ਕਪਾਹ ਪੰਜਾਬ ਵਿੱਚ ਸਾਉਣੀ ਦੀ ਇਕ ਮਹੱਤਵਪੂਰਨ ਫ਼ਸਲ ਹੈ। ਸਾਲ ੨੦੧੩ - ੨੦੧੪ ਵਿੱਚ ਇਸ ਦੀ ਕਾਸ਼ਤ ੪੪੬ ਹਜ਼ਾਰ ਹੈਕਟੇਅਰ ਭੂਮੀ ਤੇ ਕੀਤੀ ਗਈ। ਨਰਮਾ-ਕਪਾਹ ਦੀ ਕੁੱਲ ਪੈਦਾਵਾਰ ੧੪੯੫ ਹਜ਼ਾਰ ਗੰਢਾਂ ਹੋਈ। ਔਸਤ ਝਾੜ ੫੭੦ ਕਿਲੋ ਰੂੰ ਪ੍ਰਤੀ ਹੈਕਟੇਅਰ ਰਿਹਾ।
(੧) ਨਰਮੇਂ ਦੀਆਂ ਅਗੇਤੀਆਂ ਖਿੱੜਨ ਵਾਲੀਆਂ ਅਤੇ ਪੱਤਾ ਮਰੋੜ ਬਿਮਾਰੀ ਤੋਂ ਰਹਿਤ ਸਿਫਾਰਿਸ਼ ਕੀਤੀਆਂ ਕਿਸਮਾਂ ਹੀ ਬੀਜੋ।
(੨) ਪੱਤਾ ਮਰੋੜ ਬਿਮਾਰੀ ਨੂੰ ਵਧਣ ਤੋਂ ਰੋਕਣ ਲਈ ਇਸ ਬਿਮਾਰੀ ਦੇ ਬਦਲਵੇਂ ਪੌਦੇ ਅਤੇ ਨਰਮੇਂ ਦੇ ਮੋਢੀ ਪੌਦੇ ਪੁੱਟ ਕੇ ਖਤਮ ਕਰ ਦਿਓ।
(੩) ਤੇਜ਼ਾਬ ਰਾਹੀਂ ਲੂੰ ਰਹਿਤ ਕੀਤੇ ਬੀਜ ਨੂੰ ੨ - ੪ ਘੰਟੇ ਲਈ ਪਾਣੀ ਵਿੱਚ ਭਿਉਣਾ ਜਰੂਰੀ ਹੈ।
(੪) ਫ਼ਸਲ ਦਾ ਚੰਗਾ ਜੰਮ ਅਤੇ ਮੁਢਲੇ ਵਾਧੇ ਲਈ ਭਰਵੀਂ ਰੌਣੀ ਜਰੂਰੀ ਹੈ।
(੫) ਬਿਜਾਈ ਹਰ ਹਾਲਤ ਵਿੱਚ ੧੫ ਮਈ ਤੱਕ ਕਰ ਦਿਓ।
(੬) ਬਾਗਾਂ ਦੇ ਵਿੱਚ ਜਾਂ ਨੇੜੇ ਨਰਮਾਂ ਨਾ ਬੀਜੋ।
(੭) ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਸਹੀ ਪ੍ਰਬੰਧ ਲਈ ਇਨ੍ਹਾਂ ਕੀੜਿਆਂ-ਮਕੌੜਿਆਂ ਤੇ ਬਿਮਾਰੀਆਂ ਦੀਆਂ ਬਦਲਵੀਆਂ ਫਸਲਾਂ ਜਿਵੇਂ ਕਿ ਭਿੰਡੀ, ਮੂੰਗੀ ਅਰਹਰ, ਜੰਤਰ ਅਤੇ ਅਰਿੰਡ ਨੂੰ ਨਰਮੇਂ-ਕਪਾਹ ਦੇ ਖੇਤਾਂ ਵਿੱਚ ਅਤੇ ਆਲੇ-ਦੁਆਲੇ ਬੀਜਣ ਤੋਂ ਸੰਕੋਚ ਕਰੋ।
(੮) ਆਮ ਢੰਗਾਂ ਨਾਲ ਮੀਲੀ ਬੱਗ ਦੀ ਰੋਕਥਾਮ ਕਰਨਾ ਅਤੀ ਜ਼ਰੂਰੀ ਹੈ।
(੯) ਮੀਲੀ ਬੱਗ ਦੀ ਰੋਕਥਾਮ ਲਈ ਲਗਾਤਾਰ ਸਰਵੇਖਣ ਅਤੇ ਮੁਹਿੰਮ ਵਿੱਢਣ ਦੀ ਲੋੜ ਹੈ।
