ਬੱਚਿਆਂ ਅਤੇ ਅਲ੍ਹੜਾਂ ਵਿੱਚ ਨਿਰੰਤਰ ਬਦਲਾਵ ਆਉਂਦਾ ਰਹਿੰਦਾ ਹੈ। ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਹਾਂ, ਤਿਉਂ-ਤਿਉਂ ਸਾਡਾ ਨਵੀਆਂ ਚੀਜ਼ਾਂ ਨੂੰ ਸਿੱਖਣ ਦਾ ਢੰਗ ਬਦਲਣਾ ਆਮ ਗੱਲ ਹੈ ਅਤੇ ਸਾਡੇ ਸਰੀਰ ਅਤੇ ਦਿਮਾਗ ਬਾਲਗਾਂ ਦੀ ਤਰ੍ਹਾਂ ਸਿਆਣੇ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਚਲਦੇ ਹੋਏ ਸਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਕਿਹੜੀਆਂ ਤਬਦੀਲੀਆਂ ਆਮ ਹਨ? ਸਾਨੂੰ ਕਦੋਂ ਇਹ ਚਿੰਤਾ ਹੋਣੀ ਚਾਹੀਦੀ ਹੈ ਕਿ ਸਾਡੇ ਬੱਚੇ ਦੇ ਡਰ ਜਾਂ ਅਲ੍ਹੜ ਦੇ ਮਨੋਦਸ਼ਾ ਸੰਵੇਗ ਸਿਰਫ਼ ਵੱਡੇ ਹੋਣ ਦੀਆਂ ਸਮੱਸਿਆਵਾਂ ਤੋਂ ਵਧ ਕੇ ਹਨ? ਇਹ ਅੰਦਾਜ਼ਾ ਲਗਾਉਣਾ ਔਖਾ ਹੋ ਸਕਦਾ ਹੈ। ਕਈ ਬੱਚਿਆਂ ਲਈ ਇਹ ਤਬਦੀਲੀਆਂ ਕੇਵਲ ਵੱਡੇ ਹੋਣ ਦਾ ਹਿੱਸਾ ਨਹੀਂ ਹੁੰਦੀਆਂ; ਇਹ ਕਿਸੇ ਮਾਨਸਿਕ ਵਿਕਾਰ ਦੇ ਲੱਛਣ ਹੁੰਦੇ ਹਨ।
ਚਿੰਤਾ ਵਿਕਾਰ ਬੱਚਿਆਂ ਅਤੇ ਅਲ੍ਹੜਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਆਮ ਵਿਕਾਰ ਹਨ। ਕਿਸੇ ਵੀ ਸਮੇਂ, ੬% ਤੋਂ ਵੱਧ ਬੱਚਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਚਿੰਤਾ ਵਿਕਾਰ ਹੁੰਦਾ ਹੈ। ਚਿੰਤਾ ਵਿਕਾਰਾਂ ਕਾਰਨ ਬੱਚੇ ਉਨ੍ਹਾਂ ਚੀਜ਼ਾਂ ਅਤੇ ਸਥਿਤੀਆਂ ਤੋਂ ਬਹੁਤ ਜ਼ਿਆਦਾ ਡਰਦੇ ਹਨ ਜਿਨ੍ਹਾਂ ਤੋਂ ਆਮ ਤੌਰ ਤੇ ਹੋਰ ਬੱਚਿਆਂ ਨੂੰ ਡਰ ਨਹੀਂ ਲੱਗਦਾ।
