ਹੋਮ / ਖੇਤੀ / ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ / ਕੋਹੜ ਰੋਗ / ਕੋਹੜ ਰੋਗ ਦੇ ਕੁਝ ਹੋਰ ਵਿਕਾਰ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕੋਹੜ ਰੋਗ ਦੇ ਕੁਝ ਹੋਰ ਵਿਕਾਰ

ਜਿਹੜੇ ਫ਼ਲਾਂ ਨੂੰ ਗਰਮੀ ਦਾ ਨੁਕਸਾਨ ਹੁੰਦਾ ਹੈ ਉਹਨਾਂ ਦਾ ਰੰਗ ਛੇਤੀ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਛਿੱਲ ਭੂਰੇ ਰੰਗ ਦੀ ਹੋ ਜਾਂਦੀ ਹੈ ਅਤੇ ਗੁੱਦਾ ਸੁੱਕ ਜਾਂਦਾ ਹੈ।

ਧੁੱਪ ਦਾ ਸਾੜਾ ਮਈ - ਜੂਨ ਦੇ ਮਹੀਨਿਆਂ ਵਿੱਚ ਜਦੋਂ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਉਦੋਂ ਫ਼ਲਾਂ, ਪੱਤਿਆਂ ਅਤੇ ਤਣੇ ਤੇ ਗਰਮੀ ਨਾਲ ਨੁਕਸਾਨ ਹੋ ਜਾਂਦਾ ਹੈ। ਰੁੱਖ ਤੇ ਦੱਖਣ - ਪੱਛਮ ਵੱਲ ਢਲਦੇ ਸੂਰਜ ਦੀ ਤਿੱਖੀ ਧੁੱਪ ਪੈਂਦੀ ਹੈ ਅਤੇ ਸਭ ਤੋਂ ਜ਼ਿਆਦਾ ਨੁਕਸਾਨ ਇਸ ਪਾਸੇ ਵਲ ਹੁੰਦਾ ਹੈ। ਜ਼ਿਆਦਾ ਗਰਮੀ ਨਾਲ ਪੱਤੇ ਸੜ ਜਾਂਦੇ ਹਨ ਅਤੇ ਪੱਤਿਆਂ ਤੇ ਭੂਰੇ ਨਿਸ਼ਾਨ ਬਣ ਜਾਂਦੇ ਹਨ। ਬਾਰਾਮਾਸੀ ਨਿੰਬੂ ਵਿੱਚ ਗਰਮੀ ਦਾ ਨੁਕਸਾਨ ਬਹੁਤ ਛੇਤੀ ਹੁੰਦਾ ਹੈ। ਜਿਹੜੇ ਫ਼ਲਾਂ ਨੂੰ ਗਰਮੀ ਦਾ ਨੁਕਸਾਨ ਹੁੰਦਾ ਹੈ ਉਹਨਾਂ ਦਾ ਰੰਗ ਛੇਤੀ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਛਿੱਲ ਭੂਰੇ ਰੰਗ ਦੀ ਹੋ ਜਾਂਦੀ ਹੈ ਅਤੇ ਗੁੱਦਾ ਸੁੱਕ ਜਾਂਦਾ ਹੈ। ਜ਼ਿਆਦਾ ਗਰਮੀ ਨਾਲ ਤਣੇ ਅਤੇ ਟਾਹਣੀਆਂ ਦਾ ਛਿੱਲੜ ਵੀ ਫੱਟ ਜਾਂਦਾ ਹੈ। ਕਾਲਾ ਰੰਗ ਜ਼ਿਆਦਾ ਗਰਮੀ ਸੋਖਦਾ ਹੈ ਅਤੇ ਜਿਹਨਾਂ ਪੱਤਿਆਂ ਜਾਂ ਫ਼ਲਾਂ ਤੇ ਉਲ੍ਹੀ ਦੀ ਕਾਲੀ ਧੂੜ ਜੰਮੀ ਹੋਵੇ ਉਹਨਾਂ ਨੂੰ ਨੁਕਸਾਨ ਸਭ ਤੋਂ ਜ਼ਿਆਦਾ ਹੁੰਦਾ ਹੈ। ਗਰਮੀਆਂ ਵਿੱਚ ਪਾਣੀ ਦੀ ਕਮੀ ਨਾਲ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ।

ਠੰਡ ਦਾ ਨੁਕਸਾਨ:

ਠੰਡ ਦਾ ਨੁਕਸਾਨ ਨਿੰਬੂ ਜਾਤੀ ਦੇ ਫ਼ਲਾਂ ਦੀਆਂ ਸਾਰੀਆਂ ਕਿਸਮਾਂ  ਨੂੰ ਹੋ ਸਕਦਾ ਹੈ ਪਰ ਕਈ ਕਿਸਮਾਂ ਦੂਜਿਆਂ ਨਾਲੋਂ ਜ਼ਿਆਦਾ ਨਾਜ਼ੁਕ ਹੁੰਦੀਆਂ ਹਨ। ਲੈਮਨ ਤੇ ਨਿੰਬੂ ਸਾਰੀਆਂ ਨਾਲੋਂ ਜ਼ਿਆਦਾ ਨਾਜ਼ੁਕ ਹਨ, ਮਾਲਟਾ ਅਤੇ ਗਰੈਪਫ਼ਰੂਟ ਦਰਮਿਆਨੇ ਅਤੇ ਸੰਤਰੇ ਠੰਡ ਸਹਾਰਨ ਵਿੱਚ ਸਖਤ ਜਾਨ ਹੁੰਦੇ ਹਨ। ਜੇਕਰ ਤਾਪਮਾਨ ਕਈ ਘੰਟੇ ਵਾਸਤੇ ੩.੩ ਡਿਗਰੀ ਸੈਲਸੀਅਸ ਤੋਂ ਥੱਲੇ ਰਹੇ ਤਾਂ ਫ਼ਲਾਂ ਨੂੰ ਨੁਕਸਾਨ ਹੋ ਸਕਦਾ ਹੈ। ਨਿੰਬੂ ਜਾਤੀ ਦੇ ਫ਼ਲਾਂ ਦੇ ਛੋਟੇ ਬੂਟਿਆਂ ਨੂੰ ਕੋਹਰੇ ਤੋਂ ਬਚਾਉਣ ਲਈ ਬੂਟਿਆਂ ਨੂੰ ਘਾਹ ਜਾਂ ਪਰਾਲੀ ਤੋਂ ਬਣੀਆਂ ਕੁਲੀਆਂ ਜਾਂ ਪਲਾਸਟਿਕ ਦੇ ਵੱਡੇ ਲਿਫਾਫਿਆਂ ਨਾਲ ਢਕੋ। ਪਲਾਸਟਿਕ ਦੇ ਲਿਫਾਫੇ ਬੂਟੇ ਉਪਰ ਚੜ੍ਹਾਉਣ ਤੋਂ ਪਹਿਲਾਂ ਬੂਟੇ ਤੇ ਟਾਹਣੀਆਂ ਦਾ ਢਾਂਚਾ ਬਣਾਓ। ਜਦੋਂ ਕੋਹਰਾ ਪੈਣ ਦੀ ਭਵਿੱਖਵਾਣੀ ਹੋਵੇ ਤਾਂ ਬਾਗ ਨੂੰ ਖੁਲ੍ਹਾ ਪਾਣੀ ਲਾ ਕੇ ਵੀ ਬਚਾਇਆ ਜਾ ਸਕਦਾ ਹੈ। ਜ਼ਿਆਦਾ ਠੰਡ ਕਾਰਣ ਵੀ ਕਿੰਨੋ ਦੇ ਫ਼ਲ ਕਿਰ ਸਕਦੇ ਹਨ। ਠੰਡ ਨਾਲ ਪਾਣੀ ਦੀਆਂ ਛੋਟੀਆਂ - ਛੋਟੀਆਂ ਬੂੰਦਾਂ ਫ਼ਲ ਉਪਰ ਡੰਡੀ ਦੇ ਕੋਲ ਇਕੱਠੀਆਂ ਹੋ ਜਾਂਦੀਆਂ ਹਨ। ਜਦ ਤਾਪਮਾਨ ਸਰਦੀਆਂ ਦੌਰਾਨ ਜ਼ੀਰੋ ਡਿਗਰੀ ਜਾਂ ਇਸ ਤੋਂ ਘੱਟ ਹੋ ਜਾਂਦਾ ਹੈ ਤਾਂ ਇਹ  ਪਾਣੀ ਦੀਆਂ ਬੂੰਦਾਂ ਜੰਮ ਜਾਂਦੀਆਂ ਹਨ ਅਤੇ ਫ਼ਲ ਦੀ ਛਿੱਲ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਬਾਅਦ ਵਿੱਚ ਇਸ ਨਰਮ ਤੇ ਕਮਜ਼ੋਰ ਸਥਾਨ ਤੇ ਬਿਮਾਰੀਆਂ ਪੈਦਾ ਕਰਨ ਵਾਲੀ ਉੱਲੀ ਦਾ ਹਮਲਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਫ਼ਲ ਕਿਰਨੇ ਸ਼ੁਰੂ ਹੋ ਜਾਂਦੇ ਹਨ। ਠੰਢ ਨਾਲ ਪ੍ਰਭਾਵਿਤ ਫ਼ਲ ਜਲਦੀ ਖਰਾਬ ਹੋ ਜਾਂਦੇ ਹਨ ਅਤੇ ਡੱਬਾਬੰਦੀ ਅਤੇ ਮੰਡੀਕਰਨ ਦੇ ਯੋਗ ਨਹੀਂ ਰਹਿੰਦੇ। ਬਾਵਿਸਟਨ ੦.੧ ਪ੍ਰਤੀਸ਼ਤ (ਇੱਕ ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰਕੇ ਕੁਝ ਹੱਦ ਤੱਕ  ਫ਼ਲ ਨੂੰ ਗਾਲਣ ਵਾਲੀ ਉੱਲੀ ਦੇ ਹਮਲੇ ਨੂੰ ਘਟਾਇਆ ਜਾ ਸਕਦਾ ਹੈ।

ਫ਼ਲਾਂ ਦਾ ਫਟਣਾ:

ਇਹ ਸਮੱਸਿਆ ਨਿਰਭਰ ਕਰਦੀ ਹੈ ਬੂਟੇ ਨੂੰ ਮਿਲਣ ਵਾਲੇ ਪਾਣੀ, ਛਿੱਲ ਦੀ ਮੋਟਾਈ, ਛਿੱਲ ਦੇ ਪੱਕਣ ਅਤੇ ਸੋਕੇ ਤੇ। ਬੂਟੇ ਬਰਸਾਤ ਦਾ ਪਾਣੀ ਲੈਂਦੇ ਹਨ ਜਿਸ ਕਾਰਨ ਫ਼ਲ ਫੈਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਫ਼ਲਾਂ ਦੀ ਛਿੱਲ ਪਾਟ ਜਾਂਦੀ ਹੈ। ਫ਼ਲਾਂ ਦੇ ਫਟਣ ਦੀ ਸਮੱਸਿਆ ਬਾਰਾਮਾਸੀ ਨਿੰਬੂ ਵਿੱਚ ਸਭ ਤੋਂ ਜ਼ਿਆਦਾ ਗੰਭੀਰ ਹੈ। ਫ਼ਲਾਂ ਦੇ ਫਟਣ ਨੂੰ ਘਟਾਉਣ ਲਈ ਗਰਮੀਆਂ ਵਿੱਚ ਬੂਟੇ ਨੂੰ ਥੋੜੇ - ਥੋੜੇ ਸਮੇਂ ਤੇ ਹਲਕਾ ਪਾਣੀ ਲਗਾਉ ਅਤੇ ਬੂਟੇ ਨੂੰ ਸੋਕਾ ਨਾਂ ਪੈਣ ਦਿਉ।

ਨਿੰਬੂ ਜਾਤੀ ਦੇ ਫ਼ਲਾਂ ਦੇ ਰਸ ਵਾਲੀਆਂ ਥੈਲੀਆਂ ਸੁੱਕਣ ਦਾ ਰੋਗ (ਸਿਟਰਸ ਗਰੈਨੂਲੇਸ਼ਨ):

ਇਸ ਰੋਗ ਨਾਲ ਫ਼ਲ ਦੇ ਅੰਦਰ ਰਸ ਵਾਲੀਆਂ ਥੈਲੀਆਂ ਸਖਤ, ਵੱਡੀਆਂ ਅਤੇ ਸਲੇਟੀ ਰੰਗ ਦੀਆਂ ਹੋ ਜਾਂਦੀਆਂ ਹਨ। ਇਹਨਾਂ ਥੈਲੀਆਂ ਵਿੱਚ ਰਸ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਫ਼ਲ ਸਵਾਦਹੀਣ ਹੋ ਜਾਂਦਾ ਹੈ। ਅਜਿਹੇ ਫ਼ਲਾਂ ਦੀ ਘਣਤਾ, ਮਿਠਾਸ ਅਤੇ ਹੋਰ ਤੇਜ਼ਾਬੀ ਰਸਾਂ ਦੀ ਮਾਤਰਾ ਵੀ ਘੱਟ ਜਾਂਦੀ ਹੈ। ਹਾਲਾਂਕਿ ਇਸ ਰੋਗ ਦਾ ਪ੍ਰਮੁੱਖ ਕਾਰਨ ਦਾ ਪ੍ਰਤੱਖ ਰੂਪ ਵਿੱਚ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਇਸਨੂੰ ਬਹੁਤ ਸਾਰੇ ਕਾਰਨਾ ਨਾਲ ਜੋੜਿਆ ਜਾਂਦਾ ਹੈ ਜਿਵੇਂ ਨਿਰੰਤਰ ਸਿੰਚਾਈ ਕਰਨਾ, ਫ਼ਲਾ ਦੇ ਵਾਧੇ ਸਮੇਂ ਜ਼ਿਆਦਾ ਤਾਪਮਾਨ ਦਾ ਹੋਣਾ, ਫ਼ਲ ਦਾ ਵੱਡਾ ਆਕਾਰ, ਨਾਈਟ੍ਰੋਜਨ ਖਾਦ ਲੋੜ ਤੋਂ ਵੱਧ ਪਾਉਣਾ ਅਤੇ ਜ਼ਿਆਦਾ ਵਾਧੇ ਵਾਲੇ ਜੜ੍ਹ - ਮੁੱਢਾਂ ਦੀ ਵਰਤੋਂ।

