অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਦੁਰਘਟਨਾਵਾਂ ਅਤੇ ਉਨ੍ਹਾਂ ਦਾ ਸ਼ੁਰੂਆਤੀ ਇਲਾਜ

ਜਾਣ-ਪਛਾਣ

ਦੁਰਘਟਨਾਵਾਂ ਵੀ ਓਨੀਆਂ ਹੀ ਪੁਰਾਣੀਆਂ ਹਨ ਜਿੰਨੀਆਂ ਕਿ ਬਿਮਾਰੀਆਂ। ਨਵੀਆਂ ਤਕਨੀਕਾਂ ਅਤੇ ਉਦਯੋਗਾਂ ਨੇ ਦੁਰਘਟਨਾਵਾਂ ਦੀ ਇਸ ਸੂਚੀ ਨੂੰ ਹੋਰ ਵੀ ਲੰਬਾ ਕਰ ਦਿੱਤਾ ਹੈ। ਦੁਰਘਟਨਾਵਾਂ ਕੁਦਰਤੀ ਵੀ ਹੋ ਸਕਦੀਆਂ ਹਨ ਅਤੇ ਬਣਾਉਟੀ ਵੀ। ਦੁਰਘਟਨਾ ਦਾ ਅਰਥ ਹੈ ਅਚਾਨਕ ਲੱਗਣ ਵਾਲੀ ਸੱਟ, ਜਿਸ ਦਾ ਪਹਿਲਾਂ ਤੋਂ ਕੋਈ ਸ਼ੱਕ ਨਹੀਂ ਹੁੰਦਾ। ਇਸ ਲਈ ਹੱਤਿਆ ਦੀ ਕੋਸ਼ਿਸ਼, ਆਤਮ ਹੱਤਿਆ, ਸੱਟਾਂ, ਸੜਕ ‘ਤੇ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਸੱਪ ਦਾ ਕੱਟਣਾ ਆਦਿ ਦੁਰਘਟਨਾਵਾਂ ਦੇ ਹੀ ਰੂਪ ਹਨ।

ਭਾਰਤ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋ 10 ਫੀਸਦੀ ਦੁਰਘਟਨਾਵਾਂ ਦੇ ਕਾਰਨ ਹੁੰਦੀਆਂ ਹਨ। ਡੁੱਬਣਾ, ਸੜਕ ਹਾਦਸੇ, ਸੜਨਾ ਅਤੇ ਜ਼ਹਿਰ ਫੈਲਣਾ ਸਭ ਤੋਂ ਜ਼ਿਆਦਾ ਆਮ ਹਨ। ਸੱਪ ਦਾ ਕੱਟਣਾ ਵੀ ਕਾਫੀ ਆਮ ਹੈ। ਸੜਨਾ ਅਤੇ ਡੁੱਬਣਾ ਵੀ ਦੁਰਘਟਨਾਵਾਂ ਵਿੱਚ ਸ਼ਾਮਿਲ ਹਨ। ਵੱਡੇ ਪੱਧਰ ‘ਤੇ ਹੋਣ ਵਾਲੀਆਂ ਦੁਰਘਟਨਾਵਾਂ ਆਪਦਾਵਾਂ ਕਹਿਲਾਉਂਦੀਆਂ ਹਨ। ਰੇਲ ਦੀਆਂ ਦੁਰਘਟਨਾਵਾਂ ਅਤੇ ਭੂਚਾਲ ਅਤੇ ਹੜ੍ਹ ਆਦਿ ਵਰਗੀਆਂ ਕੁਦਰਤੀ ਆਫਤਾਂ ਨੇ ਹਜ਼ਾਰਾਂ ਜਾਨਾਂ ਲਈਆਂ ਹਨ। ਦੁਰਘਟਨਾਵਾਂ ਵਿੱਚ ਨਾ ਕੇਵਲ ਮੌਤਾਂ ਹੁੰਦੀਆਂ ਹਨ ਸਗੋਂ ਬਹੁਤ ਸਾਰੇ ਲੋਕ ਅਪਾਹਜ ਵੀ ਹੋ ਜਾਂਦੇ ਹਨ। ਹਰ ਮੌਤ ਦੇ ਪਿੱਛੇ ਘੱਟ ਤੋਂ ਘੱਟ ਪੰਦਰਾਂ ਲੋਕ ਅਪਾਹਜ ਹੁੰਦੇ ਹਨ।

ਇਨਸਾਨਾਂ ਦੀਆਂ ਗਲਤੀਆਂ ਦੁਰਘਟਨਾਵਾਂ ਦੇ ਕਾਰਨਾਂ ਵਿੱਚੋਂ ਇੱਕ ਹਨ। ਕੰਮ ਦੀ ਜਗ੍ਹਾ, ਘਰਾਂ, ਸੜਕਾਂ ਅਤੇ ਮਸ਼ੀਨਾਂ ਆਦਿ ‘ਤੇ ਦੁਰਘਟਨਾਵਾਂ ਦੀਆਂ ਸੰਭਾਵਨਾਵਾਂ ਰਹਿੰਦੀਆਂ ਹਨ। ਹਰ ਦੁਰਘਟਨਾ ਹੋਣ ਦੇ ਆਪਣੇ ਕਾਰਨ ਹੁੰਦੇ ਹਨ। ਜਿਵੇਂ ਸੜਕਾਂ ‘ਤੇ ਹਾਦਸੇ ਖਰਾਬ ਸੜਕਾਂ, ਵਾਹਨਾਂ ਦੀ ਸੁਚੱਜੀ ਸੰਭਾਲ ਦੀ ਘਾਟ, ਡਰਾਈਵਰਾਂ ‘ਤੇ ਕੰਮ ਦੇ ਦਬਾਅ, ਨੀਂਦ ਦੀ ਕਮੀ, ਆਵਾਜਾਈ ਦੇ ਨਿਯੰਤਰਣ ਵਿੱਚ ਗੜਬੜੀ, ਸੁਰੱਖਿਆ ਦੇ ਬਾਰੇ ਜਾਣਕਾਰੀ ਦੀ ਘਾਟ, ਗਲਤ ਢੰਗ ਨਾਲ ਗੱਡੀ ਚਲਾਉਣ ਵਾਲੇ ਡਰਾਈਵਰਾਂ ਤੇ ਕਾਨੂੰਨੀ ਕਾਰਵਾਈ ਨਾ ਹੋਣ ਦੇ ਕਾਰਨ ਹੁੰਦੀ ਹੈ। ਇਸ ਦੇ ਇਲਾਵਾ ਚੱਟਾਨਾਂ ਟੁੱਟਣ, ਦਰਖ਼ਤ ਦੇ ਡਿੱਗਣ ਜਾਂ ਸੜਕ ‘ਤੇ ਤੇਲ ਡਿੱਗਣ ਤੋਂ ਫਿਸਲਣ ਆਦਿ ਨਾਲ ਵੀ ਦੁਰਘਟਨਾਵਾਂ ਹੋ ਸਕਦੀਆਂ ਹਨ।

ਦੁਰਘਟਨਾਵਾਂ ਵਿੱਚ ਸਿਹਤ ਕਾਰਜਕਰਤਾਵਾਂ ਦੀ ਭੂਮਿਕਾ ਦੋਹਰੀ ਹੁੰਦੀ ਹੈ। ਜ਼ਰੂਰੀ ਮੁਢਲੀ ਚਿਕਿਤਸਾ ਅਤੇ ਸੇਵਾ ਨੁਕਸਾਨ ਘੱਟ ਕਰਨ ਦੇ ਲਈ ਜ਼ਰੂਰੀ ਹੈ। ਕੁਝ ਮਾਮਲਿਆਂ ਵਿੱਚ ਮੁਢਲੀ ਚਿਕਿਤਸਾ ਬਾਅਦ ਵਿੱਚ ਹਸਪਤਾਲ ‘ਚ ਹੋਣ ਵਾਲੇ ਇਲਾਜ ਤੋਂ ਵੀ ਜ਼ਿਆਦਾ ਮਹੱਤਵਪੂਰਣ ਹੁੰਦੀ ਹੈ। ਉਦਾਹਰਣ ਦੇ ਲਈ ਸੱਪ ਦੇ ਕੱਟਣ ਤੇ ਜੇਕਰ ਤੁਰੰਤ ਉਪਾਅ ਕੀਤੇ ਜਾਣ ਤਾਂ ਵਿਅਕਤੀ ਨੂੰ ਬਚਾਇਆ ਜਾ ਸਕਦਾ ਹੈ। ਇਸ ਅਧਿਆਇ ਵਿੱਚ ਆਮ ਤੌਰ ‘ਤੇ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਸ਼ੁਰੂਆਤੀ ਚਿਕਿਤਸਾ ਦੀ ਜਾਣਕਾਰੀ ਦਿੱਤੀ ਗਈ ਹੈ। ਸਮੱਸਿਆਵਾਂ ਦੀ ਜਾਣਕਾਰੀ ਰੱਖਣਾ ਅਤੇ ਬਚਾਅ ਦੇ ਉਪਾਵਾਂ ਤੇ ਧਿਆਨ ਦੇਣਾ ਇਹ ਵੀ ਜ਼ਰੂਰੀ ਹੈ।

ਡੁੱਬਣਾ

ਡੁੱਬਣਾ ਗਲਤੀ ਨਾਲ ਜਾਂ ਫਿਰ ਜਾਣ-ਬੁੱਝ ਕੇ (ਹੱਤਿਆ ਜਾਂ ਆਤਮ-ਹੱਤਿਆ) ਹੋਣ ਵਾਲੀ ਇਕ ਆਮ ਦੁਰਘਟਨਾ ਹੈ। ਪੇਂਡੂ ਇਲਾਕਿਆਂ ਵਿੱਚ ਜਿੱਥੇ ਲੋਕ ਤਾਲਾਬ ਜਾਂ ਨਦੀ ਵਿੱਚ ਨਹਾਉਣ ਜਾਂਦੇ ਹਨ, ਤੇ ਮਿਰਗੀ ਦੇ ਮਰੀਜ਼ ਅਕਸਰ ਡੁੱਬ ਜਾਂਦੇ ਹਨ, ਖਾਸ ਕਰਕੇ ਉਹ ਲੋਕ ਜੋ ਇਲਾਜ ਨਹੀਂ ਕਰਵਾ ਰਹੇ ਹਨ ਜਾਂ ਨਿਯਮਿਤ ਰੂਪ ਨਾਲ ਨਹੀਂ ਲੈਂਦੇ।

ਡੁੱਬਣ ਨਾਲ ਪਾਣੀ ਫੇਫੜਿਆਂ ਵਿੱਚ ਭਰ ਜਾਂਦਾ ਹੈ। ਅਜਿਹੇ ਵਿੱਚ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਹਨ, ਕਿਉਂਕਿ ਉੱਥੇ ਹਵਾ ਨਹੀਂ ਪਹੁੰਚ ਸਕਦੀ। ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਵਿਅਕਤੀ ਦੇ ਢਿੱਡ ਵਿੱਚ ਵੀ ਚਲਾ ਜਾਂਦਾ ਹੈ। ਪਰ ਅੰਤੜੀਆਂ ਇਸ ਜ਼ਿਆਦਾ ਪਾਣੀ ਨੂੰ ਕੁਝ ਹਦ ਤਕ ਸਹਿ ਲੈਂਦੀਆਂ ਹਨ। ਪਰ ਫੇਫੜਿਆਂ ਵਿੱਚ ਪਾਣੀ ਦਾ ਰਹਿਣਾ ਜਾਨਲੇਵਾ ਹੁੰਦਾ ਹੈ। ਸਾਹ ਰੁਕਣ ਦੇ 3 ਮਿੰਟ ਦੇ ਅੰਦਰ ਅੰਦਰ ਹੀ ਮੌਤ ਹੋ ਜਾਂਦੀ ਹੈ। ਫੇਫੜਿਆਂ ਵਿੱਚ ਪਾਣੀ ਸੰਚਰਣ-ਤੰਤਰ (ਖੂਨ ਦੀਆਂ ਨਾੜਾਂ) ਵਿੱਚ ਵੀ ਚਲਾ ਜਾਂਦਾ ਹੈ। ਦਿਲ ਨੂੰ ਵੀ ਪਾਣੀ ਦੀ ਬਹੁਤਾਤ ਨਾਲ ਨਜਿੱਠਣਾ ਪੈਂਦਾ ਹੈ ਅਤੇ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਮੁਢਲੀ ਸਹਾਇਤਾ

