ਕਈ ਚਿੰਤਤ ਬੱਚੇ ਅਤੇ ਅਲ੍ਹੜ ਆਪਣੇ ਮਾਪਿਆਂ ਦੇ ਨੇੜੇ ਸੌਂਣ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ। ਖ਼ਾਸ ਤੌਰ ਤੇ, ਵਿਛੋੜੇ ਦੀ ਚਿੰਤਾ ਕਰਨ ਵਾਲੇ ਬੱਚੇ ਅਤੇ ਅਲ੍ਹੜ ਤੁਹਾਡੇ ਪਲੰਘ 'ਤੇ ਸੌਂਣ ਲਈ ਗਿੜਗਿੜਾਉਣਗੇ, ਮਿਨਤਾਂ ਕਰਨਗੇ ਜਾਂ ਚਿੜਚਿੜੇਪਨ ਦਾ ਪ੍ਰਗਟਾਵਾ ਕਰਨਗੇ। ਇਹ ਸਿਰਫ਼ ਤੁਹਾਡੇ ਬੱਚੇ ਲਈ ਹੀ ਨਹੀਂ, ਸਗੋਂ ਤੁਹਾਡੇ ਲਈ ਵੀ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ। ਜਦੋਂ ਚਿੰਤਤ ਬੱਚੇ ਅਤੇ ਅਲ੍ਹੜ ਆਪਣੇ ਮਾਪਿਆਂ ਦੇ ਪਲੰਘ 'ਤੇ ਸੌਂਦੇ ਹਨ, ਉਹ ਆਪਣੇ ਡਰਾਂ ਦਾ ਸਾਹਮਣਾ ਨਹੀਂ ਕਰ ਰਹੇ ਹੁੰਦੇ ਅਤੇ ਉਹ ਇਕੱਲੇ ਸੌਂਣ ਤੋਂ ਲਗਾਤਾਰ ਡਰਦੇ ਰਹਿੰਦੇ ਹਨ। ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਣੇ ਆਪ ਨੂੰ ਕਿਵੇਂ ਸ਼ਾਂਤ ਕਰਨਾ ਹੈ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਸਭ ਕੁੱਝ ਠੀਕ ਹੋ ਜਾਵੇਗਾ। ਆਪਣੇ ਬੱਚੇ ਨਾਲ ਸੌਂਣ ਕਾਰਨ ਮਾਪਿਆਂ ਨੂੰ ਚੰਗੀ ਨੀਂਦ ਆਉਣ ਵਿੱਚ ਔਖ ਹੁੰਦੀ ਹੈ ਜਾਂ ਆਪਣੇ ਪਤੀ-ਪਤਨੀ ਜਾਂ ਸਾਥੀ-ਸਾਥਣ ਨਾਲ ਇਕੱਲੇ ਸਮਾਂ ਗੁਜ਼ਾਰਨਾ ਮੁਸ਼ਕਲ ਹੋ ਜਾਂਦਾ ਹੈ। ਭਾਵੇਂ ਬਹੁਤੇ ਮਾਪੇ ਜਾਣਦੇ ਹਨ ਕਿ ਉਨ੍ਹਾਂ ਦੇ ਬੱਚੇ ਦਾ ਇਕੱਲੇ ਸੌਂਣ ਤੋਂ ਡਰਨਾ ਉਚਿਤ ਨਹੀਂ ਹੈ, ਪਰ ਉਨ੍ਹਾਂ ਨੂੰ ਇਸ ਗੱਲ ਬਾਰੇ ਪੱਕਾ ਪਤਾ ਨਹੀਂ ਹੁੰਦਾ ਕਿ ਇਸ ਵਿਹਾਰ ਨੂੰ ਕਿਵੇਂ ਬਦਲਿਆ ਜਾਵੇ।
ਆਪਣੇ ਬੱਚੇ ਨੂੰ ਇਕੱਲੇ ਸੌਂਣਾ ਸ਼ੁਰੂ ਕਰਵਾਉਣਾ: ਇਹ ਕਿਵੇਂ ਕਰਨਾ ਹੈ?
ਪੜਾਅ 1: ਆਪਣੇ ਬੱਚੇ ਨੂੰ ਤਿਆਰ ਕਰਨਾ
ਆਪਣੇ ਘਰ ਵਿੱਚ ਕੋਈ ਵੀ ਨਵੀਂ ਯੋਜਨਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਹਾਡਾ ਬੱਚਾ ਸਮਝਦਾ ਹੋਵੇ ਕਿ ਕੀ ਹੋਵੇਗਾ ਅਤੇ ਕਿਉਂ ਹੋਵੇਗਾ। ਛੋਟੇ ਬੱਚਿਆਂ ਨੂੰ ਤੁਸੀਂ ਇਕੱਠੇ ਸੌਂਣ ਸਬੰਧੀ ਕਿਤਾਬਾਂ ਪੜ੍ਹ ਕੇ ਸੁਣਾ ਸਕਦੇ ਹੋ ਅਤੇ ਵਿਆਖਿਆ ਕਰ ਸਕਦੇ ਹੋ ਕਿ ਮੰਮੀ ਅਤੇਫ਼ਜਾਂ ਡੈਡੀ ਨਾਲ ਉਨ੍ਹਾਂ ਦੇ ਪਲੰਘ 'ਤੇ ਸੌਂਣ ਦੀ ਇੱਛਾ ਵੀ ਚਿੰਤਾ ਵੱਲੋਂ ਸਤਾਏ ਜਾਣ ਦਾ ਇੱਕ ਤਰੀਕਾ ਹੈ (ਆਪਣੇ ਬੱਚੇ ਨੂੰ ਚਿੰਤਾ ਬਾਰੇ ਸਿਖਾਉਣ ਸਬੰਧੀ ਹੋਰ ਜਾਣਕਾਰੀ ਲਈ, ਆਪਣੇ ਬੱਚੇ ਨਾਲ ਚਿੰਤਾ ਬਾਰੇ ਕਿਵੇਂ ਗੱਲ ਕਰਨੀ ਹੈ। ਅਲ੍ਹੜਾਂ ਨੂੰ ਸਮਝਾਓ ਕਿ ਇਕੱਲੇ ਸੌਂਣਾ ਵੱਡੇ ਹੋਣ ਦਾ ਇੱਕ ਆਮ ਹਿੱਸਾ ਹੈ। ਡਰ ਦਾ ਸਾਹਮਣਾ ਕਰਨਾ ਭਾਵੇਂ ਸੁਣਨ ਵਿੱਚ ਡਰਾਉਣਾ ਲੱਗਦਾ ਹੈ, ਪਰ ਹੌਲੀ-ਹੌਲੀ ਅਜਿਹਾ ਕਰਨਾ ਜ਼ਰੂਰੀ ਹੈ।
ਪੜਾਅ ੨: ਆਪਣੇ ਬੱਚੇ ਦੇ ਬੈੱਡਰੂਮ ਨੂੰ ਦਿਲਚਸਪ ਬਣਾਓ!
ਇਸ ਨਵੀਂ ਤਬਦੀਲੀ ਨੂੰ ਆਪਣੇ ਬੱਚੇ ਲਈ ਜ਼ਿਆਦਾ ਤੋਂ ਜ਼ਿਆਦਾ ਸੌਖਾ ਬਣਾਉਣਾ ਮਹੱਤਵਪੂਰਨ ਹੈ। ਬੱਚੇ ਦੇ ਬੈੱਡਰੂਮ ਨੂੰ ਹੋਰ ਦਿਲਖਿੱਚਵਾਂ ਬਣਾਉਣ ਲਈ ਆਪਣੇ ਬੱਚੇ ਨੂੰ ਵੀ ਆਪਣੇ ਨਾਲ ਸ਼ਾਮਲ ਕਰੋ। ਸਿਰਜਣਾਤਮਕ ਹੋਵੋ ਅਤੇ ਆਪਣੇ ਬੱਚੇ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੇ ਕਮਰੇ ਨੂੰ ਅਨੰਦਮਈ ਅਤੇ ਦਿਲਚਸਪ ਚੀਜ਼ਾਂ ਨਾਲ ਸ਼ਿੰਗਾਰੇ (ਉਦਾਹਰਣ ਵਜੋਂ, ਤਸਵੀਰਾਂ, ਪੋਸਟਰਜ਼, ਇੱਕ ਨਾਈਟਲਾਈਟ, ਵਿੰਡ ਚਾਈਮਜ਼, ਅਤੇ/ਜਾਂ ਪਲੰਘ ਉੱਪਰ ਆਪਣੇ ਮਨਪਸੰਦ ਰੰਗ ਦੀ ਚਾਦਰ!)। ਜਦੋਂ ਤੁਹਾਡਾ ਬੱਚਾ ਇਕੱਲਾ ਸੌਂਣਾ ਸ਼ੁਰੂ ਕਰ ਦੇਵੇ ਉਦੋਂ ਸਕਾਰਾਤਮਕ ਚੀਜ਼ਾਂ ਵੱਲ ਉਸਦਾ ਧਿਆਨ ਕੇਂਦਰਿਤ ਕਰਨ ਨਾਲ ਉਸਦੀ ਚਿੰਤਾ ਘਟੇਗੀ।
ਤੁਸੀਂ ਆਪਣੇ ਬੱਚੇ ਦਾ ਧਿਆਨ ਉਸਦੇ ਵੱਲੋਂ ਆਪਣੇ ਬੈੱਡਰੂਮ ਵਿੱਚ ਸੌਂਣ ਨਾਲ ਹੋਣ ਵਾਲੇ ਫ਼ਾਇਦਿਆਂ ਵੱਲ ਕੇਂਦਰਿਤ ਕਰਨ ਦੀ ਕੋਸ਼ਿਸ਼ ਵੀ
ਕਰ ਸਕਦੇ ਹੋ। ਇਨ੍ਹਾਂ ਵਿੱਚ ਹੇਠ ਲਿਖੇ ਫ਼ਾਇਦੇ ਸ਼ਾਮਲ ਹਨ:
(੧) ਛੋਟੇ ਬੱਚਿਆਂ ਲਈ, ਇੱਕ ਵੱਡਾ ਮੁੰਡਾ ਜਾਂ ਇੱਕ ਵੱਡੀ ਕੁੜੀ ਹੋਣਾ ਅਤੇ ਇਕੱਲੇ ਸੌਂਣਾ।
(੨) ਅਜਿਹੇ ਬੈੱਡਰੂਮ ਵਿੱਚ ਸੌਂਣਾ ਜਿਹੜਾ ਸਿਰਫ਼ ਉਸਦਾ ਹੀ ਹੈ! ਜੇ ਤੁਹਾਡਾ ਬੱਚਾ ਆਪਣੇ ਕਿਸੇ ਭੈੇਣ ਜਾਂ ਭਰਾ ਨਾਲ ਕਮਰਾ ਸਾਂਝਾ ਕਰਦਾ ਹੈ, ਇਹ ਯਕੀਨੀ ਬਣਾਓ ਕਿ ਹਰ ਬੱਚੇ ਕੋਲ ਵਿਅਕਤੀਗਤ ਥਾਂ ਹੋਵੇ ਜਿਸਨੂੰ ਉਹ ਸਜਾ ਸਕੇ।
(੩) ਵੱਡੇ ਬੱਚੇ ਅਤੇ ਅਲ੍ਹੜ ਭਵਿੱਖ ਵਿੱਚ ਕਿਸੇ ਦੋਸਤ ਦੇ ਘਰ ਰਾਤ ਕੱਟਣ ਜਾਂ ਸਕੂਲ ਨਾਲ ਕੈਂਪਿੰਗ ਫ਼ੇਰੀ 'ਤੇ ਜਾਣ ਦੀ ਉਮੀਦ ਰੱਖ ਸਕਦੇ ਹਨ।
ਪੜਾਅ ੩: ਸੌਂਣ ਦੇ ਸਮੇਂ ਦਾ ਨਿੱਤਨੇਮ ਸਥਾਪਤ ਕਰੋ
ਇੱਕ ਮਾਪਾ ਹੋਣ ਦੇ ਨਾਤੇ, ਸ਼ਾਇਦ ਪਹਿਲਾਂ ਤੋਂ ਹੀ ਤੁਸੀਂ ਆਪਣੇ ਬੱਚੇ ਨਾਲ ਸੌਂਣ ਦੇ ਸਮੇਂ ਦਾ ਨਿੱਤਨੇਮ ਬਣਾਇਆ ਹੋਵੇਗਾ, ਜਿਸ ਵਿੱਚ ਇੱਕ ਕਹਾਣੀ ਪੜ੍ਹ ਕੇ ਸੁਣਾਉਣੀ ਜਾਂ ਸ਼ੁਭ ਰਾਤਰੀ ਕਹਿੰਦੇ ਹੋਏ ਬੱਚੇ ਨੂੰ ਚੁੰਮਣਾ ਸ਼ਾਮਲ ਹੋ ਸਕਦੇ ਹਨ। ਇਹ ਸਾਰਾ ਨਿੱਤਨੇਮ ਤੁਹਾਡੇ ਬੱਚੇ ਦੇ ਬੈੱਡਰੂਮ ਵਿੱਚ ਕੀਤਾ ਜਾਣਾ ਚਾਹੀਦਾ ਹੈ। ਭਾਵੇਂ ਤੁਹਾਡਾ ਬੱਚਾ ਤੁਰੰਤ ਇਕੱਲੇ ਸੌਂਣ ਲਈ ਤਿਆਰ ਨਾ ਹੋਵੇ, ਪਰ ਜੇ ਉਹ ਤੁਹਾਡੇ ਬੈੱਡਰੂਮ ਦੀ ਬਜਾਏ ਆਪਣੇ ਬੈੱਡਰੂਮ ਵਿੱਚ ਸੌਂਣ ਦੀ ਤਿਆਰੀ ਕਰਨ ਲਈ ਗਿੱਝਆ ਹੋਵੇ ਤਾਂ ਇਹ ਸੌਖਾ ਰਹਿੰਦਾ ਹੈ। ਸੌਂਣ ਦੇ ਨਿੱਤਨੇਮ ਸਬੰਧੀ ਵਧੇਰੇ ਜਾਣਕਾਰੀ ਲਈ ਘਰ ਵਿੱਚ ਸਿਹਤਮੰਦ ਆਦਤਾਂ ਦੇਖੋ।
ਪੜਾਅ ੪: ਹੌਲੀ-ਹੌਲੀ ਡਰਾਂ ਦਾ ਸਾਹਮਣਾ ਕਰਨਾ
ਆਪਣੇ ਬੱਚੇ ਤੋਂ ਤੁਰੰਤ ਇਕੱਲੇ ਸੌਂਣ ਦੀ ਆਸ ਰੱਖਣਾ ਅਸਲੀਅਤ ਤੋਂ ਦੂਰ ਹੋ ਸਕਦਾ ਹੈ। ਇਸ ਦੀ ਬਜਾਏ ਤੁਸੀਂ ਆਪਣੇ ਬੱਚੇ ਨਾਲ ਡਰਾਂ
ਦੀ ਪੌੜੀ ਬਣਾ ਸਕਦੇ ਹੋ, ਜਿਸ ਦਾ ਟੀਚਾ ਹੋਵੇਗਾ ਆਪਣੇ ਪਲੰਘ 'ਤੇ ਸਾਰੀ ਰਾਤ ਸੌਂਣਾ। ਆਪਣੇ ਬੱਚੇ ਨੂੰ ਹੌਲੀ-ਹੌਲੀ ਉਸਦੇ ਡਰ ਦਾ ਸਾਹਮਣਾ ਕਰਨ ਲਈ ਕਹਿੰਦੇ ਹੋਏ ਇਹ ਜ਼ਰੂਰੀ ਹੈ ਕਿ ਬੱਚੇ ਦੀ ਰਫ਼ਤਾਰ ਮੁਤਾਬਕ ਹੀ ਅੱਗੇ ਵਧਿਆ ਜਾਵੇ। ਹਰ ਬੱਚਾ ਅਤੇ ਅਲ੍ਹੜ ਵੱਖ ਹੁੰਦਾ ਹੈ ਅਤੇ ਵੱਖਰੇ ਪੜਾਅ ਤੋਂ ਸ਼ੁਰੂਆਤ ਕਰ ਸਕਦਾ ਹੈ। ਪਹਿਲੇ ਪੜਾਅ ਸਬੰਧੀ ਸੁਝਾਵਾਂ ਵਿੱਚ ਹੇਠ ਲਿਖੇ ਸ਼ਾਮਲ ਹਨ:
(੧) ਬੱਚੇ ਨੂੰ ਆਪਣੇ ਕਮਰੇ ਵਿੱਚ ਇੱਕ ਮੰਜੇ 'ਤੇ ਸੁਲਾਉਣਾ।
(੨) ਆਪਣੇ ਬੱਚੇ ਨੂੰ ਆਪਣੇ ਬੈੱਡਰੂਮ ਦੇ ਬੂਹੇ ਦੇ ਨੇੜੇ ਮੰਜੇ 'ਤੇ ਸੁਲਾਉਣਾ ਜਾਂ ਫ਼ਰਸ਼ 'ਤੇ ਗੱਦਾ ਵਿਛਾ ਕੇ ਸੁਲਾਉਣਾ।
