ਇਸ ਕੀੜੇ ਦੀ ਰੋਕਥਾਮ ਲਈ ੧੨੫੦ ਮਿ.ਲੀ. ਹੋਸਟਾਥਿਓਨ ੪੦ ਈ.ਸੀ. ਜਾਂ ੧੧੪੦ ਮਿ.ਲੀ. ਥਾਇਓਡਾਨ ੩੫ ਈ.ਸੀ. ਜਾਂ ੧੦੦੦ ਮਿ.ਲੀ. ਮੈਟਾਸਿਸਟਾਕਸ ੨੫ ਈ.ਸੀ. ਜਾਂ ਫ਼ਾਸਮਾਈਟ ੫੦ ਈ. ਸੀ. ਦੇ ਦੋ ਛਿੜਕਾਅ (ਪਹਿਲਾ ਛਿੜਕਾਅ ਮੱਧ ਮਾਰਚ, ਦੂਜਾ ਛਿੜਕਾਅ ਅਪ੍ਰੈਲ ਦੇ ਮੱਧ ਵਿੱਚ) ਪ੍ਰਤੀ ਏਕੜ ਦੇ ਹਿਸਾਬ ੫੦੦ ਲਿਟਰ ਪਾਣੀ ਵਿੱਚ ਘੋਲ ਕੇ ਕਰੋ।
ਨਿੰਬੂ ਜਾਤੀ ਦੇ ਫ਼ਲਾਂ ਵਿੱਚ ਮੀਲੀ ਬੱਗ ਦੀਆਂ ਚਾਰ ਜਾਤੀਆਂ ਜਿਵੇਂ ਕਿ ਪਲੈਨੋਕੋਕਸ ਸਿਟਰਾਈ, ਪਲੈਨੋਕੋਕਸ ਲੀਲੈਕੀਨਸ, ਨਿਪੀਕੋਕਸ ਵਿਰੀਡਿਸ ਅਤੇ ਮੈਕੋਨੈਲੀਕੋਕਸ ਹਿਰਸੂਟਸ ਜੁਲਾਈ ਤੋਂ ਅਕਤੂਬਰ ਤੱਕ ਸਰਗਰਮ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਪਹਿਲੀਆਂ ਤਿੰਨ ਜਾਤੀਆਂ ਪੱਤਿਆਂ, ਨਰਮ ਸ਼ਾਖਾਵਾਂ, ਟਹਿਣੀਆਂ ਅਤੇ ਫ਼ਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਜਦੋਂ ਕਿ ਚੌਥੀ ਕਿਸਮ ਨਰਮ ਸ਼ਾਖਾਵਾਂ ਤੇ ਹੀ ਹਮਲਾ ਕਰਦੀ ਹੈ।
ਮੀਲੀ ਬੱਗ ਦੇ ਬੱਚੇ (ਪੂੰਗ) ਬੂਟੇ ਦੇ ਹਮਲੇ ਵਾਲੇ ਹਿੱਸੇ ਚੋਂ ਰਸ ਚੂਸਦੇ ਹਨ ਜਿਸ ਨਾਲ ਬੂਟੇ ਦੇ ਵਾਧੇ ਤੇ ਮਾੜਾ ਅਸਰ ਪੈਂਦਾ ਹੈ ਅਤੇ ਨਰਮ ਟਹਿਣੀਆਂ ਸੁੱਕਣ ਲੱਗਦੀਆਂ ਹਨ। ਜਦੋਂ ਹਮਲਾ ਗੰਭੀਰ ਹੋ ਜਾਵੇੇ ਤਾਂ ਹਮਲੇ ਹੇਠ ਆਏ ਹਿੱਸਿਆਂ ਤੇ ਕਾਲੀ ਉੱਲੀ ਜੰਮ ਜਾਂਦੀ ਹੈ। ਜੇਕਰ ਫ਼ਲਾਂ ਦੀਆਂ ਡੰਡੀਆਂ ਤੇ ਹਮਲਾ ਹੋ ਜਾਏ ਤਾਂ ਅਜਿਹੇ ਫ਼ਲ ਪੱਕਣ ਤੋਂ ਪਹਿਲ਼ਾਂ ਹੀ ਕਿਰ ਜਾਂਦੇ ਹਨ। ਬਹੁਤ ਗੰਭੀਰ ਹਮਲੇ ਅਗੇਤਾ ਹੋ ਜਾਵੇ ਤਾਂ ਕਈ ਵਾਰ ਫ਼ੁੱਲ ਫ਼ਲਾਂ ਵਿੱਚ ਤਬਦੀਲ ਨਹੀਂ ਹੁੰਦੇ। ਸਿਆਲਾਂ ਵਿੱਚ ਇਹ ਚਾਰੇ ਜਾਤੀਆਂ ਨਰਮ ਸ਼ਾਖਾਵਾਂ ਅਤੇ ਟਹਿਣੀਆਂ ਤੇ ਸਿਆਲੀ ਨੀਂਦਰ ਪੂਰੀ ਕਰਨ ਲਈ ਚਲੇ ਜਾਂਦੀਆਂ ਹਨ। ਇਸ ਸਿਆਲੀ ਨੀਂਦਰ ਨੂੰ ਵਿਗਿਆਨਕ ਭਾਸ਼ਾ ਵਿੱਚ ਹਾਈਬਰਨੇਸ਼ਨ ਕਿਹਾ ਜਾਂਦਾ ਹੈ। ਜਿਨ੍ਹਾਂ ਦਰਖਤਾਂ ਤੇ ਮੀਲੀ ਬੱਗ ਦਾ ਹਮਲਾ ਹੁੰਦਾ ਹੈ, ਉੱਥੇ ਕੀੜੀਆਂ ਅਤੇ ਕਾਢੇ ਵੱਡੀ ਗਿਣਤੀ ਵਿੱਚ ਨਜ਼ਰ ਆਉਂਦੇ ਹਨ।
(੧) ਬਾਗਾਂ ਵਿੱਚ ਉੱਚੇ ਕੱਦ ਵਾਲੀਆਂ ਫ਼ਸਲਾਂ ਜਿਵੇਂ ਕਿ ਨਰਮਾ/ਕਪਾਹ, ਚਰੀ, ਬਾਜਰਾ, ਮੱਕੀ, ਭਿੰਡੀ ਅਤੇ ਵੇਲਾਂ ਵਾਲੀਆਂ ਸਬਜ਼ੀਆਂ ਨਾ ਉਗਾਓ।
(੨) ਸਮੇਂ - ਸਮੇਂ ਤੇ ਪੱਤਿਆਂ ਦੇ ਹੇਠਲੇ ਪਾਸੇ, ਨਰਮ ਸ਼ਾਖਾਵਾਂ, ਜ਼ਮੀਨ ਨਾਲ ਛੂੰਹਦੀਆਂ ਟਹਿਣੀਆਂ ਤੇ ਫ਼ਲਾਂ ਦੀ ਜਾਂਚ ਕਰਦੇ ਰਹੋ ਤਾਂ ਜੋ ਕੀੜੇ ਦੇ ਹਮਲੇ ਬਾਰੇ ਵੇਲੇ ਸਿਰ ਪਤਾ ਲੱਗ ਸਕੇ।
(੩) ਨਦੀਨਾਂ ਅਤੇ ਘਾਹ ਦੀ ਰੋਕਥਾਮ ਸਮੇਂ ਸਿਰ ਕਰਕੇ ਬਾਗਾਂ ਨੂੰ ਸਾਫ਼ - ਸੁਥਰਾ ਰੱਖੋ।
(੪) ਦਰੱਖਤ ਦੀਆਂ ਟਹਿਣੀਆਂ ਦੀ ਕਾਂਟ - ਛਾਂਟ ਇਸ ਢੰਗ ਨਾਲ ਕਰੋ ਕਿ ਉਹ ਜ਼ਮੀਨ ਨੂੰ ਨਾ ਲੱਗਣ।
(੫) ਹਮਲੇ ਹੇਠ ਆਈਆਂ ਟਹਿਣੀਆਂ ਨੂੰ ਕੱਟਕੇ ਨਸ਼ਟ ਕਰੋ।