(੧੦) ਨਾਈਟ੍ਰੋਜਨ ਖਾਦ ਸਿਫ਼ਾਰਸ਼ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਇਸ ਨਾਲ ਕੀੜੇ-ਮਕੌੜੇ ਵੱਧ ਹਮਲਾ ਕਰਦੇ ਹਨ (੧੧) ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਸਿਰਫ਼ ਉਦੋਂ ਹੀ ਕਰੋ ਜਦੋਂ ਪੱਤਿਆਂ ਦੇ ਕਿਨਾਰੇ ਹੇਠਾਂ ਵੱਲ ਮੁੜਨੇ ਸ਼ੁਰੂ ਹੋ ਜਾਣ।
(੧੨) ਫੁੱਲਾਂ ਦੀ ਸ਼ੁਰੂਆਤ ਤੋਂ ਬਾਅਦ ਪੋਟਾਸ਼ੀਅਮ ਨਾਈਟ੍ਰੇਟ ੧੩:੦:੪੫ ਦੇ ੨ ਪ੍ਰਤੀਸ਼ਤ ਘੋਲ ਦੇ ਇਕ ਹਫ਼ਤੇ ਦੇ ਵਕਫ਼ੇ ਤੇ ੪ ਛਿੜਕਾਅ ਕਰੋ।
(੧੩) ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਲਈ ੧੫ ਸਤੰਬਰ ਤੋਂ ਮਗਰੋਂ ਸਿੰਥੈਟਿਕ ਪਰਿਥਰਾਇਡ ਜ਼ਹਿਰਾਂ ਦੀ ਵਰਤੋਂ ਨਾ ਕਰੋ। ਇਸ ਸਮੇਂ ਟਰਾਈਜ਼ੋਫਾਸ ਅਤੇ ਈਥੀਆਨ ਦੀ ਵਰਤੋਂ ਨੂੰ ਪਹਿਲ ਦਿਓ।
(੧੪) ਜ਼ਹਿਰਾਂ ਦੇ ਮਿਸ਼ਰਣ (ਆਪ ਬਣਾਕੇ ਜਾਂ ਬਣੇ ਬਣਾਏ) ਵਰਤਣ ਤੋਂ ਸੰਕੋਚ ਕਰੋ।
(੧੫) ਤੰਬਾਕੂ ਸੁੰਡੀ ਦੀ ਰੋਕਥਾਮ ਲਈ ਦੂਸਰੇ ਕੀੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਰਤੋਂ ਕਰੋ।
(੧੬) ਕੀੜਿਆਂ ਦੀ ਸੁਚੱਜੀ ਰੋਕਥਾਮ ਲਈ ਕੀਟਨਾਸ਼ਕ ਪ੍ਰਤੀਰੋਧੀ ਪ੍ਰਬੰਧ ਦੀ ਕਾਰਜਨੀਤੀ ਨੂੰ ਅਪਣਾਓ।
(੧੭) ਕੀੜਿਆਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਫਿਕਸ ਟਾਈਪ ਹੌਲੋ ਕੋਨ ਨੋਜ਼ਲ, ਜਿਸ ਵਿੱਚੋਂ ਇੱਕ ਮਿੰਟ ਵਿੱਚ ੫੦੦ - ੬੦੦ ਮਿਲੀਲਿਟਰ ਛਿੜਕਾਅ ਵਾਲਾ ਪਾਣੀ ਨਿਕਲਦਾ ਹੈ, ਵਰਤੋ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/16/2020