ਪਨੀਰੀ ਦੀ ਬੀਜਾਈ ਝੋਨਾ ਲਗਾਉਣ ਵਾਲੇ ਖੇਤਾਂ ਦੇ ਨੇੜੇ ਕਰੋ ਤਾਂ ਕਿ ਢੋਆ-ਢੁਆਈ ਦਾ ਕੰਮ ਘੱਟ ਰਹੇ। ਪਨੀਰੀ ਵਾਲੇ ਖੇਤ ਦੀ ਮਿੱਟੀ ਉਪਜਾਊ ਅਤੇ ਜੇ ਹੋ ਸਕੇ ਮੈਰਾ ਕਿਸਮ ਦੀ ਹੋਵੇ। ਪਨੀਰੀ ਦੀ ਥਾਂ ਚੰਗੀ ਤਰ੍ਹਾਂ ਪੱਧਰ ਅਤੇ ਟਿਊਬਵੈੱਲ ਅਤੇ ਦਰਖਤਾਂ ਤੋਂ ਘੱਟੋ ਘੱਟ ੨੦ ਮੀਟਰ ਦੀ ਦੂਰੀ ਤੇ ਹੋਣੀ ਚਾਹੀਦੀ ਹੈ ਤਾਂ ਕਿ ਪਨੀਰੀ ਨੂੰ ਰੋੜਿਆਂ, ਛਾਂ, ਦਰਖਤਾਂ ਦੀਆਂ ਟਾਹਣੀਆਂ ਦੇ ਟੁਕੜੇ ਅਤੇ ਪੰਛੀਆਂ ਆਦਿ ਤੋਂ ਬਚਾਇਆ ਜਾ ਸਕੇ। ਖੇਤ ਨੂੰ ਵੱਤਰ ਆਉਣ ਤੇ ਚੰਗੀ ਤਰ੍ਹਾਂ ਵਾਹੀ ਕਰਕੇ ਸੁਹਾਗਾ ਮਾਰ ਦਿਓ ਤਾਂ ਕਿ ਮਿੱਟੀ ਨਦੀਨਾਂ ਤੋਂ ਮੁਕਤ ਅਤੇ ਬਰੀਕ ਹੋ ਜਾਵੇ। ਮਿੱਟੀ ਵਿੱਚ ਪੱਥਰ ਜਾਂ ਕਿਸੇ ਤਰ੍ਹਾਂ ਦੀ ਸਖਤ ਵਸਤੂ ਨਹੀਂ ਹੋਣੀ ਚਾਹੀਦੀ। ਤਿਆਰ ਕੀਤੀ ਥਾਂ ਉੱਤੇ ੫੦ - ੬੦ ਗੇਜ਼ ਦੀ ਪਤਲੀ ਅਤੇ ੯੦ - ੧੦੦ ਸੈਂਟੀਮੀਟਰ ਚੌੜੀ ਪਲਾਸਟਿਕ ਦੀ ਸ਼ੀਟ ਜਿਸ ਵਿੱਚ ੧-੨ ਮਿਲੀਲਿਟਰ ਸਾਈਜ਼ ਦੇ ਸੁਰਾਖ ਹੋਣ, ਵਿਛਾ ਦਿਓ। ਵਿਛਾਈ ਹੋਈ ਸ਼ੀਟ ਉੱਤੇ ਇਕ ਜਾਂ ਵੱਧ ਫਰੇਮ ਜਿਸ ਦਾ ਇੱਕ ਖਾਨੇ ਦਾ ਮਾਪ ਹੱਥ ਵਾਲੀ ਮਸ਼ੀਨ ਲਈ ੪੦ ਣ ੨੦ ਣ ੨ ਸੈਂਟੀਮੀਟਰ, ਇੰਜਨ ਵਾਲੀ ਮਸ਼ੀਨ ਲਈ ੪ ੫ਣ ੨੧ ਣ ੨ ਸੈਂਟੀਮੀਟਰ ਅਤੇ ਸਵੈਚਾਲਿਤ ਮਸ਼ੀਨ ਲਈ ੫੮ ਣ ੨ ੮ ਣ ੨ ਸੈਂਟੀਮੀਟਰ ਹੁੰਦਾ ਹੈ, ਰੱਖੋ। ਫਰੇਮ ਦੇ ਖਾਨੇ ਅਤੇ ਸਾਈਜ਼ ਮਸ਼ੀਨ ਦੇ ਮੁਤਾਬਕ ਹੋਣੇ ਚਾਹੀਦੇ ਹਨ। ਇਕ ਏਕੜ ਦੀ ਪਨੀਰੀ ਲਈ ੩੫੦ ਗ੍ਰਾਮ ਸ਼ੀਟ ਜੋ ੨੦ ਮੀਟਰ ਲੰਬੀ ਹੁੰਦੀ ਹੈ, ਦੀ ਜਰੂਰਤ ਪੈਂਦੀ ਹੈ। ਫਰੇਮ ਦੇ ਦੋਨੋਂ ਪਾਸਿਆਂ ਤੋਂ ਇਕਸਾਰ ਮਿੱਟੀ ਚੁੱਕ ਕੇ ਫਰੇਮ ਵਿੱਚ ਪਾ ਕੇ ਪੱਧਰ ਕਰ ਦਿਓ। ਫਰੇਮ ਵਾਲੀ ਮਿੱਟੀ ਨੂੰ ਅਲੱਗ ਵੀ ਚੌਥਾਈ ਹਿੱਸਾ ਰੂੜੀ ਮਿਲਾ ਕੇ ਤਿਆਰ ਕੀਤਾ ਜਾ ਸਕਦਾ ਹੈ। ਹਰ ਖਾਨੇ ਉੱਤੇ ੫੦ - ੬੦ ਗ੍ਰਾਮ ਪੁੰਗਰਿਆ ਹੋਇਆ ਬੀਜ ਇਸ ਤਰ੍ਹਾਂ ਖਿਲਾਰੋ ਕਿ ਇੱਕ ਸੈਂਟੀਮੀਟਰ ਦੇ ਖੇਤਰਫ਼ਲ ਵਿੱਚ ੨ ਤੋਂ ੩ ਦਾਣੇ ਆਉਣ। ਬੀਜ ਨੂੰ ਇਕਸਾਰ ਖਿਲਾਰਨ ਲਈ ਬੀਜ ਖਿਲਾਰਨ ਵਾਲਾ ਰੋਲਰ ਵਰਤ ਸਕਦੇ ਹਾਂ। ਮਦਦ ਨਾਲ ਪਹੁੰਚਾਏ ਜਾ ਸਕਦੇ ਹਨ। ਇਕ ਵਿਅਕਤੀ ਇਕ ਦਿਨ ਵਿੱਚ ੫-੬ ਏਕੜ ਦੀ ਪਨੀਰੀ ਦੇ ਮੈਟ ਉਖਾੜ ਸਕਦਾ ਹੈ। ਇੱਕ ਏਕੜ ਪਨੀਰੀ ਲਈ ੧੦-੧੨ ਕਿਲੋ ਬੀਜ ਜਿਸ ਤੋਂ ਤਕਰੀਬਨ ੨੦੦ ਮੈਟ ਤਿਆਰ ਹੋ ਸਕਦੇ ਹਨ, ਲੋੜੀਂਦਾ ਹੈ। ਬੀਜ ਨੂੰ ਮਿੱਟੀ ਦੀ ਬਰੀਕ ਪਰਤ ਨਾਲ ਢਕਣ ਉਪਰੰਤ ਹੱਥ ਵਾਲੇ ਫੁਆਰੇ ਨਾਲ ਪਾਣੀ ਛਿੜਕ ਦਿਓ ਤਾਂ ਕਿ ਮਿੱਟੀ ਜੰਮ ਜਾਵੇ। ਫਰੇਮ ਨੂੰ ਹੌਲੀ ਜਿਹੀ ਚੁੱਕ ਲਵੋ ਅਤੇ ਵਿਛਾਈ ਹੋਈ ਪਲਾਸਟਿਕ ਸ਼ੀਟ ਉੱਤੇ ਰੱਖ ਦਿਓ। ਉਪਰੋਕਤ ਵਿਧੀ ਲੋੜ ਮੁਤਾਬਕ ਦੁਹਰਾਓ। ਦੋ ਵਿਅਕਤੀ ਇਕ ਦਿਨ ਵਿੱਚ ੩-੪ ਏਕੜ ਦੀ ਪਨੀਰੀ ਬੀਜ ਸਕਦੇ ਹਨ। ਪਨੀਰੀ ਦੀ ਬੀਜਾਈ ਤੋਂ ਬਾਅਦ ਖੇਤ ਨੂੰ ਪਾਣੀ ਦਿਓ। ਪਹਿਲੇ ਦੋ ਤਿੰਨ ਪਾਣੀ ਬੜੇ ਧਿਆਨ ਨਾਲ ਦਿਓ ਕਿ ਪਾਣੀ ਦਾ ਵਹਾਅ ਘੱਟ ਹੋਵੇ ਅਤੇ ਪਾਣੀ ਇਕਸਾਰ ਹੋਵੇ ਤਾਂ ਕਿ ਨਵੇਂ ਬਣੇ ਮੈਟ ਖਰਾਬ ਨਾ ਹੋਣ। ਹਰ ਰੋਜ਼ ਪਾਣੀ ਲਗਾਉਣਾ ਜ਼ਰੂਰੀ ਹੈ ਤਾਂ ਕਿ ਮੈਟ ਹਮੇਸ਼ਾਂ ਗਿੱਲੇ ਰਹਿਣ। ਇੱਕ ਏਕੜ ਦੀ ਪਨੀਰੀ ਲਈ ੧੦ ਦਿਨਾਂ ਦੇ ਵਕਫ਼ੇ ਮਗਰੋਂ ੩੦੦ ਗ੍ਰਾਮ ਯੂਰੀਆ ੧੫ ਲਿਟਰ ਪਾਣੀ ਵਿੱਚ ਘੋਲ ਕੇ ਛੜਕਾਅ ਕਰੋ। ਪਨੀਰੀ ਦੇ ਮੈਟ ੨੫ - ੩੦ ਦਿਨਾਂ ਪਿੱਛੋਂ ਲਵਾਈ ਲਈ ਤਿਆਰ ਹੋ ਜਾਂਦੀ ਹੈ। ਪਨੀਰੀ ਪੁੱਟਣ ਤੋਂ ਕੁਝ ਘੰਟੇ ਪਹਿਲਾਂ ਪਾਣੀ ਨੂੰ ਕੱਢ ਦਿਓ। ਇਸ ਤਰ੍ਹਾਂ ਤਿਆਰ ਕੀਤੇ ਮੈਟ ਅਸਾਨੀ ਨਾਲ ਕਿਸੇ ਤੇਜ਼ ਬਲੇਡ ਜਾਂ ਦਾਤੀ ਨਾਲ ਫਰੇਮ ਦੇ ਪਏ ਚਿੰਨ੍ਹਾਂ ਮੁਤਾਬਕ ਕੱਟ ਕੇ ਉਖਾੜੇ ਜਾ ਸਕਦੇ ਹਨ। ਇਹ ਉਖਾੜੇ ਹੋਏ ਮੈਟ, ਝੋਨਾ ਲਗਾਉਣ ਵਾਲੇ ਖੇਤ ਤੱਕ ਟਰਾਲੀ ਜਾਂ ਰੇੜੇ ਦੀ ਮਦਦ ਨਾਲ ਪਹੁੰਚਾਏ ਜਾ ਸਕਦੇ ਹਨ। ਇਕ ਵਿਅਕਤੀ ਇਕ ਦਿਨ ਵਿੱਚ ੫-੬ ਏਕੜ ਦੀ ਪਨੀਰੀ ਦੇ ਮੈਟ ਉਖਾੜ ਸਕਦਾ ਹੈ।
ਖੇਤਾਂ ਵਿੱਚ ਪ੍ਰਤੀ ਏਕੜ ੬ ਟਨ ਰੂੜੀ ਦੀ ਖਾਦ ਪਾਉਣ ਨਾਲ ੧੬ ਕਿਲੋ ਨਾਈਟਰੋਜਨ (੩੫ ਕਿਲੋ ਯੂਰੀਆ) ਦੀ ਬੱਚਤ ਹੋ ਜਾਂਦੀ ਹੈ ਕਿਉਂਕਿ ਲੋੜੀਂਦੀ ਮਿਕਦਾਰ ਵਿੱਚ ਰੂੜੀ ਦੀ ਖਾਦ ਪ੍ਰਾਪਤ ਨਹੀਂ ਹੋ ਸਕਦੀ ਇਸ ਕਾਰਨ ਇਸ ਦੀ ਥਾਂ ਢੈਂਚਾ/ਸਣ/ਰਵਾਂਹ ਦੀ ਫ਼ਸਲ ਨੂੰ ਬਤੌਰ ਹਰੀ ਖਾਦ ਦੇ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਕਣਕ ਜਾਂ ਹੋਰ ਫ਼ਸਲ, ਜਿਸ ਪਿੱਛੋਂ ਝੋਨਾ ਬੀਜਣਾ ਹੋਵੇ, ਨੂੰ ਕੱਟ ਕੇ ਖੇਤਾਂ ਨੂੰ ਪਾਣੀ ਲਾ ਦਿਉ। ਇਸ ਪਿੱਛੋਂ ੨੦ ਕਿਲੋ ਢੈਂਚੇ ਦਾ ਬੀਜ, ਜਿਹੜਾ ਕਿ ੮ ਘੰਟੇ ਪਾਣੀ ਵਿੱਚ ਭਿੱਜਾ ਰਿਹਾ ਹੋਵੇ, ਜਾਂ ੨੦ ਕਿਲੋ ਸਣ ਦਾ ਬੀਜ ਜਾਂ ੧੨ ਕਿਲੋ ਰਵਾਂਹ ਦਾ ਬੀਜ ਪ੍ਰਤੀ ਏਕੜ ਦੇ ਹਿਸਾਬ ਬੀਜ ਦਿਉ (ਜੇਕਰ ਬੀਜ ਮੋਟਾ ਹੋਵੇ ਤਾਂ ੨੦ ਕਿਲੋ ਬੀਜ ਵਰਤੋ)। ਘੱਟ ਫ਼ਾਸਫ਼ੋਰਸ ਵਾਲੇ ਖੇਤਾਂ ਵਿੱਚ ਹਰੀ ਖਾਦ ਦੀ ਫ਼ਸਲ ਨੂੰ ੭੫ ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਪਾਉ। ਇਸ ਪਿੱਛੋਂ ਬੀਜੀ ਜਾਣ ਵਾਲੀ ਝੋਨੇ ਦੀ ਫ਼ਸਲ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ। ਖੇਤਾਂ ਵਿੱਚ ਝੋਨੇ ਦੀ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਨੂੰ ਦੱਬ ਦਿਉ। ਇਸ ਤਰ੍ਹਾਂ ੬-੮ ਹਫ਼ਤੇ ਦੀ ਹਰੀ ਖਾਦ ਦੱਬਣ ਨਾਲ ੨੫ ਕਿਲੋ ਨਾਈਟਰੋਜਨ ਤੱਤ (੫੫ ਕਿਲੋ ਯੂਰੀਆ) ਦੀ ਪ੍ਰਤੀ ਏਕੜ ਬੱਚਤ ਹੋ ਜਾਂਦੀ ਹੈ। ਜੇਕਰ ਮੂੰਗੀ ਦੀ ਫ਼ਸਲ, ਫ਼ਲੀਆਂ ਤੋੜ ਕੇ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਖੇਤ ਵਿੱਚ ਦਬਾਈ ਜਾਵੇ ਤਾਂ ਨਾਈਟਰੋਜਨ ਵਾਲੀ ਖਾਦ ਤੀਜਾ ਹਿੱਸਾ ਘਟਾ ਦਿਉ। ਰੇਤਲੀ ਤੋਂ ਰੇਤਲੀ ਮੈਰਾ ਜ਼ਮੀਨਾਂ ਵਿੱਚ ਝੋਨੇ ਦਾ ਵਧੇਰੇ ਝਾੜ ਲੈਣ ਲਈ ਹਰੀ ਖਾਦ ਮਗਰੋਂ ਨਾਈਟਰੋਜਨ ਖਾਦ ਦੀ ਸਿਫ਼ਾਰਸ਼ ਕੀਤੀ ਪੂਰੀ ਮਾਤਰਾ (੫੦ ਕਿਲੋ ਨਾਈਟ੍ਰੋਜਨ ਪ੍ਰਤੀ ਏਕੜ) ਪਾਉ। ਕਲਰਾਠੀਆਂ ਅਤੇ ਨਵੀਆਂ ਵਾਹੀ ਯੋਗ ਜ਼ਮੀਨਾਂ ਵਿੱਚ ਢੈਂਚੇ ਦੀ ਹਰੀ ਖਾਦ ਨੂੰ ਤਰਜੀਹ ਦਿਉ। ਢੈਂਚੇ ਦੀ ਹਰੀ ਖਾਦ ਨਾਲ ਝੋਨੇ ਦੀ ਫ਼ਸਲ ਵਿਚ ਲੋਹੇ ਦੀ ਘਾਟ ਵੀ ਨਹੀਂ ਆਉਂਦੀ। ਖੇਤਾਂ ਵਿਚ ਪ੍ਰਤੀ ਏਕੜ ੬ ਟਨ ਪ੍ਰੈਸਮੱਡ ਜਾਂ ਮੁਰਗੀਆਂ ਦੀ ਖਾਦ ਪਾਉਣ ਨਾਲ ਅੱਧੀ ਨਾਈਟ੍ਰੋਜਨ ਦੀ ਬੱਚਤ ਹੋ ਜਾਂਦੀ ਹੈ ਜਾਂ ੨.੪ ਟਨ ਗੋਬਰ ਗੈਸ ਪਲਾਂਟ ਵਿੱਚੋਂ ਨਿਕਲੀ ਹੋਈ ਸਲੱਰੀ ਨੂੰ ਸੁੱਕਣ ਉਪਰੰਤ ਪਾਉਣ ਨਾਲ ਇੱਕ ਤਿਹਾਈ ਨਾਈਟ੍ਰੋਜਨ ਦੀ ਬੱਚਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇ ਮਿੱਟੀ ਪਰਖ ਰਿਪੋਰਟ ਦੇ ਮੁਤਾਬਿਕ ਤੁਹਾਡੀ ਮਿੱਟੀ ਘੱਟ ਫ਼ਾਸਫ਼ੋਰਸ ਵਾਲੀ ਸ਼੍ਰੇਣੀ ਵਿਚ ਆਉਂਦੀ ਹੈ ਤਾਂ ਵੀ ਤੁਸੀਂ ਫ਼ਾਸਫ਼ੋਰਸ ਦੀ ਵਰਤੋਂ ਨਾ ਕਰੋ।
ਕੱਦੂ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਬਹੁਤ ਹੀ ਬਾਰੀਕੀ ਅਤੇ ਵਧੀਆ ਢੰਗ ਨਾਲ ਪੱਧਰ ਕਰ ਲਵੋ ਤਾਂ ਕਿ ਖੇਤ ਵਿੱਚ ਪਾਣੀ ਅਤੇ ਹੋਰ ਖਾਦ ਪਦਾਰਥਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ। ਸਾਰੇ ਬੰਨੇ ਠੀਕ ਕਰ ਲਓ। ਖੇਤ ਵਿੱਚ ਕੱਦੂ ਪੱਧਰਾ ਤੇ ਚੰਗਾ ਕਰੋ, ਤਾਂ ਕਿ ਛੋਟੇ ਪੌਦੇ ਚੰਗੀ ਤਰ੍ਹਾਂ ਲਗ ਜਾਣ ਅਤੇ ਨਾਲ ਹੀ ਨਦੀਨ ਵੀ ਘੱਟ ਉੱਗਣ। ਚੰਗਾ ਕੱਦੂ ਕਰਨ ਨਾਲ ਪਾਣੀ ਦੀ ਬੱਚਤ ਹੋਵੇਗੀ ਕਿਉਂਕਿ ਪਾਣੀ ਜ਼ਮੀਨ ਵਿੱਚ ਘੱਟ ਰਿਸੇਗਾ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/15/2020