ਜਿਹੜੀਆਂ ਕਿਰਿਆਵਾਂ ਬੂਟੇ ਨੂੰ ਤੇਜ਼ੀ ਨਾਲ ਵਾਧਾ ਕਰਨ ਵਿੱਚ ਸਹਾਈ ਹੁੰਦੀ ਹਨ ਉਹ ਰੈਗੂਲੇਸ਼ਨ ਦਾ ਵਾਧਾ ਕਰਦੀਆਂ ਹਨ। ਇਸ ਰੋਗ ਦੀ ਤੀਬਰਤਾ ਬੂਟੇ ਦੀ ਕਿਸਮ ਤੇ ਨਿਰਭਰ ਕਰਦੀ ਹੈ। ਮਾਲਟੇ ਦੀਆਂ ਕਿਸਮਾਂ ਜਿਵੇਂ ਮੁਸੰਮੀ, ਜਾਫ਼ਾ ਅਤੇ ਹੈਲਮਿਨ ਗਰੈਨੂਲੇਸ਼ਨ ਨੂੰ ਸੰਵੇਦਨਸ਼ੀਲ ਹਨ ਜਦਕਿ ਕਿੰਨੋ ਅਤੇ ਸੰਤਰੇ ਦੀਆਂ ਹੋਰ ਕਿਸਮਾਂ ਦੀ ਇਸ ਰੋਗ ਵੱਲ ਪ੍ਰਤੀਰੋਧ ਸ਼ਕਤੀ ਵੱਧ ਹੁੰਦੀ ਹੈ। ਇਸੇ ਤਰ੍ਹਾਂ ਗਰੇਪਫ਼ਰੂਟ ਦੀਆਂ ਕਿਸਮਾਂ ਜਿਵੇਂ ਮਾਰਸ਼ ਸੀਡਲੈਸ ਅਤੇ ਫ਼ੋਸਟਰ ਵਿੱਚ ਇਹ ਰੋਗ ਬਹੁਤ ਘਟ ਦੇਖਣ ਨੂੰ ਮਿਲਦਾ ਹੈ। ਇਸ ਰੋਗ ਦੇ ਬਚਾਅ ਲਈ ਬਾਗ ਦਾ ਸੁਚੱਜਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਉਹ ਕਿਰਿਆਵਾਂ ਜੋ ਬਾਗ ਦੇ ਤੇਜ਼ੀ ਨਾਲ ਵਾਧੇ ਵਿੱਚ ਸਹਾਈ ਹੁੰਦੀਆਂ ਹਨ ਜਿਵੇਂ ਜ਼ਿਆਦਾ ਨਾਈਟ੍ਰੋਜਨ ਖਾਦ, ਜ਼ਿਆਦਾ ਪਾਣੀ ਅਤੇ ਕਾਂਟ - ਛਾਂਟ ਆਦਿ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਨਿੰਬੂ ਜਾਤੀ ਦੇ ਫ਼ਲ ਦਾ ਬਾਗ ਲਗਾਉਣ ਸਮੇਂ ਉਹ ਕਿਸਮ ਚੁਣੋ ਜਿਸਦੀ ਇਸ ਰੋਗ ਵੱਲ ਪ੍ਰਤੀਰੋਧ ਸ਼ਕਤੀ ਜ਼ਿਆਦਾ ਹੋਵੇ ਜਿਵੇਂ ਕਿ ਕਿੰਨੋ।

ਸਰੋਤ : ਏ ਬੂਕਸ ਓਨ੍ਲਿਨੇ

3.21333333333
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top