ਦੇਸੀ ਸੰਤਰਾ ਗੁਰਦਾਸਪੁਰ, ਹੁਸ਼ਿਆਪੁਰ ਅਤੇ ਰੋਪੜ ਦੇ ਕੁੱਝ ਹਿੱਸਿਆਂ ਵਿੱਚ ਕਾਸ਼ਤ ਕੀਤਾ ਜਾਂਦਾ ਹੈ। ਇਸ ਕਿਸਮ ਦੇ ਫ਼ਲ ਖੂਬਸੂਰਤ ਭਾਅ ਮਾਰਦੇ ਸੰਤਰੀ ਰੰਗ ਦੇ ਹੁੰਦੇ ਹਨ। ਫ਼ਲ ਦੀ ਛਿੱਲ ਸੌਖੀ ਅਲੱਗ ਹੋ ਜਾਂਦੀ ਹੈ ਅਤੇ ਫ਼ਲ ਦਾ ਉਪਰਲਾ ਹਿੱਸਾ ਗਰਦਨ ਵਾਂਗ ਉਭਰਿਆ ਹੁੰਦਾ ਹੈ। ਫ਼ਲਾਂ ਵਿੱਚ ਦਰਮਿਆਨੀ ਸੁਗੰਧੀ ਅਤੇ ਖਟਾਸ ਵਾਲਾ ਰਸ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇੱਕ ਫ਼ਲ ਵਿੱਚ ਸਿਰਫ ੩ - ੭ ਬੀਜ ਹੁੰਦੇ ਹਨ ਜਿਸ ਨਾਲ ਫ਼ਲਾਂ ਨੂੰ ਹੱਥਾਂ ਨਾਲ ਖਾਣਾ ਸੌਖਾ ਹੁੰਦਾ ਹੈ। ਇਸ ਦੇ ਫ਼ਲ ਦਸੰਬਰ - ਜਨਵਰੀ ਵਿੱਚ ਪੱਕਦੇ ਹਨ।
ਦੁਨੀਆ ਭਰ ਵਿੱਚ ਮਾਲਟੇ ਦਾ ਨਿੰਬੂ ਜਾਤੀ ਦੇ ਫ਼ਲਾਂ ਵਿੱਚ ਪ੍ਰਮੁੱਖ ਸਥਾਨ ਹੈ, ਪਰ ਪੰਜਾਬ ਵਿੱਚ ਮਾਲਟੇ ਸੰਗਤਰੇ ਤੋਂ ਬਾਅਦ ਦੂਜੇ ਸਥਾਨ ਤੇ ਆਉਂਦੇ ਹਨ। ਜ਼ਿਆਦਾਤਰ ਮਾਲਟਾ ਸਿੱਧਾ ਖਾਣ ਦੇ ਕੰਮ ਆਉਂਦਾ ਹੈ। ਕੁਦਰਤੀ ਤੌਰ ਤੇ ਮਾਲਟੇ ਚਾਰ ਤਰ੍ਹਾਂ ਦੇ ਹੁੰਦੇ ਹਨ: ਆਮ ਮਾਲਟਾ, ਖਟਾਸ ਰਹਿਤ ਮਾਲਟਾ, ਰੰਗਦਾਰ ਗੁਦੇ ਵਾਲਾ ਮਾਲਟਾ ਅਤੇ ਨੇਵਲ ਮਾਲਟਾ। ਆਮ ਮਾਲਟਾ ਸਭ ਤੋਂ ਵੱਡਾ ਗਰੁੱਪ ਹੈ ਜਿਸ ਵਿੱਚ ਕਾਫੀ ਕਿਸਮਾਂ ਆਉਂਦੀਆਂ ਹਨ। ਪੰਜਾਬ ਵਿੱਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਕਿਸਮਾਂ ਜਾਫ਼ਾ ਅਤੇ ਵਲੈਂਸਿਆ ਇਸ ਸਮੂਹ ਦੀਆਂ ਹਨ। ਖਟਾਸ ਰਹਿਤ ਕਿਸਮਾਂ ਵਿੱਚ ਖਟਾਸ ਅਤੇ ਸੁਗੰਧਿ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਹੈ। ਮੁਸੰਮੀ ਕਿਸਮ ਇਸ ਗਰੁੱਪ ਵਿੱਚ ਆਉਂਦੀ ਹੈ। ਰੰਗਦਾਰ ਗੁਦੇ ਵਾਲੇ ਸਮੂਹ ਦੀਆਂ ਕਿਸਮਾਂ ਵਿੱਚ ਫ਼ਲ ਦਾ ਗੁੱਦਾ ਲਾਲ ਤੋਂ ਗੂੜਾ ਲਾਲ ਹੋ ਜਾਂਦਾ ਹੈ ਅਤੇ ਇਸ ਸਮੂਹ ਦੀ ਕਿਸਮ ਬਲੱਡ ਰੈਡ ਹੈ। ਨੇਵਲ ਸਮੂਹ ਦੀ ਕੋਈ ਵੀ ਕਿਸਮ ਪੰਜਾਬ ਵਿੱਚ ਸਿਫਾਰਸ਼ ਨਹੀਂ ਕੀਤੀ ਜਾਂਦੀ।
ਇਸ ਕਿਸਮ ਦੇ ਫ਼ਲ ਛੋਟੇ ਤੋਂ ਦਰਮਿਆਨੇ ਆਕਾਰ ਦੇ ਅਤੇ ਥੋੜ੍ਹੀ ਗਲੋਬ ਵਰਗੀ ਸ਼ਕਲ ਵਾਲੇ ਹੁੰਦੇ ਹਨ। ਪੱਕਣ ਤੇ ਫ਼ਲਾਂ ਦਾ ਰੰਗ ਹਲਕਾ ਪੀਲੇ ਤੋਂ ਸੰਤਰੀ ਪੀਲਾ ਹੁੰਦਾ ਹੈ, ਛਿੱਲ ਤੇ ਲੰਬੇ ਦਾ ਅਧਾਰੀਆਂ ਹੁੰਦੀਆਂ ਹਨ ਅਤੇ ਫ਼ਲ ਦੇ ਹੇਠਲੇ ਹਿੱਸੇ ਤੇ ਗੋਲ ਚੱਕਰ ਦਾ ਨਿਸ਼ਾਨ ਹੁੰਦਾ ਹੈ। ਫ਼ਲ ਦੇ ਰਸ ਵਿੱਚ ਖਟਾਸ ਅਤੇ ਸੁਗੰਧੀ ਬਹੁਤ ਘੱਟ ਹੁੰਦੀ ਹੈ। ਫ਼ਲ ਦਾ ਗੁੱਦਾ ਹਲਕੇ ਪੀਲੇ ਤੋਂ ਚਿੱਟੇ ਰੰਗ ਵਿੱਚ ਹੁੰਦਾ ਹੈ। ਇਹ ਮਾਲਟੇ ਦੀ ਸਭ ਤੋਂ ਅਗੇਤੀ ਕਿਸਮ ਹੈ ਅਤੇ ਫ਼ਲ ਨਵੰਬਰ ਵਿੱਚ ਪੱਕਦੇ ਹਨ। ਇਕ ਫ਼ਲ ਵਿੱਚ ੨੦ - ੨੫ ਬੀਜ ਹੁੰਦੇ ਹਨ। ਪੈਕਟੀਨੀਫੇਰਾ ਜੜ੍ਹ ਮੁੱਢ ਤੇ ਪਿਉਂਦ ਕੀਤੇ ਇਸ ਕਿਸਮ ਦੇ ਬੂਟੇ ਦੂਜੇ ਜੜ੍ਹ ਮੁਢਾਂ ਤੇ ਤਿਆਰ ਕੀਤੇ ਬੂਟਿਆਂ ਨਾਲੋਂ ਚੰਗੇ ਰਹਿੰਦੇ ਹਨ।
ਚੰਗੇ ਪੌਣ ਪਾਣੀ ਵਿੱਚ ਫ਼ਲ ਸੰਤਰੀ ਲਾਲ ਰੰਗ ਦੇ ਹੁੰਦੇ ਹਨ। ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਸ਼ਕਲ ਵਿੱਚ ਗੋਲ ਅਤੇ ਥੋੜੇ ਬੈਠਵੇਂ ਜਿਹੇ ਹੁੰਦੇ ਹਨ। ਫ਼ਲਾਂ ਵਿੱਚ ਬੀਜ ਘੱਟ, ਸਿਰਫ ੮ - ੧੦ ਹੁੰਦੇ ਹਨ। ਗੁੱਦਾ ਹਲਕਾ ਸੰਤਰੀ ਰੰਗ ਦਾ, ਨਰਮ, ਰਸ ਨਾਲ ਭਰਪੂਰ ਅਤੇ ਚੰਗੀ ਸੁਗੰਧੀ ਵਾਲਾ ਹੁੰਦਾ ਹੈ। ਜਾਫ਼ਾ ਦੇ ਫ਼ਲ ਦਰਖਤ ਉਪਰ ਜ਼ਿਆਦਾ ਸਮੇਂ ਤੱਕ ਨਹੀਂ ਰੱਖੇ ਜਾ ਸਕਦੇ, ਪਰ ਢੋਆ ਢੁਆਈ ਲਈ ਇਹ ਉਤਮ ਕਿਸਮ ਹੈ। ਇਸ ਕਿਸਮ ਦੇ ਫ਼ਲ ਦਸੰਬਰ ਵਿੱਚ ਪਕਦੇ ਹਨ। ਜਾਫ਼ੇ ਦੇ ਬੂਟੇ ਤੇਜ਼ ਵਾਧੇ ਵਾਲੇ ਅਤੇ ਇਹਨਾਂ ਵਿੱਚ ਇੱਕ ਸਾਲ ਫ਼ਲ ਜ਼ਿਆਦਾ ਅਤੇ ਇੱਕ ਸਾਲ ਘੱਟ ਲੱਗਣ ਦੀ ਸਮੱਸਿਆ ਹੁੰਦੀ ਹੈ।
ਇਹ ਇਕ ਬਹੁਤ ਵਧੀਆ ਕਿਸਮ ਹੈ, ਇਸ ਦੇ ਫ਼ਲ ਗੂੜੇ ਸੰਤਰੀ ਰੰਗ ਦੇ ਅਤੇ ਗੁਦਾ ਲਾਲ ਰੰਗ ਦਾ ਹੋਣ ਕਾਰਣ ਲੋਕਾਂ ਦੁਆਰਾ ਬਹੁਤ ਪਸੰਦ ਕੀਤੀ ਜਾਂਦੀ ਹੈ। ਮੌਸਮ ਦੇ ਸ਼ੁਰੂ ਵਿੱਚ ਗੁਦੇ ਅੰਦਰ ਲਾਲ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਅਤੇ ਫ਼ਲ ਪਕਣ ਤੇ ਲਗਭਗ ਸਾਰਾ ਗੁੱਦਾ ਗੂੜਾ ਲਾਲ ਹੋ ਜਾਂਦਾ ਹੈ। ਖਟਾਸ ਅਤੇ ਮਿਠਾਸ ਦੇ ਤੱਤ ਚੰਗੀ ਤਰ੍ਹਾਂ ਘੁਲੇ ਹੁੰਦੇ ਹਨ, ਗੁੱਦਾ ਚੰਗੀ ਸੁਗੰਧੀ ਅਤੇ ਚੰਗੇ ਗੁਣਾਂ ਵਾਲਾ ਹੁੰਦਾ ਹੈ। ਇਸ ਕਿਸਮ ਦੇ ਫ਼ਲਾਂ ਵਿੱਚ ੮ -੧੦ ਬੀਜ ਹੁੰਦੇ ਹਨ ਅਤੇ ਇਹ ਕਿਸਮ ਦਸੰਬਰ - ਜਨਵਰੀ ਵਿੱਚ ਪਕਦੀ ਹੈ। ਇਸ ਕਿਸਮ ਦਾ ਝਾੜ ਬਹੁਤਾ ਨਹੀਂ ਹੁੰਦਾ, ਪਰ ਫ਼ਲ ਚੰਗੇ ਗੁਣਾ ਕਰਕੇ ਵੱਧ ਮੁਲ ਤੇ ਵਿਕਦੇ ਹਨ। ਇਸ ਕਿਸਮ ਦੇ ਬੂਟੇ ਕੈਲੀਓਪੈਟਰਾ ਜੜ੍ਹ - ਮੁੱਢ ਤੇ ਹੀ ਤਿਆਰ ਕਰਨੇ ਚਾਹੀਦੇ ਹਨ।
ਇਹ ਇੱਕ ਪਛੇਤੀ ਕਿਸਮ ਹੈ ਅਤੇ ਇਸਦੇ ਫ਼ਲ ਫਰਵਰੀ - ਮਾਰਚ ਵਿੱਚ ਪਕਦੇ ਹਨ ਅਤੇ ਮਈ ਤੱਕ ਰੁੱਖਾਂ ਉੱਤੇ ਚੰਗੀ ਹਾਲਤ ਵਿੱਚ ਰਹਿ ਸਕਦੇ ਹਨ। ਫ਼ਲ ਆਕਾਰ ਵਿੱਚ ਦਰਮਿਆਨੇ ਅਤੇ ਅੰਡਾਕਾਰ ਸ਼ਕਲ ਦੇ ਹੁੰਦੇ ਹਨ। ਪਕਣ ਤੇ ਛਿਲਕੇ ਦਾ ਰੰਗ ਗੂੜ੍ਹਾ ਸੰਗਤਰੀ ਸੁਨਹਿਰੀ ਹੁੰਦਾ ਹੈ। ਫ਼ਲਾਂ ਵਿੱਚ ਰਸ ਭਰਪੂਰ ਅਤੇ ਚੰਗੀ ਸੁਗੰਧੀ ਵਾਲਾ ਹੁੰਦਾ ਹੈ। ਫ਼ਲ ਵਿੱਚ ਸਿਰਫ ੫ ਤੋਂ ੬ ਬੀਜ ਹੁੰਦੇ ਹਨ। ਇਸ ਕਿਸਮ ਦੇ ਬੂਟੇ ਕਾਫੀ ਵੱਡੇ ਅਕਾਰ ਦੇ ਹੁੰਦੇ ਹਨ ਅਤੇ ਚੰਗਾ ਝਾੜ ਦਿੰਦੇ ਹਨ। ਗਰੇਪਫਰੂਟ ਗਰੇਪਫਰੂਟ ਨੂੰ ਫ਼ਲ ਅੰਗੂਰਾਂ ਵਾਂਗ ਗੁੱਛਿਆਂ ਵਿੱਚ ਲਗਦੇ ਹਨ। ਇਸ ਖੂਬੀ ਕਾਰਨ ਇਸ ਦਾ ਨਾਂ ਗਰੇਪਫਰੂਟ ਹੈ। ਗਰੇਪਫਰੂਟ ਦੇ ਦਰਖਤ ਕਾਫੀ ਵੱਡੇ ਆਕਾਰ ਦੇ ਹੋ ਜਾਂਦੇ ਹਨ। ਇਸਦੇ ਬੂਟੇ ਜ਼ਿਆਦਾ ਅਤੇ ਘੱਟ ਤਾਪਮਾਨ ਨੂੰ ਅਰਾਮ ਨਾਲ ਸਹਾਰ ਲੈਂਦੇ ਹਨ। ਇਸ ਖੂਬੀ ਕਾਰਨ ਗਰੇਪਫਰੂਟ ਪੰਜਾਬ ਦੇ ਸਾਰੇ ਹਿੱਸਿਆਂ ਵਿੱਚ ਕਾਮਯਾਬੀ ਨਾਲ ਕਾਸ਼ਤ ਕੀਤਾ ਜਾ ਸਕਦਾ ਹੈ। ਕੁਦਰਤੀ ਤੌਰ ਤੇ ਗਰੇਪਫਰੂਟ ਦੋ ਕਿਸਮਾਂ ਦੇ ਹੁੰਦੇ ਹਨ ਸਫੈਦ ਗੁੱਦੇ ਵਾਲੇ ਆਮ ਗਰੇਪਫਰੂਟ ਅਤੇ ਲਾਲ ਗੁੱਦੇ ਵਾਲੇ ਗਰੇਪਫਰੂਟ। ਦੋਨੋਂ ਤਰ੍ਹਾਂ ਦੇ ਫ਼ਲਾਂ ਦੀ ਮਿਠਾਸ ਵਿੱਚ ਕੋਈ ਫਰਕ ਨਹੀਂ ਹੁੰਦਾ, ਫਿਰ ਵੀ ਲਾਲ ਗੁੱਦੇ ਵਾਲੇ ਗਰੇਪਫਰੂਟ ਲੋਕਾਂ ਵਲੋਂ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਪਹਿਲੀ ਵਾਰ ਪੰਜਾਬ ਵਿੱਚ ਗਰੇਪਫਰੂਟ ੧੯੨੫ ਵਿੱਚ ਲਿਆਂਦੇ ਮੰਨੇ ਜਾਂਦੇ ਹਨ। ਭਾਰਤ ਵਿੱਚ ਭਾਵੇਂ ਇਹ ਇੱਕ ਨਵਾਂ ਫ਼ਲ ਹੈ ਪਰ ਫਿਰ ਵੀ ਇਸ ਨੇ ਵੱਡੇ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਆਪਣੀ ਖਾਸ ਥਾਂ ਬਣਾ ਲਈ ਹੈ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020