(੩) ਆਪਣੇ ਬੱਚੇ ਨੂੰ ਆਪਣੇ ਬੈੱਡਰੂਮ ਦੇ ਬੂਹੇ ਦੇ ਨੇੜੇ ਮੰਜੇ 'ਤੇ ਸੁਲਾਉਣਾ (ਬੂਹਾ ਖੁੱਲ੍ਹਾ ਰੱਖ ਕੇ)।
(੪) ਆਪਣੇ ਬੱਚੇ ਨੂੰ ਉਸ ਦੇ ਕਮਰੇ ਵਿੱਚ ਸੁਲਾਉਣਾ ਅਤੇ ਜਦੋਂ ਤੱਕ ਉਹ ਸੌਂ ਨਾ ਜਾਵੇ ਤੁਹਾਡਾ ਉਸ ਦੇ ਕਮਰੇ ਦੇ ਬਾਹਰ ਕੁਰਸੀ ਉੱਪਰ ਬੈਠਣਾ (ਬੱਚੇ ਦੇ ਨਾਲ ਉਸ ਦੇ ਕਮਰੇ ਵਿੱਚ ਨਾ ਲੇਟੋ)।
(੫) ਬੱਚੇ ਨੂੰ ਉਸ ਦੇ ਕਮਰੇ ਵਿੱਚ ਨਾਈਟਲਾਈਟ ਜਗਦੀ ਰੱਖ ਕੇ ਸੁਲਾਉਣਾ ਅਤੇ ਤੁਹਾਡਾ ਉਸ ਦੇ ਕਮਰੇ ਅੰਦਰ ੧੦ ਮਿੰਟਾਂ ਤੱਕ ਰੁਕਣਾ
ਡਰ ਦੀ ਪੌੜੀ ਬਣਾਉਣ ਸਬੰਧੀ ਵਧੇਰੇ ਜਾਣਕਾਰੀ ਲਈ, ਆਪਣੇ ਬੱਚੇ ਦੀ ਉਸਦੇ ਡਰਾਂ ਦਾ ਸਾਹਮਣਾ ਕਰਨ ਵਿੱਚ ਕਿਵੇਂ ਮਦਦ ਕੀਤੀ ਜਾਵੇ।
ਸਹਾਇਕ ਗੁਰ: ਤਬਦੀਲੀ ਨੂੰ ਸੌਖਾ ਬਣਾਉਣਾ
ਕੁੱਝ ਬੱਚਿਆਂ ਅਤੇ ਅਲ੍ਹੜਾਂ ਲਈ, ਹੌਲੀ-ਹੌਲੀ ਇਕੱਲੇ ਸੌਂਣਾ ਸ਼ੁਰੂ ਕਰਨਾ ਬਹੁਤ ਡਰਾਉਣਾ ਹੋ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਬੱਚੇ ਦੀ ਡਰ ਸਬੰਧੀ ਪੌੜੀ ਵਿੱਚ ਕੁੱਝ ਵਾਧੂ ਪੜਾਅ ਸ਼ਾਮਲ ਕਰਨੇ ਪੈ ਸਕਦੇ ਹਨ, ਜਿਵੇਂ:
(੧) ਰਾਤ ਨੂੰ ਇੱਕ ਜਾਂ ਦੋ ਵਾਰੀ (ਜਾਂ ਲੋੜ ਹੋਣ 'ਤੇ ਜ਼ਿਆਦਾ ਵਾਰੀ) ਆਪਣੇ ਬੱਚੇ ਨੂੰ ਜਾ ਕੇ ਦੇਖਣ ਲਈ ਮੰਨਣਾ (ਅਤੇ ਸਮੇਂ ਨਾਲ ਇਸ ਨੂੰ ਘਟਾਉਣ ਦੀ ਵਿਉਂਤ ਬਣਾਉਣੀ)।
(੨) ਬੱਚੇ ਨੂੰ ਪਲੰਘ ਵਿੱਚ ਇਕੱਲੇ ਸੌਂਦੇ ਸਮੇਂ ਇੱਕ ਬੇਬੀ ਮਨੀਟਰ ਜਾਂ ਵੌਕੀ-ਟੌਕੀ ਦੇਣੀ। ਕੁੱਝ ਵੀ ਅਜਿਹਾ ਕਰਨਾ ਜਿਸ ਨਾਲ ਤੁਹਾਡੇ ਬੱਚੇ ਨੂੰ ਲੱਗੇ ਕਿ ਉਹ ਹੌਲੀ-ਹੌਲੀ ਤੁਹਾਡੇ ਨਾਲ ਸੌਂਣਾ ਬੰਦ ਕਰ ਸਕਦਾ ਹੈ, ਸਹੀ ਦਿਸ਼ਾ ਵਿੱਚ ਇੱਕ ਕਦਮ ਹੈ!
ਪੜਾਅ ੫: ਸਿਫ਼ਤ ਕਰੋ, ਸਿਫ਼ਤ ਕਰੋ, ਸਿਫ਼ਤ ਕਰੋ!
ਤੁਹਾਡੇ ਬੱਚੇ ਲਈ ਕਿਸੇ ਵੀ ਡਰ ਦਾ ਸਾਹਮਣਾ ਕਰਨਾ ਔਖਾ ਹੁੰਦਾ ਹੈ। ਇਸ ਲਈ, ਆਪਣੇ ਬੱਚੇ ਦੀ ਢੇਰ ਸਾਰੀ ਸਿਫ਼ਤ ਕਰਨੀ ਅਤੇ ਉਸ ਨੂੰ ਇਨਾਮ ਦੇਣੇ ਬਹੁਤ ਮਹੱਤਵਪੂਰਨ ਹਨ! ਹਰ ਵਾਰੀ ਜਦੋਂ ਤੁਹਾਡਾ ਬੱਚਾ ਆਪਣੀ ਡਰ ਦੀ ਪੌੜੀ ਵਿੱਚ ਉੱਪਰ ਵੱਲ ਨੂੰ ਵਧੇ, ਉਸਦੀ ਕਾਮਯਾਬੀ ਲਈ ਉਸਦੀ ਸਿਫ਼ਤ ਕਰਨੀ ਯਕੀਨੀ ਬਣਾਓ!
ਸਹਾਇਕ ਗੁਰ:
(੧) ਹਫ਼ਤੇ ਦੇ ਦਿਨਾਂ ਵਾਲਾ ਇੱਕ ਪੋਸਟਰ ਬੋਰਡ ਬਣਾਓ ਅਤੇ ਜਦੋਂ ਤੁਹਾਡਾ ਬੱਚਾ ਆਪਣੀ ਡਰ ਦੀ ਪੌੜੀ ਉੱਪਰਲਾ ਕੋਈ ਟੀਚਾ ਹਾਸਲ ਕਰ ਲਵੇ ਤਾਂ ਉਸ ਉੱਪਰ ਇੱਕ ਸੁਨਹਿਰਾ ਸਿਤਾਰਾ ਜਾਂ ਚੇਪੀ ਲਗਾਓ! ਇਸ ਪੋਸਟਰ ਨੂੰ ਘਰ ਵਿੱਚ ਕਿਸੇ ਅਜਿਹੀ ਥਾਂ 'ਤੇ ਲਗਾਓ ਜਿੱਥੇ ਪਰਿਵਾਰ ਵਿੱਚ ਸਾਰੇ ਦੇਖ ਸਕਣ ਕਿ ਤੁਹਾਡਾ ਬੱਚਾ ਕਿੰਨਾ ਵਧੀਆ ਕੰਮ ਕਰ ਰਿਹਾ ਹੈ! ਖ਼ਿਆਲ ਰੱਖੋ ਕਿ ਤੁਸੀਂ ਬੱਚੇ ਦੇ ਮਾੜੇ ਵਿਹਾਰ ਕਾਰਨ ਕਦੇ ਵੀ ਸਿਤਾਰੇ ਜਾਂ ਚੇਪੀ ਹਟਾਉਗੇ ਨਹੀਂ। ਇਨ੍ਹਾਂ ਇਨਾਮਾਂ ਰਾਹੀਂ ਤੁਸੀਂ ਆਪਣੇ ਬੱਚਿਆਂ ਨੂੰ ਅੰਤਰ-ਪ੍ਰੇਰਣਾ ਦੇਣੀ ਚਾਹੁੰਦੇ ਹੋ, ਸਜ਼ਾ ਨਹੀਂ।
(੨) ਕੁੱਝ ਬੱਚੇ ਭੈੜੇ ਸੁਪਨੇ ਆਉਣ ਦੀ ਸ਼ਿਕਾਇਤ ਕਰਨਗੇ। ਤੁਹਾਡਾ ਬੱਚਾ ਤਸੱਲੀ ਲਈ ਅੱਧੀ ਰਾਤ ਨੂੰ ਤੁਹਾਡੇ ਕੋਲ ਆ ਸਕਦਾ ਹੈ। ਭੈੜੇ ਸੁਪਨਿਆਂ ਨਾਲ ਨਜਿੱਠਣ ਸਬੰਧੀ ਜਾਣਕਾਰੀ ਲਈ, ਭੈੜੇ ਸੁਪਨਿਆਂ ਨਾਲ ਨਜਿੱਠਣ ਲਈ ਆਪਣੇ ਬੱਚੇ ਦੀ ਮਦਦ ਕਰਨੀ ਦੇਖੋ।
ਘਰ ਤੋਂ ਦੂਰ ਸੌਂਣ ਵਿੱਚ ਬੱਚੇ ਦੀ ਮਦਦ ਕਰਨੀ
ਵਿਛੜ ਜਾਣ ਦੀ ਚਿੰਤਾ ਕਰਨ ਵਾਲੇ ਕਈ ਬੱਚੇ ਅਤੇ ਅਲ੍ਹੜ ਘਰੋਂ ਦੂਰ ਸੌਂਣ ਤੋਂ ਡਰਦੇ ਹਨ। ਉਨ੍ਹਾਂ ਨੂੰ ਕੈਂਪ 'ਤੇ ਜਾਣ, ਕਿਸੇ ਦੋਸਤ ਦੇ ਘਰ ਰਾਤ ਰਹਿਣ ਜਾਂ ਇੱਥੋਂ ਤੱਕ ਕਿ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਕੋਲ ਰਹਿਣ ਵਿੱਚ ਵੀ ਡਰ ਲੱਗਦਾ ਹੈ। ਖ਼ੁਸ਼ਕਿਸਮਤੀ ਨਾਲ, ਹੌਲੀ-ਹੌਲੀ ਬੱਚੇ ਦਾ ਡਰਾਂ ਨਾਲ ਸਾਹਮਣਾ ਕਰਾ ਕੇ ਤੁਸੀਂ ਉਸ ਦੇ ਘਰੋਂ ਦੂਰ ਸੌਂਣ ਦੇ ਡਰ ਨਾਲ ਵੀ ਉਸੇ ਤਰ੍ਹਾਂ ਨਜਿੱਠ ਸਕਦੇ ਹੋ ਜਿਵੇਂ ਤੁਸੀਂ ਉਸ ਦੇ ਘਰ ਵਿੱਚ ਇਕੱਲੇ ਸੌਂਣ ਦੇ ਡਰ ਨਾਲ ਨਜਿੱਠਦੇ ਹੋ।
ਪੜਾਅ ੧: ਯੋਜਨਾ ਦੀ ਵਿਆਖਿਆ ਕਰੋ
ਹੋ ਸਕਦਾ ਹੈ ਕਿ ਕੁੱਝ ਬੱਚੇ ਅਤੇ ਅਲ੍ਹੜ ਘਰੋਂ ਦੂਰ ਸੌਂਣ ਦੇ ਕਾਬਲ ਹੋਣਾ ਚਾਹੁੰਦੇ ਹੋਣ, ਪਰ ਇਸ ਨੂੰ ਅਜ਼ਮਾਉਣ ਲਈ ਬਹੁਤ ਚਿੰਤਤ ਜਾਂ ਘਬਰਾਏ ਹੋਏ ਹੋਣ। ਜੇ ਤੁਹਾਡੇ ਬੱਚੇ ਦੀ ਵੀ ਇਹੀ ਦਸ਼ਾ ਹੈ, ਉਸ ਨੂੰ ਸਮਝਾਓ ਕਿ ਹੌਲੀ-ਹੌਲੀ ਇਸ ਡਰ ਦਾ ਸਾਹਮਣਾ ਕਰਨਾ ਇਸ ਨਾਲ ਨਜਿੱਠਣ ਦਾ ਸਭ ਤੋਂ ਬਿਹਤਰ ਢੰਗ ਹੈ। ਜਿਹੜੇ ਬੱਚੇ ਘਰ ਤੋਂ ਦੂਰ ਸੌਂਣਾ ਨਹੀਂ ਚਾਹੁੰਦੇ, ਉਨ੍ਹਾਂ ਨੂੰ ਸਮਝਾਓ ਕਿ ਚਿੰਤਾ ਉਨ੍ਹਾਂ ਨੂੰ ਸਤਾ ਰਹੀ ਹੈ ਅਤੇ ਇਕੱਠੇ ਤੁਸੀਂ ਇਸ ਦਾ ਮੁਕਾਬਲਾ ਕਰੋਗੇ।
ਸਹਾਇਕ ਗੁਰ: ਚਿੰਤਾ ਆਮ ਗੱਲ ਹੈ!
(੧) ਆਪਣੇ ਬੱਚੇ ਨੂੰ ਦੱਸੋ ਕਿ ਜਦੋਂ ਤੁਸੀਂ ਪਹਿਲੀ ਵਾਰੀ ਕਿਸੇ ਦੇ ਘਰ ਵਿੱਚ ਰਾਤ ਕੱਟਦੇ ਹੋ ਤਾਂ ਚਿੰਤਤ ਹੋਣਾ ਆਮ ਗੱਲ ਹੈ। ਪਹਿਲੀ ਵਾਰੀ ਸਾਰੇ ਹੀ ਥੋੜਾ ਜਿਹਾ ਡਰੇ ਹੁੰਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਕੁੱਝ ਭੈੜਾ ਵਾਪਰ ਜਾਵੇਗਾ। ਆਪਣੇ ਬੱਚੇ ਨੂੰ ਪੁੱਛੋ ਕਿ ਜਦੋਂ ਉਸ ਨੇ ਪਹਿਲੀ ਵਾਰੀ ਕੋਈ ਨਵਾਂ ਕਾਰਜ ਅਜ਼ਮਾਇਆ ਸੀ ਤਾਂ ਉਸ ਨੂੰ ਕਿਵੇਂ ਲੱਗਿਆ ਸੀ, ਜਿਵੇਂ ਸਾਈਕਲ ਚਲਾਉਣਾ ਜਾਂ ਤੈਰਨਾ ਸਿੱਖਣਾ। ਪਹਿਲੀ ਵਾਰੀ ਇਹ ਹਮੇਸ਼ਾਂ ਡਰਾਉਣਾ ਹੁੰਦਾ ਹੈ, ਪਰ ਕੁੱਝ ਸਮੇਂ ਬਾਅਦ ਇਹ ਸੌਖਾ ਹੋ ਜਾਂਦਾ ਹੈ। ਨਾਲ ਹੀ, ਕਿਸੇ ਦੇ ਘਰ ਰਹਿਣਾ ਦਿਲਚਸਪ ਵੀ ਹੋ ਸਕਦਾ ਹੈ! ਆਪਣੇ ਬੱਚੇ ਨਾਲ ਗੱਲ ਕਰੋ ਕਿ ਕਿਸੇ ਨਵੀਂ ਥਾਂ 'ਤੇ ਰਹਿਣ ਸਮੇਂ ਉਹ ਮਨਪਰਚਾਵੇ ਵਾਲੀਆਂ ਕਿਹੜੀਆਂ ਗਤੀਵਿਧੀਆਂ ਅਤੇ ਖੇਡਾਂ ਖੇਡ ਸਕਦਾ ਹੈ।
ਪੜਾਅ ੨: ਡਰ ਦੀ ਪੌੜੀ ਬਣਾਓ
ਘਰ ਤੋਂ ਦੂਰ ਹੋਣ ਦੀ ਚਿੰਤਾ ਨਾਲ ਨਜਿੱਠਣ ਲਈ ਵਿਉਂਤ ਬਣਾਉਂਦੇ ਹੋਏ ਆਪਣੇ ਬੱਚੇ ਲਈ ਇੱਕ ਟੀਚਾ ਮਿੱਥਣਾ ਬਹੁਤ ਮਹੱਤਵਪੂਰਨ ਹੈ, ਜਿਵੇਂ ਕਿ ਦਾਦੀ ਜਾਂ ਨਾਨੀ ਦੇ ਘਰ ਰਹਿਣਾ, ਕਿਸੇ ਦੋਸਤ ਦੇ ਘਰ ਰਾਤ ਕੱਟਣੀ ਜਾਂ ਕਿਸੇ ਦੋਸਤ ਨੂੰ ਆਪਣੇ ਘਰ ਆ ਕੇ ਰਾਤ ਕੱਟਣ ਦਾ ਸੱਦਾ ਦੇਣਾ। ਟੀਚਾ ਜੋ ਵੀ ਹੋਵੇ, ਤੁਸੀਂ ਆਪਣੇ ਬੱਚੇ ਨਾਲ ਰਲ਼ ਕੇ ਡਰ ਸਬੰਧੀ ਪੌੜੀ ਬਣਾ ਸਕਦੇ ਹੋ ਜਿਸ ਵਿੱਚ ਤੁਹਾਡੇ ਟੀਚੇ ਦੀ ਦਿਸ਼ਾ ਵਿੱਚ ਵਧਣ ਵਾਲੇ ਕਦਮ ਹੋਣ। (ਵਧੇਰੇ ਜਾਣਕਾਰੀ ਲਈ ਡਰ ਦਾ ਸਾਹਮਣਾ ਕਰਨ ਵਿੱਚ ਆਪਣੇ ਬੱਚੇ ਦੀ ਮਦਦ ਕਰਨੀ: ਪ੍ਰਗਟਾਵਾ।
ਉਦਾਹਰਣ ਵਜੋਂ, ਜੇ ਤੁਹਾਡੇ ਬੱਚੇ ਦਾ ਟੀਚਾ ਆਪਣੇ ਇੱਕ ਮਿੱਤਰ ਦੇ ਘਰ ਰਾਤ ਕੱਟਣ ਜਾਣ ਦਾ ਹੈ, ਡਰ ਦੀ ਪੌੜੀ ਦੇ ਕੁੱਝ ਹੇਠ ਲਿਖੇ ਪੜਾਅ ਹੋ ਸਕਦੇ ਹਨ:
(੧) ਇੱਕ ਦੋਸਤ ਨੂੰ ਆਪਣੇ ਘਰ ਇੱਕ ਦਿਨ ਬਿਤਾਉਣ ਲਈ ਸੱਦੋ।
(੨) ਇੱਕ ਦੋਸਤ ਨੂੰ ਆਪਣੇ ਘਰ ਰਾਤ ਕੱਟਣ ਲਈ ਸੱਦੋ।
(੩) ਦੋ ਦੋਸਤਾਂ ਨੂੰ ਆਪਣੇ ਘਰ ਰਾਤ ਕੱਟਣ ਲਈ ਸੱਦੋ।
(੪) ਦੋਸਤ ਦੇ ਘਰ ਜਾ ਕੇ ਖੇਡੋ, ਉਸ ਵੇਲ਼ੇ ਤੁਹਾਡੇ ਮਾਤਾ ਜੀ ਦੂਜੇ ਕਮਰੇ ਵਿੱਚ ਹੋਣ।
(੫) ਦੋਸਤ ਦੇ ਘਰ ਇੱਕ ਘੰਟੇ ਲਈ ਖੇਡਣ ਜਾਓ, ਉਸ ਵੇਲ਼ੇ ਤੁਹਾਡੇ ਮਾਤਾ ਜੀ ਉੱਥੇ ਨਾ ਹੋਣ।
(੬) ਦੋਸਤ ਦੇ ਘਰ ਖੇਡਣ ਜਾਓ ਜਦੋਂ ਤੁਹਾਡੇ ਮਾਤਾ ਜੀ ਉੱਥੇ ਨਾ ਹੋਣ (ਮਾਂ ਇੱਕ ਵਾਰੀ ਫ਼ੋਨ ਕਰੇ)।
(੭) ਕਿਸੇ ਦੋਸਤ ਦੇ ਘਰ ਰਾਤ ਕੱਟੋ, ਜੇ ਚਿੰਤਾ ਮਹਿਸੂਸ ਹੋਵੇ ਤਾਂ ਮਾਂ ਨੂੰ ਇੱਕ ਵਾਰੀ ਫ਼ੋਨ ਕਰੋ।
(੮) ਕਿਸੇ ਦੋਸਤ ਦੇ ਘਰ ਰਾਤ ਕੱਟੋ, ਮਾਂ ਨੂੰ ਬਾਰ-ਬਾਰ ਫ਼ੋਨ ਕੀਤੇ ਬਗ਼ੈਰ।
ਆਪਣੇ ਬੱਚੇ ਦੀ ਰਫ਼ਤਾਰ ਮੁਤਾਬਕ ਅੱਗੇ ਵਧਣਾ ਯਕੀਨੀ ਬਣਾਓ। ਹਰ ਵਾਰੀ ਜਦੋਂ ਬੱਚਾ ਆਪਣੀ ਡਰ ਦੀ ਪੌੜੀ 'ਤੇ ਇੱਕ ਹੋਰ ਕਦਮ ਅੱਗੇ ਵਧਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਇਨਾਮ ਦਿਓ ਅਤੇ ਉਸ ਦੀ ਸਿਫ਼ਤ ਕਰੋ।
ਸਹਾਇਕ ਗੁਰ: ਸੁਣੋ ਅਤੇ ਸਮੱਸਿਆ ਹੱਲ ਕਰੋ
(੧) ਤੁਹਾਡੇ ਬੱਚੇ ਨੂੰ ਕਈ ਫ਼ਿਕਰ ਹੋ ਸਕਦੇ ਹਨ, ਜਿਵੇਂ ਕਿ ਮੇਰੇ ਘਰੋਂ ਬਾਹਰ ਗਏ ਹੋਣ 'ਤੇ ਜੇ ਕੋਈ ਮਾੜੀ ਘਟਨਾ ਵਾਪਰ ਗਈ ਤਾਂ? ਜਾਂ ਜੇ ਮੈਨੂੰ ਪੈਨਿਕ ਅਟੈਕ ਹੋ ਗਿਆ ਤਾਂ? ਪਹਿਲਾਂ, ਕਿਸੇ ਨਤੀਜੇ ਉੱਤੇ ਪੁੱਜੇ ਬਿਨਾਂ ਜਾਂ ਇਹ ਕਹੇ ਬਿਨਾਂ ਕਿ ਬੱਚੇ ਦੀਆਂ ਚਿੰਤਾਵਾਂ ਸੱਚੀਆਂ ਹਨ ਜਾਂ ਝੂਠੀਆਂ, ਆਪਣੇ ਬੱਚੇ ਦੀਆਂ ਚਿੰਤਾਵਾਂ ਬਾਰੇ ਜ਼ਰੂਰ ਸੁਣੋ। ਯਾਦ ਰੱਖੋ, ਇਹ ਡਰ ਤੁਹਾਡੇ ਬੱਚੇ ਲਈ ਇੱਕ ਸੱਚਾਈ ਹਨ। ਫ਼ਿਰ, ਸਮੱਸਿਆ ਹੱਲ ਅਤੇ ਵਿਉਂਤਬੰਦੀ ਕਰਨ ਵਿੱਚ ਆਪਣੇ ਬੱਚੇ ਦੀ ਮਦਦ ਕਰੋ। ਉਦਾਹਰਣ ਵਜੋਂ, ਜੇ ਤੁਹਾਡੇ ਬੱਚੇ ਨੂੰ ਪੈਨਿਕ ਅਟੈਕ ਹੋਣ ਦਾ ਡਰ ਹੈ, ਪੁੱਛੋ, ਜੇ ਇਹ ਹੋ ਗਿਆ ਤਾਂ ਤੂੰ ਕੀ ਕਰ ਸਕਦਾ ਹੈਂ? ਕੀ ਤੂੰ ਬਾਥਰੂਮ ਵਿੱਚ ਜਾ ਕੇ ਆਪਣੇ ਆਪ ਨੂੰ ਸ਼ਾਂਤ ਰੱਖਣ ਲਈ ਡੂੰਘੇ ਸਾਹ ਲੈਣ ਦਾ ਅਭਿਆਸ ਕਰ ਸਕਦਾ ਹੈਂ? ਕੀ ਤੂੰ ਮੈਨੂੰ ਫ਼ੋਨ ਕਰ ਸਕੇਂਗਾ? ਕੀ ਤੂੰ ਆਪਣੇ ਦੋਸਤ ਦੀ ਮਾਤਾ ਜੀ ਨੂੰ ਆਪਣੇ ਡਰ ਬਾਰੇ ਦੱਸ ਦੇਵੇਂਗਾ ਅਤੇ ਉਨ੍ਹਾਂ ਨਾਲ ਕੁੱਝ ਸਮਾਂ ਗੱਲਾਂ ਕਰ ਸਕੇਂਗਾ? ਚੱਲ ਰਲ਼ ਕੇ ਕੋਈ ਯੋਜਨਾ ਬਣਾਈਏ। ਆਪਣੇ ਬੱਚੇ ਤੋਂ ਉਹ ਯੋਜਨਾ ਲਿਖਵਾਓ ਅਤੇ ਦੋਸਤ ਦੇ ਘਰ ਰਾਤ ਕੱਟਣ ਜਾਣ ਸਮੇਂ ਬੱਚੇ ਨੂੰ ਕਹੋ ਕਿ ਉਹ ਉਸ ਯੋਜਨਾ ਨੂੰ ਕਿਸੇ ਖ਼ੁਫ਼ੀਆ ਜੇਬ ਵਿੱਚ ਰੱਖ ਕੇ ਆਪਣੇ ਨਾਲ ਲੈ ਜਾਵੇ। ਇਸ ਨਾਲ ਮੁੜ ਭਰੋਸਾ ਮਿਲ ਸਕਦਾ ਹੈ ਅਤੇ ਬੱਚੇ ਨੂੰ ਘਰੋਂ ਦੂਰ ਸੌਂਣਾ ਘੱਟ ਡਰਾਉਣਾ ਮਹਿਸੂਸ ਹੋਵੇਗਾ।
ਸ੍ਰੋਤ : ਬੱਚੇ ਦੀ ਘਰ ਵਿੱਚ ਜਾਂ ਘਰ ਤੋਂ ਦੂਰ ਇਕੱਲੇ ਸੌਂਣ ਵਿੱਚ ਮਦਦ ਕਰਨੀ