4 ਦਸੰਬਰ, 2014 ਵਿੱਚ ਸਰਕਾਰ ਨੇ ਛੋਟੀ ਬੱਚਤ ਨੂੰ ਹੱਲਾਸ਼ੇਰੀ ਦੇਣ ਲਈ ਕੁੜੀਆਂ ਦੀ ਵਿਸ਼ੇਸ਼ ਜਮ੍ਹਾ ਯੋਜਨਾ ‘ਸੁਕੰਨਿਆ ਸਮਰਿਧੀ ਖਾਤਾ’ (Sukanya Samridhi Account) ਨੂੰ ਸ਼ੁਰੂ ਕੀਤਾ। 3 ਦਸੰਬਰ, 2014 ਨੂੰ ਸੁਕੰਨਿਆ ਸਮਰਿਧੀ ਖਾਤਾ ਨਿਯਮ-2014 ਨੂੰ ਭਾਰਤ ਦੇ ਰਾਜਪੱਤਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਸੁਕੰਨਿਆ ਸਮਰਿਧੀ ਖਾਤਾ ਬੱਚੀ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਦੁਆਰਾ ਬੱਚੀ ਦੇ ਨਾਂ ‘ਤੇ ਉਸ ਦੇ ਜਨਮ ਲੈਣ ਤੋਂ ਦਸ ਸਾਲ ਤਕ ਦੀ ਉਮਰ ਪ੍ਰਾਪਤ ਕਰਨ ਤਕ ਖੋਲ੍ਹਿਆ ਜਾ ਸਕੇਗਾ।
ਇਸ ਯੋਜਨਾ ਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਅਧਿਕਾਰਿਤ ਬੈਂਕ ਜਾਂ ਡਾਕਖਾਨੇ ਵਿੱਚ ਇੱਕ ਖਾਤਾ ਖੋਲ੍ਹਣਾ ਹੋਵੇਗਾ। ਇਹ ਖਾਤਾ ਬੱਚੀ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਉਸ ਦੇ 10 ਸਾਲ ਦੀ ਹੋਣ ਤਕ ਖੋਲ੍ਹ ਸਕਦੇ ਹਨ। ਇੱਕ ਬੱਚੀ ਦੇ ਨਾਂ ‘ਤੇ ਇੱਕ ਹੀ ਖਾਤਾ ਖੋਲ੍ਹਿਆ ਜਾ ਸਕਦਾ ਹੈ। ਜੇਕਰ ਕਿਸੇ ਦੀਆਂ ਦੋ ਕੁੜੀਆਂ ਹਨ ਤਾਂ ਉਸ ਨੂੰ ਦੋ ਵੱਖ-ਵੱਖ ਖਾਤੇ ਖੋਲ੍ਹਣੇ ਪੈਣਗੇ। ਜੇਕਰ ਕਿਸੇ ਦੇ ਟ੍ਰਿਪਲੇਟਸ (ਤਿੰਨ) ਕੁੜੀਆਂ ਹੋਣ ਤਾਂ ਉਸ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ।
ਸੁਕੰਨਿਆ ਜਮ੍ਹਾ ਯੋਜਨਾ ਦੇ ਤਹਿਤ 10 ਸਾਲ ਤੋਂ ਵੱਧ ਉਮਰ ਦੀ ਬੱਚੀ ਦਾ ਖਾਤਾ ਨਹੀਂ ਖੋਲ੍ਹਿਆ ਜਾ ਸਕਦਾ। ਹਾਲਾਂਕਿ ਇਸ ਸਾਲ ਇੱਕ ਸਾਲ ਦੀ ਛੂਟ ਦਿੱਤੀ ਗਈ ਹੈ।
