ਇਸ ਕੀੜੇ ਦੀ ਰੋਕਥਾਮ ਕਰਨੀ ਥੋੜ੍ਹੀ ਔਖੀ ਹੁੰਦੀ ਹੈ ਕਿਉਂਕਿ ਬਾਲਗ ਕੀੜੇ ਦੀ ਉਮਰ ਵਧੇਰੇ ਲੰਬੀ ਹੁੰਦੀ ਹੈ, ਮਾਦਾ ਕੀੜੇ ਦੀ ਅੰਡੇ ਦੇਣ ਦੇ ਸਮਰਥਾ ਵਧੇਰੇ ਹੈ| ਪੁਸ਼ਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਕੀੜੇ ਦੀ ਸੁਚੱਜੀ ਰੋਕਥਾਮ ਤਾਂ ਹੀ ਸੰਭਵ ਹੈ ਜੇਕਰ ਮਾਰਚ - ਅਪ੍ਰੈਲ ਅਤੇ ਸਤੰਬਰ ਵਿਚ ਸਮੇਂ ਸਿਰ ਕੀੜੇਮਾਰ ਦਵਾਈ ਦਾ ਛਿੜਕਾਅ ਕੀਤਾ ਜਾਵੇ। ਇਨ੍ਹਾਂ ਮਹੀਨਿਆਂ ਵਿਚ ਨਵਾਂ ਫੁਟਾਰਾ ਆਉਂਦਾ ਹੈ ਜਿਸ ਉੱਪਰ ਸਿੱਲੇ ਦੇ ਬੱਚੇ (ਨਿੰਫ) ਅਜੇ ਛੋਟੇ ਹੁੰਦੇ ਹਨ ਅਤੇ ਉੱਡ ਨਹੀਂ ਸਕਦੇ। ਬਾਗਬਾਨਾਂ ਨੂੰ ਚਾਹੀਦਾ ਹੈ ਕਿ ਫਰਵਰੀ ਦੇ ਅਖੀਰਲੇ ਹਫਤੇ ਤੋਂ ਬਾਗ ਵਿਚ ਨਿਰੰਤਰ ਗੇੜਾ ਰੱਖਣ ਅਤੇ ਨਵਾਂ ਫੁਟਾਰਾ ਆਉਂਦੇ ਸਾਰ ਹੀ ਛਿੜਕਾਅ ਕਰਨ ਕਿਉਂਕਿ ਮਾਦਾ ਆਪਣੇ ਆਂਡੇ ਅੱਧ - ਖੁੱਲ੍ਹੇ ਨਵੇਂ ਪੱਤਿਆਂ ਵਿਚ ਦਿੰਦੀ ਹੈ। ਹਮਲਾ ਹੋਣ ਤੇ ਬਾਗਾਂ ਉੱਪਰ ੧੨੫੦ ਮਿ.ਲੀ. ਰੋਗਰ ੩੦ ਈ.ਸੀ.ਜਾਂ ੧੦੦੦ ਮਿ.ਲੀ. ਮੈਟਾਸਿਸਟਾਕਸ ੨੫ ਈ.ਸੀ. ਜਾਂ ੬੨੫ ਮਿ.ਲੀ. ਨੁਵਾਕੁਰਾਨ ੩੬ ਐੱਸ. ਐਲ. ਜਾਂ ੨੦੦ ਮਿ.ਲੀ. ਇਮੀਡਾਕਲੋਪਰਿਡ ੨੦੦ ਐੱਸ. ਐਲ. ਕੀਟਨਾਸ਼ਕ ਜ਼ਹਿਰ ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਛਿੜਕਾਅ ਮਾਰਚ - ਅਪ੍ਰੈਲ ਤੇ ਫ਼ਿਰ ਸਤੰਬਰ ਵਿੱਚ ਕਰਨਾ ਚਾਹੀਦਾ ਹੈ। ਛਿੜਕਾਅ ਦਾ ਸਮਾਂ ਕੀੜੇ ਦੇ ਨਜ਼ਰ ਆਉਣ ਦੇ ਹਿਸਾਬ ਨਾਲ ਨਿਰਧਾਰਿਤ ਕੀਤਾ ਜਾ ਸਕਦਾ ਹੈ।
