ਹੋਮ / ਖ਼ਬਰਾਂ / ਕੜਾਕੇ ਦੀ ਠੰਡ ਹੋ ਸਕਦੀ ਹੈ ਕਣਕ ਦੀ ਫਸਲ ਲਈ ਲਾਹੇਵੰਦ
ਸਾਂਝਾ ਕਰੋ

ਕੜਾਕੇ ਦੀ ਠੰਡ ਹੋ ਸਕਦੀ ਹੈ ਕਣਕ ਦੀ ਫਸਲ ਲਈ ਲਾਹੇਵੰਦ

ਇਨ੍ਹਾਂ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਕੁਝ ਦਿਨਾਂ ਤੱਕ ਇਸ ਤਰ੍ਹਾਂ ਕੋਹਰਾ ਪੈਂਦਾ ਰਿਹਾ ਤਾਂ ਉਨ੍ਹਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਵੇਗਾ।

ਮੰਡੀ ਰੋੜਾਂਵਾਲੀ (ਜਗਮੀਤ) - ਪੂਰੇ ਸੂਬੇ ਸਮੇਤ ਉੱਤਰੀ ਭਾਰਤ 'ਚ ਪੈ ਰਹੀ ਕੜਾਕੇ ਦੀ ਠੰਡ ਅਤੇ ਸੰਘਣੇ ਕੋਹਰੇ ਨੇ ਜਿੱਥੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਇਹ ਕੜਾਕੇ ਦੀ ਠੰਡ ਕਣਕ ਦੀ ਫਸਲ ਲਈ ਲਾਹੇਵੰਦ ਵੀ ਸਾਬਿਤ ਹੋ ਰਹੀ ਹੈ। ਜਾਣਕਾਰੀ ਅਨੁਸਾਰ ਇਸ ਮੌਕੇ ਕਣਕ ਦੀ ਫਸਲ ਜ਼ਿਆਦਾ ਵੱਧ ਫੁੱਲ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਪ੍ਰਭਾਵਿਤ ਵੀ ਨਹੀਂ ਹੈ, ਜਿਸ ਕਰਕੇ ਕਿਸਾਨਾਂ ਦੇ ਚਿਹਰਿਆਂ ਉੱਪਰ ਰੌਣਕ ਮਹਿਸੂਸ ਕੀਤੀ ਜਾ ਰਹੀ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਡ ਕਾਫੀ ਦੇਰੀ ਨਾਲ ਪੈ ਰਹੀ ਹੈ, ਜਿਸ ਕਰਕੇ ਉਨ੍ਹਾਂ ਨੂੰ ਪਹਿਲਾ ਡਰ ਸੀ ਕਿ ਇਸ ਵਾਰ ਅਗਰ ਜ਼ਿਆਦਾ ਠੰਡ ਨਹੀਂ ਪੈਂਦੀ ਹੈ ਤਾਂ ਕਣਕ ਦੇ ਝਾੜ 'ਤੇ ਬੁਰਾ ਅਸਰ ਪੈ ਸਕਦਾ ਸੀ ਪਰ ਕਿਸਾਨਾਂ 'ਚ ਇਕ ਉਮੀਦ ਜਿਹੀ ਜਾਗ ਪਈ ਹੈ। ਦਿਨੋਂ ਦਿਨ ਸਰਦੀ ਕਾਰਨ ਪਾਰਾ ਥੱਲੇ ਜਾ ਰਿਹਾ ਹੈ, ਜਿਸ ਕਰਕੇ ਕਣਕ ਦੀ ਫਸਲ ਵਧੀਆ ਹੋਣ ਕਰਕੇ ਝਾੜ ਵੀ ਵਧੀਆ ਨਿਕਲ ਸਕਦਾ ਹੈ। ਇਸ ਇਲਾਕੇ 'ਚ ਭਾਰੀ ਕੋਹਰੇ ਨੇ ਖੇਤਾਂ 'ਚ ਖੜ੍ਹੀਆਂ ਫਸਲਾਂ 'ਤੇ ਚਿੱਟੀ ਚਾਦਰ ਵਿਛਾ ਦਿੱਤੀ ਹੈ। ਇਸ ਕੋਹਰੇ ਕਾਰਨ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨ ਜਿੱਥੇ ਖੁਸ਼ ਦਿਖਾਈ ਦਿੱਤੇ, ਇਸ ਦੇ ਉਲਟ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਅਤੇ ਪਸ਼ੂਆਂ ਦੇ ਚਾਰੇ ਲਈ ਲੋਕਾਂ ਨੂੰ ਦਿੱਕਤਾਂ ਦਾ ਸਾਮਹਣਾ ਕਰਨਾ ਪਿਆ। ਇਨ੍ਹਾਂ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਕੁਝ ਦਿਨਾਂ ਤੱਕ ਇਸ ਤਰ੍ਹਾਂ ਕੋਹਰਾ ਪੈਂਦਾ ਰਿਹਾ ਤਾਂ ਉਨ੍ਹਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਵੇਗਾ।

ਕੀ ਕਹਿਣਾ ਹੈ ਕਿਸਾਨਾਂ ਦਾ

ਇਸ ਸੰਬੰਧੀ ਜਦੋਂ ਇਲਾਕੇ ਦੇ ਕਿਸਾਨ ਆਗੂ ਜਗਸੀਰ ਸਿੰਘ ਘੋਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਭਾਵੇਂ ਇਸ ਵਾਰ ਪਿਛਲੇ ਸਾਲਾਂ ਨਾਲੋਂ ਦੇਰੀ ਨਾਲ ਹੀ ਸਰਦੀ ਦੀ ਸ਼ੁਰੂਆਤ ਹੋਈ ਹੈ ਪਰ ਫਿਰ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਨਾਲ ਕਣਕ ਦੇ ਝਾੜ 'ਚ ਵਾਧਾ ਹੋਵੇਗਾ। ਘੋਲਾ ਨੇ ਦੱਸਿਆ ਕਿ ਜੇਕਰ ਕੁਝ ਹੀ ਦਿਨਾਂ ਅੰਦਰ ਮੀਂਹ ਪੈਂਦਾ ਹੈ ਤਾਂ ਇਹ ਕਣਕ ਦੀ ਫਸਲ 'ਤੇ ਸੋਨੇ 'ਤੇ ਸੁਹਾਗੇ ਵਾਂਗ ਸਾਬਿਤ ਹੋਵੇਗਾ। ਉੱਧਰ ਇਸ ਵਾਰ ਪਹਿਲਾਂ ਹੀ ਸਬਜ਼ੀ ਦੇ ਭਾਵਾਂ ਦੀ ਮੰਦੀ ਦਾ ਸ਼ਿਕਾਰ ਹੋ ਚੁੱਕੇ ਕਿਸਾਨਾਂ 'ਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸਬਜ਼ੀ ਬੀਜਣ ਵਾਲੇ ਕਿਸਾਨ ਹੰਸ ਰਾਜ ਨੇ ਦੱਸਿਆ ਕਿ ਇਸ ਵਾਰ ਪਹਿਲਾਂ ਸਬਜ਼ੀ ਦੇ ਮੰਦੇ ਰੇਟਾਂ ਕਾਰਨ ਉਨ੍ਹਾਂ ਨੂੰ ਕਾਫੀ ਹਾਨੀ ਪਹੁੰਚ ਚੁੱਕੀ ਹੈ ਅਤੇ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਾਰ ਰੱਬ ਵੀ ਉਨ੍ਹਾਂ ਨਾਲ ਨਾਰਾਜ਼ ਨਾ ਹੋ ਜਾਏ। ਉਨ੍ਹਾਂ ਦਾ ਕਹਿਣਾ ਹੈ ਜੇਕਰ ਕੁਝ ਅਗਲੇ ਦਿਨਾਂ ਤੱਕ ਇਸੇ ਤਰ੍ਹਾਂ ਹੀ ਕੜਾਕੇ ਦੀ ਠੰਡ ਅਤੇ ਕੋਹਰਾ ਜਾਰੀ ਰਿਹਾ ਤਾਂ ਉਨ੍ਹਾਂ ਦੀ ਸਬਜ਼ੀ ਦੀ ਫਸਲ ਬਰਾਬਾਦ ਹੋ ਜਾਵੇਗੀ।

ਸ੍ਰੋਤ : ਜਗ ਬਾਣੀ

Back to top