অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਸੰਪੂਰਣਤਾਵਾਦ ਤੋਂ ਛੁਟਕਾਰਾ ਹਾਸਲ ਕਰਨ ਵਿੱਚ ਆਪਣੇ ਬੱਚੇ ਦੀ ਸਹਾਇਤਾ ਕਰਨੀ

ਸੰਪੂਰਣਤਾਵਾਦ ਤੋਂ ਛੁਟਕਾਰਾ ਹਾਸਲ ਕਰਨ ਵਿੱਚ ਆਪਣੇ ਬੱਚੇ ਦੀ ਸਹਾਇਤਾ ਕਰਨੀ

ਬੱਚਿਆਂ ਅਤੇ ਅਲ੍ਹੜਾਂ ਵਿੱਚ ਸੰਪੂਰਣਤਾਵਾਦ ਦੇ ਕੀ ਲੱਛਣ ਹਨ:

(੧) ਗ਼ਲਤੀਆਂ ਕਰਨ ਬਾਰੇ ਬਹੁਤ ਜ਼ਿਆਦਾ ਚਿੰਤਤ, ਗੁੱਸੇ ਜਾਂ ਪਰੇਸ਼ਾਨ ਹੋਣ ਦੀ ਪਰਵਿਰਤੀ

(੨) ਕੰਮ ਟਾਲਣ ਦੀ ਪੁਰਾਣੀ ਆਦਤ ਅਤੇ ਕਾਰਜਾਂ ਨੂੰ ਖ਼ਤਮ ਕਰਨ ਵਿੱਚ ਮੁਸ਼ਕਲ ਆਉਣੀ

(੩) ਛੇਤੀ ਚਿੜ ਜਾਣਾ ਅਤੇ ਅਸਾਨੀ ਨਾਲ ਹੌਸਲਾ ਛੱਡ ਦੇਣਾ

(੪) ਹੇਠੀ ਹੋਣ ਜਾਂ ਬੇਇੱਜ਼ਤ ਹੋ ਜਾਣ ਦਾ ਪੁਰਾਣਾ ਡਰ

(੫) ਬਹੁਤ ਜ਼ਿਆਦਾ ਚੌਕਸ ਅਤੇ ਕੰਮ ਨੂੰ ਬਹੁਤ ਧਿਆਨ ਨਾਲ ਕਰਨਾ (ਉਦਾਹਰਣ ਵਜੋਂ, ੨੦ ਮਿੰਟਾਂ ਵਿੱਚ ਕੀਤੇ ਜਾ ਸਕਣ ਵਾਲੇ ਹੋਮਵਰਕ 'ਤੇ ੩ ਘੰਟੇ ਲਗਾਉਣੇ)

(੬) ਦੁਬਾਰਾ ਲਿਖ ਕੇ ਚੀਜ਼ਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ

(੭) ਕਾਰਜ ਸੰਪੂਰਣ ਢੰਗ ਨਾਲ ਜਾਂ ਉਮੀਦ ਮੁਤਾਬਕ ਨਾ ਹੋਣ 'ਤੇ ਅਕਸਰ ਤਬਾਹਕੁੰਨ ਪ੍ਰਤੀਕਰਮ ਹੋਣਾ ਜਾਂ ਕਾਬੂ ਤੋਂ ਬਾਹਰ ਹੋ  ਜਾਣਾ

(੮) ਗ਼ਲਤੀ ਕਰਨ ਦੇ ਡਰ ਤੋਂ ਨਵੇਂ ਕਾਰਜ ਕਰਨ ਦੀ ਕੋਸ਼ਿਸ਼ ਕਰਨ ਤੋਂ ਇਨਕਾਰ ਕਰਨਾ

ਸੰਪੂਰਣਤਾਵਾਦ ਤੋਂ ਛੁਟਕਾਰਾ ਹਾਸਲ ਕਰਨ ਵਿੱਚ ਆਪਣੇ ਬੱਚੇ ਦੀ ਸਹਾਇਤਾ ਕਰਨੀ: ਇਹ ਕਿਵੇਂ ਕਰਨਾ ਹੈ?

