ਛੋਟੇ ਬੂਟਿਆਂ ਨੂੰ ਕਾਂਟ - ਛਾਂਟ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ। ਤਣੇ ਤੇ ਜ਼ਮੀਨ ਤੋਂ ੩੦ - ੪੫ ਸੈਂਟੀਮੀਟਰ ਦੀ ਉਚਾਈ ਤੱਕ ਕੋਈ ਟਾਹਣੀ ਨਹੀਂ ਰੱਖਣੀ ਚਾਹੀਦੀ। ਜੇਕਰ ਛੋਟੇ ਬੂਟਿਆਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਕਾਂਟ - ਛਾਂਟ ਕੀਤੀ ਜਾਵੇ ਤਾਂ ਬੂਟਿਆਂ ਨੂੰ ਦੇਰ ਨਾਲ ਫ਼ਲ ਲਗਣਾ ਸ਼ੁਰੂ ਹੁੰਦਾ ਹੈ। ਬਹੁਤੀਆਂ ਕਿਸਮਾਂ ਵਿੱਚ ਸ਼ੁਰੂ ਦੇ ਸਾਲਾਂ ਵਿੱਚ ਕਾਂਟ ਛਾਂਟ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਸਿਰਫ ਗੁੱਲੇ ਅਤੇ ਖੱਟੀ ਦਾ ਫ਼ੁਟਾਰਾ ਕੱਟਣਾ ਚਾਹੀਦਾ ਹੈ। ਜਦੋਂ ਬੂਟੇ ੩ - ੪ ਸਾਲ ਦੇ ਹੋ ਜਾਣ ਤਾਂ ਆਪਸ ਵਿੱਚ ਫਸਦੀਆਂ ਟਾਹਣੀਅਾਂ ਕੱਟ ਦੇਣੀਆਂ ਚਾਹੀਦੀਆਂ ਹਨ। ਕਾਂਟ - ਛਾਂਟ ਹਲਕੀ ਅਤੇ ਸਿਰਫ ਉਨੀਂ ਹੀ ਕਰਨੀ ਚਾਹੀਦੀ ਹੈ ਜਿਸ ਨਾਲ ਬੂਟੇ ਦਾ ਮੁਢਲਾ ਢਾਂਚਾ ਸਹੀ ਬਣ ਸਕੇ। ਸੰਘਣੇ ਲੱਗੇ ਹੋਏ ਕਿੰਨੋ ਦੇ ਬਾਗਾਂ ਦੀ ਲਗਾਤਾਰ ਕਟਾਈ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੂਟੇ ਆਪਸ ਵਿੱਚ ਫਸ ਨਾਂ ਸਕਣ। ਫ਼ਲ ਦੇਣ ਯੋਗ ਬੂਟਿਆਂ ਦੀਆਂ ਸੁੱਕੀਆਂ, ਬਿਮਾਰੀ ਵਾਲੀਆਂ, ਆਪਸ ਵਿੱਚ ਫਸੀਆਂ ਟਾਹਣੀਆਂ, ਗੁੱਲੇ ਆਦਿ ਕੱਟੇ ਜਾਂਦੇ ਹਨ। ਸੁਕੀਆਂ ਟਾਹਣੀਆਂ (ਸੋਕ) ਹਰ ਸਾਲ ਜ਼ਰੂਰ ਕਟਣੀਆਂ ਚਾਹੀਦੀਆਂ ਹਨ ਕਿਉਂਕਿ ਇਹਨਾਂ ਨਾਲ ਫ਼ਲਾਂ ਤੇ ਰਗੜਾਂ ਲਗ ਜਾਂਦੀਆਂ ਹਨ ਅਤੇ ਬਿਮਾਰੀਆਂ ਫੈਲਦੀਆਂ ਹਨ। ਸੋਕ ਕਟਣ ਲੱਗਿਆਂ ਹਰ ਕੱਟ ਨਾਲ ਥੋੜੀ ਜਿਹੀ ਹਰੀ ਟਾਹਣੀ ਵੀ ਕਟਣੀ ਚਾਹੀਦੀ ਹੈ। ਸੋਕ ਕੱਟਣ ਦਾ ਸਹੀ ਸਮਾਂ ਫ਼ਲ ਤੋੜਨ ਤੋਂ ਬਾਅਦ, ਸਰਦੀ ਰੁੱਤ ਦੇ ਅੰਤ ਵਿੱਚ ਜਾਂ ਬਹਾਰ ਰੁੱਤ ਦੇ ਸ਼ੁਰੂ ਵਿੱਚ ਕਨਰੀ ਚਾਹੀਦੀ ਹੈ। ਕੁਝ ਹੋਰ ਟਾਹਣੀਆਂ ਕੱਟ ਕੇ ਬੂਟੇ ਦੀਛਤਰੀ ਅੰਦਰ ਧੁੱਪ ਜਾਣ ਦਾ ਚੰਗਾ ਪ੍ਰਬੰਧ ਕਰਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਨਾਂ ਸਿਰਫ ਬੂਟੇ ਦੇ ਅੰਦਰ ਫ਼ਲ ਵੱਧ ਲਗਦਾ ਹੈ ਸਗੋਂ ਕੀੜੇ ਤੇ ਬਿਮਾਰੀਆਂ ਦੇ ਲੁਕੱਣ ਦੀ ਥਾਂ ਨੂੰ ਵੀ ਕੁਦਰਤੀ ਢੰਗ ਨਾਲ ਘੱਟਦੀ ਹੈ। ਵੱਡੇ ਬੂਟਿਆਂ ਦੀ ਕਾਂਟ - ਛਾਂਟ ਕਰਨ ਉਪਰੰਤ ਬੋਰਡੋ ਮਿਸ਼ਰਣ ਦੀ ਸਪਰੇ ਕਰਨੀ ਚਾਹੀਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਬਾਗਬਾਨੀ ਵਿਭਾਗ ਦੇ ਵਿਗਿਆਨੀਆਂ ਦੀ ਸਖਤ ਮਿਹਨਤ ਅਤੇ ਬਾਗਬਾਨੀ ਵਿਭਾਗ, ਪੰਜਾਬ ਸਰਕਾਰ ਦੀ ਖੇਤੀ ਵਿਚ ਬਦਲਾਅ ਲਿਆਉਣ ਦੀ ਨੀਤੀ ਤਹਿਤ ਬਾਗਾਂ ਹੇਠ ਰਕਬਾ ਲਗਾਤਾਰ ਵੱਧ ਰਿਹਾ ਹੈ। ਜਿੱਥੇ ਨਿੰਬੂ ਜਾਤੀ ਦੇ ਬੂਟਿਆਂ ਦੀ ਕਾਸ਼ਤ ਦੇ ਤਰੀਕਿਆਂ ਵਿਚ ਸੁਧਾਰਾਂ ਦੇ ਨਾਲ ਪੈਦਾਵਾਰ ਵਿਚ ਵਾਧਾ ਹੋਇਆ ਹੈ, ਉੱਥੇ ਨਾਲ ਹੀ ਨਾਲ ਕੀੜਿਆਂ - ਮਕੌੜਿਆਂ ਦਾ ਹਮਲਾ ਵੀ ਵਧਿਆ ਹੈ ਜਿਸ ਨਾਲ ਫਲਾਂ ਦੀ ਗੁਣਵਤਾ ਅਤੇ ਪੈਦਾਵਾਰ ਤੇ ਅਸਰ ਪੈਂਦਾ ਹੈ। ਪੰਜਾਬ ਵਿਚ ਨਿੰਬੂ ਜਾਤੀ ਦੇ ਬਾਗਾਂ ਵਿੱਚ ੧੪ ਦੇ ਕਰੀਬ ਕੀੜੇ ਮਕੌੜੇ ਅਤੇ ਜੂੰਆਂ ਨੁਕਸਾਨ ਕਰਦੇ ਹਨ। ਇਸ ਕਿਤਾਬ ਵਿੱਚ ਹੇਠ ਲਿਖੇ ਕੀੜਿਆਂ - ਮਕੌੜਿਆਂ ਅਤੇ ਜੀਵਾਂ ਬਾਰੇ ਤਸਵੀਰਾਂ ਸਮੇਤ ਮੁੱਢਲੀ ਜਾਣਕਾਰੀ ਅਤੇ ਇਨ੍ਹਾਂ ਦੀ ਸੁੱਚਜੀ ਰੋਕਥਾਮ ਲਈ ਕੁੱਝ ਜ਼ਰੂਰੀ ਨੁਕਤੇ ਦੱਸੇ ਗਏ ਹਨ:
ਨਿੰਬੂ ਜਾਤੀ ਦੇ ਕੀੜੇ - ਮਕੌੜਿਆਂ ਵਿੱਚੋਂ ਸਿੱਲਾ ਸਭ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ। ਰਸ ਚੂਸ ਕੇ ਨੁਕਸਾਨ ਕਰਨ ਦੇ ਨਾਲ - ਨਾਲ ਇਹ ਕੀੜਾ ਗਰੀਨਿੰਗ ਨਾਂ ਦਾ ਰੋਗ ਵੀ ਫ਼ੈਲਾਉਂਦਾ ਹੈ। ਇਹ ਰੋਗ ਕੈਨਡੀਡੇਟਸ ਲੀਬੇੈਰੋਬੈਕਟਰ ਨਾਂ ਦੇ ਬੈਕਟੀਰੀਆ (ਜੀਵਾਣ) ਕਰਕੇ ਹੁੰਦਾ ਹੈ। ਇਸ ਕੀੜਾ ਮੋਰਾਇਆ, ਕੋਰਡੀਆ, ਕਲੂਸੀਨੀਆ ਅਤੇ ਬਹੁਤ ਸਾਰੇ ਹੋਰ ਜੰਗਲੀ ਪੌਦੇ, ਜਿਹੜੇ ਕਿ ਰੋਟੇਸੀ ਪਰਿਵਾਰ ਨਾਲ ਸੰਬੰਧਿਤ ਹਨ, ਤੇ ਵੀ ਜਾਂਦਾ ਹੈ। ਇਹ ਕੀੜੇ ਮੂੰਹ ਵੱਲੋਂ ਨੀਵੇਂ ਅਤੇ ਪਿੱਠ ਵਾਲੇ ਪਾਸੇ ਤੋਂ ਉਤਾਂਹ ਵਾਲੇ ਪਾਸੇ ਚੱਕੇ ਹੋਏ ਨਜ਼ਰ ਆਉਂਦੇ ਹਨ।
ਇਹ ਕੀੜਾ ਮਾਰਚ ਤੋਂ ਲੈ ਕੇ ਨਵੰਬਰ ਤੱਕ ਹਰਕਤ ਵਿੱਚ ਰਹਿੰਦਾ ਹੈ ਪਰ ਜ਼ਿਆਦਾ ਗਿਣਤੀ ਮਾਰਚ - ਅਪ੍ਰੈਲ, ਜੁਲਾਈ - ਅਗਸਤ ਅਤੇ ਸਤੰਬਰ - ਅਕਤੂਬਰ ਵਿੱਚ ਵਧੇਰੇ ਹੁੰਦੀ ਹੈ।ਜਵਾਨ ਕੀੜੇ ਅਤੇ ਬੱਚੇ (ਨਿੰਫ਼ਸ) ਝੁੱੰਡਾਂ ਵਿੱਚ ਫ਼ੁੱਲ - ਡੋਡੀਆਂ, ਛੋਟੇ ਪੱਤੇ ਅਤੇ ਨਰਮ ਟਾਹਣੀਆਂ ਵਿੱਚੋਂ ਰਸ ਚੂਸਦੇ ਹਨ, ਜਿਸ ਕਰਕੇ ਪੱਤੇ ਹੇਠਾਂ ਨੂੰ ਮੁੜ ਜਾਂਦੇ ਹਨ। ਹਮਲੇ ਵਾਲੀਆਂ ਟਾਹਣੀਆਂ ਸਿਖ਼ਰ ਤੋਂ ਸੁੱਕ ਜਾਂਦੀਆਂ ਹਨ। ਇਸ ਦੇ ਨਾਲ ਨੇੜੇ ਵਾਲੀਆਂ ਸ਼ਾਖਾਵਾਂ ਵੀ ਹਮਲੇ ਕਾਰਨ ਸੁੱਕ ਜਾਂਦੀਆਂ ਹਨ, ਕਿਉਂਕਿ ਇਹ ਕੀੜਾ ਰਸ ਚੂਸਣ ਸਮੇਂ ਜ਼ਹਿਰੀਲਾ ਮਾਦਾ ਵੀ ਪੱਤਿਆਂ ਵਿੱਚ ਛੱਡਦਾ ਰਹਿੰਦਾ ਹੈ। ਸਿੱਲੇ ਦੇ ਬੱਚੇ ਆਮ ਕਰਕੇ ਸਰੀਰ ਵਿੱਚੋਂ ਖੰਡ ਦੀਆਂ ਬੂੰਦਾਂ ਵੀ ਛੱਡਦੇ ਹਨ, ਜੋ ਕਿ ਲਗਾਤਾਰ ਪੱਤਿਆਂ ਦੀ ਉਪਰਲੀ ਤਹਿ ਤੇ ਪੈਣ ਕਰਕੇ ਪੱਤਿਆਂ ਉੱਪਰ ਕਾਲੀ ਉੱਲੀ ਜੰਮੀ ਨਜ਼ਰ ਆਉਂਦੀ ਹੈ। ਕਾਲੀ ਉੱਲੀ ਪੱਤਿਆਂ ਉੱਪਰ ਜੰਮਣ ਕਰਕੇ ਪੱਤਾ ਲੋੜੀਂਦੀ ਖੁਰਾਕ ਬਨਾਉਣ ਦੇ ਸਮਰਥ ਨਹੀਂ ਰਹਿੰਦਾ। ਬੱਚੇ ਜਵਾਨ ਕੀੜਿਆਂ ਨਾਲੋਂ ਵੱਧ ਨੁਕਸਾਨ ਕਰਦੇ ਹਨ।ਜ਼ਿਆਦਾ ਗਰਮੀ ਤੇ ਸਰਦੀ ਦੇ ਮੌਸਮ ਵਿੱਚ ਇਸ ਦੇ ਸਿਰਫ਼ ਜਵਾਨ ਕੀੜੇ ਹੀ ਨਜ਼ਰ ਆਉਂਦੇ ਹਨ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/12/2020