ਦਮਾ ਇੱਕ ਅਜਿਹੀ ਹਾਲਤ ਹੈ ਜਿਹੜੀ ਤੁਹਾਡੇ ਬੱਚੇ ਦੇ ਫ਼ੇਫ਼ੜਿਆਂ 'ਤੇ ਅਸਰ ਪਾਉਂਦੀ ਹੈ। ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼ ਆਉਣੀ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਆਉਣੀ, ਦਮੇ ਦੇ ਆਮ ਚਿੰਨ੍ਹ ਹਨ। ਇਹ ਚਿੰਨ੍ਹ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਦੇ ਨਾਲ ਵੀ ਹੋ ਸਕਦੇ ਹਨ। ਇਸ ਲਈ, ਸ਼ੁਰੂ ਵਿੱਚ ਤੁਹਾਡੇ ਡਾਕਟਰ ਨੂੰ ਦਮੇ ਦੀ ਤਸ਼ਖ਼ੀਸ ਕਰਨ ਵਿੱਚ ਮੁਸ਼ਕਿਲ ਆ ਸਕਦੀ ਹੈ, ਖ਼ਾਸਕਰ ਛੋਟੇ ਬਾਲਾਂ ਅਤੇ ਬੱਚਿਆਂ ਵਿੱਚ। ਦਮਾ ਰਹਿੰਦੀ ਉਮਰ ਤੀਕ ਤੁਹਾਡੇ ਬੱਚੇ ਦੇ ਫ਼ੇਫ਼ੜਿਆਂ ਉੱਪਰ ਅਸਰ ਪਾ ਸਕਦਾ ਹੈ। ਕਈ ਵਾਰੀ ਤੁਹਾਡਾ ਬੱਚਾ ਠੀਕ ਮਹਿਸੂਸ ਕਰੇਗਾ। ਕਿਸੇ ਹੋਰ ਸਮੇਂ ਦਮੇ ਕਾਰਨ ਤੁਹਾਡਾ ਬੱਚਾ ਬਹੁਤ ਬਿਮਾਰ ਮਹਿਸੂਸ ਕਰੇਗਾ।
ਜਦੋਂ ਤੁਹਾਡੇ ਬੱਚੇ ਦਾ ਦਮਾ ਇੱਕ ਸਮੱਸਿਆ ਬਣ ਜਾਂਦਾ ਹੈ
ਜਦੋਂ ਤੁਹਾਡੇ ਬੱਚੇ ਦਾ ਦਮਾ ਇੱਕ ਸਮੱਸਿਆ ਬਣ ਜਾਂਦਾ ਹੈ, ਉਸ ਦੀਆਂ ਸਾਹ ਲੈਣ ਵਾਲੀਆਂ ਨਾਲੀਆਂ ਤੰਗ ਹੋ ਜਾਂਦੀਆਂ ਹਨ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤੁਹਾਡੇ ਬੱਚੇ ਨੂੰ ਫ਼ੇਫ਼ੜਿਆਂ ਅੰਦਰ ਹਵਾ ਲੈ ਜਾਣੀ ਅਤੇ ਬਾਹਰ ਕੱਢਣੀ ਮੁਸ਼ਕਿਲ ਹੋ ਜਾਂਦੀ ਹੈ।
ਦਮੇ ਦੇ ਦੌਰੇ ਵਿੱਚ,ਸਾਹ ਵਾਲੀ ਨਾਲੀ ਦੁਆਲੇ ਦੇ ਦੇ ਪੱਠੇ ਕੱਸੇ ਜਾਂਦੇ ਹਨ ਜਿਸ ਨਾਲ ਸਾਹ ਲੈਣਾ ਕਠਨ ਹੋ ਜਾਂਦਾ ਹੈ।
ਜਦੋਂ ਤੁਹਾਡੇ ਬੱਚੇ ਨੂੰ ਦਮੇ ਦੀ ਸਮੱਸਿਆ ਹੁੰਦੀ ਹੈ, ਉਸ ਦੀਆਂ ਸਾਹ ਵਾਲੀਆਂ ਨਾਲੀਆਂ ਨੂੰ ਤੰਗ ਬਣਾਉਣ ਵਿੱਚ ਤਿੰਨ ਗੱਲਾਂ ਵਾਪਰਦੀਆਂ ਹਨ:
(੧) ਹਵਾ ਵਾਲੀਆਂ ਨਾਲੀਆਂ ਦੀ ਅੰਦਰ ਵਾਲੀ ਝਿੱਲੀ ਮੋਟੀ ਹੋ ਕੇ ਸੁੱਜ ਜਾਂਦੀ ਹੈ। ਇਸ ਨੂੰ ਲੋਕ ਸੋਜਸ਼ ਕਹਿੰਦੇ ਤੁਸੀਂ ਸੁਣੋਗੇ।
(੨) ਸਾਹ ਵਾਲੀਆਂ ਨਾਲੀਆਂ ਦੇ ਆਲੇ-ਦੁਆਲੇ ਵਾਲੇ ਪੱਠੇ ਕੱਸੇ (ਸਖ਼ਤ ਹੋ) ਜਾਂਦੇ ਹਨ। ਇਸ ਨੂੰ ਤੁਸੀਂ ਬਰੌਂਕਾਸਪਿਜ਼ਮ ਜਾਂ ਬਰੌਂਕਾਸਸਟਰਿਕਸ਼ਨ (ਸਾਹ ਬਾਹਰ ਕੱਢਣ ਵੇਲੇ ਕਠਨਾਈ ਆਉਣੀ ਅਤੇ ਆਵਾਜ਼ ਆਉਣੀ) ਕਹਿੰਦੇ ਸੁਣੋਗੇ।
(੩) ਸਾਹ ਵਾਲੀਆਂ ਨਾਲੀਆਂ ਬਹੁਤ ਮਾਤਰਾ ਵਿੱਚ ਸਾਫ਼, ਗਾੜ੍ਹਾ ਤਰਲ ਪਦਾਰਥ ਬਣਾਉਂਦੀਆਂ ਹਨ ਜਿਸ ਨੂੰ ਮਿਊਕਸ (ਬਲਗ਼ਮ) ਕਹਿੰਦੇ ਹਨ। ਇਹ ਬਲਗ਼ਮ ਆਮ ਨਾਲੋਂ ਗਾੜ੍ਹੀ ਹੁੰਦੀ ਹੈ ਅਤੇ ਸਾਹ ਵਾਲੀਆਂ ਨਾਲੀਆਂ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ।
ਕਈ ਤਰੀਕੇ ਹਨ ਜਿੰਨ੍ਹਾਂ ਦੁਆਰਾ ਤੁਸੀਂ ਆਪਣੇ ਬੱਚੇ ਨੂੰ ਚੰਗਾ ਮਹਿਸੂਸ ਕਰਨ ਵਿੱਚ ਮਦਦ ਕਰ ਸਕਦੇ ਹੋ:
ਇਹ ਸਫ਼ਾ ਪੜ੍ਹ ਕੇ, ਦਮੇ ਬਾਰੇ ਹੋਰ ਸਰੋਤਾਂ ਨੂੰ ਪੜ੍ਹ ਕੇ ਅਤੇ ਆਪਣੇ ਡਾਕਟਰ ਨੂੰ ਪੁੱਛ ਕੇ ਆਪਣੇ ਬੱਚੇ ਦੇ ਦਮੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।
ਇਹ ਯਕੀਨੀ ਬਣਾ ਕੇ ਕਿ ਤੁਹਾਡਾ ਬੱਚਾ ਬਿਲਕੁਲ ਉਸੇ ਤਰ੍ਹਾਂ ਹੀ ਸਾਰੀਆਂ ਦਵਾਈਆਂ ਲੈਂਦਾ ਹੈ ਜਿਵੇਂ ਬੱਚੇ ਦੇ ਡਾਕਟਰ ਨੇ ਤੁਹਾਨੂੰ ਦੱਸਿਆ ਹੈ।
ਇਹ ਪਤਾ ਕਰੋ ਕਿ ਤੁਹਾਡੇ ਬੱਚੇ ਦਾ ਦਮਾ ਕਿਹੜੀਆਂ ਚੀਜ਼ਾਂ ਤੋਂ ਸ਼ੁਰੂ (ਟਰਿਗਰ) ਹੁੰਦਾ ਹੈ ਅਤੇ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਟਰਿਗਰਜ਼ ਉਹ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਤੁਹਾਡੇ ਬੱਚੇ ਦੇ ਦਮੇ ਨੂੰ ਵਿਗਾੜਦੀਆਂ ਹਨ।
ਟਰਿਗਰਜ਼ ਤੁਹਾਡੇ ਬੱਚੇ ਦੇ ਦਮੇ ਨੂੰ ਵਿਗਾੜਦੇ ਹਨ
