ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਚੂਹਿਆਂ ਦੀ ਰੋਕਥਾਮ / ਚੂਹਿਆਂ ਦੀਆਂ ਕਿਸਮਾਂ ਅਤੇ ਰੋਕਥਾਮ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਚੂਹਿਆਂ ਦੀਆਂ ਕਿਸਮਾਂ ਅਤੇ ਰੋਕਥਾਮ

ਚੂਹਿਆਂ ਦੀਆਂ ਕਿਸਮਾਂ ਅਤੇ ਰੋਕਥਾਮ ਬਾਰੇ ਜਾਣਕਾਰੀ।

ਚੂਹੇ ਫ਼ਸਲਾਂ ਦਾ ਭਾਰੀ ਨੁਕਸਾਨ ਕਰਦੇ ਹਨ ਜਿਸ ਕਰਕੇ ਇਨ੍ਹਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਚੂਹੇ ਆਪਣੀ ਦਿਮਾਗੀ ਸੂਝ - ਬੂਝ, ਜ਼ਿਆਦਾ ਬੱਚੇ ਜੰਮਣ ਦੀ ਯੋਗਤਾ ਤੇ ਆਪਣੇ ਆਪ ਨੂੰ ਆਲੇ - ਦੁਆਲੇ ਦੇ ਵਾਤਾਵਰਣ ਅਨੁਕੂਲ ਢਾਲ ਲੈਣ ਦੀ ਸਮਰੱਥਾ ਕਰਕੇ ਆਪਣੀ ਜਨ-ਸੰਖਿਆ ਲਗਾਤਾਰ ਵਧਾਉਂਦੇ ਰਹਿੰਦੇ ਹਨ। ਇਹ ਅਕਸਰ ਖੁੱਡਾਂ ਵਿੱਚ ਰਹਿੰਦੇ ਹਨ। ਇਨ੍ਹਾਂ ਵਿੱਚ ਸੁਆਦ ਤੇ ਸੁੰਘਣ ਦੀ ਸ਼ਕਤੀ ਬੜੀ ਤੇਜ਼ ਹੈ ਅਤੇ ਇਹ ਆਪਣੇ ਭੋਜਨ ਦੀ ਚੋਣ ਵਿਚ ਬਹੁਤ ਮਾਹਰ ਹਨ। ਉਪਰੋਕਤ ਵਿਸ਼ੇਸ਼ਤਾਵਾਂ ਕਰਕੇ ਚੂਹਿਆਂ ਦੀ ਰੋਕਥਾਮ ਕੀਟ-ਪਤੰਗਿਆਂ ਤੇ ਪੰਛੀਆਂ ਦੀ ਰੋਕਥਾਮ ਤੋਂ ਮੁਸ਼ਕਲ ਤੇ ਅਲੱਗ ਕਿਸਮ ਦੀ ਹੈ। ਭਿੰਨ ਭਿੰਨ ਚੂਹੇਮਾਰ ਤਰੀਕਿਆਂ ਨੂੰ ਸਹੀ ਸਮੇਂ ਤੇ ਸਹੀ ਢੰਗ ਨਾਲ ਅਪਨਾਉਣਾ ਬਹੁਤ ਜ਼ਰੂਰੀ ਹੈ।

ਚੂਹਿਆਂ ਦੀਆਂ ਕਿਸਮਾਂ ਅਤੇ ਉਨ੍ਹਾਂ ਦੀ ਵੰਡ

ਅੱਠ ਕਿਸਮਾਂ ਦੇ ਚੂਹੇ ਤੇ ਚੂਹੀਆਂ ਪੰਜਾਬ ਦੇ ਖੇਤਾਂ ਵਿੱਚ ਮਿਲਦੇ ਹਨ। ਇਨ੍ਹਾਂ ਵਿਚ ਅੰਨ੍ਹਾਂ ਚੂਹਾ (ਇੰਡੀਅਨ ਮੋਲ ਰੈਟ), ਨਰਮ ਚਮੜੀ ਵਾਲਾ ਚੂਹਾ, ਝਾੜੀਆਂ ਦਾ ਚੂਹਾ, ਭੂਰਾ ਚੂਹਾ (ਇੰਡੀਅਨ ਜਰਬਿਲ), ਲੰਡਾ ਚੂਹਾ, ਘਰਾਂ ਦੀ ਚੂਹੀ, ਖੇਤਾਂ ਦੀ ਚੂਹੀ ਤੇ ਭੂਰੀ ਚੂਹੀ ਵਿਸ਼ੇਸ਼ ਹਨ। ਇਨ੍ਹਾਂ ਵਿਚੋਂ ਅੰਨ੍ਹਾ ਚੂਹਾ ਝੋਨੇ ਅਤੇ ਕਮਾਦ, ਭੂਰਾ ਤੇ ਨਰਮ ਚਮੜੀ ਵਾਲਾ ਚੂਹਾ ਕਪਾਹ ਅਤੇ ਘਰਾਂ ਦੀ, ਤੇ ਖੇਤਾਂ ਦੀ ਚੂਹੀ ਅਤੇ ਨਰਮ ਚਮੜੀ ਵਾਲਾ ਚੂਹਾ ਮੂੰਗਫਲੀ ਉਗਾਉਂਦੇ ਖੁਸ਼ਕ ਇਲਾਕਿਆਂ ਵਿਚ ਜ਼ਿਆਦਾ ਹੁੰਦੇ ਹਨ। ਬੇਟ ਦੇ ਇਲਾਕਿਆਂ ਵਿੱਚ ਅੰਨ੍ਹਾ ਚੂਹਾ ਕੰਡੀ ਦੇ ਇਲਾਕੇ ਵਿਚ ਭੂਰਾ ਚੂਹਾ ਅਤੇ ਝਾੜੀਆਂ ਵਾਲਾ ਚੂਹਾ ਜ਼ਿਆਦਾ ਹੁੰਦਾ ਹੈ।

ਫ਼ਸਲਾਂ ਦਾ ਨੁਕਸਾਨ

ਚੂਹੇ ਅਤੇ ਚੂਹੀਆਂ ਫ਼ਸਲ ਪੁੰਗਰਨ ਅਤੇ ਫ਼ਸਲਾਂ ਪੱਕਣ ਤੇ ਜ਼ਿਆਦਾ ਨੁਕਸਾਨ ਕਰਦੇ ਹਨ ਅਤੇ ਇਸ ਲਈ ਚੂਹੇ ਮਾਰਨ ਦੀ ਵਿਉਂਤਬੰਦੀ ਮੁੱਖ ਫ਼ਸਲਾਂ ਦੇ ਉੱਗਣ ਤੇ ਪੱਕਣ ਸਮੇਂ ਅਨੁਸਾਰ ਕਰਨੀ ਚਾਹੀਦੀ ਹੈ। ਚੂਹੇ ਝੋਨੇ ਦੀ ਫ਼ਸਲ ਨੂੰ ਔਸਤਨ ੪.੯%, ਕਮਾਦ ਨੂੰ ੬.੪% ਅਤੇ ਮੂੰਗਫ਼ਲੀ ਨੂੰ ੩.੯% ਨੁਕਸਾਨ ਕਰਦੇ ਹਨ। ਕੁਝ ਥਾਵਾਂ ਤੇ ਜਿੱਥੇ ਚੂਹਿਆਂ ਦੀ ਬਹੁਤ ਭਰਮਾਰ ਹੁੰਦੀ ਹੈ ਇਹ ਨੁਕਸਾਨ ੨੦% ਤੱਕ ਹੋ ਸਕਦਾ ਹੈ। ਇਨ੍ਹਾਂ ਥਾਵਾਂ ਤੇ ਚੂਹਿਆਂ ਦੀ ਰੋਕਥਾਮ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

ਚੂਹਿਆਂ ਦੀ ਰੋਕਥਾਮ ਦੇ ਤਰੀਕੇ (ੳ) ਮਸ਼ੀਨੀ ਤਰੀਕੇ

ਚੂਹਿਆਂ ਨੂੰ ਮਾਰਨਾ

ਫ਼ਸਲਾਂ ਦੀ ਕਟਾਈ ਤੋਂ ਬਾਅਦ ਰੌਣੀ ਵੇਲੇ ਪਾਣੀ ਨਾਲ ਭਰੀਆਂ ਖੁੱਡਾਂ ਵਿਚੋਂ ਨਿਕਲਦੇ ਚੂਹਿਆਂ ਨੂੰ ਡੰਡਿਆਂ ਨਾਲ ਮਾਰੋ।

ਪਿੰਜਰਿਆਂ ਦੀ ਵਰਤੋਂ

ਘੱਟ ੧੬ ਪਿੰਜਰੇ ਪ੍ਰਤੀ ਏਕੜ ਦੇ ਹਿਸਾਬ ਨਾਲ ਰੱਖੋ। ਘਰਾਂ, ਗੁਦਾਮਾਂ, ਮੁਰਗੀਖਾਨਿਆਂ ਆਦਿ ਵਿੱਚ ਪਿੰਜਰੇ (ਇੱਕ ਪਿੰਜਰਾ ਪ੍ਰਤੀ ੪ ਤੋਂ ੮ ਵਰਗ ਮੀ. ਰਕਬਾ) ਦੀਵਾਰਾਂ ਦੇ ਨਾਲ ਨਾਲ ਕਮਰਿਆਂ ਦੀਆਂ ਨੁਕਰਾਂ, ਅਨਾਜ ਜਮ੍ਹਾਂ ਕਰਨ ਵਾਲੀਆਂ ਵਸਤਾਂ ਅਤੇ ਸੰਦੂਕਾਂ ਆਦਿ ਦੇ ਪਿੱਛੇ ਰੱਖੋ। ਕੋਲਡ ਸਟੋਰਾਂ ਵਿੱਚ ਪਿੰਜਰੇ ਨੂੰ ਕਿਸੇ ਅਖ਼ਬਾਰ ਦੇ ਕਾਗਜ ਨਾਲ ਲਪੇਟ ਕੇ ਰੱਖੋ।

ਗੇਝ ਪਾਉਣਾ

ਵਧੇਰੇ ਚੂਹੇ ਫੜਨ ਵਾਸਤੇ ਚੂਹਿਆਂ ਨੂੰ ਪਿੰਜਰਿਆਂ ਵਿੱਚ ਗਿਝਾਉ। ਹਰ ਪਿੰਜਰੇ ਵਿੱਚ ਬਾਜਰੇ ਜਾਂ ਕਣਕ ਦਾ ਦਲੀਆ ਜਿਸ ਵਿਚ ੨% ਪੀਸੀ ਹੋਈ ਖੰਡ ਅਤੇ ੨% ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਮਿਲਿਆ ਹੋਵੇ, ਦੋ ਤੋਂ ਤਿੰਨ ਦਿਨਾਂ ਤੱਕ ਰੱਖੋ ਤੇ ਪਿੰਜਰਿਆਂ ਦਾ ਮੂੰਹ ਖੁੱਲ੍ਹਾ ਰਹਿਣ ਦਿਉ।

ਚੂਹਿਆਂ ਨੂੰ ਫੜਨਾ

ਗੇਝ ਪਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗਜ਼ ਦੇ ਟੁਕੜੇ ਉਪਰ ੧੦-੧੫ ਗ੍ਰਾਮ ਅਤੇ ਇਸ ਦੇ ਨਲੀਦਾਰ ਦਾਖ਼ਲ ਰਸਤੇ ਉਪਰ ਚੁਟਕੀ ਕੁ ਬਾਜਰੇ ਜਾਂ ਕਣਕ ਦਾ ਦਲੀਆ ਰੱਖ ਕੇ ਇਸ ਦਾ ਮੂੰਹ ਬੰਦ ਕਰ ਦੇਵੋ। ਇਸ ਤਰ੍ਹਾਂ ਤਿੰਨ ਦਿਨ ਲਗਾਤਾਰ ਚੂਹੇ ਫੜੋ।

ਜ਼ਰੂਰੀ

ਫੜੇ ਹੋਏ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ। ਦੁਬਾਰਾ ਪਿੰਜਰਿਆਂ ਦੀ ਵਰਤੋਂ ਘੱਟੋ ਘੱਟ ੩੦ ਦਿਨਾਂ ਦੇ ਵਕਫ਼ੇ ਮਗਰੋਂ ਕਰੋ। ਇਕੋ ਥਾਂ ਤੇ ਬਾਰ-ਬਾਰ ਪਿੰਜਰੇ ਨਾ ਰੱਖੋ ਅਤੇ ਹਰ ਵਾਰ ਪਿੰਜਰੇ ਦੀ ਥਾਂ ਬਦਲੋ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.13559322034
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top