ਸੁਰੰਗੀ ਕੀੜਾ ਕਿੰਨੋ ਦੀ ਨਰਸਰੀ ਦਾ ਬਹੁਤ ਹੀ ਖਤਰਨਾਕ ਕੀੜਾ ਹੈ। ਨਿੰਬੂ ਜਾਤੀ ਦੇ ਬੂਟਿਆਂ ਤੋਂ ਇਲਾਵਾ ਇਹ ਬਿੱਲ, ਵਿਲੋ, ਲੈਰੈਂਥਿਸ, ਪੋਮੈਲੋ, ਸਿੰਨਾਮੌਨ ਅਤੇ ਬਹੁਤ ਸਾਰੇ ਹੋਰ ਬੂਟਿਆਂ ਦਾ ਵੀ ਨੁਕਸਾਨ ਕਰਦਾ ਹੈ।
ਨੁਕਸਾਨ:
ਇਹ ਕੀੜਾ ਮਾਰਚ ਦੇ ਅਖੀਰ ਤੋਂ ਨਵੰਬਰ ਤੱਕ ਚੁਸਤ ਰਹਿੰਦਾ ਹੈ ਪਰ ਇਹ ਜ਼ਿਆਦਾ ਨੁਕਸਾਨ ਅਪ੍ਰੈਲ ਦੇ ਅਖੀਰ ਤੋਂ ਜੂਨ ਦੇ ਮੱਧ ਤੱਕ ਅਤੇ ਜੁਲਾਈ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦੇ ਮੱਧ ਤੱਕ ਕਰਦਾ ਹੈ। ਇਸ ਕੀੜੇ ਦੀਆਂ ਬਿਨਾਂ ਲੱਤਾਂ ਵਾਲੀ ਸੁੰਡੀਆਂ ਨਵੇਂ ਨਿਕਲੇ ਨਰਮ ਪੱਤੇ ਅਤੇ ਨਰਮ ਟਾਹਣੀਆਂ ਵਿੱਚ ਵਿੰਗੀਆਂ - ਟੇਢੀਆਂ ਚਮਕਦਾਰ ਚਿੱਟੀਆਂ ਸੁਰੰਗਾਂ ਬਣਾ ਕੇ ਪੱਤੇ ਨੂੰ ਖਾਂਦੀਆਂ ਰਹਿੰਦੀਆਂ ਹਨ। ਜਿਸ ਨਾਲ ਪੱਤੇ ਇਕ ਪਾਸੇ ਤੋਂ ਮੁੜਨਾ ਸ਼ੁਰੂ ਹੋ ਜਾਂਦੇ ਹਨ ਅਤੇ ਫਿਰ ਸੁੰਗੜ ਦੇ ਇਕੱਠੇ ਜਿਹੇ ਹੋ ਜਾਂਦੇ ਹਨ। ਹਮਲੇ ਵਾਲੇ ਪੱਤਿਆਂ ਦੀ ਸ਼ਕਲ ਵਿਗੜ ਜਾਂਦੀ ਹੈ ਅਤੇ ਪੱਤਿਆਂ ਨੂੰ ਵੱਟ ਜਿਹੇ ਪੈ ਜਾਂਦੇ ਹਨ। ਪੱਤੇ ਤੇ ਨਰਮ ਟਾਹਣੀਆਂ ਉੱਪਰ ਬਣੀਆਂ ਸੁਰੰਗਾਂ ਦੇ ਅਖੀਰ ਵਿੱਚ ਸੁੰਡੀ ਜਾਂ ਕੋਇਆ ਮਿਲ ਜਾਂਦੇ ਹਨ। ਇਹ ਸੁਰੰਗਾਂ ਟਾਹਣੀਆਂ ਅਤੇ ਕੋਮਲ ਸ਼ਾਖਾਵਾਂ ਉੱਪਰ ਵੀ ਬਣੀਆਂ ਮਿਲਦੀਆਂ ਹਨ। ਨਤੀਜੇ ਵਜੋਂ ਹਮਲੇ ਹੇਠ ਆਏ ਬੂਟੇ ਦਾ ਵਾਧਾ ਰੁੱਕ ਜਾਂਦਾ ਹੈ। ਇਸ ਕੀੜੇ ਦਾ ਹਮਲਾ ਨਿੰਬੂ ਜਾਤੀ ਦੇ ਕੋਹੜ ਰੋਗ ਨੂੰ ਵੀ ਵਧਾਉਂਦਾ ਹੈ।