ਪੜਾਅ ੧: ਆਪਣੇ ਬੱਚੇ ਨੂੰ ਸੰਪੂਰਣਤਾਵਾਦ ਬਾਰੇ ਸਿੱਖਿਆ ਦਿਓ:

ਪਹਿਲਾਂ, ਆਪਣੇ ਬੱਚੇ ਨਾਲ ਸੰਪੂਰਣਤਾਵਾਦ ਬਾਰੇ ਗੱਲ ਕਰੋ। ਇਹ ਸਮਝਣ ਵਿੱਚ ਉਸ ਦੀ ਮਦਦ ਕਰੋ ਕਿ ਸੰਪੂਰਣਤਾਵਾਦ ਸਾਨੂੰ ਆਪਣੇ

ਅਤੇ ਹੋਰ ਲੋਕਾਂ ਪ੍ਰਤੀ ਜ਼ਿਆਦਾ ਅਲੋਚਨਾਤਮਕ ਬਣਾ ਦਿੰਦਾ ਹੈ। ਇਸ ਨਾਲ ਅਸੀਂ ਨਵੇਂ ਕਾਰਜਾਂ ਲਈ ਹੰਭਲਾ ਮਾਰਨ ਵਿੱਚ ਨਾਖ਼ੁਸ਼ ਅਤੇ

ਚਿੰਤਤ ਮਹਿਸੂਸ ਕਰ ਸਕਦੇ ਹਾਂ। ਸੰਪੂਰਣਤਾਵਾਦ ਕੰਮ ਨੇਪਰੇ ਚਾੜ੍ਹਨ ਵਿੱਚ ਔਖਿਆਈ ਪੈਦਾ ਕਰਦਾ ਹੈ ਅਤੇ ਪਰਿਵਾਰ ਵਿੱਚ ਸਭ ਨੂੰ ਖਿਝਾ

ਸਕਦਾ ਹੈ! ਛੋਟੇ ਬੱਚਿਆਂ ਲਈ, ਇਸ ਨੂੰ 'ਸੰਪੂਰਣਤਾਵਾਦ' ਕਹਿਣ ਦੀ ਬਜਾਏ ਤੁਸੀਂ ਇਹ ਕਹਿ ਸਕਦੇ ਹੋ:

"ਕੁੱਝ ਬਾਲਗਾਂ ਅਤੇ ਬੱਚਿਆਂ ਦੇ ਅੰਦਰੋਂ ਇੱਕ ਹਲਕੀ ਜਿਹੀ ਆਵਾਜ਼ ਆਉਂਦੀ ਹੈ ਜਿਹੜੀ ਉਨ੍ਹਾਂ ਨੂੰ ਸੰਪੂਰਣ ਢੰਗ ਨਾਲ ਕਾਰਜ ਕਰਨ ਲਈ ਕਹਿੰਦੀ ਹੈ। ਇਹ ਆਵਾਜ਼ ਅਜਿਹੀਆਂ ਗੱਲਾਂ ਕਹਿੰਦੀ ਹੈ: “ਜੇ ਤੂੰ ਇਸ ਨੂੰ ਸੰਪੂਰਣ ਢੰਗ ਨਾਲ ਨਾ ਕੀਤਾ, ਤੂੰ ਅਸਫ਼ਲ ਹੈਂ,” ਜਾਂ “ਦੂਜਿਆਂ ਨੂੰ ਨਿਰਾਸ਼ ਕਰਨ ਦਾ ਮਤਲਬ ਹੈ ਕਿ ਤੂੰ ਬਹੁਤ ਬੁਰਾ ਵਿਅਕਤੀ ਹੈਂ।” ਇਹ ਆਵਾਜ਼ ਗ਼ਲਤੀਆਂ ਕਰਨ ਨੂੰ ਬਹੁਤ ਡਰਾਉਣਾ ਬਣਾ ਦਿੰਦੀ ਹੈ! ਇਸ ਨਾਲ ਨਵੀਆਂ ਚੀਜ਼ਾਂ ਨੂੰ ਸਿੱਖਣਾ ਵੀ ਹੋਰ ਔਖਾ ਹੋ ਜਾਂਦਾ ਹੈ ਕਿਉਂਕਿ ਚੰਗੇ ਪਰਦਰਸ਼ਨ ਲਈ ਬਹੁਤ ਸਾਰਾ ਅਭਿਆਸ ਅਤੇ ਸਮਾਂ ਚਾਹੀਦਾ ਹੁੰਦਾ ਹੈ। ਸੰਪੂਰਣ ਹੋਣ ਦੀ ਕੋਸ਼ਿਸ਼ ਕਈ ਕਾਰਜਾਂ ਅਤੇ ਪ੍ਰਾਪਤੀਆਂ ਵਿੱਚੋਂ ਆਨੰਦ ਦਾ ਖ਼ਾਤਮਾ ਕਰ ਦਿੰਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਦੇ-ਕਦੇ ਇਹ ਆਵਾਜ਼ਾਂ ਸੁਣਾਈ ਦਿੰਦੀਆਂ ਹਨ?"

ਅਲ੍ਹੜਾਂ ਲਈ, ਇਸ ਨੂੰ ਸੰਪੂਰਣਤਾਵਾਦ (ਪਰਫ਼ੈਕਸ਼ਨਿਜ਼ਮ) ਹੀ ਕਹੋ ਕਿਉਂਕਿ ਹੋ ਸਕਦਾ ਹੈ ਕਿ ਉਹ ਇਸ ਬਾਰੇ ਆਪ ਹੋਰ ਜਾਣਕਾਰੀ ਲੱਭਣੀ ਚਾਹੁੰਦੇ ਹੋਣ (ਇੰਟਰਨੈੱਟ 'ਤੇ ਜਾਂ ਲਾਇਬ੍ਰੇਰੀ ਵਿੱਚੋਂ)।

ਪੜਾਅ ੨: ਸਕਾਰਾਤਮਕ ਬਿਆਨ ਸਿਖਾਓ।

ਜਿਨ੍ਹਾਂ ਬੱਚਿਆਂ ਅਤੇ ਅਲ੍ਹੜਾਂ ਨੂੰ ਸੰਪੂਰਣਤਾ ਦੀ ਤਾਂਘ ਹੁੰਦੀ ਹੈ, ਅਕਸਰ ਉਨ੍ਹਾਂ ਦੀ ਕੱਟੜ “ਬਲੈਕ ਐਂਡ ਵਾਈਟ” ਸੋਚ ਹੁੰਦੀ ਹੈ। ਚੀਜ਼ਾਂ ਜਾਂ ਸਹੀ ਹੁੰਦੀਆਂ ਹਨ ਜਾਂ ਗ਼ਲਤ, ਚੰਗੀਆਂ ਹੁੰਦੀਆਂ ਹਨ ਜਾਂ ਬੁਰੀਆਂ, ਸੰਪੂਰਣ ਜਾਂ ਅਸਫ਼ਲ। ਇਸ ਸੋਚ ਦੇ ਦਰਮਿਆਨ ਧੁੰਦਲੇਪਨ ਦੀ ਪਛਾਣ ਕਰਨ ਲਈ ਆਪਣੇ ਬੱਚੇ ਦੀ ਮਦਦ ਕਰੋ। ਉਦਾਹਰਣ ਵਜੋਂ, ਕਿਸੇ ਚੀਜ਼ ਵਿੱਚ ਕਮੀ ਹੋਣ ਦੇ ਬਾਵਜੂਦ ਵੀ ਉਹ ਖ਼ੂਬਸੂਰਤ ਹੋ ਸਕਦੀ ਹੈ। ਭ+ ਮਿਲਣਾ ਵੀ ਇੱਕ ਵਧੀਆ ਪ੍ਰਾਪਤੀ ਹੈ, ਖ਼ਾਸ ਤੌਰ ਤੇ ਜੇ ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੋਵੇ! ਆਪਣੇ ਬੱਚੇ ਨੂੰ ਸਵੈ-ਅਲੋਚਨਾਤਮਕ ਜਾਂ ਸੰਪੂਰਣਤਾ ਦੇ ਵਿਚਾਰਾਂ ਨੂੰ ਜ਼ਿਆਦਾ ਸਕਾਰਾਤਮਕ, ਸਹਾਇਕ ਬਿਆਨਾਂ ਨਾਲ ਤਬਦੀਲ ਕਰਨ ਦੀ ਹੱਲਾਸ਼ੇਰੀ ਦਿਓ। ਜੇ ਉਹ ਇਨ੍ਹਾਂ ਬਿਆਨਾਂ ਉੱਪਰ ਤੁਰੰਤ ਵਿਸ਼ਵਾਸ ਨਹੀਂ ਵੀ ਕਰਦਾ, ਵਾਰ-ਵਾਰ ਦੋਹਰਾਏ ਜਾਣ 'ਤੇ ਇਹ ਸਕਾਰਾਤਮਕ ਵਿਚਾਰ ਇੱਕ ਆਦਤ ਬਣ ਜਾਣਗੇ ਅਤੇ ਨਕਾਰਾਤਮਕ ਸਵੈ-ਵਾਰਤਾਲਾਪ ਨੂੰ ਬਾਹਰ ਕਰਨ ਵਿੱਚ ਸਹਾਈ ਹੋਣਗੇ।

ਸਕਾਰਾਤਮਕ ਬਿਆਨਾਂ ਦੇ ਕੁੱਝ ਉਦਾਰਹਣ:

(੧) ਕੋਈ ਵੀ ਸੰਪੂਰਣ ਨਹੀਂ ਹੁੰਦਾ!

(੨) ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਸਕਦਾ ਹਾਂ

(੩) ਗ਼ਲਤੀਆਂ ਕਰਦੇ ਹੋਏ ਵੀ ਆਪਣੇ ਆਪ 'ਤੇ ਭਰੋਸਾ ਰੱਖਣਾ ਬਿਹਤਰ ਕਾਰਗੁਜ਼ਾਰੀ ਵਿੱਚ ਮੇਰੀ ਮਦਦ ਕਰੇਗਾ! ਜਦੋਂ ਤੁਹਾਡਾ ਬੱਚਾ ਆਪਣੇ ਆਪ ਪ੍ਰਤੀ ਅਲੋਚਨਾਤਮਕ ਜਾਂ ਕਿਸੇ ਕਾਰਜ ਨੂੰ ਸੰਪੂਰਣ ਢੰਗ ਨਾਲ ਨਾ ਕਰ ਸਕਣ ਕਾਰਨ ਪਰੇਸ਼ਾਨ ਹੋਣ ਲੱਗੇ ਤਾਂ ਉਸਨੂੰ ਆਪਣੇ ਆਪ ਨੂੰ ਉੱਪਰ ਲਿੱਖੀਆਂ ਗੱਲਾਂ ਆਖਣ ਲਈ ਕਹੋ। ਬੱਚੇ ਨੂੰ ਇਨ੍ਹਾਂ ਬਿਆਨਾਂ ਨੂੰ ਲਿਖ ਕੇ ਕਿਤੇ ਨੇੜੇ ਰੱਖਣ ਦੀ ਸਲਾਹ ਦਿਓ (ਉਦਾਹਰਣ, ਪੈਨਸਿਲਾਂ ਵਾਲੇ ਡੱਬੇ ਵਿੱਚ ਇੱਕ ਪੋਸਟ-ਇੱਟ ਨੋਟ)।

ਸਹਾਇਕ ਗੁਰ: ਜਦੋਂ ਤੁਸੀਂ ਆਪ ਕੋਈ ਗੜਬੜ ਜਾਂ ਗ਼ਲਤੀ ਕਰ ਦੇਵੋ, ਇੱਕ ਮਾਪੇ ਵਜੋਂ ਇਹ ਗੱਲਾਂ ਆਪਣੇ ਆਪ ਨੂੰ ਵੀ ਉੱਚੀ ਆਵਾਜ਼ ਵਿੱਚ ਕਹੋ। ਤੁਹਾਡਾ ਬੱਚਾ ਧਿਆਨ ਦੇਵੇਗਾ ਅਤੇ ਸਿੱਖੇਗਾ ਕਿ ਜ਼ਿੰਦਗੀ ਨੂੰ ਹਮੇਸ਼ਾਂ ਬਹੁਤੀ ਸੰਜੀਦਗੀ ਨਾਲ ਨਾ ਲੈਣਾ ਠੀਕ ਹੈ!

ਪੜਾਅ ੩: ਦ੍ਰਿਸ਼ਟੀਕੋਣ ਹਾਸਲ ਕਰਨ ਵਿੱਚ ਆਪਣੇ ਬੱਚੇ ਦੀ ਮਦਦ ਕਰੋ:

ਸੰਪੂਰਣਤਾ ਦੀ ਤਾਂਘ ਰੱਖਣ ਵਾਲੇ ਬੱਚਿਆਂ ਅਤੇ ਅਲ੍ਹੜਾਂ ਵਿੱਚ ਸਥਿਤੀਆਂ ਪ੍ਰਤੀ “ਤਬਾਹਕੁੰਨ” ਨਜ਼ਰੀਆ ਰੱਖਣ ਦੀ ਪਰਵਿਰਤੀ ਹੁੰਦੀ ਹੈ। ਉਹ ਗ਼ਲਤੀਆਂ ਅਤੇ ਨੁਕਸਾਂ ਨੂੰ ਅਸਲ ਨਾਲੋਂ ਵਧੇਰੇ ਭਿਆਨਕ ਸਮਝਦੇ ਹਨ। ਉਹ ਅਸਫ਼ਲਤਾ ਦੇ ਸੰਭਵ ਮਾੜੇ ਸਿੱਟਿਆਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਵਧੇਰੇ ਕੇਸਾਂ ਵਿੱਚ ਡਰ ਪੈਦਾ ਕਰਨ ਵਾਲੇ ਇਨ੍ਹਾਂ ਸਿੱਟਿਆਂ ਦੇ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਬੱਚੇ ਇਨ੍ਹਾਂ ਨੂੰ ਅਸਲੀਅਤ ਦੇ ਮੁਕਾਬਲੇ ਵਧੇਰੇ ਕਠੋਰ ਸਮਝਦੇ ਹਨ। ਇਹ ਸਮਝਿਆ ਜਾ ਸਕਦਾ ਹੈ ਕਿ ਸਥਿਤੀਆਂ ਪ੍ਰਤੀ ਤਬਾਹਕੁੰਨ ਨਜ਼ਰੀਆ ਚਿੰਤਾ ਨੂੰ ਵਧਾਉਂਦਾ ਹੈ ਅਤੇ ਕਾਰਗੁਜ਼ਾਰੀ ਵਿੱਚ ਅੜਚਨਾਂ ਪੈਦਾ ਕਰਦਾ ਹੈ। ਆਪਣੇ ਬੱਚੇ ਨੂੰ ਇਹ ਅਹਿਸਾਸ ਦਵਾਓ ਕਿ ਇੱਕ ਗ਼ਲਤੀ ਅਸਫ਼ਲਤਾ ਦੇ ਬਰਾਬਰ ਨਹੀਂ ਹੁੰਦੀ ਅਤੇ ਇੱਕ ਮਾੜਾ ਪ੍ਰਦਰਸ਼ਨ ਇਹ ਨਹੀਂ ਦਰਸਾਉਂਦਾ ਕਿ ਉਹ ਨਿਕੰਮਾ ਹੈ।

ਉਨ੍ਹਾਂ ਮਸ਼ਹੂਰ ਲੋਕਾਂ ਜਾਂ ਕਿਤਾਬੀ ਜਾਂ ਫ਼ਿਲਮੀ ਕਿਰਦਾਰਾਂ ਦੀਆਂ ਗੱਲਾਂ ਕਰੋ ਜਿਨ੍ਹਾਂ ਨੂੰ ਤੁਹਾਡਾ ਬੱਚਾ ਪਸੰਦ ਕਰਦਾ ਹੈ ਅਤੇ ਜੋ ਗ਼ਲਤੀਆਂ ਕਰਨ ਦੇ ਬਾਵਜੂਦ ਵੀ ਸਫ਼ਲ ਹੋਏ! ਉਦਾਹਰਣ ਵਜੋਂ, ਬਿਜਲੀ ਦੇ ਬਲਬ ਲਈ ਸਹੀ ਤਾਰ ਲੱਭਣ ਤੋਂ ਪਹਿਲਾਂ ਥੌਮਸ ਐਡੀਸਨ ਹਜ਼ਾਰ ਵਾਰੀ ਨਾਕਾਮ ਹੋਇਆ ਸੀ! ਬਾਸਕੇਟਬੌਲ ਦੇ ਮਸ਼ਹੂਰ ਖਿਡਾਰੀ ਮਾਈਕਲ ਜੌਰਡਨ ਵੱਲੋਂ ਪਹਿਲੀ ਵਾਰੀ ਆਪਣੇ ਹਾਈ ਸਕੂਲ ਦੀ ਬਾਸਕੇਟਬੌਲ ਟੀਮ ਦਾ ਹਿੱਸਾ ਬਣਨ ਦਾ ਯਤਨ ਕਰਨ ਸਮੇਂ ਉਸਨੂੰ ਚੁਣਿਆ ਨਹੀਂ ਗਿਆ ਸੀ।

ਸਹਾਇਕ ਗੁਰ: ਤੁਸੀਂ ਅਤੇ ਤੁਹਾਡਾ ਬੱਚਾ ਗ਼ਲਤੀਆਂ ਦੀ ਮਹੱਤਤਾ ਬਾਰੇ ਹੋਰ ਵਧੀਆ ਮਿਸਾਲਾਂ ਲੱਭ ਜਾਂ ਘੜ ਸਕਦੇ ਹੋ। ਬੱਚੇ ਜਾਂ ਬੱਚੀ ਨੂੰ ਉਸ ਦੀ ਮਨਪਸੰਦ ਅਸਫ਼ਲਤਾ ਦੀ ਮਿਸਾਲ ਲਿਖ ਕੇ ਰੱਖਣ ਲਈ ਕਹੋ। ਉਦਾਹਰਣ ਵਜੋਂ:

ਪੜਾਅ ੪: ਸਿਫ਼ਤ ਕਰੋ!

ਤੁਹਾਡਾ ਬੱਚਾ ਸਫ਼ਲ ਹੋਵੇ ਜਾਂ ਨਾ, ਉਸ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸਿਫ਼ਤ ਕਰਨਾ ਬਹੁਤ ਮਹੱਤਵਪੂਰਨ ਹੈ। ਖ਼ਾਸ ਤੌਰ ਤੇ ਸੰਪੂਰਣਤਾ ਦੀ ਤਾਂਘ ਰੱਖਣ ਵਾਲੇ ਬੱਚੇ ਜਾਂ ਅਲ੍ਹੜ ਲਈ ਤਾਂ ਇਹ ਬਹੁਤ ਹੀ ਜ਼ਰੂਰੀ ਹੈ। ਸਫ਼ਲਤਾ ਦੀ ਸਿਫ਼ਤ ਕਰਨ ਦੀ ਥਾਂ, ਕਹੋ ਵਾਹ! ਮੈਨੂੰ ਲੱਗਦਾ ਹੈ ਤੂੰ ਇਸ ਲਈ ਬਹੁਤ ਮਿਹਨਤ ਕੀਤੀ ਹੈ” ਜਾਂ “ਤੂੰ ਬਹੁਤ ਹਿੰਮਤ ਅਤੇ ਆਤਮ-ਵਿਸ਼ਵਾਸ ਦਿਖਾਇਆ!” ਨਾਲ ਹੀ, ਉਨ੍ਹਾਂ ਹੁਨਰਾਂ ਦੀ ਵੀ ਸਿਫ਼ਤ ਕਰੋ ਜਿਹੜੇ ਸਿੱਧੇ ਤੌਰ ਤੇ ਸਫ਼ਲਤਾ ਨਾਲ ਨਹੀਂ ਜੁੜੇ ਹੋਏ (ਉਦਾਹਰਣ, ਹੋਰਾਂ ਨਾਲ ਚੀਜ਼ਾਂ ਸਾਂਝੀਆਂ ਕਰਨੀਆਂ, ਕੋਈ ਮਹੱਵਪੂਰਨ ਗੱਲ ਯਾਦ ਰੱਖਣੀ, ਚੰਗਾ ਖੇਡਣਾ ਜਾਂ ਜੇਤੂ ਨੂੰ ਵਧਾਈਆਂ ਦੇਣੀਆਂ)।

ਕੰਮ ਟਾਲਣ ਦੀ ਪਰਵਿਰਤੀ ਤੋਂ ਛੁਟਕਾਰਾ ਪਾਉਣਾ

ਸੰਪੂਰਣਤਾ ਦੀ ਤਾਂਘ ਰੱਖਣ ਵਾਲੇ ਬੱਚੇ ਅਤੇ ਅਲ੍ਹੜ ਅਕਸਰ ਕਾਰਜਾਂ ਨੂੰ ਟਾਲ ਕੇ ਗ਼ਲਤੀਆਂ ਕਰਨ ਦੇ ਆਪਣੇ ਡਰ ਨਾਲ ਨਜਿੱਠਦੇ ਹਨ।

ਯਥਾਰਥਕ ਕਾਰਜਕ੍ਰਮ ਬਣਾਉਣਾ - ਵੱਡੇ ਕਾਰਜਾਂ ਨੂੰ ਛੋਟੇ, ਸੰਭਾਲੇ ਜਾ ਸਕਣ ਵਾਲੇ ਕਦਮਾਂ ਵਿੱਚ ਤਕਸੀਮ ਕਰਨ ਵਿੱਚ ਆਪਣੇ ਬੱਚੇ ਦੀ ਮਦਦ ਕਰੋ। ਇੱਕ ਚਾਰਟ ਜਾਂ ਕੈਲੰਡਰ ਉੱਪਰ ਟੀਚੇ ਨੂੰ ਹਾਸਲ ਕਰਨ ਜਾਂ ਕੰਮ ਨੂੰ ਖ਼ਤਮ ਕਰਨ ਦੀ ਆਖ਼ਰੀ ਤਾਰੀਖ਼ ਲਿਖੋ ਅਤੇ ਪਿੱਛਲ-ਪੈਰੀਂ ਕੰਮ ਕਰਨਾ ਸ਼ੁਰੂ ਕਰੋ। ਕੰਮ ਦੇ ਨਾਲ-ਨਾਲ ਛੋਟੇ ਟੀਚੇ ਧਾਰਦੇ ਰਹੋ। ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਇਨਾਮ ਰੱਖੋ। ਇਸ ਦੇ ਨਾਲ ਹੀ, ਬੱਚੇ ਜਾਂ ਬੱਚੀ ਨੂੰ ਪਹਿਲਾਂ ਹੀ ਹਰ ਕਾਰਜ ਲਈ ਆਪ ਸਮਾਂ ਨਿਰਧਾਰਤ ਕਰਨ ਵਾਸਤੇ ਹੱਲਾਸ਼ੇਰੀ ਦਿਓ। ਯਾਦ ਰੱਖੋ, ਟੀਚਾ ਹੈ ਕੰਮ ਨੂੰ ਖ਼ਤਮ ਕਰਨਾ, ਨਾ ਕਿ ਉਸ ਨੂੰ ਸੰਪੂਰਣ ਢੰਗ ਨਾਲ ਕਰਨਾ!

ਪਹਿਲ ਨਿਰਧਾਰਤ ਕਰਨੀ - ਸੰਪੂਰਣਤਾ ਦੀ ਤਾਂਘ ਰੱਖਣ ਵਾਲੇ ਬੱਚਿਆਂ ਨੂੰ ਕਈ ਵਾਰੀ ਇਹ ਨਿਰਣਾ ਲੈਣ ਵਿੱਚ ਮੁਸ਼ਕਲ ਹੁੰਦੀ ਹੈ ਕਿ ਉਹ ਆਪਣਾ ਜ਼ੋਰ ਕਿਸ ਪਾਸੇ ਵੱਲ ਲਗਾਉਣ ਅਤੇ ਕਿਹੜੇ ਕਾਰਜ ਕਰਨ ਦੀ ਕੋਸ਼ਿਸ਼ ਕਰਨ। ਆਪਣੇ ਬੱਚੇ ਨੂੰ ਇਹ ਨਿਰਣਾ ਲੈਣ ਲਈ ਹੱਲਾਸ਼ੇਰੀ ਦਿਓ ਕਿ ਕਿਹੜੇ ਕਾਰਜਾਂ ਲਈ ਸਭ ਤੋਂ ਵੱਧ ਅਤੇ ਕਿਹੜਿਆਂ ਲਈ ਸਭ ਤੋਂ ਘੱਟ ਜ਼ੋਰ ਲਗਾਉਣ ਦੀ ਲੋੜ ਹੈ। ਇਸ ਤਰ੍ਹਾਂ ਉਹ ਕਾਰਜਾਂ ਦੀ ਪਹਿਲ ਨਿਰਧਾਰਤ ਕਰ ਸਕਦਾ ਹੈ। ਉਸਨੂੰ ਦੱਸੋ ਕਿ ਹਰ ਕਾਰਜ ਲਈ ਆਪਣੇ ਵੱਲੋਂ ੧੦੦% ਕੋਸ਼ਿਸ਼ ਨਾ ਕਰ ਸਕਣਾ ਵਾਜਬ ਹੈ।

ਸੰਤੁਲਨ ਬਣਾਉਣਾ - ਸੰਪੂਰਣਤਾ ਦੀ ਤਾਂਘ ਰੱਖਣ ਵਾਲੇ ਅਕਸਰ ਬਹੁਤ ਸੀਮਿਤ ਜ਼ਿੰਦਗੀ ਜਿਊਂਦੇ ਹਨ ਕਿਉਂਕਿ ਬਹੁਤ ਸਾਰੇ ਕਾਰਜਾਂ ਵਿੱਚ ਨਿਪੁੰਨ ਹੋਣਾ ਬਹੁਤ ਔਖਾ ਹੁੰਦਾ ਹੈ। ਟੀਚਾ ਇਹ ਹੋਣਾ ਚਾਹੀਦਾ ਹੈ ਕਿ “ਠੀਕ ਠਾਕ” ਕੰਮ ਕਰਨ ਲਈ ਲੋੜ ਨਾਲੋਂ ਵੱਧ ਜ਼ੋਰ ਨਹੀਂ ਲਗਾਉਣਾ ਚਾਹੀਦਾ। ਅਜਿਹਾ ਕਰਨ ਨਾਲ ਦੋਸਤਾਂ ਨਾਲ ਵਕਤ ਗੁਜ਼ਾਰਨ ਅਤੇ ਹੋਰ ਸਰਗਰਮੀਆਂ ਅਤੇ ਸ਼ੌਕਾਂ ਦਾ ਆਨੰਦ ਮਾਣਨ ਲਈ ਜ਼ਿਆਦਾ ਸਮਾਂ ਮਿਲੇਗਾ  ਅਤੇ ਇਹ ਵੀ ਬਹੁਤ ਜ਼ਰੂਰੀ ਹੈ।

ਹੋਰ ਸਹਾਇਕ ਗੁਰ

(੧) ਮੈਨੂੰ ਨਹੀਂ ਪਤਾ ਇਹ ਆਪ ਵੀ ਕਹੋ ਅਤੇ ਬੱਚੇ ਨੂੰ ਵੀ ਇਹ ਕਹਿਣ ਦੀ ਇਜਾਜ਼ਤ ਦਿਓ। ਆਪਣੇ ਬੱਚੇ ਦੀ ਅਸਪਸ਼ਟ ਅਤੇ ਅਜਿਹੀਆਂ ਸਥਿਤੀਆਂ ਦੌਰਾਨ ਧੀਰਜ ਰੱਖਣ ਵਿੱਚ ਮਦਦ ਕਰੋ ਜਿਨ੍ਹਾਂ ਵਿੱਚ ਉਸ ਨੂੰ ਸਭ ਕੁੱਝ ਨਾ ਪਤਾ ਹੋਵੇ।

(੨) ਬੱਚੇ ਨਾਲ ਆਪਣੀਆਂ ਗ਼ਲਤੀਆਂ ਸਾਂਝੀਆਂ ਕਰੋ ਅਤੇ ਉਸਨੂੰ ਦੱਸੋ ਕਿ ਤੁਸੀਂ ਕੀ ਸਿੱਖਿਆ ਸੀ। ਜਦੋਂ ਤੁਹਾਡੇ ਕੋਲੋਂ ਕੋਈ ਗ਼ਲਤੀ ਹੋ ਜਾਵੇ, ਕੁੱਝ ਅਜਿਹਾ ਕਹੋ, ਓਹ! ਮੈਨੂੰ ਲੱਗਦਾ ਹੈ ਮੈਂ ਕੋਈ ਗੜਬੜ ਕਰ ਦਿੱਤੀ। ਖ਼ੈਰ, ਹੁਣ ਕੀ ਕਰ ਸਕਦੇ ਹਾਂ?! ਆਪਣੇ ਬੱਚੇ ਦੇ ਸਾਹਮਣੇ ਆਪਣੀਆਂ ਗ਼ਲਤੀਆਂ 'ਤੇ ਹੱਸਣ ਦੀ ਕੋਸ਼ਿਸ਼ ਵੀ ਕਰੋ। ਮਜ਼ਾਕ ਸਹਾਇਕ ਸਿੱਧ ਹੁੰਦਾ ਹੈ।

(੩) ਆਪਣੇ ਬੱਚੇ ਲਈ ਵਾਜਬ ਪੈਮਾਨੇ ਤੈਅ ਕਰੋ, ਜਿਵੇਂ ਕਿ ਪੜ੍ਹਾਈ ਦਾ ਬੋਝ ਘਟਾਉਣਾ ਜਾਂ ਪਾਠਕ੍ਰਮ ਤੋਂ ਬਾਹਰਲੀਆਂ ਸਰਗਰਮੀਆਂ ਜਾਂ ਸਿਖਲਾਈਆਂ ਨੂੰ ਘਟਾਉਣਾ। ਉਦਾਹਰਣ ਵਜੋਂ, ਤੁਹਾਨੂੰ ਅਲ੍ਹੜ ਉਮਰ ਦੇ ਬੱਚੇ ਨੂੰ ਸਾਰੀਆਂ ਔਖੀਆਂ ਕਲਾਸਾਂ ਲੈਣ ਤੋਂ ਮਨ੍ਹਾਂ ਕਰਨਾ ਪੈ ਸਕਦਾ ਹੈ।

(੪) ਆਪਣੇ ਬੱਚੇ ਨੂੰ ਹੱਲਾਸ਼ੇਰੀ ਦਿਓ ਕਿ ਉਹ ਹੋਰਨਾਂ ਦੀ ਮਦਦ ਕਰਨ ਲਈ ਉੱਦਮ ਕਰਨੇ ਸਿੱਖੇ। ਇਸ ਤਰ੍ਹਾਂ ਉਹ ਕਈ ਅਜਿਹੇ ਵਡਮੁੱਲੇ ਢੰਗ ਸਿੱਖ ਸਕੇਗਾ ਜਿਨ੍ਹਾਂ ਰਾਹੀਂ ਉਹ ਸੰਪੂਰਣ ਹੋਏ ਬਿਨਾਂ ਯੋਗਦਾਨ ਪਾ ਸਕਦਾ ਹੈ। ਤੁਹਾਡਾ ਬੱਚਾ ਆਪਣੇ ਬਾਰੇ ਵੀ ਬਿਹਤਰ ਮਹਿਸੂਸ ਕਰੇਗਾ। ਉਦਾਹਰਣ ਵਜੋਂ, ਉਸਨੂੰ ਨਿਸ਼ਕਾਮ ਜਾਂ ਉਪਕਾਰੀ ਸਰਗਰਮੀਆਂ ਦਾ ਹਿੱਸਾ ਬਣਾਓ, ਜਿਵੇਂ ਕਿ ਜਾਨਵਰਾਂ ਦੀ ਕਿਸੇ ਪਨਾਹਗਾਹ ਦੇ ਕੁੱਤਿਆਂ ਨੂੰ ਸੈਰ ਕਰਵਾਉਣੀ ਜਾਂ ਛੋਟੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨੀ।

ਸ੍ਰੋਤ : ਸੰਪੂਰਣਤਾਵਾਦ ਤੋਂ ਛੁਟਕਾਰਾ ਹਾਸਲ ਕਰਨ ਵਿੱਚ ਆਪਣੇ ਬੱਚੇ ਦੀ ਸਹਾਇਤਾ ਕਰਨੀ

ਆਖਰੀ ਵਾਰ ਸੰਸ਼ੋਧਿਤ : 6/16/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate