ਖ਼ਬਰ ਚੰਗੀ ਹੈ। ੬੫ ਸਾਲ ਅਤੇ ਇਸ ਤੋਂ ਵੱਡੀ ਉਮਰ ਦੇ ਕੈਨੇਡੀਅਨ ਬਜ਼ੁਰਗ ਅੱਗੇ ਨਾਲੋਂ ਲੰਮੀ ਉਮਰ ਭੋਗ ਰਹੇ ਹਨ। ਉਹ ਰੀਟਾਇਰਮੈਂਟ ਤੋਂ ਬਾਅਦ ਆਪਣੇ ਭਾਈਚਾਰੇ ਵਿੱਚ ਸ਼ਾਮਲ ਹੋ ਕੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਤੁਸ਼ਟ ਅਤੇ ਉਤਸ਼ਾਹੀ ਜੀਵਨ ਜੀਅ ਰਹੇ ਹਨ। ਪਰ ੬੫ ਤੋਂ ੮੪ ਸਾਲ ਦੇ ਬਜ਼ੁਰਗਾਂ ਦੀਆਂ ਖਾਣ ਅਤੇ ਵਰਜਸ਼ ਕਰਨ ਦੀਆਂ ਆਦਤਾਂ ਬਾਰੇ ਕੀਤੀ ਖੋਜ ਦੇ ਨਵੇਂ ਸਰਵੇਖਣ ਦੱਸਦੇ ਹਨ ਕਿ ਉਹ ਇਸ ਤੋਂ ਵੀ ਚੰਗਾ ਜੀਵਨ ਜੀਅ ਸੱਕਦੇ ਹਨ।
(1) ਤੱਥ: ਬਾਕੀ ਬਾਲਗ ਵਸੋਂ ਨਾਲੋਂ ਬਜ਼ੁਰਗਾਂ ਵਿੱਚ ਦਿਲ ਦੀ ਬਿਮਾਰੀ, ਕੈਂਸਰ, ਵੱਧ ਕੋਲੈਸਟਰੌਲ ਅਤੇ ਹਾਈ ਬਲੱਡ ਪਰੈਸ਼ਰ ਦੀ ਦਰ ਜ਼ਿਆਦਾ ਹੈ।
> ਤੱਥ: ਨਿਯਮਤ ਸਰੀਰਕ ਸਰਗਰਮੀ ਅਤੇ ਸਿਹਤਮੰਦ ਖਾਣੇ ਨਾਲ ਇਨ੍ਹਾਂ ਬਿਮਾਰੀਆਂ ਨੂੰ ਰੋਕਿਆ ਜਾਂ ਕਾਬੂ ਕੀਤਾ ਜਾ ਸਕਦਾ ਹੈ।
(2) ਤੱਥ: ਜ਼ਿਆਦਾਤਰ ਬਜ਼ੁਰਗ ਬਹੁਤੇ ਭਾਰੇ ਜਾਂ ਮੋਟੇ ਹਨ।
> ਤੱਥ: ਇਹ ਵੀ ਸੱਚ ਹੈ ਕਿ ਭਾਰ ਘਟਾਉਣ ਲਈ ਕੋਈ ਵੀ ਉਮਰ ਜ਼ਿਆਦਾ ਨਹੀਂ ਅਤੇ ਥੋੜਾ ਭਾਰ ਘਟਾਇਆ - ਭਾਵੇਂ 5 ਪੌਂਡ ਹੀ ਤੁਹਾਡੀ ਸਿਹਤ ਤੇ ਕਾਫ਼ੀ ਫ਼ਰਕ ਪਾ ਸਕਦਾ ਹੈ।
(3) ਤੱਥ: ਜ਼ਿਆਦਾਤਰ ਬਜ਼ੁਰਗ ਸਰੀਰਕ ਤੌਰ ਤੇ ਉਤਨੇ ਸਰਗਰਮ ਨਹੀਂ ਜਿੰਨੇ ਕਿ ਉਹ ਹੋ ਸਕਦੇ ਹਨ।
> ਤੱਥ: ਜੋ ਬਜ਼ੁਰਗ ਸਰਗਰਮ ਨਹੀਂ ਰਹਿੰਦੇ, ਉਨ੍ਹਾਂ ਦੇ ਮੁਕਾਬਲੇ ਜਿਹੜੇ ਬਜ਼ੁਰਗ ਘੱਟੋ ਘੱਟ ਹਰ ਰੋਜ਼ ਇਕ ਘੰਟਾ ਸਰਗਰਮ ਰਹਿੰਦੇ ਹਨ, ਉਨ੍ਹਾਂ ਦਾ ਦਿਲ ਜ਼ਿਆਦਾ ਤੰਦਰੁਸਤ ਅਤੇ ਭਾਰ ਕਾਬੂ ਵਿੱਚ ਰਹਿੰਦਾ ਹੈ।
(4) ਤੱਥ: ਜ਼ਿਆਦਾਤਰ ਬਜ਼ੁਰਗ ਆਦਮੀ ਅਤੇ ਔਰਤਾਂ ਲੋੜ ਤੋਂ ਵੱਧ ਲੂਣ ਖਾਂਦੇ ਹਨ।
> ਤੱਥ: ਖਾਣੇ ਵਿੱਚ ਲੂਣ ਘਟਾਉਣ ਨਾਲ ਤੁਸੀਂ ਬਲੱਡ ਪਰੈਸ਼ਰ ਦਾ ਖਤਰਾ ਕਾਫ਼ੀ ਘਟਾ ਸਕਦੇ ਹੋ ਜਾਂ ਜੇਕਰ ਤੁਹਾਨੂੰ ਜ਼ਿਆਦਾ ਬਲੱਡ ਪਰੈਸ਼ਰ ਹੈ ਤਾਂ ਉਸ ਨੂੰ ਘੱਟ ਕਰ ਸਕਦੇ ਹੋ।
(5) ਤੱਥ: ਜ਼ਿਆਦਾਤਰ ਬਜ਼ੁਰਗ ਆਪਣੇ ਖਾਣੇ ਰਾਹੀਂ ਕੈਲਸ਼ੀਅਮ, ਫ਼ੋਲੇਟ, ਵਿਟਾਮਿਨ ਬੀ6, ਵਿਟਾਮਿਨ ਬੀ12 ਅਤੇ ਵਿਟਾਮਿਨ ਸੀ ਪੂਰਾ ਨਹੀਂ ਲੈਂਦੇ।
> ਤੱਥ: ਸਹੀ ਮਿਕਦਾਰ ਵਿੱਚ ਸਹੀ ਵਿਟਾਮਿਨ ਅਤੇ ਖਣਿਜ, ਅਨੀਮੀਆ (ਖੂਨ ਦੀ ਕਮੀ), ਭੁੱਲ ਜਾਣਾ ਅਤੇ ਉਦਾਸੀ ਰੋਗ ਤੋਂ ਬਚਣ ਵਿੱਚ ਸਹਾਇਕ ਹੁੰਦੇ ਹਨ। ਇਹ ਤੁਹਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਦੇ ਹਨ ਅਤੇ ਅਪਰੇਸ਼ਨ ਜਾਂ ਚੋਟ ਤੋਂ ਪਿਛੋਂ ਤੰਦਰੁਸਤ ਹੋਣ ਵਿੱਚ ਮਦਦ ਕਰਦੇ ਹਨ।
(6) ਤੱਥ: ਜ਼ਿਆਦਾਤਰ ਬਜ਼ੁਰਗ ਔਰਤਾਂ ਸਬਜ਼ੀਆਂ, ਫਲ, ਅਨਾਜ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਮੀਟ ਅਤੇ ਮੀਟ ਦੇ ਬਦਲ ਕਾਫ਼ੀ ਨਹੀਂ ਖਾਂਦੀਆਂ। ਜ਼ਿਆਦਾਤਰ ਬਜ਼ੁਰਗ ਆਦਮੀ ਸਬਜ਼ੀਆਂ, ਫਲ ਜਾਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਕਾਫ਼ੀ ਨਹੀਂ ਖਾਂਦੇ।