(੧) ਅਟੈਨਸ਼ਨ ਡੈਫ਼ੀਸਿਟ (ਹਾਈਪਰਐਕਟੀਵਿਟੀ) ਡਿਸਆਰਡਰ (ਏ.ਡੀ.ਡੀ. ਜਾਂ ਏ.ਡੀ.ਐੱਚ.ਡੀ.) ਕਿਸੇ ਵੀ ਸਮੇਂ ਤਕਰੀਬਨ 5% ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ। ਏ.ਡੀ.ਡੀ./ਏ.ਡੀ.ਐੱਚ.ਡੀ. ਬੱਚਿਆਂ ਲਈ ਧਿਆਨ ਕੇਂਦਰਿਤ ਕਰਨ ਨੂੰ ਬਹੁਤ ਮੁਸ਼ਕਲ ਬਣਾ ਦਿੰਦਾ ਹੈ। ਇਸ ਵਿਕਾਰ ਵਾਲਾ ਬੱਚਾ ਹੋਰ ਬੱਚਿਆਂ ਦੇ ਮੁਕਾਬਲੇ ਵਧੇਰੇ ਜਲਦਬਾਜ਼ੀ ਕਰਦਾ ਹੈ ਅਤੇ ਉਸ ਨੂੰ ਟਿਕਾ ਕੇ ਬਿਠਾਉਣਾ ਵੀ ਵਧੇਰੇ ਔਖਾ ਹੁੰਦਾ ਹੈ।
(੨) ਆਚਰਨ ਵਿਕਾਰ ਇੱਕ ਅਜਿਹਾ ਵਿਕਾਰ ਹੈ ਜਿਹੜਾ ਤਕਰੀਬਨ ੪% ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਬੱਚੇ ਨੂੰ ਹੋਰ ਲੋਕਾਂ, ਪਾਲਤੂ ਜਾਨਵਰਾਂ ਜਾਂ ਜਾਇਦਾਦ ਪ੍ਰਤੀ ਅੱਤ ਲੜਾਕਾ ਅਤੇ ਤਬਾਹਕੁੰਨ ਬਣਾ ਦਿੰਦਾ ਹੈ। ਇੰਝ ਵੀ ਪ੍ਰਤੀਤ ਹੋ ਸਕਦਾ ਹੈ ਕਿ ਬੱਚਾ ਮਹੱਤਵਪੂਰਨ ਬੁਨਿਆਦੀ ਨਿਯਮਾਂ ਦੀ ਪਰਵਾਹ ਨਹੀਂ ਕਰਦਾ, ਜਿਵੇਂ ਕਿ ਉਹ ਅਕਸਰ ਸਕੂਲ ਨਹੀਂ ਜਾਂਦਾ ਜਾਂ ਘਰੋਂ ਭੱਜ ਜਾਂਦਾ ਹੈ।
ਸਾਨੂੰ ਕਦੋਂ ਇਹ ਚਿੰਤਾ ਹੋਣੀ ਚਾਹੀਦੀ ਹੈ ਕਿ ਸਾਡੇ ਬੱਚੇ ਦੀ ਬਦਮਿਜ਼ਾਜੀ ਜਾਂ ਅਲ੍ਹੜ ਦੇ ਮਨੋਦਸ਼ਾ ਸੰਵੇਗ ਸਿਰਫ਼ ਵੱਡੇ ਹੋਣ ਦੀਆਂ ਸਮੱਸਿਆਵਾਂ ਤੋਂ ਵਧ ਕੇ ਹਨ?
ਬੱਚੇ ਦੇ ਵੱਡੇ ਹੋਣ ਦੇ ਨਾਲ ਆਉਣ ਵਾਲੀਆਂ ਆਮ ਤਬਦੀਲੀਆਂ ਅਤੇ ਮਾਨਸਿਕ ਬੀਮਾਰੀ ਦੇ ਲੱਛਣਾਂ ਵਿਚਕਾਰ ਫ਼ਰਕ ਦਾ ਅੰਦਾਜ਼ਾ ਲਗਾਉਣਾ ਔਖਾ ਹੋ ਸਕਦਾ ਹੈ। ਕੀ ਤੁਹਾਡੇ ਬੱਚੇ ਵਿੱਚ ਹੇਠ ਲਿਖੀਆਂ ਕੁੱਝ ਤਬਦੀਲੀਆਂ ਆਈਆਂ ਹਨ:
(੧) ਆਪਣੇ ਬਾਰੇ ਉਹ ਕਿਵੇਂ ਮਹਿਸੂਸ ਕਰਦਾ ਹੈ, ਉਸ ਨੂੰ ਇਸ ਵਿੱਚ ਫ਼ਰਕ ਲੱਗਦਾ ਹੈ? (ਉਦਾਹਰਣ ਵਜੋਂ, ਇੱਕ ਬੱਚਾ ਮਾਯੂਸੀ, ਚਿੰਤਾ, ਕਸੂਰਵਾਰ ਹੋਣ, ਗੁੱਸੇ, ਡਰ, ਚਿੜਚਿੜੇਪਨ ਜਾਂ ਬੇਆਸ ਹੋਣ ਦੇ ਅਹਿਸਾਸਾਂ ਦੇ ਸੰਕੇਤ ਦਿੰਦਾ ਹੈ)
(੨) ਉਹ ਅਜਿਹੀਆਂ ਥਾਵਾਂ ਜਾਂ ਸਥਿਤੀਆਂ ਤੋਂ ਪਰਹੇਜ਼ ਕਰਦਾ ਹੈ ਜਿਨ੍ਹਾਂ ਤੋਂ ਉਹ ਪਹਿਲਾਂ ਪਰਹੇਜ਼ ਨਹੀਂ ਕਰਦਾ ਸੀ?
(੩) ਕੀ ਉਸਨੇ ਹਾਲ ਹੀ ਵਿੱਚ ਸਰੀਰਕ ਸਮੱਸਿਆਵਾਂ ਹੋਣ ਦੀ ਸ਼ਿਕਾਇਤ ਕੀਤੀ ਹੈ, ਜਿਵੇਂ ਕਿ ਸਿਰ ਪੀੜ ਹੋਣਾ ਜਾਂ ਢਿੱਡ ਪੀੜ ਹੋਣਾ, ਖਾਣ ਜਾਂ ਸੌਂਣ ਵਿੱਚ ਮੁਸ਼ਕਲਾਂ ਹੋਣੀਆਂ ਜਾਂ ਆਮ ਤੌਰ ਤੇ ਤਾਕਤ ਦੀ ਘਾਟ ਹੋਣੀ?
(੪) ਉਹ ਅਚਾਨਕ ਆਪਣੇ ਆਪ ਵਿੱਚ ਹੀ ਰਹਿਣ ਲੱਗ ਪਿਆ ਹੈ?
(੫) ਉਸ ਨੇ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ (ਜਾਂ ਵਰਤੋਂ ਹੋਰ ਵਧਾ ਦਿੱਤੀ ਹੈ), ਖ਼ਾਸ ਤੌਰ ਤੇ ਜਦੋਂ ਉਹ ਇਕੱਲਾ ਹੋਵੇ?
(੬) ਊਸ ਨੇ ਰੋਜ਼ਾਨਾ ਗਤੀਵਿਧੀਆਂ ਜਾਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਮੁਸ਼ਕਲਾਂ ਪੇਸ਼ ਆਉਣ ਦੇ ਸੰਕੇਤ ਦਿੱਤੇ ਹਨ?
(੭) ਉਸ ਨੇ ਦੂਜਿਆਂ ਦੀਆਂ ਭਾਵਨਾਵਾਂ ਜਾਂ ਜਾਇਦਾਦ ਪ੍ਰਤੀ ਬਹੁਤ ਘੱਟ ਪਰਵਾਹ ਹੋਣ ਦਾ ਪ੍ਰਗਟਾਵਾ ਕੀਤਾ ਹੈ?
(੮) ਉਸ ਨੇ ਆਪਣੇ ਭਾਰ ਪ੍ਰਤੀ ਡਰ ਜਾਂ ਅੱਕੇ ਹੋਣ ਦਾ ਪ੍ਰਗਟਾਵਾ ਕੀਤਾ ਹੈ ਜਾਂ ਆਪਣੇ ਖਾਣ ਦੇ ਤਰੀਕਿਆਂ ਵਿੱਚ ਗ਼ੈਰ-ਸਿਹਤਮੰਦ ਤਬਦੀਲੀਆਂ ਲਿਆਂਦੀਆਂ ਹਨ?
(੯) ਆਮ ਖੇਡ ਜਾਂ ਮੌਜ-ਮਸਤੀ ਦੀ ਹੱਦ ਤੋਂ ਜ਼ਿਆਦਾ ਅਜੀਬ ਹਰਕਤਾਂ ਕਰਨੀਆਂ ਅਤੇ ਉਨ੍ਹਾਂ ਨੂੰ ਦੁਹਰਾਉਣਾ ਸ਼ੁਰੂ ਕਰ ਦਿੱਤਾ ਹੈ?
(੧੦) ਆਪਣੇ ਆਪ ਨੂੰ ਜਾਣ ਬੁੱਝ ਕੇ ਸੱਟ ਲਗਵਾਈ ਹੈ ਜਾਂ ਆਤਮ-ਹੱਤਿਆ ਕਰਨ ਦੀ ਗੱਲ ਕੀਤੀ ਹੈ?