(੬) ਜਿਸ ਥਾਂ ਤੋਂ ਟਹਿਣੀਆਂ ਕੱਟੀਆਂ ਗਈਆਂ ਹੋਣ, ਉੱਥੇ ਬੋਰਡੋ ਪੇਸਟ ਲਗਾਓ।
(੭) ਬਾਗਾਂ ਚੋਂ ਕੀੜੀਆਂ/ਕਾਢਿਆਂ ਦੇ ਭੌਣ ਨਸ਼ਟ ਕਰੋ।
(੮) ਵੱਡੇ ਦਰੱਖਤਾਂ ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਪੈਰਾਂ ਵਾਲੇ ਪੰਪ ਜਾਂ ਰੋਕਿੰਗ ਪੰਪ ਜਾਂ ਟਰੈਕਟਰ ਨਾਲ ਚੱਲਣ ਵਾਲੇ ਪੰਪ ਦੀ ਵਰਤੋ ਕਰੋ।
(੯) ਕੀੜੇ ਨਜ਼ਰ ਆਉਂਦੇ ਸਾਰ ਹੀ ੧੮੭੫ ਮਿ.ਲੀ. ਡਰਮਟ/ਡਰਸਬਾਨ/ਕੋਰੋਬਾਨ ੨੦ ਈ.ਸੀ. (ਕਲੋਰਪਾਈਰੀਫ਼ਾਸ) ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ ਭਰਵਾਂ ਛਿੜਕਾਅ ਕਰੋ ਕਿ ਸਾਰਾ ਦਰਖੱਤ ਪੂਰੀ ਤਰ੍ਹਾਂ ਕੀਟਨਾਸ਼ਕ ਜ਼ਹਿਰ ਨਾਲ ਗਿੱਲਾ ਹੋ ਜਾਵੇ। ਦੂਜਾ ਛਿੜਕਾਅ ਲੋੜ ਅਨੁਸਾਰ ਉਸ ਤੋਂ ੧੫ ਦਿਨ ਬਾਅਦ ਕਰੋ|
(੮) ਫ਼ਲ ਚੂਸਣਾ ਪਤੰਗਾ ਫਲ ਚੂਸਣਾ ਪਤੰਗੇ ਦਾ ਹਮਲਾ ਜੁਲਾਈ ਤੋਂ ਅਕਤੂਬਰ ਤੱਕ ਨਿੰਬੂ ਜਾਤੀ ਦੇ ਬਾਗਾਂ ਵਿਚ ਹੁਸ਼ਿਆਰਪੁਰ ਦੇ ਨੀਮ - ਪਹਾੜੀ ਇਲਾਕਿਆਂ ਤੇ ਪਠਾਨਕੋਟ ਵਿਚ ਦੇਖਣ ਨੂੰ ਮਿਲਦਾ ਹੈ। ਇਹ ਇੱਕ ਬਹੁ - ਅਹਾਰੀ ਕੀੜਾ ਹੈ, ਜਿਸ ਕਰਕੇ ੲਹ ਨਿੰਬੂ ਜਾਤੀ ਦੇ ਬੂਟਿਆਂ ਤੋਂ ਇਲਾਵਾ, ਅਮਰੂਦ, ਅੰਬ, ਬੇਰ ਅਤੇ ਅਨਾਰ ਅਤੇ ਬਹੁਤ ਸਾਰੇ ਜੰਗਲੀ ਪੌਦਿਆਂ ਤੇ ਨਦੀਨਾਂ ਉੱਪਰ ਵੇਖਿਆ ਗਿਆ ਹੈ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020