ਡੁੱਬਦੇ ਹੋਏ ਵਿਅਕਤੀ ਨੂੰ ਬਚਾਉਂਦੇ ਸਮੇਂ ਪਹਿਲਾਂ ਆਪਣੇ ਆਪ ਨੂੰ ਸੁਰੱਖਿਅਤ ਰੱਖੋ; ਡੁੱਬਦਾ ਵਿਅਕਤੀ ਆਪਣੀ ਬੇਬਸੀ ਵਿੱਚ ਬਚਾਉਣ ਵਾਲੇ ਨੂੰ ਵੀ ਪਾਣੀ ਵਿੱਚ ਖਿੱਚ ਕੇ ਡੁਬੋ ਦਿੰਦਾ ਹੈ। ਚਾਹੇ ਉਹ ਕਿੰਨਾ ਵੀ ਚੰਗੀ ਤਰ੍ਹਾਂ ਕਿਉਂ ਨਾ ਤੈਰਦਾ ਹੋਵੇ। ਹੋ ਸਕੇ ਤਾਂ ਰੱਸੀ ਜਾਂ ਮੋਟੀ ਡੰਡੀ ਜਾਂ ਟਾਇਰ ਵਰਗੀ ਚੀਜ਼ ਨਾਲ ਵਿਅਕਤੀ ਦੀ ਮਦਦ ਕਰੋ। ਡੁੱਬਣ ਵਾਲੇ ਵਿੱਚ ਤਿੰਨ ਖਤਰੇ ਹਨ

  • ਫੇਫੜੇ ਵਿੱਚ ਪਾਣੀ ਜਾਣ ਦੇ ਕਾਰਨ ਸਾਹ ਨਾ ਲੈ ਸਕਣਾ ਅਤੇ ਇਸ ਨਾਲ ਮੌਤ
  • ਉਲਟੀ ਹੋ ਕੇ ਸਾਹ ਨਲੀ ਵਿੱਚ ਫਸਣਾ, ਜਿਸ ਨਾਲ ਵੀ ਮੌਤ ਹੋ ਸਕਦੀ ਹੈ ਅਤੇ
  • ਸਰੀਰ ਦਾ ਤਾਪਮਾਨ ਘੱਟ ਹੋ ਜਾਣਾ

ਸ਼ੁਰੂਆਤੀ ਇਲਾਜ - ਇਸ ਵਿੱਚ ਅਨੇਕ ਪੜਾਅ ਹਨ

  • ਵਿਅਕਤੀ ਨੂੰ ਪਾਣੀ ਵਿੱਚੋਂ ਕੱਢ ਕੇ ਸੁਰੱਖਿਅਤ ਜਗ੍ਹਾ ਲਿਆਉਣਾ।
  • ਕੀ ਮਰੀਜ਼ ਦਾ ਸਾਹ ਚੱਲ ਰਿਹਾ ਹੈ ? ਮਰੀਜ਼ ਦੇ ਮੂੰਹ ਅਤੇ ਨੱਕ ਦੇ ਕੋਲ ਧਿਆਨ ਨਾਲ ਸੁਣੋ, ਛਾਤੀ ਉੱਪਰ ਹੇਠਾਂ ਚੱਲ ਰਹੀ ਹੈ, ਕਿ ਨਹੀਂ ਦੇਖੋ।
  • ਜੇਕਰ ਸਾਹ ਨਹੀਂ ਚੱਲ ਰਿਹਾ ਹੈ, 10 ਸਕਿੰਟ ਤੱਕ ਨਾੜੀ ਦੇਖੋ। ਕੀ ਨਾੜੀ ਚੱਲ ਰਹੀ ਹੈ ?
  • ਜੇਕਰ ਨਹੀਂ ਤਾਂ ਬਨਾਉਟੀ ਸਾਹ ਅਤੇ ਬਨਾਉਟੀ ਹਿਰਦਾ ਕਿਰਿਆ ਸ਼ੁਰੂ ਕਰੇ।
  • ਮਰੀਜ਼ ਨੂੰ ਸੁੱਕੇ ਕੱਪੜੇ ਅਤੇ ਕੰਬਲ ਵਿੱਚ ਲਪੇਟ ਕੇ ਗਰਮ ਰੱਖੋ।
  • ਮਰੀਜ਼ ਨੂੰ ਹਸਪਤਾਲ ਲੈ ਜਾਓ।
  • ਮਰੀਜ਼ ਦੇ ਢਿੱਡ ਜਾਂ ਫੇਫੜੇ ਤੋਂ ਪਾਣੀ ਕੱਢਣ ਦੀ ਕੋਸ਼ਿਸ਼ ਵਿੱਚ ਸਮਾਂ ਬੇਕਾਰ ਨਾ ਕਰੇ। ਜੇਕਰ ਮਰੀਜ਼ ਉਲਟੀ ਕਰਦਾ ਹੈ ਤਾਂ ਉਸ ਨੂੰ ਇੱਕ ਪਾਸੇ ਪਲਟ ਕੇ ਸੁਲਾਓ ਅਤੇ ਇਸੇ ਤਰ੍ਹਾਂ ਦੀ ਉਲਟੀ ਮੂੰਹ ‘ਚੋਂ ਬਾਹਰ ਆਏ ਨਾ ਕਿ ਗਲੇ ਵਿੱਚ ਅਟਕ ਜਾਵੇ।

ਸਾਹ ਲੈਣਾ

ਜੇਕਰ ਤੁਹਾਡੇ ਕੋਲ ਇੱਕ ਵਾਯੂ-ਪਥ (ਏਅਰ ਵੇਅ) ਅਤੇ ਮੁਖੌਟਾ ਹੈ ਤਾਂ ਮੂੰਹ ਨਾਲ ਸਾਹ ਦਿਵਾਉਣ ਵਿੱਚ ਆਸਾਨੀ ਹੁੰਦੀ ਹੈ। ਜੇਕਰ ਇਹ ਉਪਲਬਧ ਨਾ ਹੋਵੇ ਤਾਂ ਸਿੱਧਾ ਤਰੀਕਾ ਇਸਤੇਮਾਲ ਕਰੋ। ਅਜਿਹਾ ਕਰਦੇ ਸਮੇਂ ਪੀੜਤ ਵਿਅਕਤੀ ਦੀ ਛਾਤੀ ਦੇ ਹਿੱਲਣ ‘ਤੇ ਧਿਆਨ ਦਿਓ। ਇਸ ਨਾਲ ਤੁਹਾਨੂੰ ਛਾਤੀ ਦੇ ਫੁੱਲਣ ਦਾ ਪਤਾ ਲੱਗੇਗਾ।

ਬਨਾਉਟੀ ਹਿਰਦਾ ਕਿਰਿਆ

ਜਦੋਂ ਤੱਕ ਗਰਦਨ ਜਾਂ ਛਾਤੀ ਵਿੱਚ ਧੜਕਨ ਨਾ ਮਹਿਸੂਸ ਹੋਣ ਲੱਗੇ ਦਿਲ ਦੀ ਮਾਲਸ਼ ਕਰਦੇ ਰਹੋ। ਦਿਲ ਦੀ ਮਾਲਸ਼ ਦੇ ਲਈ ਠੀਕ ਥਾਂ ਲੱਭ ਲਵੋ। ਦਿਲ ਛਾਤੀ ਵਿੱਚ ਥੋੜ੍ਹਾ ਜਿਹਾ ਖੱਬੇ ਪਾਸੇ ਹੁੰਦਾ ਹੈ। ਬਿਹਤਰ ਦਬਾਅ ਦੇ ਲਈ ਦੋਵਾਂ ਹੱਥਾਂ ਦਾ ਇਸਤੇਮਾਲ ਕਰੋ (ਹੱਥ ਦੇ ਉੱਪਰ ਹੱਥ ਰੱਖੋ ਅਤੇ ਦੋਬੋ)। ਇੱਕ ਮਿੰਟ ਵਿੱਚ ਘੱਟ ਤੋਂ ਘੱਟ 40 ਤੋਂ 60 ਵਾਰ ਦਿਲ ਦੀ ਮਾਲਸ਼ ਕਰੋ। ਕਈ ਵਾਰ ਜ਼ੋਰ ਜ਼ੋਰ ਨਾਲ ਦਿਲ ਦੀ ਮਾਲਿਸ਼ ਕਰਨ ਤੋਂ ਖਾਸ ਕਰਕੇ ਬੱਚਿਆਂ ਵਿੱਚ ਕੁਝ ਪਸਲੀ ਟੁੱਟ ਸਕਦੀ ਹੈ। ਪਰ ਜਿੰਦਗੀ ਬਚਾਉਣ ਦੇ ਲਈ ਇਹ ਛੋਟੀ ਜਿਹੀ ਕੀਮਤ ਹੈ। ਦਿਲ ‘ਤੇ ਹੱਥ ਰੱਖ ਕੇ ਦਿਲ ਦੀ ਧੜਕਨ ਮਹਿਸੂਸ ਕਰੋ ਜਾਂ ਗਰਦਨ ਵਿੱਚ ਲਹੂ-ਨਾੜੀ ਮਹਿਸੂਸ ਕਰੋ।

ਸਹਾਇਤਾ ਲਵੋ

ਕਦੀ-ਕਦੀ ਤੁਹਾਨੂੰ ਇਕੱਲਿਆਂ ਹੀ ਦਿਲ ਅਤੇ ਫੇਫੜਿਆਂ ਨੂੰ ਚਲਾਉਣ ਦੇ ਲਈ ਕੰਮ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਚਾਰ ਵਾਰ ਦਿਲ ਦੀ ਮਾਲਸ਼ ਦੇ ਬਾਅਦ ਇੱਕ ਵਾਰ ਮੂੰਹ ਨਾਲ ਸਾਹ ਦਿਓ। ਸਹਾਇਤਾ ਦੇ ਲਈ ਕਿਸੇ ਹੋਰ ਨੂੰ ਬੁਲਾਓ ਕਿਉਂਕਿ ਦੋ ਲੋਕ ਇਹ ਕੰਮ ਜ਼ਿਆਦਾ ਚੰਗੀ ਤਰ੍ਹਾਂ ਨਾਲ ਕਰ ਸਕਦੇ ਹਨ। ਪੀੜਤ ਵਿਅਕਤੀ ਨੂੰ ਕੰਬਲ ਵਿੱਚ ਲਪੇਟ ਦਿਓ ਤਾਂ ਕਿ ਉਸ ਨੂੰ ਗਰਮੀ ਮਿਲ ਸਕੇ। ਜੇਕਰ ਸੰਭਵ ਹੋਵੇ ਤਾਂ ਆਕਸੀਜਨ ਦਿਓ। ਨਿਰਾਸ਼ ਨਾ ਹੋਵੋ। ਜ਼ੋਰਦਾਰ ਕੋਸ਼ਿਸ਼ਾਂ ਨਾਲ ਕਈ ਜਿੰਦਗੀਆਂ ਬਚਾਈਆਂ ਜਾ ਚੁੱਕੀਆਂ ਹਨ। ਦਿਲ ਅਤੇ ਫੇਫੜਿਆਂ ਨੂੰ ਚਲਾਏ ਰੱਖੋ। ਪੀੜਤ ਵਿਅਕਤੀ ਨੂੰ ਹਸਪਤਾਲ ਤੁਰੰਤ ਲੈ ਜਾਓ। ਡੁੱਬਣ ਤੋਂ ਬਚੇ ਵਿਅਕਤੀ ਨੂੰ ਫੇਫੜਿਆਂ ਦਾ ਸੰਕ੍ਰਮਣ ਹੋ ਸਕਦਾ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕੀਤੇ ਜਾਣ ਦੀ ਲੋੜ ਹੈ।

ਡੁੱਬਣਾ ਕੁਝ ਕਾਨੂੰਨੀ ਮੁੱਦੇ

ਡੁੱਬਣ ਨਾਲ ਮੌਤ ਦੀਆਂ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ। ਇਸ ਲਈ ਡੁੱਬਣ ਦੀ ਘਟਨਾ ‘ਚ ਖੁਦਕਸ਼ੀ ਜਾਂ ਹੱਤਿਆ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਡੁੱਬਣ ਦੇ ਹਰ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇਣਾ ਜ਼ਰੂਰੀ ਹੈ। ਜੇਕਰ ਡੁੱਬਣ ਨਾਲ ਮੌਤ ਹੋ ਜਾਵੇ ਤਾਂ ਸਾਰੀ ਜ਼ਰੂਰੀ ਤਹਿਕੀਕਾਤ ਹੋਣੀ ਜ਼ਰੂਰੀ ਹੈ।

ਪੋਸਟਮਾਰਟਮ ਜਾਂਚ ਤੋਂ ਅਤੇ ਸੱਟਾਂ ਲੱਗੀਆਂ ਹੋਣ, ਫੇਫੜਿਆਂ ਵਿੱਚ ਪਾਣੀ ਹੋਣ ਜਾਂ ਖੂਨ ਵਿੱਚ ਸ਼ਰਾਬ ਜਾਂ ਹੋਰ ਪਦਾਰਥਾਂ ਦੇ ਹੋਣ ਦਾ ਪਤਾ ਲੱਗ ਸਕਦਾ ਹੈ। ਇਹ ਵੀ ਪਤਾ ਲੱਗ ਸਕਦਾ ਹੈ ਕਿ ਮੌਤ ਡੁੱਬਣ ਤੋਂ ਪਹਿਲਾਂ ਹੋਈ ਹੈ ਜਾਂ ਬਾਅਦ ਵਿੱਚ। ਇਹ ਵੀ ਸੰਭਵ ਹੈ ਕਿ ਵਿਅਕਤੀ ਨੂੰ ਮਾਰ ਕੇ ਪਾਣੀ ਵਿੱਚ ਸੁੱਟ ਦਿੱਤਾ ਗਿਆ ਹੋਵੇ। ਕੁਦਰਤੀ ਸਬੂਤਾਂ ਨਾਲ ਮੌਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਔਰਤਾਂ ਵਿੱਚ ਡੁੱਬ ਕੇ ਆਤਮ-ਹੱਤਿਆ ਕਰਨਾ ਕਾਫੀ ਆਮ ਹੈ। ਪੁਲਿਸ ਨੂੰ ਆਤਮ-ਹੱਤਿਆ ਦਾ ਕਾਰਨ ਪਤਾ ਕਰਨਾ ਜ਼ਰੂਰੀ ਹੁੰਦਾ ਹੈ। ਕਈ ਵਾਰ ਆਤਮ-ਹੱਤਿਆ ਦੇ ਪਿੱਛੇ ਵੀ ਕੋਈ ਨਾ ਕੋਈ ਵਿਅਕਤੀ ਜ਼ਿੰਮੇਵਾਰ ਹੁੰਦਾ ਹੈ। ਜਿੱਥੋਂ ਤੱਕ ਸੰਭਵ ਹੋਵੇ, ਲੋਕਾਂ ਨੂੰ ਤੈਰਨਾ ਸਿੱਖਣ ਦੇ ਲਈ ਉਤਸ਼ਾਹਿਤ ਕਰੋ। ਸ਼ੁਰੂਆਤੀ ਇਲਾਜ ਦੇ ਬਾਰੇ ਵਿੱਚ ਲੋਕਾਂ ਨੂੰ ਸਿਖਾਓ। ਜੇਕਰ ਪਿੰਡ ਵਿੱਚ ਯੁਵਾ ਕਲੱਬ ਹੈ ਤਾਂ ਉਸ ਦੇ ਮੈਂਬਰ ਸਿੱਖ ਸਕਦੇ ਹਨ। ਮਿਰਗੀ ਬਿਮਾਰੀ ਦਾ ਮਰੀਜ਼ ਦਵਾਈ ਲਗਾਤਾਰ ਲਵੇ ਅਤੇ ਕਦੀ ਵੀ ਇਕੱਲੇ ਵਿੱਚ ਤੈਰਨ ਜਾਂ ਨਦੀ/ਤਾਲਾਬ ਵਿੱਚ ਨਹਾਉਣ ਨਾ ਜਾਏ। ਛੋਟੇ ਬੱਚਿਆਂ ਨੂੰ ਇਸ ਜਗ੍ਹਾ ਇਕੱਲਿਆਂ ਨਾ ਛੱਡੋ।

ਸਰੋਤ: ਭਾਰਤ ਸਵਾਸਥਯ

ਆਖਰੀ ਵਾਰ ਸੰਸ਼ੋਧਿਤ : 8/11/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate