ਨਿੰਬੂ ਜਾਤੀ ਦੇ ਫ਼ਲਾਂ ਤੋਂ ਇਲਾਵਾ ਇਹ ਮੱਖੀ ਅੰਗੂਰ, ਅੰਬ, ਅਮਰੂਦ, ਨਾਸ਼ਪਾਤੀ, ਅਲੂਚਾ, ਚੀਕੂ, ਅਨਾਰ ਆਦਿ ਫ਼ਲਦਾਰ ਬੂਟਿਆਂ ਦਾ ਵੀ ਨੁਕਸਾਨ ਕਰਦੀ ਹੈ।ਮਹਾਂਰਾਸ਼ਟਰ ਵਿੱਚ ਨਾਗਪੁਰੀ ਸੰਤਰੇ ਦਾ ਇਹ ਬਹੁਤ ਗੰਭੀਰ ਕੀੜਾ ਹੈ।
ਬੱਚੇ ਤੇ ਜਵਾਨ ਕੀੜੇ ਪੱਤਿਆਂ ਵਿੱਚੋਂ ਰਸ ਚੂਸ ਕੇ ਨੁਕਸਾਨ ਕਰਦੇ ਹਨ। ਭਾਰੀ ਹਮਲੇ ਦੀ ਸੂਰਤ ਵਿੱਚ ਪੱਤੇ ਖ਼ਾਕੀ ਰੰਗ ਦੇ ਹੋ ਕੇ ਝੜ ਜਾਂਦੇ ਹਨ ਜਿਸ ਕਰਕੇ ਬੂਟੇ ਨੂੰ ਫ਼ਲ ਵੀ ਘੱਟ ਲੱਗਦਾ ਹੈ। ਇਸ ਮੱਖੀ ਦੇ ਹਮਲੇ ਕਾਰਨ ਪੱਤਿਆਂ ਉੱਪਰ ਜੰਗਾਲ ਵਰਗੀ ਉੱਲੀ ਪੈਦਾ ਹੋ ਜਾਂਦੀ ਹੈ ਤੇ ਬੂਟਾ ਖ਼ੁਰਾਕ ਬਨਾਉਣ ਦੇ ਸਮਰੱਥ ਨਹੀਂ ਰਹਿੰਦਾ ਜਿਸ ਕਰਕੇ ਉਸ ਦਾ ਵਾਧਾ ਵੀ ਰੁਕ ਜਾਂਦਾ ਹੈ। ਇਸ ਤੋਂ ਇਲਾਵਾ ਇਹ ਮੱਖੀ ਖੰਡ ਵਰਗੀਆਂ ਬੂੰਦਾਂ ਲਗਾਤਾਰ ਪੱਤਿਆਂ ਉੱਪਰ ਛੱਡਦੀ ਰਹਿੰਦੀ ਹੈ ਜੋ ਕਿ ਬੂਟੇ ਨੂੰ ਖ਼ੁਰਾਕ ਤਿਆਰ ਕਰਨ ਵਿੱਚ ਰੋਕ ਲਾਉਂਦੀ ਹੈ। ਖੁਸ਼ਕ ਤੇ ਗਰਮ ਮੌਸਮ ਵਿੱਚ ਇਸ ਕੀੜੇ ਦੀ ਭਰਮਾਰ ਜ਼ਿਆਦਾ ਹੁੰਦੀ ਹੈ।
ਚਿੱਟੀ ਮੱਖੀ ਦੇ ਹੇਠ ਦੇਖੋ।
ਪੰਜਾਬ ਵਿਚ ੩ ਤਰ੍ਹਾਂ ਦੇ ਚੇਪੇ ਭਾਵ ਕਾਲਾ ਚੇਪਾ, ਆੜੂ ਦਾ ਹਰਾ ਚੇਪਾ ਅਤੇ ਨਰਮੇ ਦਾ ਚੇਪਾ ਨੁਕਸਾਨ ਪਹੁੰਚਾਉਂਦੇ ਹਨ। ਚੇਪਾ ਨਰਮ ਮੌਸਮ ਸ਼ੁਰੂ ਹੋਣ ਤੇ ਹੀ ਹਰਕਤ ਵਿੱਚ ਆਉਂਦਾ ਹੈ।
