ਬੂਟੇ ਵਿੱਚ ਫ਼ਾਸਫ਼ੋਰਸ ਤੱਤ ਤੇਜ਼ੀ ਨਾਲ ਪੁਰਾਣੇ ਤੋਂ ਨਵੇਂ ਪੱਤਿਆਂ ਵਿੱਚ ਚਲਾ ਜਾਂਦਾ ਹੈ, ਜਿਸ ਕਾਰਨ ਇਸ ਤੱਤ ਦੀ ਕਮੀ ਪੁਰਾਣੇ ਪੱਤਿਆਂ ਵਿੱਚ ਪਹਿਲਾਂ ਆਉਂਦੀ ਹੈ ਅਤੇ ਕਮੀ ਨਾਲ ਪੱਤਿਆਂ ਦਾ ਗੂੜਾ ਰੰਗ ਘੱਟ ਜਾਂਦਾ ਹੈ ਅਤੇ ਚਮਕ ਖਤਮ ਹੋ ਜਾਂਦੀ ਹੈ। ਬੂਟੇ ਨੂੰ ਘਟ ਫ਼ੁਲ ਲਗਦੇ ਹਨ ਅਤੇ ਝਾੜ ਘਟ ਜਾਂਦਾ ਹੈ। ਫ਼ਾਸਫ਼ੋਰਸ ਦੀ ਘਾਟ ਵਾਲੇ ਬੂਟਿਆਂ ਵਿੱਚ ਵਾਧਾ ਚੰਗੀ ਤਰ੍ਹਾਂ ਨਹੀਂ ਹੁੰਦਾ ਅਤੇ ਇਹਨਾਂ ਬੂਟਿਆਂ ਦੇ ਪੱਤੇ ਆਮ ਨਾਲੋਂ ਘੱਟ ਚੌੜੇ ਅਤੇ ਛੋਟੇ ਰਹਿੰਦੇ ਹਨ। ਇਹਨਾਂ ਪੌਦਿਆਂ ਦੇ ਫ਼ਲਾਂ ਦੀ ਛਿੱਲ ਮੋਟੀ ਅਤੇ ਖੁਰਦਰੀ ਹੁੰਦੀ ਹੈ ਅਤੇ ਫ਼ਲ ਦਾ ਵਿਚਕਾਰਲਾ ਹਿੱਸਾ ਖਾਲੀ ਹੁੰਦਾ ਹੈ। ਫ਼ਾਸਫ਼ੋਰਸ ਦੀ ਘਾਟ ਦੂਰ ਕਰਨ ਲਈ ਸਹੀ ਸਮੇਂ ਤੇ ਸਿਫਾਰਿਸ਼ ਅਨੁਸਾਰ ਖਾਦਾਂ ਦੀ ਵਰਤੋਂ ਕਰੋ।
ਪੋਟਾਸ਼ੀਅਮ ਤੱਤ ਦੀ ਕਮੀ ਪੁਰਾਣੇ ਪੱਤਿਆਂ ਵਿੱਚ ਪਹਿਲਾਂ ਆਉਂਦੀ ਹੈ ਜਦਕਿ ਨਵੇਂ ਪੱਤਿਆਂ ਤੇ ਇਸ ਤੱਤ ਦੀ ਘਾਟ ਦਾ ਘੱਟ ਅਸਰ ਹੁੰਦਾ ਹੈ। ਇਸ ਤੱਤ ਦੀ ਕਮੀ ਨਾਲ ਝਾੜ ਅਤੇ ਫ਼ਲਾਂ ਦੀ ਗੁਣਵਤਾ ਘੱਟ ਜਾਂਦੀ ਹੈ। ਪੋਟਾਸ਼ੀਅਮ ਦੀ ਕਮੀ ਦਾ ਮੁੱਖ ਕਾਰਨ ਮਿੱਟੀ ਵਿੱਚ ਇਸ ਤੱਤ ਦੀ ਘਾਟ ਹੁੰਦਾ ਹੈ ਅਤੇ ਨਿੰਬੂ ਜਾਤੀ ਦੇ ਫ਼ਲਾਂ ਵਿੱਚ ਇਸ ਤੱਤ ਦੀ ਕਮੀ ਆਮਤੌਰ ਤੇ ਰੇਤਲੀਆਂ ਜ਼ਮੀਨਾਂ ਵਿੱਚ ਆਉਂਦੀ ਹੈ। ਜੇਕਰ ਮਿੱਟੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਜ਼ਿਆਦਾ ਮਾਤਰਾ ਵਿੱਚ ਹੋਣ ਜਾਂ ਨਾਈਟ੍ਰੋਜਨ ਦੀ ਜ਼ਰੂਰਤ ਤੋਂ ਜਿਆਦਾ ਵਰਤੋਂ ਕਾਰਨ ਵੀ ਪੋਟਾਸ਼ੀਅਮ ਦੀ ਘਾਟ ਆ ਜਾਂਦੀ ਹੈ। ਇਸ ਤੱਤ ਦੀ ਘਾਟ ਕਾਰਨ ਫ਼ੁਟਾਰਾ ਘੱਟ ਆਉਂਦਾ ਹੈ ਅਤੇ ਪੱਤੇ ਛੋਟੇ ਰਹਿ ਜਾਂਦੇ ਹਨ। ਨਵੀਂਆਂ ਆਂਉਣ ਵਾਲੀਆਂ ਟਾਹਣੀਆਂ ਬਹੁਤ ਕਮਜ਼ੋਰ ਹੁੰਦੀਆਂ ਹਨ ਅਤੇ ਅਸਾਨੀ ਨਾਲ ਟੁੱਟ ਜਾਂਦੀਆਂ ਹਨ। ਪੋਟਾਸ਼ੀਅਮ ਦੀ ਕਮੀ ਕਾਰਨ ਬੂਟਿਆਂ ਦਾ ਵਾਧਾ ਘੱਟ ਜਾਂਦਾ ਹੈ, ਰੁੱਖ ਛੋਟੇ ਅਤੇ ਸੰਘਣੇ ਹੋ ਜਾਂਦੇ ਹਨ। ਫ਼ਲਾਂ ਦਾ ਅਕਾਰ ਘੱਟ ਜਾਂਦਾ ਹੈ ਅਤੇ ਉਹਨਾਂ ਦੀ ਛਿੱਲ ਪਤਲੀ ਤੇ ਮੁਲਾਇਮ ਹੋ ਜਾਂਦੀ ਹੈ। ਫ਼ਲ ਪੱਕਣ ਤੋਂ ਪਹਿਲਾਂ ਝੜ ਜਾਂਦੇ ਹਨ ਅਤੇ ਇਹਨਾਂ ਦੀ ਗੁਣਵਤਾ ਘਟ ਜਾਂਦੀ ਹੈ। ਪੋਟਾਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਸਿਫਾਰਿਸ਼ ਕੀਤੇ ਅਨੁਸਾਰ ਪੋਟਾਸ਼ੀਅਮ ਖਾਦਾਂ ਦੀ ਵਰਤੋਂ ਕਰੋ। ਕਿੰਨੋ ਦੇ ਫ਼ਲਾਂ ਦਾ ਆਕਾਰ, ਝਾੜ ਅਤੇ ਗੁਣਵਤਾ ਵਧਾਉਣ ਲਈ ਪੋਟਸ਼ੀਅਮ ਨਾਈਟ੍ਰੇਟ (੧%) ਦਾ ਛਿੜਕਾਅ ਮਈ, ਜੂਨ ਅਤੇ ਜੁਲਾਈ ਮਹੀਨੇ ਦੇ ਅਖੀਰ ਵਿੱਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਲੋਹੇ ਦੀ ਘਾਟ ਨਵੇਂ ਪੱਤਿਆਂ ਤੇ ਆਉਂਦੀ ਹੈ ਅਤੇ ਇਸ ਦੀ ਘਾਟ ਨਾਲ ਪਤਿਆਂ ਦੇ ਅਕਾਰ ਵਿੱਚ ਫਰਕ ਨਹੀਂ ਪੈਂਦਾ। ਪੱਤੇ ਪੀਲੇ ਹੋ ਜਾਂਦੇ ਹਨ ਅਤੇ ਨਾੜਾਂ ਹਰੀਆਂ ਰਹਿੰਦੀਆਂ ਹਨ। ਘਾਟ ਦੇ ਵੱਧਣ ਨਾਲ ਨਾੜਾਂ ਵੀ ਪੀਲੀਆਂ ਹੋ ਜਾਂਦੀਆਂ ਹਨ ਅਤੇ ਪੱਤਾ ਸਫੈਦ ਦਿਖਣ ਲਗ ਜਾਂਦਾ ਹੈ। ਬਹੁਤ ਜ਼ਿਆਦਾ ਘਾਟ ਨਾਲ ਪਤੇ ਨਾਜ਼ੁਕ ਤੇ ਪਤਲੇ ਹੋ ਜਾਂਦੇ ਹਨ ਅਤੇ ਸਮੇਂ ਤੋਂ ਪਹਿਲਾਂ ਝੜ ਜਾਂਦੇ ਹਨ। ਟਾਹਣੀਆਂ ਸਿਰੇ ਤੋਂ ਸੁਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਬੂਟੇ ਦੇ ਉਪਰ ਅਤੇ ਚੁਫੇਰੇ ਦੀਆਂ ਟਾਹਣੀਆਂ ਖਾਲੀ ਹੋ ਜਾਂਦੀਆਂ ਹਨ। ਬੂਟੇ ਦੀ ਛੱਤਰੀ ਦਾ ਅਕਾਰ ਛੋਟਾ ਹੋ ਜਾਂਦਾ ਹੈ ਅਤੇ ਝਾੜ ਘਟ ਜਾਂਦਾ ਹੈ। ਫ਼ਲ ਛੋਟੇ ਰਹਿ ਜਾਂਦੇ ਹਨ ਅਤੇ ਫ਼ਲਾਂ ਵਿੱਚ ਮਿਠਾਸ ਅਤੇ ਖਟਾਸ ਦੋਨੋਂ ਘਟ ਜਾਂਦੇ ਹਨ। ਕਈ ਵਾਰ ਬੂਟੇ ਤੇ ਇੱਕ ਟਾਹਣੀ ਜਾਂ ਪੂਰੇ ਬਾਗ ਵਿੱਚ ਕੁਝ ਇੱਕ ਬੂਟਿਆਂ ਉਪਰ ਘਾਟ ਆਉਂਦੀ ਹੈ। ਲੋਹੇ ਦੀ ਘਾਟ ਆਮ ਤੌਰ ਤੇ ਉਹਨਾਂ ਬਾਗਾਂ ਵਿੱਚ ਆਉਂਦੀ ਹੈ, ਜਿਹਨਾਂ ਦੀ ਮਿੱਟੀ ਰੇਤਲੀ ਜਾਂ ਖਾਰੀ ਹੋਵੇ। ਮਿੱਟੀ ਵਿੱਚ ਫ਼ਾਸਫ਼ੋਰਸ, ਤਾਂਬਾ ਅਤੇ ਭਾਰੀਆਂ ਧਾਤਾਂ ਦੀ ਜ਼ਿਆਦਾ ਮਾਤਰਾ ਨਾਲ ਵੀ ਲੋਹੇ ਦੀ ਘਾਟ ਆ ਜਾਂਦੀ ਹੈ। ਲੋਹੇ ਦੀ ਘਾਟ ਦੂਰ ਕਰਨੀ ਕਾਫੀ ਮੁਸ਼ਕਿਲ ਹੈ। ਖਾਸ ਕਰਕੇ ਜਿਹਨਾਂ ਜ਼ਮੀਨਾਂ ਵਿੱਚ ਕੈਲਸ਼ੀਅਮ ਕਾਰਬੋਨੇਟ ਜ਼ਿਆਦਾ ਹੈ। ਲੋਹੇ ਦੀ ਘਾਟ ਦੂਰ ਕਰਨ ਲਈ ੦.੧੮ ਪ੍ਰਤੀਸ਼ਤ ਫੈਰਸ ਸਲਫੇਟ (੧੮੦ ਗ੍ਰਾਮ ਫੈਰਸ ਸਲਫ਼ੇਟ) ਨੂੰ ੧੦੦ ਲਿਟਰ ਪਾਣੀ ਵਿੱਚ ਘੋਲ ਕੇ ਅਪ੍ਰੈਲ ਅਤੇ ਅਗਸਤ ਦੌਰਾਨ ਛਿੜਕਾਅ ਕਰੋ।
ਪੰਜਾਬ ਦੇ ਨਿੰਬੂ ਜਾਤੀ ਦੇ ਬਾਗ ਵਿੱਚ ਸਭ ਤੋਂ ਆਮ ਨਜ਼ਰ ਆਉਣ ਵਾਲੀ ਤੱਤ ਦੀ ਘਾਟ ਜਿਸਤ ਦੀ ਹੁੰਦੀ ਹੈ। ਜਿਸਤ ਦੀ ਘਾਟ ਨਵੇਂ ਨਿਕਲਦੇ ਪੱਤਿਆਂ ਦੀਆਂ ਨਾੜੀਆਂ ਵਿਚਲੀ ਥਾਂ ਪੀਲੀ ਹੋ ਜਾਂਦੀ ਹੈ। ਜਿਸਤ ਦੀ ਘਾਟ ਵਧਣ ਦੀ ਹਾਲਤ ਵਿੱਚ ਸਾਰਾ ਪੱਤਾ ਪੀਲਾ ਹੋ ਜਾਂਦਾ ਹੈ। ਜਦੋਂ ਘਾਟ ਜ਼ਿਆਦਾ ਹੋ ਜਾਵੇ ਤਾਂ ਨਵੇਂ ਪੱਤੇ ਛੋਟੇ, ਘੱਟ ਚੌੜੇ ਅਤੇ ਨੌਕਦਾਰ ਹੋ ਜਾਂਦੇ ਹਨ। ਟਾਹਣੀਆਂ ਉਪਰ ਪੱਤਿਆਂ ਦੇ ਛੋਟੇ - ਛੋਟੇ ਗੁੱਛੇ ਬਣ ਜਾਂਦੇ ਹਨ ਅਤੇ ਫ਼ਲਾਂ ਵਾਲੀਆਂ ਅੱਖਾਂ ਬਹੁਤ ਘਟ ਜਾਂਦੀਆਂ ਹਨ। ਫ਼ਲਾਂ ਦਾ ਅਕਾਰ ਬਹੁਤ ਛੋਟਾ ਹੋ ਜਾਂਦਾ ਹੈ, ਛਿੱਲ ਮੁਲਾਇਮ ਤੇ ਹਲਕੇ ਰੰਗ ਦੀ ਹੋ ਜਾਂਦੀ ਹੈ ਅਤੇ ਫ਼ਲਾਂ ਵਿੱਚ ਰਸ ਦੀ ਮਾਤਰਾ ਘਟ ਜਾਂਦੀ ਹੈ। ਜਿਸਤ ਦੀ ਘਾਟ ਨਾਲ ਟਾਹਣੀਆਂ ਪਤਲੀਆਂ ਹੋ ਜਾਂਦੀਆਂ ਹਨ ਅਤੇ ਸੁਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਰੇਤਲੀ ਜ਼ਮੀਨ ਵਿੱਚ ਲਗੇ ਨਿੰਬੂ ਜਾਤੀ ਦੇ ਫ਼ਲਾਂ ਦੇ ਬਾਗ ਆਮਤੌਰ ਤੇ ਜਿਸਤ ਦੀ ਘਾਟ ਦਿਖਾਉਂਦੇ ਹਨ। ਫ਼ਾਸਫ਼ਰੋਸ ਅਤੇ ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਾਲ ਵੀ ਜਿਸਤ ਦੀ ਘਾਟ ਹੋ ਸਕਦੀ ਹੈ। ਇਸੇ ਤਰ੍ਹਾਂ ਤਾਂਬੇ ਅਤੇ ਮੈਗਨੀਸ਼ੀਅਮ ਦੀ ਘਾਟ ਨਾਲ ਵੀ ਜਿਸਤ ਦੀ ਘਾਟ ਆ ਜਾਂਦੀ ਹੈ। ਜਿੰਕ ਦੀ ਘਾਟ ਦੂਰ ਕਰਨ ਲਈ ਰੋਗੀ ਰੁੱਖਾਂ ਉਪਰ ੦.੩ ਪ੍ਰਤੀਸ਼ਤ (੩੦੦ ਗ੍ਰਾਮ ਜਿੰਕ ਸਲਫ਼ੇਟ ਨੂੰ ੧੦੦ ਲਿਟਰ ਪਾਣੀ ਵਿੱਚ) ਜਿਸਤ ਦੇ ਸਲਫ਼ੇਟ ਦੇ ਘੋਲ ਦਾ ਛਿੜਕਾਅ ਕਰੋ। ਜਿਸਤ ਦੇ ਛਿੜਕਾਅ ਦਾ ਸਭ ਤੋਂ ਜ਼ਿਅਦਾ ਅਸਰ ਉਦੋਂ ਹੁੰਦਾ ਹੈ ਜਦੋਂ ਪੱਤੇ ਦੋ ਤਿਹਾਈ ਖੁਲ੍ਹ ਚੁੱਕੇ ਹੋਣ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 11/19/2019