ਇਸ ਯੋਜਨਾ ਦੇ ਤਹਿਤ ਖਾਤੇ ਵਿੱਚ ਜਮ੍ਹਾ ਰਾਸ਼ੀ ਉੱਤੇ ਹਰ ਸਾਲ ਭਾਰਤ ਸਰਕਾਰ ਵੱਲੋਂ ਵਿਆਜ ਦਰਾਂ ਦੀ ਘੋਸ਼ਣਾ ਕੀਤੀ ਜਾਵੇਗੀ। 2014-15 ਲਈ ਵਿਆਜ ਦਰ 9.1 ਫ਼ੀਸਦੀ ਤੈਅ ਕੀਤੀ ਗਈ ਹੈ।
ਇਸ ਖਾਤੇ ਨੂੰ ਜਿਸ ਸ਼ਹਿਰ ਵਿੱਚ ਖੋਲ੍ਹਿਆ ਜਾਵੇਗਾ, ਉੱਥੋਂ ਕਿਸੇ ਦੂਜੇ ਸ਼ਹਿਰ ਵਿੱਚ ਵੀ ਥਾਂ-ਬਦਲੀ ਕੀਤਾ ਜਾ ਸਕੇਗਾ। ਮਤਲਬ ਇਹ ਕਿ ਪੂਰੇ ਹਿੰਦੁਸਤਾਨ ਵਿੱਚ ਕਿਤੇ ਵੀ ਥਾਂ-ਬਦਲੀ ਕੀਤਾ ਜਾ ਸਕਦਾ ਹੈ।
ਇਸ ਖਾਤੇ ਨੂੰ ਘੱਟੋ-ਘੱਟ 1000 ਰੁਪਏ ਦੀ ਰਾਸ਼ੀ ਜਾਂ ਉਸ ਦੇ 100 ਰੁਪਏ ਦੇ ਗੁਣਾਂਕ ਨਾਲ ਖੋਲ੍ਹਿਆ ਜਾ ਸਕਦਾ ਹੈ। ਇੱਕ ਵਿੱਤੀ ਸਾਲ ਵਿੱਚ ਘੱਟੋ-ਘੱਟ 1000 ਰੁਪਏ ਅਤੇ ਵੱਧ ਤੋਂ ਵੱਧ ਡੇਢ ਲੱਖ ਰੁਪਏ ਤਕ ਇਸ ਖਾਤੇ ਵਿੱਚ ਜਮ੍ਹਾ ਕੀਤੇ ਜਾ ਸਕੇਣਗੇ। ਇਹ ਰਾਸ਼ੀ ਖਾਤਾ ਖੋਲ੍ਹਣ ਤੋਂ ਲੈ ਕੇ 14 ਸਾਲ ਪੂਰੇ ਹੋਣ ਤਕ ਜਮ੍ਹਾ ਰਹੇਗੀ।
ਜੇਕਰ ਕਿਸੇ ਖਾਤੇ ਵਿੱਚ ਨਿਯਮਿਤ ਰੂਪ ਵਿੱਚ ਰਾਸ਼ੀ ਜਮ੍ਹਾ ਨਹੀਂ ਕੀਤੀ ਜਾਵੇਗੀ ਤਾਂ ਉਸ ਉੱਤੇ 50 ਰੁਪਏ ਹਰੇਕ ਸਾਲ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ।
ਸੁਕੰਨਿਆ ਜਮ੍ਹਾ ਯੋਜਨਾ ਖਾਤੇ ਦਾ ਸੰਚਾਲਨ ਬੱਚੀ ਦੇ ਸਰਪ੍ਰਸਤ ਦੁਆਰਾ ਤਦ ਤਕ ਕੀਤਾ ਜਾਵੇਗਾ, ਜਦੋਂ ਤਕ ਕਿ ਉਹ ਬੱਚੀ 10 ਸਾਲ ਦੀ ਨਾ ਹੋ ਜਾਵੇ। 10 ਸਾਲ ਦੀ ਹੋਣ ਦੇ ਬਾਅਦ ਉਹ ਬੱਚੀ ਆਪਣੇ ਖਾਤੇ ਦਾ ਸੰਚਾਲਨ ਖੁਦ ਕਰੇਗੀ।
ਜਦੋਂ ਕੁੜੀ 18 ਸਾਲ ਦੀ ਹੋ ਜਾਵੇਗੀ ਤਦ ਉਸ ਨੂੰ ਜਮ੍ਹਾ ਰਾਸ਼ੀ ਦੀ 50 ਫੀਸਦੀ ਰਕਮ ਉੱਚ ਸਿੱਖਿਆ ਲਈ ਮਿਲੇਗੀ।
ਸੁਕੰਨਿਆ ਸਮਰਿਧੀ ਯੋਜਨਾ ਦੇ ਤਹਿਤ ਖੁੱਲ੍ਹਣ ਵਾਲੇ ਖਾਤਿਆਂ ਨੂੰ ਟੈਕਸ ਤੋਂ ਛੂਟ ਮਿਲੇਗੀ। ਇਸ ਯੋਜਨਾ ਦੇ ਤਹਿਤ ਖੁੱਲ੍ਹਣ ਵਾਲੇ ਖਾਤਿਆਂ ਨੂੰ ਆਮਦਨ ਕਰ ਕਾਨੂੰਨ ਦੀ ਧਾਰਾ 80-ਜੀ ਦੇ ਤਹਿਤ ਛੂਟ ਦਿੱਤੀ ਜਾਵੇਗੀ।
ਪੀ.ਪੀ.ਐੱਫ. ਤੋਂ ਜ਼ਿਆਦਾ ਵਿਆਜ
ਸੁਕੰਨਿਆ ਸਮਰਿਧੀ ਖਾਤਾ 10 ਸਾਲ ਤਕ ਦੀਆਂ ਕੁੜੀਆਂ ਲਈ ਖੋਲ੍ਹਿਆ ਜਾ ਸਕਦਾ ਹੈ। ਕੁੜੀ ਦੇ 18 ਸਾਲ ਦੀ ਹੋਣ ‘ਤੇ ਇਸ ਵਿੱਚੋਂ 50 ਫੀਸਦੀ ਰਾਸ਼ੀ ਸਿੱਖਿਆ ਖ਼ਰਚ ਲਈ ਕੱਢਣ ਦੀ ਆਗਿਆ ਹੈ। 21 ਸਾਲ ਦੀ ਉਮਰ ਦੇ ਬਾਅਦ ਇਸ ਵਿੱਚੋਂ ਪੂਰੀ ਰਾਸ਼ੀ ਕਢਾਈ ਜਾ ਸਕਦੀ ਹੈ। ਸਰਕਾਰ ਇਸ ‘ਤੇ 9 . 10 ਫੀਸਦੀ ਵਿਆਜ ਦੇ ਰਹੀ ਹੈ। ਸੁਕੰਨਿਆ ਖਾਤੇ ਵਿੱਚ ਸਾਲਾਨਾ ਇੱਕ ਹਜ਼ਾਰ ਰੁਪਏ ਦਾ ਨਿਵੇਸ਼ ਲਾਜ਼ਮੀ ਹੈ ਅਤੇ ਅਧਿਕਤਮ 1.50 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ।
ਸੁਕੰਨਿਆ ਖਾਤੇ ਵਿੱਚ ਨਿਵੇਸ਼ ਰਾਸ਼ੀ ਉੱਤੇ ਹੀ ਪਹਿਲਾਂ ਟੈਕਸ ਛੂਟ ਸੀ ਪਰ ਇਸ ਬਜਟ ਵਿੱਚ ਇਸ ਦੇ ਵਿਆਜ ਅਤੇ ਪਰਿਪੱਕਤਾ ਉੱਤੇ ਮਿਲਣ ਵਾਲੀ ਰਾਸ਼ੀ ‘ਤੇ ਵੀ ਟੈਕਸ ਛੂਟ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਇਹ ਪੀ.ਪੀ.ਐੱਫ. ਦੇ ਬਰਾਬਰ ਹੋ ਗਿਆ, ਜਿਸ ‘ਤੇ ਤਿੰਨ ਪੱਧਰਾਂ ਉੱਤੇ ਟੈਕਸ ਛੂਟ ਮਿਲਦੀ ਹੈ। ਪਰ ਵਿਆਜ ਦੇ ਮਾਮਲੇ ਵਿੱਚ ਸੁਕੰਨਿਆ ਖਾਤਾ ਪੀ.ਪੀ.ਐੱਫ. ਤੋਂ ਜ਼ਿਆਦਾ ਆਕਰਸ਼ਕ ਹੈ। ਪੀ.ਪੀ.ਐੱਫ. ਉੱਤੇ 8.75 ਫੀਸਦੀ ਵਿਆਜ ਮਿਲ ਰਿਹਾ ਹੈ, ਜਦ ਕਿ ਸੁਕੰਨਿਆ ਖਾਤੇ ਉੱਤੇ 0.35 ਫੀਸਦੀ ਵਿਆਜ ਜ਼ਿਆਦਾ ਹੈ।
ਸਰੋਤ- ਈ-ਗਜੇਟ ਆਫ ਇੰਡੀਆ, ਭਾਰਤ ਸਰਕਾਰ
ਆਖਰੀ ਵਾਰ ਸੰਸ਼ੋਧਿਤ : 6/15/2020