ਰੋਕਥਾਮ:
ਕੀੜੇ ਪੱਤਿਆਂ ਵਿੱਚ ਬਣਾਈਆਂ ਸੁਰੰਗਾਂ ਵਿੱਚ ਹੋਣ ਕਰਕੇ ਅਸਾਨੀ ਨਾਲ ਨਹੀਂ ਮਰਦੇ। ਹਮਲੇ ਹੋਣ ਤੇ ੧੦੦੦ ਮਿ.ਲੀ. ਰਿਪਕਾਰਡ ੧੦ ਈ.ਸੀ. ਜਾਂ ੫੦੦ ਮਿ.ਲੀ. ਸੁਮੀਸੀਡੀਨ ੨੦ ਈ.ਸੀ. ਜਾਂ ੧੨੫੦ ਮਿ.ਲੀ. ਹੋਸਟਾਥਿਓਨ ੪੦ ਈ.ਸੀ. ਜਾਂ ੧੮੭੫ ਮਿ.ਲੀ. ਡਰਮਟ ੨੦ ਈ.ਸੀ.ਜਾਂ 200 ਮਿ.ਲੀ. ਇਮੀਡਾਕਲੋਪਰਿਡ ੨੦੦ ਐੱਸ. ਐਲ. ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ ੧੫ ਦਿਨਾਂ ਦੇ ਵਕਫ਼ੇ ਤੇ ਛਿੜਕਾਅ ਕਰੋ। ਸਿੰਥੈਟਿਕ ਪਿਰੀਥਿਰਾਇਡ ਜ਼ਹਿਰਾਂ ਦੀ ਲਗਾਤਾਰ ਵਰਤੋਂ ਤੋਂ ਗੁਰੇਜ਼ ਕਰੋ, ਕਿਉਂਕਿ ਇਸ ਦੀ ਵਰਤੋਂ ਨਾਲ ਕੀੜਿਆਂ ਵਿੱਚ ਜ਼ਹਿਰਾਂ ਨੂੰ ਸਹਿਣ ਕਰਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ। ਇਸ ਨਾਲ ਹੋਰ ਕੀੜੇ ਜਿਵੇਂ ਕਿ ਜੂੰਆਂ ਵੀ ਨਿੰਬੂ ਜਾਤੀ ਦੇ ਬਾਗਾਂ ਦਾ ਨੁਕਸਾਨ ਕਰਨ ਲੱਗਦੇ ਹਨ।
ਚਿੱਟੀ ਮੱਖੀ ਨਿੰਬੂ ਜਾਤੀ ਦੇ ਫ਼ਲਾਂ ਦਾ ਇੱਕ ਮਹੱਤਵਪੂਰਨ ਕੀੜਾ ਹੈ, ਜਿਹੜਾ ਕਿ ਨਿੰਬੂ ਜਾਤੀ ਦੇ ਫ਼ਲਾਂ ਤੋਂ ਇਲਾਵਾ ਕੌਫ਼ੀ, ਗਾਰਡੀਨੀਆ, ਮੀਲੀਆ, ਅਨਾਰ, ਜਾਮਣ ਅਤੇ ਹੋਰ ਬਹੁਤ ਸਾਰੇ ਸਜਾਵਟੀ ਪੌਦੇ ਅਤੇ ਝਾੜੀਆਂ ਦਾ ਵੀ ਨੁਕਸਾਨ ਕਰਦਾ ਹੈ।
ਨੁਕਸਾਨ:
ਇਹ ਕੀੜੇ ਅਪ੍ਰੈਲ ਤੋਂ ਨਵੰਬਰ ਤੱਕ ਚੁਸਤ ਰਹਿੰਦੇ ਹਨ ਪਰ ਜ਼ਿਆਦਾ ਨੁਕਸਾਨ ਅਪ੍ਰੈਲ - ਮਈ ਅਤੇ ਸਤੰਬਰ - ਅਕਤੂਬਰ ਵਿਚ ਕਰਦੇ ਹਨ। ਪੂੰਗ ਅਤੇ ਜਵਾਨ ਕੀੜੇ ਨਵੇਂ ਪੱਤਿਆਂ ਦਾ ਰਸ ਚੂਸਦੇ ਹਨ। ਗੰਭੀਰ ਹਮਲਾ ਹੋਣ ਤੇ ਪੱਤੇ ਪੀਲੇ ਹੋ ਕੇ ਝੜ੍ਹ ਜਾਂਦੇ ਹਨ। ਇਨ੍ਹਾਂ ਕੀੜਿਆਂ ਦੇ ਮਿੱਠੇ ਮਲ ਤਿਆਗ ਤੇ ਕਾਲੀ ਉੱਲੀ ਜੰਮ ਜਾਂਦੀ ਹੈ ਜਿਸ ਨਾਲ ਬੂਟੇ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਹਮਲੇ ਹੇਠ ਆਏ ਬੂਟਿਆਂ ਨੂੰ ਫੁੱਲ ਘੱਟ ਪੈਂਦੇ ਹਨ ਜਿਸ ਕਰਕੇ ਫ਼ਲ ਵੀ ਘੱਟ ਜਾਂਦਾ ਹੈ ਅਤੇ ਫ਼ਲ ਦੀ ਗੁਣਵਤਾ ਵੀ ਘੱਟ ਜਾਂਦੀ ਹੈ। ਇਸ ਦਾ ਹਮਲਾ ਗਰਮ ਅਤੇ ਖੁਸ਼ਕ ਮੌਸਮ ਵਿੱਚ ਜ਼ਿਆਦਾ ਹੁੰਦਾ ਹੈ।
ਰੋਕਥਾਮ:
ਹਮਲਾ ਹੋਣ ਤੇ ੧੨੫੦ ਮਿ.ਲੀ. ਹੋਸਟਾਥਿਓਨ ੪੦ ਈ.ਸੀ. ਜਾਂ ੧੧੪੦ ਮਿ.ਲੀ. ਥਾਇਓਡਾਨ ੩੫ ਈ.ਸੀ. ਜਾਂ ੧੦੦੦ ਮਿ.ਲੀ. ਫ਼ਾਸਮਾਈਟ ੫੦ ਈ. ਸੀ. ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ, ਇੱਕ ਵਾਰ ਅਪ੍ਰੈਲ - ਮਈ ਵਿੱਚ ਅਤੇ ਫ਼ਿਰ ਸਤੰਬਰ - ਅਕਤੂਬਰ ਵਿੱਚ ਛਿੜਕਾਅ ਕਰੋ।ਹੋਸਟਾਥਿਓਨ ਅਤੇ ਥਾਇਓਡਾਨ ਸਿੱਲੇ ਦੀ ਵੀ ਰੋਕਥਾਮ ਕਰਦੀਆਂ ਹਨ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 2/6/2020