ਹਰਾ ਚੇਪਾ (ਮਾਈਜ਼ਸ)ਤੇ ਕਾਲਾ ਚੇਪਾ (ਟੌਕਸੋਪਟੈਰਾ) ਫਰਵਰੀ ਤੋਂ ਅਪ੍ਰੈਲ ਅਤੇ ਸਤੰਬਰ ਅਕਤੂਬਰ ਤੱਕ ਚੁਸਤ ਰਹਿੰਦਾ ਹੈ। ਮਾਈਜ਼ਸ ਚੇਪਾ ਪੱਤੇ, ਫ਼ੁੱਲ - ਡੋਡੀਆਂ ਤੇ ਨਰਮ ਫ਼ਲਾਂ ਵਿੱਚੋਂ ਰਸ ਚੂਸ ਕੇ ਬੂਟੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਹਮਲੇ ਵਾਲੇ ਪੱਤਿਆਂ ਵਿੱਚ ਛੋਟੇ - ਛੋਟੇ ਟੋਏ ਜਿਹੇ ਪੈ ਜਾਂਦੇ ਹਨ, ਪੱਤੇ ਚੁਰੜ - ਮੁਰੜ ਹੋ ਜਾਂਦੇ ਹਨ, ਫ਼ੁੱਲ - ਡੋਡੀਆਂ ਝੜ ਜਾਂਦੀਆਂ ਹਨ ਅਤੇ ਨਰਮ ਫ਼ਲ ਸੁੰਗੜ ਕੇ ਪੱਕਣ ਤੋਂ ਪਹਿਲਾਂ ਹੀ ਧਰਤੀ ਤੇ ਡਿੱਗ ਪੈਂਦੇ ਹਨ। ਟੌਕਸੋਪਟੈਰਾ ਦੇ ਬੱਚੇ ਤੇ ਜਵਾਨ ਕੀੜੇ ਨਰਮ ਟਾਹਣੀਆਂ ਤੇ ਛੋਟੇ ਪੱਤਿਆਂ ਦੀਆਂ ਫ਼ਲੋਇਮ (ਫਹਲੋੲਮ) ਨਾੜੀਆਂ ਚੋਂ ਰਸ ਚੂਸਦੇ ਹਨ। ਜਿਸ ਨਾਲ ਬੂਟਾ ਕਮਜ਼ੋਰ ਹੋ ਜਾਂਦਾ ਹੈ। ਇਸ ਨਾਲ ਬੂਟੇ ਮਧਰੇ ਰਹਿ ਜਾਂਦੇ ਹਨ। ਰਸ ਚੂਸਣ ਸਦਕਾ ਬੂਟਾ ਮਧਰਾ ਰਹਿ ਜਾਂਦਾ ਹੈ, ਪੱਤੇ ਬੁਰੀ ਤਰ੍ਹਾਂ ਮੁੜ ਜਾਂਦੇ ਹਨ ਤੇ ਨਰਮ ਪੱਤਿਆਂ ਦੀ ਸ਼ਕਲ ਵੀ ਵਿਗੜ ਜਾਂਦੀ ਹੈ। ਇਹ ਦੋਵੇਂ ਜਾਤੀਆਂ ਟਰਿਸਟੇਜ਼ਾ ਨਾਮੀ ਵਿਸ਼ਾਣੂ ਦਾ ਰੋਗ ਵੀ ਫ਼ੈਲਾਉਂਦੀਆਂ ਹਨ। ਨਰਮੇ ਦਾ ਚੇਪਾ (ਏਫ਼ਿਸ ਜਾਤੀ), ਜੋ ਕਿ ਬਹੁ ਆਹਾਰੀ ਹੈ, ਸਤੰਬਰ - ਅਕਤੂਬਰ ਵਿਚ ਨੁਕਸਾਨ ਕਰਦਾ ਹੈ। ਏਫ਼ਿਸ ਨਸਲ ਦੇ ਜਵਾਨ ਅਤੇ ਬੱਚੇ ਪੱਤੇ ਦੇ ਹੇਠਲੇ ਪਾਸੇ, ਕਰੁੰਬਲਾਂ ਅਤੇ ਨਰਮ ਟਹਿਣੀਆਂ ਵਿੱਚੋਂ ਸਤੰਬਰ - ਅਕਤੂਬਰ ਦੇ ਮਹੀਨਿਆਂ ਵਿੱਚ ਬੂਟੇ ਦਾ ਰਸ ਚੂਸ ਕੇ ਨੁਕਸਾਨ ਪਹੁੰਚਾਉਂਦੇ ਹਨ।ਹਮਲੇ ਵਾਲੇ ਪੱਤੇ ਚੁਰੜ - ਮੁਰੜ, ਕੱਪ ਦੀ ਸ਼ਕਲ ਵਰਗੇ, ਵਿੰਗ - ਤੜਿੰਗੇ ਹੋ ਜਾਂਦੇ ਹਨ ਤੇ ਫ਼ਿਰ ਸੁੱਕ ਕੇ ਝੜ ਜਾਂਦੇ ਹਨ। ਚੇਪਾ ਆਪਣੇ ਸਰੀਰ ਵਿੱਚੋਂ ਮਿੱਠਾ ਮਲ ਕੱਢਦਾ ਹੈ ਜਿਸ ਕਰਕੇ ਪੱਤਿਆਂ ਉੱਤੇ ਕਾਲੀ ਉੱਲੀ ਜੰਮ ਜਾਂਦੀ ਹੈ ਜੋ ਕਿ ਬੂਟੇ ਦੀ ਭੋਜਨ ਬਨਾਉਣ ਦੀ ਸਮਰਥਾ ਉੱਪਰ ਮਾੜਾ ਅਸਰ ਪਾਉਂਦੀ ਹੈ।
ਇਨ੍ਹਾਂ ਦੀ ਰੋਕਥਾਮ ਲਈ ੧੨੫੦ ਮਿ.ਲੀ. ਰੋਗਰ ੩੦ ਈ.ਸੀ. ਜਾਂ ੧੦੦੦ ਮਿ.ਲੀ. ਮੈਟਾਸਿਸਟਾਕਸ ੨੫ ਈ.ਸੀ. ਜਾਂ ੬੨੫ ਮਿ.ਲੀ. ਨੁਵਾਕੁਰਾਨ ੩੬ ਐੱਸ.ਐਲ. ਜਾਂ ੨੦੦ ਮਿ.ਲੀ. ਇਮੀਡਾਕਲੋਪਰਿਡ ੨੦੦ ਐੱਸ. ਐਲ. ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ, ਮਾਰਚ ਦੇ ਦੂਜੇ ਹਫ਼ਤੇ ਤੇ ਫ਼ਿਰ ਸਤੰਬਰ ਦੇ ਪਹਿਲੇ ਹਫ਼ਤੇ ਛਿੜਕਾਅ ਕਰੋ।
ਨਿੰਬੂ ਜਾਤੀ ਦੀ ਭੂਰੀ ਜੂੰ ਜਾਂ ਪਲਪੀਹੀ ਤੇਲਾ (ਸਿਟਰਸ ਥਰਿੱਪ) ਇਹ ਕੀੜਾ ਕਿੰਨੋ ਅਤੇ ਨਿੰਬੂ ਦੀ ਨਰਸਰੀ ਅਤੇ ਨਵੇਂ ਲਗਾਏ ਬਾਗਾਂ ਦਾ ਇੱਕ ਗੰਭੀਰ ਕੀੜਾ ਬਣਦਾ ਜਾ ਰਿਹਾ ਹੈ।
ਬਾਗਾਂ ਵਿੱਚ ਫ਼ਰਵਰੀ - ਮਾਰਚ ਦੇ ਮਹੀਨੇ ਜਿਉਂ ਹੀ ਫ਼ੁੱਲ ਆਉਣੇ ਸ਼ੁਰੂ ਹੁੰਦੇ ਹਨ, ਇਹ ਕੀੜਾ ਸਰਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਰੁੱਖ ਦੇ ਵੱਖ - ਵੱਖ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਕੀੜੇ ਦਾ ਹਮਲਾ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਜਾਰੀ ਰਹਿੰਦਾ ਹੈ। ਨਰਸਰੀ ਦੇ ਪੱਤਿਆਂ ਉੱਪਰ ਉਭਾਰ ਪੈ ਜਾਂਦੇ ਹਨ। ਗੰਭੀਰ ਹਮਲੇ ਸਮੇਂ ਪੱਤੇ ਮੋਟੇ ਅਤੇ ਲੰਬੂਤਰੇ ਜਿਹੇ ਹੋ ਜਾਂਦੇ ਹਨ। ਪੱਤਿਆਂ ਤੇ ਦੋ ਬਰਾਬਰ ਚਿੱਟੀਆਂ ਧਾਰੀਆਂ ਨਜ਼ਰ ਆਉਂਦੀਆਂ ਹਨ। ਹਮਲੇ ਹੇਠ ਆਏ ਫ਼ੁੱਲ ਸੁੱਕ ਜਾਂਦੇ ਹਨ ਅਤੇ ਚੁਰੜ - ਮੁਰੜ ਹੋ ਜਾਂਦੇ ਹਨ। ਇਸ ਕੀੜੇ ਦੇ ਹਮਲੇ ਨਾਲ ਜਦੋਂ ਫ਼ੁੱਲਾਂ ਦੀਆਂ ਪੱਤੀਆਂ ਮੁਰਝਾਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਸ ਦੇ ਬੱਚੇ ਤੇ ਬਾਲਗ ਨਵੇਂ ਬਣ ਰਹੇ ਛੋਟੇ ਫ਼ਲਾਂ ਨੂੰ ਖੁਰਚਣਾ ਸ਼ੁਰੂ ਕਰ ਦਿੰਦੇ ਹਨ। ਸ਼ੁਰੂ ਵਿੱਚ ਫ਼ਲ ਦੀ ਛਿੱਲ ਉੱਪਰ ਨੁਕਸਾਨ ਹਲਕੇ ਚਾਂਦੀ ਰੰਗੇ ਖੁਰਚਣ ਦੇ ਲੱਛਣਾਂ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਜਿਵੇਂ - ਜਿਵੇਂ ਫ਼ਲ ਦਾ ਆਕਾਰ ਵੱਧਦਾ ਜਾਂਦਾ ਹੈ, ਫ਼ਲਾਂ ਤੇ ਖੁਰਚਣ ਦੇ ਨਿਸ਼ਾਨ ਚੰਗੀ ਤਰ੍ਹਾਂ ਉੱਭਰੇ ਹੋਏ ਨਜ਼ਰ ਆਉਂਦੇ ਹਨ ਅਤੇ ਇਹ ਨਿਸ਼ਾਨ ਛਿੱਲ ਦੇ ਕਾਫ਼ੀ ਅੰਦਰ ਤੱਕ ਚਲੇ ਜਾਂਦੇ ਹਨ।। ਫ਼ਲ ਦੀ ਡੰਡੀ ਦੇ ਦੁਆਲੇ ਚਮਕੀਲਾ ਚਾਂਦੀ ਰੰਗਾ ਮੁੰਦਰੀ ਨੁਮਾ ਘੇਰਾ ਇਸ ਕੀੜੇ ਦੇ ਹਮਲੇ ਦੀ ਖਾਸ ਨਿਸ਼ਾਨੀ ਹੈ। ਇਹੋ ਜਿਹੇ ਫ਼ਲਾਂ ਦਾ ਮੰਡੀ ਵਿੱਚ ਭਾਅ ਵਧੀਆ ਨਹੀਂ ਮਿਲਦਾ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 2/6/2020