ਬਿਜਾਈ ਦਾ ਸਮਾਂ: ਪੰਜਾਬ ਵਿਚ ਕਮਾਦ ਦੀ ਬਿਜਾਈ ਦਾ ਸਭ ਤੋਂ ਚੰਗਾ ਸਮਾਂ ਅੱਧ ਫ਼ਰਵਰੀ ਤੋਂ ਅਖੀਰ ਮਾਰਚ ਤੱਕ ਹੈ। ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਨੂੰ ਮਾਰਚ ਤੋਂ ਪਿਛੋਂ ਨਾ ਬੀਜੋ। ਜਿੰਨਾ ਹੋ ਸਕੇ ਪਛੇਤੀ ਬਿਜਾਈ ਤੋਂ ਸੰਕੋਚ ਕਰੋ। ਜੇਕਰ ਪਿਛੇਤੀ ਬਿਜਾਈ ਕਰਨੀ ਹੀ ਪਵੇ ਤਾਂ ਹੇਠ ਦੱਸੇ ਤੱਥ ਧਿਆਨ ਵਿਚ ਰੱਖੋ।
(੧) ਸੀ ਓ ਜੇ ੮੯ ਕਿਸਮ ਬੀਜੋ।
(੨) ਬੀਜ ਜ਼ਿਆਦਾ ਵਰਤੋ, ਇਕ ਏਕੜ ਲਈ ਤਿੰਨ ਅੱਖਾਂ ਵਾਲੀਆਂ ੩੦ ਹਜ਼ਾਰ ਗੁੱਲੀਆਂ ਵਰਤੋ।
(੩) ਬੀਜ ਨੂੰ ਐਗਾਲੌਲ/ਐਰੀਟਾਨ/ਐਮੀਸਾਨ/ਬੈਗਾਲੌਲ ਨਾਲ ਸੋਧ ਲਓ।
(੪) ਅਗੇਤੀ ਫੋਟ ਦੇ ਗੜੂੰਏ ਦੀ ਰੋਕਥਾਮ ਪੂਰੀ ਤਰ੍ਹਾਂ ਕਰੋ ਕਿਉਂਕਿ ਇਸ ਦਾ ਹਮਲਾ ਪਛੇਤੀ ਫ਼ਸਲ ਤੇ ਜ਼ਿਆਦਾ ਹੁੰਦਾ ਹੈ।
ਬਿਜਾਈ ਦਾ ਢੰਗ ਅਤੇ ਫ਼ਾਸਲਾ: ਖਾਲੀਆਂ ਪੁੱਟ ਕੇ ਕਮਾਦ ਲਾਉਣ ਸਮੇਂ ਖਾਲ਼ੀਆਂ ਵਿਚਕਾਰ ਫ਼ਾਸਲਾ ੭੫ ਸੈਂਟੀਮੀਟਰ ਰੱਖੋ ਅਤੇ ਪਿਛੋਂ ਸੁਹਾਗਾ ਮਾਰ ਦਿਓ। ਟਰੈਕਟਰ ਨਾਲ ਚੱਲਣ ਵਾਲੀ ਕਮਾਦ ਬੀਜਣ ਵਾਲੀ ਮਸ਼ੀਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਢੰਗ ਨਾਲ ਫ਼ਸਲ ਨੂੰ ਡਿੱਗਣ ਤੋਂ ਬਚਾਇਆ ਜਾ ਸਕਦਾ ਹੈ। ਖਾਲੀਆਂ ੨੦ - ੨੫ ਸੈਂਟੀਮੀਟਰ ਡੂੰਘੀਆਂ ਪੁੱਟੋ। ਇਹ ਢੰਗ ਵਰਤਦੇ ਸਮੇਂ ਗੁੱਲੀਆਂ ਖਾਲੀਆਂ ਵਿਚ ਜ਼ਮੀਨ ਨਾਲ ਲਾ ਕੇ ਰੱਖੋ ਅਤੇ ਗੁੱਲੀਆਂ ਨੂੰ ੫ ਸੈਂਟੀਮੀਟਰ ਮਿੱਟੀ ਦੀ ਤਹਿ ਨਾਲ ਢੱਕ ਦਿਓ ਅਤੇ ਬਾਅਦ ਵਿਚ ਉਸੇ ਵੇਲੇ ਪਾਣੀ ਲਾ ਦਿਓ। ਇਕ ਹੋਰ ਪਾਣੀ ੪ - ੫ ਦਿਨਾਂ ਬਾਅਦ ਲਾਉ। ਖਾਲੀਆਂ ਟਰੈਕਟਰ ਨਾਲ ਚੱਲਣ ਵਾਲੇ ਰਿਜਰ ਨਾਲ ਕੱਢੀਆਂ ਜਾ ਸਕਦੀਆਂ ਹਨ। ਗੰਨਾ ਬੀਜਣ ਵਾਸਤੇ ਦੋ ਕਤਾਰਾਂ ਵਾਲਾ ਸ਼ੂਗਰਕੇਨ ਕਟਰ ਪਲਾਂਟਰ ਵਰਤੋ।
ਇਸ ਵਿਚ ਸੀਟ ਤੇ ਬੈਠੇ ਦੋ ਆਦਮੀ ਸਬੂਤੇ ਗੰਨੇ ਮਸ਼ੀਨ ਵਿਚ ਪਾਉਂਦੇ ਹਨ ਅਤੇ ਮਸ਼ੀਨ ਆਪਣੇ ਆਪ ਗੁਲੀਆਂ ਵੱਢ ਕੇ ਸਿਆੜਾਂ ਵਿਚ ਪਾਉਂਦੀ ਹੈ। ਨਾਲ ਦੀ ਨਾਲ ਇਹ ਮਸ਼ੀਨ, ਖਾਦਾਂ ਅਤੇ ਦਵਾਈਆਂ ਵੀ ਪਾਉਂਦੀ ਹੈ। ਇਸ ਢੰਗ ਨਾਲ ਬਿਜਾਈ ਲਈ ੩੨ -੩੫ ਕੁਇੰਟਲ ਪ੍ਰਤੀ ਏਕੜ ਬੀਜ ਦੀ ਲੋੜ ਪੈਂਦੀ ਹੈ। ਇਹ ਮਸ਼ੀਨ ੨੩ ਤੋਂ ੪੨ ਸੈਂਟੀਮੀਟਰ ਲੰਮੀਆਂ ਗੁੱਲੀਆਂ ਬਣਾਉਂਦੀ ਹੈ ਅਤੇ ਇਹ ੧.੨ ਤੋਂ ੧.੯ ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੇ ਚਲਾਈ ਜਾਂਦੀ ਹੈ। ਇਸ ਦਾ ਨਬੇੜਾ ੨ ਤੋਂ ੩ ਏਕੜ ਪ੍ਰਤੀ ਦਿਨ ਹੈ ਅਤੇ ਇਸ ਦੇ ਨਾਲ ੨.੫ ਏਕੜ ਵਾਸਤੇ ੩੩ ਆਦਮੀ-ਘੰਟੇ ਲੱਗਦੇ ਹਨ। ਇਹ ਦੂਜਿਆਂ ਤਰੀਕਿਆਂ ਦੇ ਮੁਕਾਬਲੇ ੨੫ ਪ੍ਰਤੀਸ਼ਤ ਮਜ਼ਦੂਰੀ ਦੀ ਬੱਚਤ ਕਰਦੀ ਹੈ। ਇਸ ਦੀ ਜ਼ਿਆਦਾ ਵਰਤੋਂ ਵਾਸਤੇ ਇਸ ਮਸ਼ੀਨ ਨੂੰ ਕਿਰਾਏ ਤੇ ਚਲਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਦੋ ਕਤਾਰੀ ਖਾਲੀ ਵਿਧੀ ਪਾਣੀ ਦੀ ਬੱਚਤ ਲਈ ਵਰਤੋ। ਗੰਨੇ ਦੀ ਬਿਜਾਈ ਦੋ ਕਤਾਰਾਂ ਵਿੱਚ ਇੱਕ ਫੁੱਟ ਚੌੜੀ ਅਤੇ ੨੦ - ੨੫ ਸੈਂਟੀਮੀਟਰ ਡੂੰਘੀਆਂ ਖਾਲ਼ੀਆਂ ਵਿੱਚ ਕਰੋ। ਗੰਨੇ ਦੀ ਗੁੱਲੀਆਂ ਖਾਲ਼ੀ ਵਿੱਚ ਰੱਖੋ ਅਤੇ ਦੋ ਲਾਈਨਾਂ ਦੇ ਵਿਚਕਾਰਲੀ ਮਿੱਟੀ ਨਾਲ ਢੱਕ ਦਿਉ। ਦੋ ਖਾਲ਼ੀਆਂ ਵਿਚਕਾਰ ਫ਼ਾਸਲਾ ਤਿੰਨ ਫੁੱਟ ਹੋਣਾ ਚਾਹੀਦਾ ਹੈ। ਇਹ ਖਾਲ਼ੀਆਂ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਖਾਲ਼ੀਆਂ ਬਣਾਉਣ ਵਾਲੀ ਮਸ਼ੀਨ ਨਾਲ ਬਣਾਈਆਂ ਜਾ ਸਕਦੀਆਂ ਹਨ ਜੋ ਟਰੈਕਟਰ ਨਾਲ ਚੱਲਦੀ ਹੈ। ਇਸ ਤਰੀਕੇ ਨਾਲ ਗੰਨੇ ਦਾ ਝਾੜ ਵੀ ਵਧਦਾ ਹੈ ਅਤੇ ਬਨ੍ਹਾਈ ਵੀ ਸੌਖੀ ਹੁੰਦੀ ਹੈ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/15/2020