ਹੈ। ਇਹ ਬਿਮਾਰੀ ਨਵੇਂ ਜ਼ਮੀਨ ਵਿੱਚੋਂ ਨਿੱਕਲ ਰਹੇ ਪੌਦਿਆਂ ਤੇ ਹਮਲਾ ਕਰਦੀ ਹੈ ਅਤੇ ਇਹ ਬੂਟੇ ਮਰ ਜਾਂਦੇ ਹਨ। ਟਾਹਣੀਆਂ ਉੱਤੇ ਭੂਰੇ ਤੋਂ ਕਾਲੇ ਰੰਗ ਦੇ ਲੰਮੇ-ਲੰਮੇ ਧੱਬੇ ਪੈ ਜਾਂਦੇ ਹਨ ਜੋ ਕਿ ਵਿਚਕਾਰੋਂ ਕੁਝ ਦੱਬੇ ਹੋਏ ਹੁੰਦੇ ਹਨ ਅਤੇ ਕੰਢਿਆਂ ਤੋਂ ਉਭਰੇ ਹੋਏ ਨਜ਼ਰ ਆਉਂਦੇ ਹਨ। ਧੱਬਿਆਂ ਵਾਲੀ ਥਾਂ ਤੋਂ ਟਾਹਣੀਆਂ ਟੁੱਟ ਜਾਂਦੀਆਂ ਹਨ। ਇਹ ਬਿਮਾਰੀ ਪੱਤਿਆਂ ਤੇ ਵੀ ਹਮਲਾ ਕਰਦੀ ਹੈ ਅਤੇ ਪੱਤੇ ਝੁਲਸ ਜਾਂਦੇ ਹਨ। ਇਸ ਬਿਮਾਰੀ ਤੋਂ ਬਚਣ ਲਈ ਅਰਹਰ ਦੀ ਫ਼ਸਲ ਘੱਟ ਪਾਣੀ ਦੇ ਨਿਕਾਸ ਵਾਲੀਆਂ ਜ਼ਮੀਨਾਂ ਵਿੱਚ ਨਾ ਬੀਜੋ। ਜਿਨ੍ਹਾਂ ਖੇਤਾਂ ਵਿੱਚ ਬਿਮਾਰੀ ਜ਼ਿਆਦਾ ਆਉਂਦੀ ਹੋਵੇ ਉਥੇ ਅਰਹਰ ਨਾ ਬੀਜੋ।

ਵਿਸ਼ਾਣੂ ਰੋਗ ਦੁਆਰਾ ਬਾਂਝਪਣ: ਇਹ ਬਿਮਾਰੀ ਇੱਕ ਜੂੰ (ਮਟਇ) ਰਾਹੀਂ ਆਉਂਦੀ ਹੈ। ਇਸ ਦੀਆਂ ਵਿਸ਼ੇਸ਼ ਨਿਸ਼ਾਨੀਆਂ ਪੀਲੇ ਹਰੇ ਪੱਤੇ ਹੁੰਦੇ ਹਨ। ਬੂਟੇ ਫੁੱਲਾਂ ਅਤੇ ਫ਼ਲੀਆਂ ਤੋਂ ਸੱਖਣੇ ਰਹਿ ਜਾਂਦੇ ਹਨ। ਪੱਤੇ ਸੰਘਣੇ ਹੁੰਦੇ ਹਨ ਅਤੇ ਤਣੇ ਤੋਂ ਗੁੱਛਿਆਂ ਵਿੱਚ ਪੱਤੇ ਫੁੱਟਦੇ ਹਨ।

ਰੋਕਥਾਮ: ਅਰਹਰ ਅਤੇ ਇਸ ਦੀਆਂ ਕੁਝ ਜੰਗਲੀ ਜਾਤੀ ਦੀਆਂ ਕਿਸਮਾਂ ਉਤੇ ਇਹ ਜੂੰ ਰਹਿੰਦੀ ਹੈ। ਇਨ੍ਹਾਂ ਜੰਗਲੀ ਕਿਸਮਾਂ ਨੂੰ ਨਸ਼ਟ ਕਰ ਦਿਉੇ ਅਤੇ ਅਰਹਰ ਦਾ ਕੋਈ ਵੀ ਪੌਦਾ ਕਮਾਦ, ਕਪਾਹ ਅਤੇ ਹੋਰ ਖੇਤਾਂ ਦੁਆਲੇ ਸਰਦੀਆਂ ਵਿੱਚ ਖੜ੍ਹਾ ਨਾ ਰਹਿਣ ਦਿਉ ਤਾਂ ਕਿ ਇਹ ਬਿਮਾਰੀ ਫੈਲਾਉਣ ਵਾਲੇ ਸਾਧਨ ਦਾ ਮੁੱਢੋਂ ਹੀ ਨਾਸ ਹੋ ਸਕੇ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.09375
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top