> ਤੱਥ: ਤੁਸੀਂ ਕਿਸ ਤਰਾਂ ਖਾਂਦੇ ਹੋ ਜਾਂ ਕਿਸ ਤਰਾਂ ਮਹਿਸੂਸ ਕਰਦੇ ਹੋ ਇਸ ਨੂੰ ਕਿਸੇ ਵੀ ਉਮਰ ਵਿੱਚ ਬਦਲਿਆ ਅਤੇ ਸੁਧਾਰਿਆ ਜਾ ਸਕਦਾ ਹੈ।
ਇਹ ਛੋਟੀ ਜਿਹੀ ਪੁਸਤਕ ਬਜ਼ੁਰਗਾਂ ਦੇ ਅਨੁਕੂਲ ਪੌਸ਼ਟਿਕ ਆਹਾਰ ਸਬੰਧੀ ਜਾਣਕਾਰੀ ਦਿੰਦੀ ਹੈ ਸਿਹਤਮੰਦ ਖਾਣੇ ਬਾਰੇ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਤੇ ਅਸਲ ਵਿੱਚ ਤੁਹਾਨੂੰ ਕੀ ਜਾਣਨਾ ਚਾਹੀਦਾ ਹੈ। ਇਸ ਵਿੱਚ ਹੇਠ ਲਿਖੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ:
(1) ਬਿਰਧ ਅਵਸਥਾ ਅਤੇ ਖਾਣਾ ਕਿਵੇਂ ਨਾਲ ਨਾਲ ਚਲਦੇ ਹਨ।
(2) ਸਿਹਤਮੰਦ ਖਾਣੇ ਦਾ ਕੀ ਮਤਲਬ ਹੈ।
(3) ਵਿਟਾਮਿਨ ਅਤੇ ਖਣਿਜ ਕਿੱਥੇ ਯੋਗ ਹਨ।
(4) ਜੇ ਤੁਹਾਨੂੰ ਦਿਲ ਦੀ ਬਿਮਾਰੀ, ਵੱਧ ਕੋਲੈਸਟਰੌਲ ਵਰਗਾ ਪੁਰਾਣਾ ਰੋਗ ਹੈ ਤਾਂ ਕਿਵੇਂ ਖਾਈਏ।
(5) ਭਾਰ ਕਿਵੇਂ ਘਟਾਉਣਾ ਜਾਂ ਵਧਾਉਣਾ ਹੈ ਜਾਂ ਕਿਸੇ ਹੋਰ ਸਮੱਸਿਆ ਨਾਲ ਕਿਵੇਂ ਨਜਿੱਠੀਏ।
(6) ਜਦੋਂ ਖਾਣਾ ਬਣਾਉਣ ਨੂੰ ਜੀਅ ਨਾ ਕਰੇ ਤਾਂ ਖਾਣਾ ਕਿਵੇਂ ਬਣਾਈਏ।
(7) ਰਸੋਈ ਵਿੱਚ ਕੀ ਰੱਖੀਏ ਅਤੇ ਸਿਹਤਮੰਦ ਹੋਣ ਲਈ ਖਾਣੇ ਦੀਆਂ ਜੁਗਤਾਂ ਵਿੱਚ ਕੀ ਬਦਲੀਏ।
(8) ਸੁਰੱਖਿਅਤ ਢੰਗ ਨਾਲ ਖਾਣਾ ਕਿਵੇਂ ਬਣਾਈਏ।
(9) ਡਾਇਟੀਸ਼ਨ, ਪੌਸ਼ਟਿਕ ਖਾਣੇ ਅਤੇ ਸਧਾਰਨ ਸਿਹਤ ਸੰਬੰਧੀ ਹੋਰ ਜਾਣਕਾਰੀ ਕਿਵੇਂ ਮਿਲੇ।
(10) ਜਲਦੀ, ਅਸਾਨ ਅਤੇ ਸਵਾਦੀ ਖਾਣੇ ਬਣਾਉਣ ਦੀਆਂ ਜੁਗਤਾਂ।
ਸਰੋਤ : ਸਿਹਤਮੰਦ ਖਾਣਾ
ਆਖਰੀ ਵਾਰ ਸੰਸ਼ੋਧਿਤ : 2/6/2020