ਐਸਬੈਸਟੋਸ ਕੀ ਹੈ?
ਐਸਬੈਸਟੋਸ, ਪੱਥਰਾਂ ਵਿੱਚ ਕੁਦਰਤੀ ਤੌਰ ਤੇ ਮਿਲਣ ਵਾਲੇ ਖਣਿਜ ਰੇਸ਼ਿਆਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। ਕਈ ਦਹਾਕਿਆਂ ਲਈ ਐਸਬੈਸਟੋਸ ਨੂੰ ਘਰਾਂ ਅਤੇ ਦੂਸਰੀਆਂ ਇਮਾਰਤਾਂ ਵਿੱਚ ਇੰਨਸੂਲੇਟਰ ਅਤੇ ਅੱਗ ਰੋਕਣ ਵਾਲੇ ਪਦਾਰਥ ਦੀ ਤਰ੍ਹਾਂ ਵਰਤਿਆ ਜਾਂਦਾ ਸੀ। ਐਸਬੈਸਟੋਸ ਆਮਤੌਰ ਤੇ ਚਿੱਟਾ ਹੁੰਦਾ ਹੈ, ਅਤੇ ਇਸ ਦੇ ਉਲਝੇ ਹੋਏ ਰੇਸ਼ੇ ਖੁੱਲ ਜਾਣ ਜਾਂ ਖਰਾਬ ਹੋਣ ਕਾਰਨ ਭੁਰਨ ਵਾਲੇ ਹੋ ਸਕਦੇ ਹਨ। ਐਸਬੈਸਟੋਸ ਹੁਣ ਵਪਾਰਕ ਮੰਤਵਾਂ ਲਈ ਵਿਆਪਕ ਤੌਰ ਤੇ ਵਰਤੀ ਨਹੀਂ ਜਾਂਦੀ, ਪਰ ਇਹ ਹਲੇ ਵੀ ਬਹੁਤ ਸਾਰੇ ਪੁਰਾਣੇ ਘਰਾਂ ਅਤੇ ਵਪਾਰਕ ਇਮਾਰਤਾਂ ਵਿੱਚ ਪਾਈ ਜਾ ਸਕਦੀ ਹੈ। ਤੁਹਾਨੂੰ ਐਸਬੈਸਟੋਸ ਪਾਣੀ ਦੀਆਂ ਪੁਰਾਣੀਆਂ ਪਾਇਪਾਂ ਅਤੇ ਪਾਣੀ ਦੇ ਬੌਇਲਰਾਂ ਦੇ ਇਰਦ ਗਿਰਦ ਲਪੇਟੀ ਹੋਈ, ਜਾਂ ਹੀਟਿੰਗ ਡਕਟਾਂ ਦੇ ਹਿੱਸਿਆਂ ਨੂੰ ਇਕੱਠੇ ਟੇਪ ਕਰਨ ਲਈ ਵਰਤੀ ਹੋਈ ਮਿਲ ਸਕਦੀ ਹੈ। ਐਸਬੈਸਟੋਸ ਤੁਹਾਨੂੰ ਸੀਮਿੰਟ, ਫਰਸ਼ਾਂ ਅਤੇ ਛੱਤ ਸੰਬੰਧੀ ਸਮੱਗਰੀਆਂ ਵਿੱਚ ਵੀ ਮਿਲ ਸਕਦੀ ਹੈ।
ਐਸਬੈਸਟੋਸ ਕਾਰਨ ਕਿਹੜੀਆਂ ਸਿਹਤ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ?
ਜਿਆਦਾਤਰ ਸਮੇਂ ਐਸਬੈਸਟੋਸ ਕੋਲੋਂ ਤੁਹਾਡੀ ਸਿਹਤ ਨੂੰ ਬਹੁਤ ਘੱਟ ਖਤਰਾ ਹੁੰਦਾ ਹੈ।ਰੇਸ਼ੇ ਤਾਂ ਹੀ ਖਤਰਾ ਹੁੰਦੇ ਹਨ ਜੇ ਉਹ ਹਵਾ ਵਿੱਚ ਛੱਡੇ ਜਾਂਦੇ ਹਨ ਅਤੇ ਸਾਹ ਰਾਹੀਂ ਅੰਦਰ ਲਏ ਜਾਂਦੇ ਹਨ। ਜਦੋਂ ਐਸਬੈਸਟੋਸ ਦੀਆਂ ਵੱਡੀਆਂ ਮਾਤਰਾਵਾਂ ਸਾਹ ਰਾਹੀਂ ਅੰਦਰ ਲਈਆਂ ਜਾਂਦੀਆਂ ਹਨ, ਤਾਂ ਉਹ ਤਹਾਡੇ ਫੇਫੜਿਆਂ ਵਿੱਚ ਫਸ ਸਕਦੇ ਹਨ ਅਤੇ ਉਥੇ ਹੀ ਰਹਿ ਸਕਦੇ ਹਨ। ਇਸ ਕਰਕੇ ਦਾਗ ਅਤੇ ਸੋਜਸ਼ ਹੋ ਸਕਦੀ ਹੈ। ਹਵਾ ਵਿੱਚ ਐਸਬੈਸਟੋਸ ਦੇ ਉਚੇ ਇਕੱਤਰੀਕਰਨਾਂ ਨਾਲ ਨਿਯਮਿਤ ਜਾਂ ਲੰਮੇ ਸਮੇਂ ਦਾ ਸੰਪਰਕ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਹ ਵੱਖ ਵੱਖ ਕਿਸਮ ਦੀਆਂ ਬੀਮਾਰੀਆਂ ਹੋਣ ਦੇ ਤੁਹਾਡੇ ਖਤਰੇ ਨੂੰ ਵਧਾ ਸਕਦਾ ਹੈ,
ਜਿਵੇਂ ਕਿ:
- ਐਸਬੈਸਟੋਸਿਸ - (ਫੇਫੜਿਆਂ ਦਾ ਦਾਗੀ ਹੋਣਾ);
- ਫੇਫੜਿਆਂ ਦਾ ਕੈਂਸਰ ਅਤੇ
- ਮੇਜ਼ੋਥੀਲੀਓਮਾ (ਸਰੀਰ ਦੇ ਅੰਦਰ ਦੀ ਖਾਲੀ ਜਗ੍ਹਾ ਦੀ ਪਰਤ ਦਾ ਵਿਰਲੀ ਕਿਸਮ ਦਾ ਕੈਸਰ)
ਇਸ ਗੱਲ ਤੇ ਕਈ ਕਾਰਨਾਂ ਦਾ ਅਸਰ ਪੈਂਦਾ ਹੈ ਕਿ ਐਸਬੈਸਟੋਸ ਨਾਲ ਸੰਪਰਕ ਤੁਹਾਡੀ ਸਿਹਤ ਨੂੰ ਕਿਸ ਤਰ੍ਹਾਂ ਪ੍ਰਭਾਵਤ ਕਰੇਗਾ।
ਜੋਖਮ ਦੇ ਕਾਰਕਾਂ ਵਿੱਚ ਸ਼ਾਮਲ ਹਨ:
- ਤੁਹਾਡਾ ਸਿਹਤ ਸੰਬੰਧੀ ਇਤਿਹਾਸ, ਜਿਵੇਂ ਕਿ ਜੇ ਤੁਸੀਂ ਸਿਗਰੇਟ ਪੀਂਦੇ ਹੋ ਜਾਂ ਤੁਹਾਨੂੰ ਫੇਫੜਿਆਂ ਦੀਆਂ ਪਹਿਲਾਂ ਤੋਂ ਮੌਜੂਦ ਬੀਮਾਰੀਆਂ ਹਨ;
- ਹਵਾ ਵਿੱਚ ਕਿੰਨਾ ਐਸਬੈਸਟੋਸ ਮੌਜੂਦ ਸੀ;
- ਤੁਹਾਡਾ ਸੰਪਰਕ ਕਿੰਨੇ ਸਮੇਂ ਦਾ ਸੀ;
- ਤੁਹਾਡਾ ਸੰਪਰਕ ਕਿੰਨੀ ਵਾਰੀ ਹੋਇਆ ਸੀ; ਅਤੇ
- ਐਸਬੈਸਟੋਸ ਦੇ ਰੇਸ਼ਿਆਂ ਦੀ ਕਿਸਮ, ਨਾਪ ਅਤੇ ਆਕਾਰ।
ਸਿਗਰੇਟ ਪੀਣ ਵਾਲੇ ਅਤੇ ਫੇਫੜਿਆਂ ਦੀਆਂ ਪਹਿਲਾਂ ਤੋਂ ਮੌਜੂਦ ਬੀਮਾਰੀਆਂ ਵਾਲੇ ਲੋਕਾਂ ਨੂੰ ਸੰਪਰਕ ਹੋਣ ਦੀ ਸੂਰਤ ਵਿੱਚ ਐਸਬੈਸਟੋਸ ਸੰਬੰਧੀ ਬੀਮਾਰੀਆਂ ਵਿਕਸਤ ਕਰਨ ਦਾ ਜਿਆਦਾ ਖਤਰਾ ਹੈ। ਐਸਬੈਸਟੋਸ ਕਾਰਨ ਹੋਣ ਵਾਲੀਆਂ ਬੀਮਾਰੀਆਂ ਵਿਕਸਤ ਹੋਣ ਵਿੱਚ ਕਈ ਸਾਲ ਲੈਂਦੀਆਂ ਹਨ।ਔਸਤਨ ਤੌਰ ਤੇ, ਸੰਪਰਕ ਹੋਣ ਤੋਂ ਬਾਅਦ ਬੀਮਾਰੀਆਂ ਨੂੰ ਵਿਕਸਤ ਹੋਣ ਵਿੱਚ 15 ਤੋਂ 30 ਸਾਲ ਲਗ ਸਕਦੇ ਹਨ।
ਐਸਬੈਸਟੋਸ ਨਾਲ ਸੰਪਰਕ ਦਾ ਖਤਰਾ ਕਿਸ ਨੂੰ ਹੈ?
ਤੁਹਾਨੂੰ ਐਸਬੈਸਟੋਸ ਨਾਲ ਸੰਪਰਕ ਦਾ ਖਤਰਾ ਕੇਵਲ ਤਾਂ ਹੈ ਜਦੋਂ ਰੇਸ਼ੇ ਹਵਾ ਵਿੱਚ ਛੱਡੇ ਜਾਂਦੇ ਹਨ ਅਤੇ ਸਾਹ ਰਾਹੀਂ ਅੰਦਰ ਲਏ ਜਾਂਦੇ ਹਨ। ਜੇ ਤੁਹਾਡੇ ਘਰ ਦਾ ਨਿਰਮਾਣ 1990 ਤੋਂ ਪਹਿਲਾਂ ਹੋਇਆ ਸੀ, ਤਾਂ ਤੁਹਾਡੇ ਘਰ ਵਿੱਚ ਐਸਬੈਸਟੋਸ ਹੋਣ ਦੀ ਜਿਆਦਾ ਸੰਭਾਵਨਾ ਹੈ। ਇਹ ਤੁਹਾਡੇ ਫਰਨੇਸ ਦੇ ਡਕਟਾਂ ਜਾਂ ਪਾਇਪਾਂ ਦੇ ਆਸੇ ਪਾਸੇ ਲਪੇਟੀ ਹੋਈ ਇੰਸੂਲੇਸ਼ਨ ਦੇ ਨਾਲ ਤੁਹਾਡੇ ਫਰਸ਼ ਦੀਆਂ ਟਾਇਲਾਂ ਅਤੇ ਦੂਸਰੇ ਖੇਤਰਾਂ ਵਿਚ ਹੋ ਸਕਦੀ ਹੈ। ਐਸਬੈਸਟੋਸ ਕੇਵਲ ਤਾਂ ਹੀ ਸਿਹਤ ਸੰਬੰਧੀ ਸੰਭਾਵੀ ਜੋਖਮ ਦਾ ਕਾਰਨ ਹੁੰਦਾ ਹੈ ਜਦੋਂ ਉਸ ਨੂੰ ਹਿਲਾਇਆ ਜੁਲਾਇਆ ਜਾਂਦਾ ਹੈ, ਘਿਸੇ ਹੋਈ ਜਾਂ ਭੁਰ ਰਹੀ ਹੁੰਦੀ ਹੈ ਅਤੇ ਰੇਸ਼ੇ ਹਵਾ ਵਿੱਚ ਛੱਡੇ ਜਾਂਦੇ ਹਨ। ਐਸਬੈਸਟੋਸ ਦੇ ਉਹ ਰੇਸ਼ੇ ਜੋ ਦਿਵਾਰਾਂ ਦੇ ਪਿੱਛੇ ਬੰਦ ਕੀਤੇ ਗਏ, ਐਟਿਕਾਂ ਵਿੱਚ ਅਲੱਗ ਕੀਤੇ ਗਏ, ਸਾਬਤ ਉਤਪਾਦ ਵਿੱਚ ਘੁਟ ਕੇ ਇਕੱਠੇ ਬੰਨ੍ਹੇ ਹੋਏ, ਜਾਂ ਘਰ ਜਾਂ ਇਮਾਰਤ ਦੇ ਅੰਦਰੂਨੀ ਵਾਤਾਵਰਨ ਤੋਂ ਦੂਰ ਰੱਖੇ ਗਏ ਹਨ ਤੋਂ ਬਹੁਤ ਘੱਟ ਖਤਰਾ ਹੁੰਦਾ ਹੈ। ਪਰੀਖਣ ਦਿਖਾਉਂਦੇ ਹਨ ਕਿ ਜੇ ਉਚਿਤ ਸਾਵਧਾਨੀਆਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਪੁਰਾਣੀਆਂ ਇਮਾਰਤਾਂ ਤੋਂ ਐਸਬੈਸਟੋਸ ਨੂੰ ਹਟਾਉਣਾ ਅਸਲ ਵਿੱਚ ਸੰਪਰਕ ਹੋਣ ਦੇ ਖਤਰੇ ਅਤੇ ਹਵਾ ਵਿੱਚ ਐਸਬੈਸਟੋਸ ਦੇ ਰੇਸ਼ਿਆਂ ਦੀ ਮਾਤਰਾ ਨੂੰ ਵਧਾ ਸਕਦਾ ਹੈ। ਐਸਬੈਸਟੋਸ ਨਾਲ ਸੰਪਰਕ ਅਤੇ ਸੰਬੰਧੀ ਬੀਮਾਰੀਆਂ ਐਸਬੈਸਟੋਸ ਦੇ ਕਾਮਿਆਂ,ਉਨ੍ਹਾਂ ਦੇ ਪਰਿਵਾਰਾਂ ਅਤੇ ਐਸਬੈਸਟੋਸ ਦੀਆਂ ਖਾਨਾਂ ਜਾਂ ਉਸ ਨੂੰ ਪ੍ਰੌਸੈਸ ਕਰਨ ਵਾਲੀਆਂ ਸਹੂਲਤਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਵਿੱਚ ਵੀ ਰਿਪੋਰਟ ਕੀਤੀਆਂ ਗਈਆਂ ਹਨ। ਜੇ ਉਚਿਤ ਸਾਵਧਾਨੀਆਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਪੁਰਾਣੀਆਂ ਇਮਾਰਤਾਂ ਦੇ ਨਵੀਨੀਕਰਨ ਅਤੇ ਮੁਰੰਮਤ ਵਿੱਚ ਸ਼ਾਮਲ ਉਸਾਰੀ ਅਤੇ ਕਿੱਤਿਆਂ ਵਾਲੇ ਕਾਮਿਆਂ ਨੂੰ ਐਸਬੈਸਟੋਸ ਨਾਲ ਸੰਪਰਕ ਦਾ ਵਧਿਆ ਹੋਇਆ ਖਤਰਾ ਹੈ।
ਮੈਂ ਆਪਣੇ ਘਰ ਨੂੰ ਸੁਰੱਖਿਅਤ ਕਿਵੇਂ ਬਣਾ ਸਕਦਾਫ਼ਦੀ ਹਾਂ?
ਜੇ ਤੁਸੀਂ ਪੁਰਾਣੇ ਘਰ ਵਿੱਚ ਰਹਿੰਦੇ ਹੋ, ਤਾਂ ਆਪਣੀਆਂ ਗਰਮ ਪਾਣੀ ਦੀਆਂ ਸਾਰੀਆਂ ਪਾਇਪਾਂ ਅਤੇ ਫਰਨੇਸ ਏਅਰ ਡਕਟਾਂ ਦੀ ਨੇਤਰੀ ਜਾਂਚ ਕਰੋ। ਇਹ ਦੇਖਣ ਲਈ ਨਿਰੀਖਣ ਕਰੋ ਜੇ ਐਸਬੈਸਟੋਸ ਜਾਂ ਇੰਸੂਲੇਸ਼ਨ ਦਾ ਸਮਾਨ ਟੁੱਟ ਜਾਂ ਵੱਖ ਵੱਖ ਹੋ ਰਿਹਾ ਹੈ। ਜੇ ਉਹ ਟੁੱਟ ਜਾਂ ਵੱਖ ਵੱਖ ਹੋ ਰਿਹਾ ਹੈ, ਤਾਂ ਉਸ ਨੂੰ ਹਿਲਾਓ ਡੁਲਾਓ ਨਾ।ਇਹ ਐਸਬੈਸਟੋਸ ਦੀ ਹੋਰ ਜਿਆਦਾ ਧੂੜ ਉਤਪੰਨ ਕਰ ਸਕਦੇ ਹੈ ਜੋ ਤੁਹਾਡੇ ਸਾਰੇ ਘਰ ਵਿੱਚ ਫੈਲ ਸਕਦੀ ਹੈ। ਲੋਕਾਂ ਅਤੇ ਪਾਲਤੂ ਜਾਨਵਰਾਂ ਨੂੰ ਦੂਰ ਰੱਖੋ, ਅਤੇ ਸਮਾਨ ਨੂੰ ਹਟਾਉਣ ਜਾਂ ਸੀਲ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਇੱਕ ਐਸਬੈਸਟੋਸ ਕਟੌਤੀ ਮਾਹਰ ਦੇ ਨਾਲ ਸਲਾਹ ਕਰੋ।
ਇੰਸੂਲੇਸ਼ਨ ਦੇ ਕੁਝ ਰੂਪ ਐਸਬੈਸਟੋਸ ਵਰਗੇ ਲਗ ਸਕਦੇ ਹਨ, ਪਰ ਉਹ ਅਸਲ ਵਿੱਚ ਖਣਿਜ ਜਾਂ ਫਾਇਬਰਗਲਾਸ ਅਧਾਰਤ ਇੰਸੂਲੇਸ਼ਨ ਸਮੱਗਰੀ ਹੈ ਜੋ ਸਿਹਤ ਲਈ ਖਤਰਾ ਨਹੀਂ ਹਨ। ਤੁਸੀਂ ਹਮੇਸ਼ਾ ਸਿਰਫ ਦੇਖ ਕਿ ਇਹ ਨਹੀਂ ਦੱਸ ਸਕਦੇ ਕਿ ਕਿਸੀ ਸਮਾਨ ਵਿੱਚ ਐਸਬੈਸਟੋਸ ਹੈ ਜਾਂ ਨਹੀਂ।ਸੁਰੱਖਿਅਤ ਰਹਿਣਾ ਅਤੇ ਸਮੱਗਰੀ ਦੇ ਨਮੂਨੇ ਦੀ ਪੇਸ਼ੇਵਰ ਦੁਆਰਾ ਜਾਂਚ ਕਰਵਾ ਲੈਣਾ ਹਮੇਸ਼ਾ ਸਭ ਤੋਂ ਚੰਗਾ ਹੁੰਦਾ ਹੈ। ਜੇ ਤੁਸੀਂ ਕਿਸੇ ਪੁਰਾਣੇ ਘਰ ਦਾ ਨਵੀਨੀਕਰਨ ਕਰ ਰਹੇ ਹੋ, ਤਾਂ ਐਸਬੈਸਟੋਸ ਦੇ ਅਕਲਪਿਤ ਸ੍ਰੋਤਾਂ ਲਈ ਚੁਕੰਨੇ ਰਹੋ। ਨਵੀਨੀਕਰਨ ਸ਼ੁਰੂ ਕਰਨ ਤੋਂ ਪਹਿਲਾਂ ਪੇਸ਼ੇਵਰ ਦੀ ਰਾਏ ਲਓ ਅਤੇ ਉਸ ਨੂੰ ਹਟਾਉਣ ਦਾ ਸੰਚਾਲਨ ਕਰਨ ਲਈ ਇੱਕ ਪੇਸ਼ੇਵਰ ਕਰੋ। ਅੰਸ਼ਕ ਰੂਪ ਨਾਲ ਐਸਬੈਸਟੋਸ ਨਾਲ ਬਣੀਆਂ ਫਰਸ਼ ਦੀਆਂ ਟਾਇਲਾਂ, ਪਲਸਤਰ ਕੀਤੀਆਂ ਦਿਵਾਰਾਂ ਜਾਂ ਪਾਰਟੀਸ਼ਨਾਂ ਦੀ ਮਸ਼ੀਨ ਨਾਲ ਰਗੜਾਈ ਸਾਹ ਰਾਹੀਂ ਅੰਦਰ ਲਏ ਜਾਣ ਵਾਲੇ ਰੇਸ਼ਿਆਂ ਦੀਆਂ ਖਤਰਨਾਕ ਮਾਤਰਾਵਾਂ ਹਵਾ ਵਿੱਚ ਛੱਡ ਸਕਦੀ ਹੈ।
ਮੈਂ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਸੁਰੱਖਿਅਤ ਕਿਵੇਂ ਰੱਖ ਸਕਦਾਫ਼ਸਕਦੀ ਹਾਂ?
ਜੇ ਤੁਹਾਡੇ ਵਾਸਤੇ ਆਪਣੇ ਘਰ ਵਿੱਚ ਐਸਬੈਸਟੋਸ ਦੀ ਵਿਕਰਿਤ ਸਮੱਗਰੀ ਦੀਆਂ ਛੋਟੀਆਂ ਮਾਤਰਾਵਾਂ ਨੂੰ ਛੂਹਣਾ ਜਰੂਰੀ ਹੈ, ਤਾਂ ਅਜਿਹੇ ਕਦਮ ਹਨ ਜੋ ਤੁਸੀਂ ਆਪਣੀ ਅਤੇ ਦੂਸਰਿਆਂ ਦੀ ਰੱਖਿਆ ਕਰਨ ਲਈ ਚੁੱਕ ਸਕਦੇ ਹੋ।
- ਇਹ ਕੰਮ ਕਰਨ ਲਈ ਹਮੇਸ਼ਾ ਸਹੀ ਢੰਗ ਨਾਲ ਫਿਟ ਹੋਣ ਵਾਲਾ ਮਾਨਤਾ ਪ੍ਰਾਪਤ ਮੂੰਹ ਦਾ ਨਕਾਬ, ਦਸਤਾਨੇ ਅਤੇ ਬਾਹਵਾਂ ਅਤੇ ਪੈਂਟ ਦੇ ਕਫ ਤੇ ਟੇਪ ਹੋਣ ਵਾਲੇ ਵਰਤ ਕੇ ਸੁੱਟ ਦਿਤੇ ਜਾ ਸਕਣ ਵਾਲੇ ਓਵਰਔਲ ਪਾਓ।
- ਇੱਕ ਡਰੌਪ ਸ਼ੀਟ ਵਰਤ ਕੇ ਕੋਈ ਵੀ ਧੂੜ ਨੂੰ ਇੱਕੋ ਥਾਂ ਤੇ ਰੱਖਣ ਅਤੇ ਕੰਮ ਕਰਨ ਦੀ ਥਾਂ ਨੂੰ ਨਿਵੇਕਲਾ ਰੱਖਣ ਲਈ ਸੀਲ ਕੀਤੀ ਪਲਾਸਟਿਕ ਦੀ ਚਾਦਰ ਵਰਤ ਕੇ ਵਾਧੂ ਸਾਵਧਾਨੀ ਵਰਤੋ।
- ਹੋਰ ਧੂੜ ਉਤਪੰਨ ਹੋਣ ਤੋਂ ਰੋਕਣ ਲਈ, ਸਮੱਗਰੀ ਨੂੰ ਸਾਵਧਾਨੀ ਨਾਲ ਗਿੱਲਾ ਕਰੋ ਅਤੇ ਐਸਬੈਸਟੋਸ ਸਮੱਗਰੀਆਂ ਨੂੰ ਹੋਰ ਜਿਆਦਾ ਕੱਟਣ ਜਾਂ ਨੁਕਸਾਨ ਪਹੁੰਚਾਉਣ ਤੋਂ ਪਰਹੇਜ਼ ਕਰੋ।
- ਧੂੜ ਨੂੰ ਗਿੱਲਾ ਕਪੜਾ ਵਰਤ ਕੇ ਸਾਫ ਕਰੋ। ਐਸਬੈਸਟੋਸ ਦੀ ਧੂੜ ਨੂੰ ਇਕੱਠਾ ਕਰਨ ਵਾਸਤੇ ਵੈਕਿਯੂਮ ਕਲੀਨਰ ਨਾ ਵਰਤੋ, ਕਿਉਂਕਿ ਜਿਆਦਤਰ ਵੈਕਕਿਯੂਮ ਬੈਗ, ਛੋਟੇ, ਜਿਆਦਾ ਖਤਰਨਾਕ ਰੇਸ਼ਿਆਂ ਨੂੰ ਇਕੱਠਾ ਕਰਨ ਵਾਲੇ ਬੈਗ ਵਿੱਚੋਂ ਲੰਘ ਕੇ ਹਵਾ ਵਿੱਚ ਵਾਪਸ ਜਾਣ ਦਿੰਦੇ ਹਨ।
- ਐਸਬੈਸਟੋਸ ਵਾਲੇ ਕਚਰੇ ਨੂੰ ਪਲਾਸਟਿਕ ਬੈਗ ਵਿੱਚ ਸੀਲ ਕਰੋ ਅਤੇ ਸੁਰੱਖਿਅਤ ਨਿਪਟਾਰੇ ਲਈ ਆਪਣੀ ਮਿਉਂਸੀਪੈਲਟੀ ਜਾਂ ਬੀ ਸੀ ਮਨਿਸਟਰੀ ਆਫ ਇੰਨਵਾਏਰਨਮੈਂਟ ਨੂੰ ਸੰਪਰਕ ਕਰੋ।
- ਕਪੜਿਆਂ ਨੂੰ ਵੱਖਰੇ ਸੁੱਟੋ ਜਾਂ ਧੋਵੋ (ਉਨ੍ਹਾਂ ਨੂੰ ਝਾੜੋ ਨਾਂਹ), ਅਤੇ ਕੰਮ ਖਤਮ ਕਰਨ ਤੋਂ ਬਾਅਦ ਨਹਾਓ।
ਸਰੋਤ : ਸਿਹਤ ਵਿਭਾਗ