(੧੧) ਉਸ ਨੇ ਆਪਣੇ ਵਿਹਾਰ ਵਿੱਚ ਤਬਦੀਲੀ ਪ੍ਰਗਟ ਕੀਤੀ ਹੈ? (ਉਦਾਹਰਣ ਵਜੋਂ, ਇੱਕ ਸਰਗਰਮ ਬੱਚਾ ਚੁੱਪ ਰਹਿਣ ਲੱਗ ਜਾਂਦਾ ਹੈ ਜਾਂ ਇੱਕ ਚੰਗੇ ਵਿਦਿਆਰਥੀ ਦੇ ਅਚਾਨਕ ਮਾੜੇ ਗਰੇਡ ਆਉਣ ਲੱਗਦੇ ਹਨ)
ਜੇ ਤੁਹਾਡਾ ਬੱਚਾ ਇਨ੍ਹਾਂ ਵਿੱਚੋਂ ਇੱਕ ਜਾਂ ਜ਼ਿਆਦਾ ਤਬਦੀਲੀਆਂ ਦਾ ਪ੍ਰਗਟਾਵਾ ਕਰ ਰਿਹਾ ਹੈ ਅਤੇ ਇਸ ਕਾਰਨ ਉਸ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਅੜਚਨਾਂ ਪੈਦਾ ਹੋ ਰਹੀਆਂ ਹਨ, ਤਾਂ ਬੱਚੇ ਨਾਲ ਇਸ ਬਾਰੇ ਗੱਲ ਕਰ ਕੇ ਇਹ ਜਾਣਨਾ ਸਭ ਤੋ ਉੱਤਮ ਰਹਿੰਦਾ ਹੈ ਕਿ ਉਹ ਕਿਵੇਂ ਮਹਿਸੂਸ ਕਰ ਰਿਹਾ ਹੈ। ਫ਼ਿਰ ਆਪਣੇ ਫ਼ੈਮਿਲੀ ਡਾਕਟਰ ਨਾਲ ਗੱਲ ਕਰ ਕੇ ਇਹ ਨਿਸ਼ਚਿਤ ਕਰੋ ਕਿ ਤੁਹਾਡੇ ਬੱਚੇ ਵਿੱਚ ਆ ਰਹੀਆਂ ਤਬਦੀਲੀਆਂ ਦੇ ਕੋਈ ਹੋਰ ਕਾਰਨ ਤਾਂ ਨਹੀਂ ਹਨ? ਫ਼ਿਰ, ਸਕੂਲ ਅਤੇ ਕਮਿਊਨਿਟੀ ਵਿੱਚ ਹੋਰ ਸਹਾਰਾ ਦੇਣ ਵਾਲੇ ਸਰੋਤਾਂ ਨਾਲ ਸਬੰਧ ਜੋੜਨਾ ਵੀ ਬਹੁਤ ਮਹੱਤਵਪੂਰਨ ਹੈ। ਇਹ ਧਿਆਨ ਰੱਖੋ ਕਿ ਆਤਮ-ਹੱਤਿਆ ਸਬੰਧੀ ਹਰ ਗੱਲ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
(੧) ਉਦਾਸੀ ਰੋਗ ਇੱਕ ਅਜਿਹਾ ਵਿਕਾਰ ਹੈ ਜਿਹੜਾ ਜ਼ਿਆਦਾਤਰ ਅਲ੍ਹੜ ਉਮਰ ਵਿੱਚ ਹੁੰਦਾ ਹੈ। ਬੀ.ਸੀ. ਵਿੱਚ ਲਗਭਗ 4% ਨੌਜਵਾਨ ਉਦਾਸੀ ਰੋਗ ਦੇ ਸ਼ਿਕਾਰ ਹਨ। ਉਦਾਸੀ ਰੋਗ ਬੱਚੇ ਜਾਂ ਨੌਜਵਾਨ ਦੇ ਰਵਈਏ ਅਤੇ ਮਨੋਦਸ਼ਾ 'ਤੇ ਅਸਰ ਕਰ ਸਕਦਾ ਹੈ। ਇਸ ਕਾਰਨ ਉਹ ਕਈ ਵਾਰੀ ਲਗਾਤਾਰ ਦੋ ਹਫ਼ਤਿਆਂ ਤੋਂ ਵੀ ਵੱਧ ਸਮੇਂ ਲਈ ਅਸਧਾਰਨ ਢੰਗ ਨਾਲ ਮਾਯੂਸ ਜਾਂ ਚਿੜਚਿੜਾ ਹੋ ਸਕਦਾ ਹੈ।
(੨) ਸਾਈਕੌਸਿਸ ਇੱਕ ਅਜਿਹਾ ਰੋਗ ਹੈ ਜਿਸ ਵਿੱਚ ਅਸਲੀਅਤ ਤੋਂ ਨਾਤਾ ਟੁੱਟ ਜਾਂਦਾ ਹੈ। ਇਹ ਕੁੱਲ ਅਬਾਦੀ ਦੇ ੩% ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਕਸਰ ਕਿਸ਼ੋਰ ਅਵਸਥਾ ਜਾਂ ਬਚਪਨ ਦੇ ਮੁੱਢਲੇ ਦਿਨਾਂ ਵਿੱਚ ਪ੍ਰਗਟ ਹੁੰਦਾ ਹੈ। ਇਹ ਇਕੱਲਾ ਜਾਂ ਇਸ ਤੱਥ ਵਰਕੇ ਉੱਪਰ ਦੱਸੇ ਹੋਰਨਾਂ ਵਿਕਾਰਾਂ ਨਾਲ ਹੋ ਸਕਦਾ ਹੈ।
(੩) ਬਾਈ ਪੋਲਰ ਡਿਸਆਰਡਰ (ਦੋ ਧਰੁਵੀ ਵਿਕਾਰ) ਇੱਕ ਮਨੋਦਸ਼ਾ ਵਿਕਾਰ ਹੈ ਜੋ ਕਿ ਲਗਭਗ ੦.੧% ਨੌਜਵਾਨਾਂ ਨੂੰ ਪ੍ਰਭਾਵਿਤ ਕਰੇਗਾ। ਆਮ ਤੌਰ ਤੇ ਇਸ ਦੀ ਸ਼ੁਰੂਆਤ ਅਲ੍ਹੜ ਉਮਰ ਵਿੱਚ ਹੁੰਦੀ ਹੈ। ਬਾਈ ਪੋਲਰ ਡਿਸਆਰਡਰ ਕਾਰਨ ਇੱਕ ਨੌਜਵਾਨ ਦੀ ਮਨੋਦਸ਼ਾ ਕਦੇ ਬਹੁਤ ਜ਼ਿਆਦਾ ਬੁਲੰਦ ਹੋ ਜਾਂਦੀ ਹੈ, ਜਿਸ ਨੂੰ ਕਿ ਸ਼ੁਦਾਅ ਕਿਹਾ ਜਾਂਦਾ ਹੈ ਅਤੇ ਕਈ ਵਾਰੀ ਨੌਜਵਾਨ ਬਹੁਤ ਮਾਯੂਸ ਹੋ ਜਾਂਦਾ ਹੈ, ਜਿਸ ਨੂੰ ਕਿ ਉਦਾਸੀ ਰੋਗ ਕਿਹਾ ਜਾਂਦਾ ਹੈ।
(੪) ਖਾਣ ਸਬੰਧੀ ਵਿਕਾਰ ਬੱਚਿਆਂ ਵਿੱਚ ਬਹੁਤ ਘੱਟ ਹੁੰਦੇ ਹਨ। ਸਿਰਫ਼ ੦.੧% ਬੱਚੇ ਹੀ ਇਸ ਤੋਂ ਪ੍ਰਭਾਵਿਤ ਹੁੰਦੇ ਹਨ, ਪਰ ਉਮਰ ਦੇ ਨਾਲ ਇਸ ਦਾ ਖ਼ਤਰਾ ਵਧਦਾ ਜਾਂਦਾ ਹੈ: ੧੫-੨੪ ਸਾਲ ਦੀ ਉਮਰ ਵਾਲੇ ੨% ਨੌਜਵਾਨ ਮੁੰਡਿਆਂ ਅਤੇ ਕੁੜੀਆਂ ਵਿੱਚ ਖਾਣ ਸਬੰਧੀ ਵਿਕਾਰ ਦੇ ਸ਼ਿਕਾਰ ਹੋਣ ਦਾ ਖ਼ਤਰਾ ਹੁੰਦਾ ਹੈ। ਖਾਣ ਸਬੰਧੀ ਵਿਕਾਰ ਵਾਲੇ ਮੁੰਡਿਆਂ ਜਾਂ ਕੁੜੀਆਂ ਵਿੱਚ ਅਜਿਹੀ ਸਰੀਰਕ ਖਿੱਚ ਹਾਸਲ ਦੀ ਤਾਂਘ ਹੁੰਦੀ ਹੈ ਜੋ ਕਿ ਅਸਲੀਅਤ ਤੋਂ ਦੂਰ ਹੁੰਦੀ ਹੈ। ਨਾਲ ਹੀ, ਇਸ ਵਿੱਚ ਭੋਜਨ ਅਤੇ ਭਾਰ ਨੂੰ ਕਾਬੂ ਵਿੱਚ ਰੱਖਣ ਲਈ ਬਹੁਤ ਜ਼ਿਆਦਾ ਹਾਨੀਕਾਰਕ ਵਿਹਾਰ ਸ਼ਾਮਲ ਹੁੰਦੇ ਹਨ ਜਿਸ ਕਾਰਨ ਆਪਣੇ ਆਪ ਨੂੰ ਸਹੀ ਪੋਸ਼ਣ ਦੇਣਾ ਔਖਾ ਹੋ ਜਾਂਦਾ ਹੈ।
ਆਖਰੀ ਵਾਰ ਸੰਸ਼ੋਧਿਤ : 6/16/2020