ਉਹ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਤੁਹਾਡੇ ਬੱਚੇ ਦੇ ਦਮੇ ਨੂੰ ਵਿਗਾੜਦੀਆਂ ਹਨ। ਦਮੇ ਵਾਲੇ ਹਰ ਇੱਕ ਬੱਚੇ ਨੂੰ ਵੱਖ ਵੱਖ ਟਰਿਗਰਜ਼ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਹੈ। ਕਿਹੜੇ ਟਰਿਗਰਜ਼ ਤੁਹਾਡੇ ਬੱਚੇ ਨੂੰ ਪਰੇਸ਼ਾਨ ਕਰਦੇ ਹਨ, ਅਤੇ ਇਨ੍ਹਾਂ ਟਰਿਗਰਜ਼ ਤੋਂ ਤੁਹਾਡੇ ਬੱਚਾ ਕਿਵੇਂ ਦੂਰ ਰਹਿ ਸਕਦਾ ਹੈ ਦਾ ਪਤਾ ਕਰਨ ਲਈ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ।
ਲਾਗਾਂ, ਜਿਵੇਂ ਕਿ ਜ਼ੁਕਾਮ (ਸਰਦੀ ਲੱਗਣੀ ਆਦਿ) ਅਤੇ ਫ਼ਲੂ
ਸਿਗਰਟ ਜਾਂ ਤੰਬਾਕੂ ਦਾ ਧੂੰਆਂ
ਲੱਕੜੀ ਅਤੇ ਤੇਲ ਦਾ ਧੂੰਆਂ
ਉਹ ਚੀਜ਼ਾਂ ਜਿਹੜੀਆਂ ਅਲਰਜੀ ਦੇ ਪ੍ਰਤੀਕਰਮ ਪੈਦਾ ਕਰਦੀਆਂ ਹਨ
ਪਾਲਤੂ ਜਾਨਵਰ
ਪ੍ਰਦੂਸ਼ਤ ਹਵਾ
ਸਿੱਲ੍ਹਾ ਮੌਸਮ
ਠੰਡਾ ਮੌਸਮ
ਦਵਾਈਆਂ, ਜਿਵੇਂ ਕਿ ਏ ਐੱਸ ਏ (ਐੱਸਪਰੀਨ) ਜਾਂ ਆਈਬਿਊਪਰੋਫੈਨ
ਤੇਜ਼ ਸੁਗੰਧੀਆਂ ਜਾਂ ਸਪਰੇਅ
ਕਸਰਤ
ਦਮੇ ਦੀਆਂ ਦਵਾਈਆਂ ਤੁਹਾਡੇ ਬੱਚੇ ਦੇ ਫ਼ੇਫ਼ੜਿਆਂ ਨੂੰ ਤੰਦਰੁਸਤ ਰੱਖ ਸਕਦੀਆਂ ਹਨ ਅਤੇ ਉਸ ਦੇ ਦਮੇ ਨੂੰ ਵਿਗੜਨ ਤੋਂ ਰੋਕ ਸਕਦੀਆਂ ਹਨ। ਇਹ ਦਵਾਈਆਂ ਦਮੇ ਦਾ ਇਲਾਜ ਨਹੀਂ ਕਰਦੀਆਂ, ਪਰ ਇਹ ਤੁਹਾਡੇ ਬੱਚੇ ਦੇ ਫ਼ੇਫ਼ੜਿਆਂ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ।
ਬਹੁਤੀਆਂ ਦਵਾਈਆਂ ਜਿਹੜੀਆਂ ਤੁਹਾਡਾ ਬੱਚਾ ਲੈ ਸਕਦਾ ਹੈ ਉਹ ਸਾਹ ਨਾਲ ਅੰਦਰ ਖਿੱਚੀਆਂ ਜਾਂਦੀਆਂ ਹਨ। ਜਿਹੜੀਆਂ ਦਵਾਈਆਂ ਸਾਹ ਨਾਲ ਅੰਦਰ ਖਿੱਚੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਇਨਹੇਲਡ (ਸਾਹ ਰਾਹੀਂ ਅੰਦਰ ਖਿੱਚਣ ਵਾਲੀਆਂ) ਦਵਾਈਆਂ ਕਹਿੰਦੇ ਹਨ। ਇਨਹੇਲਡ (ਸਾਹ ਰਾਹੀਂ ਅੰਦਰ ਖਿੱਚਣ ਵਾਲੀਆਂ) ਦਵਾਈਆਂ ਦਮੇ ਵਾਲੇ ਬੱਚਿਆਂ ਲਈ ਬਹੁਤ ਸੁਰੱਖਿਅਤ ਪਾਈਆਂ ਗੱਈਆਂ ਹਨ। ਤੁਹਡਾ ਬੱਚਾ ਇਨ੍ਹਾਂ ਨੂੰ ਸਾਲਾਂ ਬੱਧੀ ਵਰਤ ਸਕਦਾ ਹੈ ਅਤੇ ਸਾਧਾਰਨ ਬਾਲਗ਼ ਦੇ ਕੱਦ ਤੀਕ ਵਧ ਸਕਦਾ ਹੈ। ਸਾਹ ਰਾਹੀਂ ਅੰਦਰ ਖਿੱਚਣ ਵਾਲੀ ਦਵਾਈ ਲੈਣ ਤੋਂ ਪਿੱਛੋਂ ਤੁਹਾਡੇ ਬੱਚੇ ਨੂੰ ਮੂੰਹ ਸਾਫ਼ ਕਰਨ ਲਈ ਕੁਰਲੀ ਕਰਨੀ ਚਾਹੀਦੀ ਹੈ ਜਾਂ ਪਾਣੀ ਜਾਂ ਜੂਸ ਪੀਣਾ ਚਾਹੀਦਾ ਹੈ। ਇਸ ਨਾਲ ਮੂੰਹ ਵਿੱਚ ਛਾਲੇ ਪੈਣ ਤੋਂ ਬਚਾਅ ਕਰਨ ਵਿੱਚ ਮਦਦ ਮਿਲਦੀ ਹੈ। ਸਾਹ ਰਾਹੀਂ ਅੰਦਰ ਖਿੱਚਣ ਵਾਲੀਆਂ ਮੁੱਖ ਕਿਸਮ ਦੀਆਂ ਦਵਾਈਆਂ ਜਿਹੜੀਆਂ ਕਿ ਤੁਹਾਡਾ ਬੱਚਾ ਲੈ ਸਕਦਾ ਹੈ ਉਨ੍ਹਾਂ ਨੂੰ ਕੰਟਰੋਲਰ (ਰੋਕਣ ਵਾਲੀਆਂ) ਅਤੇ ਰਲੀਵਰ (ਆਰਾਮ ਦੇਣ ਵਾਲੀਆਂ) ਕਹਿੰਦੇ ਹਨ।
ਕੰਟਰੋਲਰ ਉਹ ਦਵਾਈ ਹੈ ਜਿਹੜੀ ਸਾਹ ਵਾਲੀਆਂ ਨਾਲੀਆਂ ਦੀ ਅੰਦਰਲੀ ਝਿੱਲੀ ਦੀ ਸੋਜ ਨੂੰ ਰੋਕ ਦੇਂਦੀ ਹੈ। ਜਦੋਂ ਤੁਹਾਡਾ ਬੱਚਾ ਹਰ ਰੋਜ਼ ਕੰਟਰੋਲਰ ਵਰਤਦਾ ਹੈ ਤਾਂ ਉਸ ਨੂੰ ਸੋਜ ਅਤੇ ਬਲਗਮ ਘੱਟ ਹੋਵੇਗੀ। ਇਨਹੇਲਡ (ਸਾਹ ਰਾਹੀਂ ਅੰਦਰ ਖਿੱਚਣ ਵਾਲੀਆਂ) ਕੰਟਰੋਲਰ ਦਵਾਈਆਂ ਦੀਆਂ ਉਦਾਹਰਣਾਂ ਬੈਕਲੋਮੈਥਾਸੋਨ (ਕਵਾਰ), ਬਿਊਡੀਸੋਨਾਈਡ (ਪਲਮੀਕੋਰਟ), ਬਿਊਡੀਸੋਨਾਈਡ ਪਲੱਸ ਫ਼ਾਰਮੋਟਰੋਲ (ਸਿੰਬੀਕੋਰਟ), ਸਿਕਲਸੋਨਾਈਡ ( ਅਲਵੈਸਕੋ), ਫ਼ਲੂਟੀਕਸੋਨ (ਫ਼ਲੋਵੈਂਟ), ਅਤੇ ਫ਼ਲੂਟੀਕਸੋਨ ਪਲੱਸ ਸਲਮੈਟਰੋਲ (ਅਡਵੇਅਰ) ਹਨ। ਗੋਲ਼ੀ ਦੀ ਸ਼ਕਲ ਵਿੱਚ ਕੰਟਰੋਲਰ ਦਵਾਈ ਦੀ ਉਦਾਹਰਣ ਮੌਂਟੁਲੂਕੈਸਟ (ਸਿੰਗੁਲੇਅਰ) ਹੈ।
ਤੁਹਾਡੇ ਬੱਚੇ ਨੂੰ ਕੰਟਰੋਲਰ ਦਵਾਈ ਹਰ ਰੋਜ਼ ਲੈਣੀ ਚਾਹੀਦੀ ਹੈ, ਭਾਵੇਂ ਉਹ ਠੀਕ ਠਾਕ ਵਿਖਾਈ ਦਿੰਦਾ ਹੈ। ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਉਦੋਂ ਤੀਕ ਕੰਟਰੋਲਰ ਦਵਾਈ ਵਰਤਦਾ ਰਹੇ ਜਦੋਂ ਤੀਕ ਤੁਹਾਡਾ ਡਾਕਟਰ ਇਹ ਨਹੀਂ ਕਹਿੰਦਾ ਕਿ ਹੁਣ ਦਵਾਈ ਬੰਦ ਕਰ ਦੇਣੀ ਠੀਕ ਹੈ।
ਦਮੇ ਦੇ ਚਿੰਨ੍ਹਾਂ ਜਿਵੇਂ ਕਿ ਖੰਘ ਜਾਂ ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼ ਦਾ ਇਲਾਜ ਕਰਨ ਵਿੱਚ ਰਲੀਵਰ ਮਦਦ ਕਰਦੀ ਹੈ। ਰਲੀਵਰ ਸਾਹ ਵਾਲੀ ਨਾਲੀ ਦੇ ਆਲੇ-ਦੁਆਲੇ ਵਾਲੇ ਪੱਠੇ ਨੂੰ ਨਰਮ ਕਰਦਾ ਹੈ। ਜਦੋਂ ਪੱਠਾ ਨਰਮ ਹੁੰਦਾ ਹੈ, ਸਾਹ ਵਾਲੀ ਨਾਲੀ ਖੁੱਲ੍ਹ ਜਾਂਦੀ ਹੈ। ਜਦੋਂ ਸਾਹ ਵਾਲੀ ਨਾਲੀ ਖੁੱਲ੍ਹ ਜਾਂਦੀ ਹੈ, ਤੁਹਾਡਾ ਬੱਚਾ ਹੋਰ ਆਸਾਨੀ ਨਾਲ ਸਾਹ ਲੈਣ ਦੇ ਯੋਗ ਹੋ ਜਾਵੇਗਾ। ਰਲੀਵਰ ਦਵਾਈਆਂ ਦੀਆਂ ਉਦਾਹਰਣਾਂ ਸੈਲਬੂਟਾਮੋਲ (ਐਰੋਮਿਰ ਜਾਂ ਵੈਂਟੋਲਿਨ) ਅਤੇ ਟਰਬਿਊਟਾਲਾਈਨ (ਬਰਿਕਾਨੌਲ) ਹਨ। ਤੁਹਾਡੇ ਬੱਚੇ ਨੂੰ ਰਲੀਵਰ ਉਦੋਂ ਵਰਤਣੀ ਚਾਹੀਦੀ ਹੈ ਜਦੋਂ ਉਸ ਨੂੰ ਦਮੇ ਦੀ ਸਮੱਸਿਆ ਹੋਵੇ। ਜਦੋਂ ਤੁਹਾਡਾ ਡਾਕਟਰ ਕਹਿੰਦਾ ਹੈ ਕਿ ਤੁਹਾਡਾ ਬੱਚਾ ਪਹਿਲਾਂ ਨਾਲੋਂ ਬਿਹਤਰ ਹੈ ਤਾਂ ਉਸ ਨੂੰ ਰਲੀਵਰ ਦੀ ਰੁਜ਼ਾਨਾ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਤੁਹਾਡਾ ਡਾਕਟਰ ਤੁਹਾਡੇ ਬੱਚੇ ਨੂੰ ਕਸਰਤ ਕਰਨ ਤੋਂ ਪਹਿਲਾਂ ਰਲੀਵਰ ਵਰਤਣ ਲਈ ਕਹਿ ਸਕਦਾ ਹੈ।
ਦਮੇ ਦੀਆਂ ਸਮੱਸਿਆਵਾਂ ਘੰਟਿਆਂ ਜਾਂ ਦਿਨਾਂ ਵਿੱਚ ਹੌਲ਼ੀ ਹੌਲ਼ੀ ਸ਼ੁਰੂ ਹੋ ਸਕਦੀਆਂ ਹਨ। ਜਦੋਂ ਤੁਹਾਡੇ ਬੱਚੇ ਨੂੰ ਦਮੇ ਦੀ ਸਮੱਸਿਆ ਹੁੰਦੀ ਹੈ ਉਦੋਂ ਉਸ ਦੇ ਸਰੀਰ ਵਿੱਚ ਜੋ ਛੋਟੀਆਂ ਛੋਟੀਆਂ ਤਬਦੀਲੀਆਂ ਵਾਪਰਦੀਆਂ ਹਨ ