অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਮੋਨੋ ਲਈ ਤੁਹਾਡੇ ਬੱਚੇ ਦਾ ਡਾਕਟਰ ਕੀ ਕਰ ਸਕਦਾ ਹੈ ?

ਮੋਨੋ ਲਈ ਤੁਹਾਡੇ ਬੱਚੇ ਦਾ ਡਾਕਟਰ ਕੀ ਕਰ ਸਕਦਾ ਹੈ ?

ਤੁਹਾਡੇ ਬੱਚੇ ਦਾ ਮੁਆਇਨਾ

ਤੁਹਾਡੇ ਬੱਚੇ ਦਾ ਡਾਕਟਰ ਤੁਹਾਨੂੰ ਬੱਚੇ ਦੇ ਲੱਛਣਾਂ ਬਾਰੇ ਪੁੱਛ ਕੇ, ਤੁਹਾਡੇ ਬੱਚੇ ਦਾ ਮੁਆਇਨਾ ਕਰ ਕੇ, ਅਤੇ ਸ਼ਾਇਦ ਖ਼ੂਨ ਦੇ ਟੈਸਟ ਕਰ ਕੇ, ਮੋਨੋ ਦੀ ਤਸ਼ਖ਼ੀਸ ਕਰੇਗਾ।

ਦਵਾਈ

ਇਸ ਵਾਇਰਸ ਦਾ ਇਲਾਜ ਕਰਨ ਲਈ ਕੋਈ ਵਿਸ਼ੇਸ਼ ਦਵਾਈ ਨਹੀਂ ਹੈ। ਸਰੀਰ ਦਾ ਬਿਮਾਰੀਆਂ ਵਿਰੁੱਧ ਲੜਨ ਵਾਲਾ ਸਿਸਟਮ ਇਸ ਲਾਗ ਦਾ ਮੁਕਾਬਲਾ ਕਰੇਗਾ। ਇਲਾਜ ਕੇਵਲ ਤੁਹਾਡੇ ਬੱਚੇ ਦੇ ਅਰਾਮ ਵਿੱਚ ਵਾਧਾ ਕਰਨ ਨਾਲ ਹੀ ਕੀਤਾ ਜਾਂਦਾ ਹੈ।

ਜੇ ਟਾਂਸਿਲ ਇੰਨੇ ਵੱਡੇ ਹੋ ਗਏ ਹੋਣ ਕਿ ਉਹ ਲਗਭਗ ਆਪਸ ਵਿੱਚ ਸਪਰਸ਼ ਕਰਦੇ ਹੋਣ, ਸੋਜਸ਼ ਘਟਾਉਣ ਲਈ ਡਾਕਟਰ ਸਟੀਰੋਆਇਡ ਦਵਾਈ ਵੀ ਤਜਵੀਜ਼ ਕਰ ਸਕਦਾ ਹੈ।

ਲਸਿਕਾ ਗਿਲਟੀਆਂ ਦੀ ਸੋਜਸ਼ (ਮੋਨੋ) ਵਾਲੇ ਆਪਣੇ ਬੱਚੇ ਦੀ ਘਰ ਅੰਦਰ ਸੰਭਾਲ ਕਰਨੀ

ਬੁਖ਼ਾਰ ਅਤੇ ਦਰਦ ਦੀਆਂ ਦਵਾਈਆਂ

ਲਸਿਕਾ ਗਿਲਟੀਆਂ ਦੀ ਸੋਜਸ਼ ਅਤੇ ਬੁਖ਼ਾਰ ਤੋਂ ਹੋਣ ਵਾਲੀ ਬੇਅਰਾਮੀ ਅਕਸਰ ਅਸੀਟਾਮਿਨੋਫ਼ਿਨ (ਟਾਇਲਾਨੌਲ, ਟੈਂਪਰਾ, ਜਾਂ ਹੋਰ ਬਰੈਂਡ) ਜਾਂ ਆਈਬਿਊਪਰੋਫ਼ੈਨ (ਐਡਵਿਲ, ਮੋਟਰਿਨ, ਜਾਂ ਹੋਰ ਬਰੈਂਡ) ਨਾਲ ਠੀਕ ਕੀਤੀ ਜਾ ਸਕਦੀ ਹੈ।

ਤਰਲ

ਯਕੀਨੀ ਬਣਾਉ ਕਿ ਤੁਹਾਡਾ ਬੱਚਾ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਪੀਂਦਾ ਹੈ। ਮਿਲਕ ਸ਼ੇਕ ਅਤੇ ਪੀਣ ਵਾਲੀਆਂ ਠੰਢੀਆਂ ਚੀਜਾਂ ਚੰਗੀਆਂ ਹੁੰਦੀਆਂ ਹਨ। ਇੱਕ ਸਾਲ ਤੋਂ ਵੱਡੀ ਉਮਰ ਦੇ ਬੱਚੇ ਕੋਸੇ ਜਿਹੇ ਚਿਕਨ ਬਰੋਥ (ਸੂਪ) ਦੀਆਂ ਘੁੱਟਾਂ ਭਰ ਸਕਦੇ ਹਨ।

ਤੁਹਾਡਾ ਬੱਚਾ/ਬੱਚੀ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਪੀ ਰਿਹਾ ਹੈ, ਜੇ:

  • ਉਹ ਦਿਨ ਵਿੱਚ 2 ਤੋਂ 3 ਵਾਰੀ ਪਿਸ਼ਾਬ ਕਰਦਾ/ਕਰਦੀ ਹੈ
  • ਉਸ ਦੀਆਂ ਅੱਖਾਂ ਸਿੱਲ੍ਹੀਆਂ ਅਤੇ ਜੇ ਉਹ ਰੋਂਦਾ/ਰੋਂਦੀ ਹੈ ਤਾਂ ਉਨ੍ਹਾਂ ਵਿੱਚ ਹੰਝੂ ਹਨ
  • ਉਸ ਦਾ ਮੂੰਹ ਗਿੱਲਾ ਹੈ ਅਤੇ ਉਸ ਵਿੱਚ ਥੁੱਕ ਆਉਂਦਾ ਹੈ

ਗਲ਼ੇ ਦੇ ਦਰਦ ਦਾ ਇਲਾਜ

ਜੇ ਤੁਹਾਡੇ ਬੱਚੇ ਨੂੰ ਖਾਣਾ ਅਤੇ ਪੀਣਾ ਦੁਖਦਾਇਕ ਲੱਗਦਾ ਹੈ, ਹੇਠ ਦਿੱਤੇ ਢੰਗ ਅਜ਼ਮਾਉ:

  • ਉਸ ਨੂੰ ਅਜਿਹੇ ਨਰਮ ਭੋਜਨ ਦਿਓ ਜਿਹੜੇ ਨਿਗਲਣ ਵਿੱਚ ਅਸਾਨ ਹੁੰਦੇ ਹਨ, ਜਿਵੇਂ ਕਿ ਸੂਪ, ਆਈਸ ਕਰੀਮ, ਪੁਡਿੰਗ (ਹਲਵਾ, ਖੀਰ ਆਦਿ) ਜਾਂ ਯੋਗ੍ਹਰਟ (ਦਹੀਂ)
  • ਜੇ ਉਨ੍ਹਾਂ ਕਾਰਨ ਦਰਦ ਵੱਧਦਾ ਹੋਵੇ ਤਾਂ ਬਹੁਤ ਨਮਕੀਨ, ਮਸਾਲੇ ਵਾਲੇ, ਤੇਜ਼ਾਬੀ ਜਾਂ ਖੱਟੇ ਭੋਜਨ ਦੇਣ ਤੋਂ ਪਰਹੇਜ਼ ਕਰੋ
  • ਤਰਲ ਬਹੁਤੀ ਮਾਤਰਾ ਵਿੱਚ ਦਿਓ। ਸਟਰਾਅ (ਤਰਲ ਪੀਣ ਵਾਲੀ ਨਲਕੀ) ਜਾਂ ਸਿੱਪੀ ਕੱਪ ਨਾਲ ਤਰਲ ਪੀਣੇ ਵੀ ਸਹਾਈ ਹੋ ਸਕਦੇ ਹਨ।
  • ਜੇ ਤੁਹਾਡਾ ਬੱਚਾ 1 ਸਾਲ ਤੋਂ ਵੱਡੀ ਉਮਰ ਦਾ ਹੈ, ਉਸ ਦੇ ਗਲ਼ੇ ਦਾ ਦਰਦ ਘੱਟ ਕਰਨ ਅਤੇ ਖੰਘ ਵਿੱਚ ਮਦਦ ਕਰਨ ਲਈ 1 ਤੋਂ 2 ਛੋਟੇ ਚਮਚੇ (5 ਤੋਂ 10 ਮਿ.ਲੀ.) ਜਰਮ ਰਹਿਤ ਕੀਤਾ ਸ਼ਹਿਦ ਦੇਣ ਦੀ ਕੋਸ਼ਿਸ ਕਰੋ।
  • ਵੱਡੀ ਉਮਰ ਦੇ ਬੱਚੇ ਲੂਣ ਵਾਲੇ ਕੋਸੇ ਪਾਣੀ ਨਾਲ ਗਰਾਰੇ ਕਰ ਸਕਦੇ ਹਨ।
  • ਬਰਫ਼ ਦੀਆਂ ਟਿੱਕੀਆਂ (ਕਿਊਬ) ਅਤੇ ਚੂਸਣ ਵਾਲੀਆਂ ਗੋਲ਼ੀਆਂ ਵੱਡੇ ਬੱਚਿਆਂ ਜਾਂ ਯੁਵਕਾਂ ਨੂੰ ਕੁੱਝ ਅਰਾਮ ਪਹੁੰਚਾ ਸਕਦੀਆਂ ਹਨ। ਇਹ ਛੋਟੇ ਬੱਚਿਆਂ ਨੂੰ ਨਾ ਦਿਓ, ਕਿਉਂਕਿ ਇਨ੍ਹਾਂ ਦਾ ਗਲ਼ੇ ਵਿੱਚ ਅਟਕ ਜਾਣ ਦਾ ਖ਼ਤਰਾ ਹੁੰਦਾ ਹੈ।

ਅਰਾਮ ਅਤੇ ਕਿਰਿਆਸ਼ੀਲਤਾ

ਤੁਹਾਡੇ ਬੱਚੇ ਨੂੰ ਬਿਸਤਰ ਵਿੱਚ ਜਾਂ ਅਲਹਿਦਾ ਰੱਖਣ ਦੀ ਲੋੜ ਨਹੀਂ ਹੈ। ਉਹ ਆਪਣੇ ਆਪ ਫ਼ੈਸਲਾ ਕਰ ਸਕਦਾ ਹੈ ਕਿ ਉਸ ਨੂੰ ਕਿੰਨੇ ਕੁ ਅਰਾਮ ਦੀ ਲੋੜ ਹੈ। ਆਮ ਤੌਰ ‘ਤੇ ਜਦੋਂ ਬੱਚਿਆਂ ਨੂੰ ਬੁਖ਼ਾਰ ਹੁੰਦਾ ਹੈ ਉਦੋਂ ਉਹ ਸੁਸਤ ਹੋ ਜਾਂਦੇ ਹਨ ਅਤੇ ਫਿਰ ਉਸ ਤੋਂ ਪਿੱਛੋਂ ਵਧੇਰੇ ਕਿਰਿਆਸ਼ੀਲ ਹੋ ਜਾਂਦੇ ਹਨ।

ਜਦੋਂ ਬੱਚਿਆਂ ਦਾ ਬੁਖ਼ਾਰ ਉੱਤਰ ਜਾਵੇ ਅਤੇ ਸਧਾਰਨ ਤਰੀਕੇ ਨਾਲ ਨਿਗਲਣ ਲੱਗ ਜਾਣ ਉਹ ਮੁੜ ਸਕੂਲ ਜਾ ਸਕਦੇ ਹਨ। ਬਹੁਤੇ ਬੱਚੇ 2 ਤੋਂ 4 ਹਫ਼ਤਿਆਂ ਵਿੱਚ ਮੁੜ ਆਪਣੇ ਸਧਾਰਨ ਨਿੱਤਨੇਮ ਵਿੱਚ ਵਾਪਸ ਜਾਣਾ ਚਾਹੁਣਗੇ।

ਜੇ ਤਿੱਲੀ (ਸਪਲੀਨ) ਵਧੀ ਹੋਈ ਹੋਵੇ ਤਾਂ ਇੱਕ ਦੂਜੇ ਨਾਲ ਸੰਪਰਕ ਕਰਨ ਵਾਲੀਆਂ ਖੇਡਾਂ ਅਤੇ ਹੋਰ ਕਿਰਿਆਵਾਂ, ਜਿਨ੍ਹਾਂ ਨਾਲ ਪੇਟ ਦੀ ਸੱਟ ਲੱਗ ਸਕਦੀ ਹੋਵੇ, ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਪਣੇ ਬੱਚੇ ਦੇ ਡਾਕਟਰ ਤੋਂ ਪਤਾ ਕਰੋ।

ਵਾਇਰਸ ਜਾਂ ਲਾਗ ਨੂੰ ਫ਼ੈਲਣ ਤੋਂ ਕਿਵੇਂ ਘੱਟ ਕੀਤਾ ਜਾ ਸਕਦਾ ਹੈ

ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਉਸ ਸਮੇਂ ਛੂਤ ਨਾਲ ਵਧੇਰੇ ਲੱਗਦੀ ਹੈ ਜਦੋਂ ਬੱਚੇ ਨੂੰ ਬੁਖ਼ਾਰ ਹੋਵੇ। ਬੁਖ਼ਾਰ ਉੱਤਰ ਜਾਣ ਤੋਂ ਪਿੱਛੋਂ ਵੀ 6 ਮਹੀਨਿਆਂ ਤੀਕ ਥੁੱਕ ਵਿੱਚ ਥੋੜ੍ਹੀ ਮਾਤਰਾ ਵਿੱਚ ਵਾਇਰਸ ਰਹਿੰਦਾ ਹੈ। ਮੋਨੋ ਤੋਂ ਪੀੜਤ ਤੁਹਾਡੇ ਬੱਚੇ ਨੂੰ ਇਕੱਲੇ ਰੱਖਣ ਦੀ ਲੋੜ ਨਹੀਂ ਹੈ। ਵਾਇਰਸ ਨੂੰ ਫ਼ੈਲਣ ਤੋਂ ਬਚਾਅ ਕਰਨ ਲਈ ਪੀਣ ਵਾਲੇ ਗਲਾਸ ਅਤੇ ਬਰਤਨ ਅਲੱਗ ਅਲੱਗ ਵਰਤੋ। ਇਸ ਦੇ ਨਾਲ ਹੀ, ਬੁਖ਼ਾਰ ਉੱਤਰ ਜਾਣ ਦੇ ਕਈ ਦਿਨ ਬਾਅਦ ਤੀਕ ਚੁੰਮਣ ਤੋਂ ਪਰਹੇਜ਼ ਕਰੋ।

ਲਾਗ ਵਾਲੇ ਵਿਅਕਤੀ ਨਾਲ ਸੰਪਰਕ ਤੋਂ ਪਿੱਛੋਂ ਮੋਨੋ ਵਾਇਰਸ ਦੇ ਪ੍ਰਫੁੱਲਤ ਹੋਣ ਦਾ ਸਮਾਂ 4 ਤੋਂ 10 ਹਫ਼ਤੇ ਹੈ। ਇਸ ਦਾ ਮਤਲਬ ਹੈ ਕਿ ਜੇ ਬੱਚੇ ਨੂੰ ਵਾਇਰਸ ਦਾ ਅਸਰ ਹੋ ਜਾਂਦਾ ਹੈ, ਉਹ ਸੰਪਰਕ ਵਿੱਚ ਆਉਣ ਪਿੱਛੋਂ 4 ਤੋਂ 10 ਹਫ਼ਤਿਆਂ ਤੀਕ ਬਿਮਾਰ ਮਹਿਸੂਸ ਨਹੀਂ ਕਰੇਗਾ ਜਾਂ ਬਿਮਾਰ ਵਿਖਾਈ ਨਹੀਂ ਦੇਵੇਗਾ।

ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ

ਆਪਣੇ ਬੱਚੇ ਦੇ ਡਾਕਟਰ ਨੂੰ ਫ਼ੋਨ ਕਰੋ, ਜੇ:

  • ਤੁਹਾਡਾ ਬੱਚਾ ਲੋੜੀਂਦੀ ਮਾਤਰਾ ਵਿੱਚ ਤਰਲ ਪਦਾਰਥ ਨਹੀਂ ਪੀ ਸਕਦਾ
  • ਉਸ ਦੇ ਮੱਥੇ (ਸਾਈਨਸ) ਜਾਂ ਕੰਨ ਵਿੱਚ ਦਰਦ ਹੋਵੇ
  • ਤੁਹਾਡਾ ਬੱਚਾ ਮੋਨੋ ਦੀ ਤਸ਼ਖੀਸ਼ ਤੋਂ ਪਿੱਛੋਂ 2 ਹਫ਼ਤਿਆਂ ਤੋਂ ਮੁੜ ਸਕੂਲ ਨਹੀਂ ਗਿਆ
  • 4 ਹਫ਼ਤਿਆਂ ਤੋਂ ਪਿੱਛੋਂ ਵੀ ਲੱਛਣ ਵਿਖਾਈ ਦਿੰਦੇ ਹੋਣ
  • ਤੁਹਾਡੇ ਹੋਰ ਪ੍ਰਸ਼ਨ ਜਾਂ ਸਰੋਕਾਰ ਹੋਣ

ਆਪਣੇ ਬੱਚੇ ਨੂੰ ਨਜ਼ਦੀਕੀ ਐਮਰਜੈਂਸੀ ਵਿਭਾਗ ਲੈ ਕੇ ਜਾਓ, ਜੇ ਤੁਹਾਡੇ ਬੱਚੇ:

  • ਦੇ ਸਰੀਰ ਵਿੱਚ ਤਰਲਾਂ ਦੀ ਘਾਟ ਹੋ ਗਈ ਹੋਵੇ
  • ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਵੇ
  • ਦੇ ਪੇਟ ਵਿੱਚ ਦਰਦ ਹੋਵੇ, ਖਾਸਕਰ ਖੱਬੇ ਪਾਸੇ ਉੱਪਰ ਵੱਲ
  • ਬਹੁਤ ਬਿਮਾਰਾਂ ਵਾਂਗ ਵਰਤਾਉ ਕਰੇ

ਮੁੱਖ ਨੁਕਤੇ

  • ਮੋਨੋ (ਲਸਿਕਾ ਗਿਲਟੀਆਂ ਦੀ ਸੋਜਸ਼) ਵਾਇਰਸ ਨਾਲ ਲੱਗਣ ਵਾਲੀ ਲਾਗ ਦੀ ਅਜਿਹੀ ਕਿਸਮ ਹੈ ਜਿਹੜੀ ਛੋਟੇ ਬੱਚਿਆਂ ਵਿੱਚ ਬੁਖ਼ਾਰ ਦਾ ਕਾਰਨ ਬਣ ਸਕਦੀ ਹੈ।
  • ਯੁਵਕਾਂ ਅਤੇ ਛੋਟੀ ਉਮਰ ਦੇ ਬਾਲਗ਼ਾਂ ਵਿੱਚ ਬੁਖ਼ਾਰ ਦੇ ਨਾਲ ਹੋਰ ਲੱਛਣ ਵੀ ਹੁੰਦੇ ਹਨ।
  • ਜਦੋਂ ਤੁਹਾਡੇ ਬੱਚੇ ਦਾ ਸਰੀਰ ਬਿਮਾਰੀ ਦਾ ਮੁਕਾਬਲਾ ਕਰ ਰਿਹਾ ਹੁੰਦਾ ਹੈ ਉਦੋਂ ਉਸ ਨੂੰ ਅਰਾਮਦਾਇਕ ਅਤੇ ਉਸ ਦੇ ਸਰੀਰ ਵਿੱਚ ਤਰਲਾਂ ਦਾ ਪੱਧਰ ਬਣਾਈ ਰੱਖੋ।
  • ਖੇਡਾਂ ਖੇਡਣੀਆਂ ਅਤੇ ਭਾਰੀ ਵਜ਼ਨ ਚੁੱਕਣ ਤੋਂ ਪਰਹੇਜ਼ ਕਰੋ। ਤਿੱਲੀ (ਸਪਲੀਨ) ਨੂੰ ਸੱਟ ਲੱਗਣ ਨਾਲ ਸਰੀਰ ਅੰਦਰ ਬਹੁਤ ਜ਼ਿਆਦਾ ਖ਼ੂਨ ਵਹਿ ਸਕਦਾ ਹੈ।
  • ਸਰੋਤ : ਏ ਬੁਕਸ ਓਂਨਲਿਨ

ਆਖਰੀ ਵਾਰ ਸੰਸ਼ੋਧਿਤ : 2/6/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate