ਬੱਕਰੀ ਪਾਲਣ ਆਮ ਤੌਰ ਤੇ ਸਾਰੇ ਜਲਵਾਯੂ ਵਿੱਚ ਘੱਟ ਲਾਗਤ, ਸਧਾਰਨ ਆਵਾਸ, ਸਧਾਰਨ ਰੱਖ-ਰਖਾਅ ਅਤੇ ਪਾਲਣ-ਪੋਸ਼ਣ ਦੇ ਨਾਲ ਸੰਭਵ ਹੈ। ਇਸ ਦੇ ਉਤਪਾਦ ਦੀ ਵਿਕਰੀ ਦੇ ਲਈ ਬਾਜ਼ਾਰ ਹਰ ਜਗ੍ਹਾ ਉਪਲਬਧ ਹੈ। ਇਨ੍ਹਾਂ ਕਾਰਨਾਂ ਨਾਲ ਪਸ਼ੂ ਧਨ ਵਿੱਚ ਬੱਕਰੀ ਦਾ ਇੱਕ ਵਿਸ਼ੇਸ਼ ਸਥਾਨ ਹੈ।
ਉਪਰੋਕਤ ਗੁਣਾਂ ਦੇ ਆਧਾਰ ‘ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਬੱਕਰੀ ਨੂੰ ‘ਗਰੀਬ ਦੀ ਗਾਂ’ ਕਿਹਾ ਕਰਦੇ ਸਨ। ਅੱਜ ਦੇ ਸਮੇਂ ਵਿੱਚ ਵੀ ਇਹ ਕਥਨ ਮਹੱਤਵਪੂਰਣ ਹੈ। ਅੱਜ ਜਦੋਂ ਇੱਕ ਪਾਸੇ ਪਸ਼ੂਆਂ ਦੇ ਚਾਰੇ-ਦਾਣੇ ਅਤੇ ਦਵਾਈ ਮਹਿੰਗੀ ਹੋਣ ਨਾਲ ਪਸ਼ੂ ਪਾਲਣ ਆਰਥਿਕ ਦ੍ਰਿਸ਼ਟੀ ਤੋਂ ਘੱਟ ਲਾਹੇਵੰਦ ਹੋ ਰਿਹਾ ਹੈ, ਉਥੇ ਹੀ ਬੱਕਰੀ ਪਾਲਣ ਘੱਟ ਲਾਗਤ ਅਤੇ ਸਧਾਰਨ ਦੇਖ–ਰੇਖ ਵਿੱਚ ਗਰੀਬ ਕਿਸਾਨਾਂ ਅਤੇ ਖੇਤੀ ਕਿਰਤੀਆਂ ਦੀ ਰੋਜ਼ੀ-ਰੋਟੀ ਦਾ ਇੱਕ ਸਾਧਨ ਬਣ ਰਿਹਾ ਹੈ। ਇੰਨਾ ਹੀ ਨਹੀਂ ਇਸ ਤੋਂ ਹੋਣ ਵਾਲੀ ਆਮਦਨ ਸਮਾਜ ਦੇ ਆਰਥਿਕ ਰੂਪ ਨਾਲ ਸੰਪੰਨ ਲੋਕਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਬੱਕਰੀ ਪਾਲਣ ਸਵੈ-ਰੁਜ਼ਗਾਰ ਦਾ ਇੱਕ ਪ੍ਰਬਲ ਸਾਧਨ ਬਣ ਰਿਹਾ ਹੈ।
ਬੱਕਰੀ ਪਾਲਣ ਮੁੱਖ ਤੌਰ ਤੇ ਮਾਸ, ਦੁੱਧ ਅਤੇ ਜੱਤ (ਪਸਮੀਨਾ ਅਤੇ ਮੋਹੇਰ) ਦੇ ਲਈ ਕੀਤਾ ਜਾ ਸਕਦਾ ਹੈ। ਝਾਰਖੰਡ ਰਾਜ ਦੇ ਲਈ ਬੱਕਰੀ ਪਾਲਣ ਮੁੱਖ ਤੌਰ ਤੇ ਮਾਸ ਉਤਪਾਦਨ ਦੇ ਲਈ ਇੱਕ ਵਧੀਆ ਵਪਾਰ ਦਾ ਰੂਪ ਲੈ ਸਕਦੀ ਹੈ। ਇਸ ਖੇਤਰ ਵਿੱਚ ਪਾਈਆਂ ਜਾਣ ਵਾਲੀਆਂ ਬੱਕਰੀਆਂ ਘੱਟ ਉਮਰ ਵਿੱਚ ਬਾਲਗ ਹੋ ਕੇ ਦੋ ਸਾਲ ਵਿੱਚ ਘੱਟੋ-ਘੱਟ 3 ਵਾਰ ਬੱਚਿਆਂ ਨੂੰ ਜਨਮ ਦਿੰਦੀਆਂ ਹਨ ਅਤੇ ਇੱਕ ਵਿਯਾਨ ਵਿੱਚ 2-3 ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਬੱਕਰੀਆਂ ਤੋਂ ਮਾਸ, ਦੁੱਧ, ਖੱਲ ਅਤੇ ਜੱਤ ਦੇ ਇਲਾਵਾ ਇਸ ਦੇ ਮਲ-ਮੂਤਰ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਬੱਕਰੀਆਂ ਆਮ ਤੌਰ ਤੇ ਚਾਰਾਗਾਹ ਉੱਤੇ ਨਿਰਭਰ ਰਹਿੰਦੀਆਂ ਹਨ। ਇਹ ਝਾੜੀਆਂ, ਜੰਗਲੀ ਘਾਹ ਅਤੇ ਦਰਖ਼ਤ ਦੇ ਪੱਤਿਆਂ ਨੂੰ ਖਾ ਕੇ ਸਾਡੇ ਲਈ ਪੌਸ਼ਟਿਕ ਪਦਾਰਥ ਜਿਵੇਂ ਮਾਸ ਅਤੇ ਦੁੱਧ ਉਤਪੰਨ ਕਰਦੀਆਂ ਹਨ।
ਸੰਸਾਰ ਵਿੱਚ ਬੱਕਰੀਆਂ ਦੀਆਂ ਕੁੱਲ 102 ਪ੍ਰਜਾਤੀਆਂ ਉਪਲਬਧ ਹੈ। ਜਿਸ ਵਿੱਚੋ 20 ਭਾਰਤ ਵਿੱਚ ਹਨ। ਆਪਣੇ ਦੇਸ਼ ਵਿੱਚ ਪਾਈਆਂ ਜਾਣ ਵਾਲੀਆਂ ਵੱਖ-ਵੱਖ ਨਸਲਾਂ ਮੁੱਖ ਤੌਰ ਤੇ ਮਾਸ ਉਤਪਾਦਨ ਦੇ ਲਈ ਉਪਯੁਕਤ ਹਨ। ਇੱਥੋਂ ਦੀਆਂ ਬੱਕਰੀਆਂ ਪੱਛਮੀ ਦੇਸ਼ਾਂ ਵਿੱਚ ਪਾਈਆਂ ਜਾਣ ਵਾਲੀਆਂ ਬੱਕਰੀਆਂ ਦੀ ਤੁਲਨਾ ਵਿਚ ਘੱਟ ਮਾਸ ਅਤੇ ਦੁੱਧ ਪੈਦਾ ਕਰਦੀਆਂ ਹਨ ਕਿਉਂਕਿ ਵਿਗਿਆਨਕ ਢੰਗ ਨਾਲ ਇਸ ਦੇ ਪਿਤਰਕੀ ਵਿਕਾਸ, ਪੋਸ਼ਣ ਅਤੇ ਬਿਮਾਰੀਆਂ ਤੋਂ ਬਚਾਅ ‘ਤੇ ਪੂਰਾ ਧਿਆਨ ਨਹੀਂ ਦਿੱਤਾ ਗਿਆ ਹੈ। ਬੱਕਰੀਆਂ ਦਾ ਪਿਤਰਕੀ ਵਿਕਾਸ ਕੁਦਰਤੀ ਚੋਣ ਅਤੇ ਪਿਤਰਕੀ ਵੱਖਰਤਾ ਨਾਲ ਹੀ ਸੰਭਵ ਹੋ ਸਕਿਆ ਹੈ। ਪਿਛਲੇ 25-30 ਸਾਲਾਂ ਵਿੱਚ ਬੱਕਰੀ ਪਾਲਣ ਦੇ ਵਿਭਿੰਨ ਪਹਿਲੂਆਂ ਤੇ ਕਾਫੀ ਲਾਹੇਵੰਦ ਖੋਜ ਹੋਈ ਹੈ, ਫਿਰ ਵੀ ਰਾਸ਼ਟਰੀ ਅਤੇ ਖੇਤਰੀ ਪੱਧਰ ਉੱਪਰ ਗੰਭੀਰ ਖੋਜ ਦੀ ਲੋੜ ਹੈ। ਭਾਰਤੀ ਖੇਤੀ ਖੋਜ ਸੰਸਥਾ, ਨਵੀਂ ਦਿੱਲੀ ਵੱਲੋਂ ਭਾਰਤ ਦੇ ਵਿਭਿੰਨ ਜਲਵਾਯੂ ਦੀਆਂ ਉੱਨਤ ਨਸਲਾਂ ਜਿਵੇਂ: ਬਲੈਕ ਬੰਗਲਾ, ਬਾਰਬਰੀ, ਜਮਨਾਪਾਰੀ, ਸਿਰੋਹੀ, ਮਾਰਬਾਰੀ, ਮਾਲਾਵਾਰੀ, ਗੰਜਮ ਆਦਿ ਦੀ ਸੁਰੱਖਿਆ ਅਤੇ ਵਿਕਾਸ ਨਾਲ ਸੰਬੰਧਤ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰੋਗਰਾਮਾਂ ਦੇ ਵਿਸਥਾਰ ਦੀ ਲੋੜ ਹੈ ਤਾਂ ਜੋ ਵੱਖ-ਵੱਖ ਜਲਵਾਯੂ ਅਤੇ ਵਾਤਾਵਰਣ ਵਿੱਚ ਪਾਈਆਂ ਜਾਣ ਵਾਲੀਆਂ ਹੋਰ ਉਪਯੋਗੀ ਨਸਲਾਂ ਦੀ ਵਿਸ਼ੇਸ਼ਤਾ ਅਤੇ ਉਤਪਾਦਕਤਾ ਦੀ ਉਚਿਤ ਜਾਣਕਾਰੀ ਹੋ ਸਕੇ। ਇਨ੍ਹਾਂ ਜਾਣਕਾਰੀਆਂ ਦੇ ਆਧਾਰ ‘ਤੇ ਹੀ ਖੇਤਰ ਵਿਸ਼ੇਸ਼ ਦੇ ਲਈ ਬੱਕਰੀਆਂ ਤੋਂ ਹੋਣ ਵਾਲੀ ਆਮਦਨ ਵਿਚ ਵਾਧਾ ਕਰਨ ਲਈ ਯੋਜਨਾਵਾਂ ਸੁਚਾਰੂ ਰੂਪ ਨਾਲ ਚਲਾਈਆਂ ਜਾ ਸਕਦੀਆਂ ਹਨ।
ਸਰੋਤ: ਪ੍ਰਸਾਰ ਸਿੱਖਿਆ ਨਿਦੇਸ਼ਾਲਯ, ਬਿਰਸਾ ਖੇਤੀਬਾੜੀ ਯੂਨੀਵਰਸਿਟੀ, ਰਾਂਚੀ – 834006 (ਝਾਰਖੰਡ)
ਆਖਰੀ ਵਾਰ ਸੰਸ਼ੋਧਿਤ : 6/15/2020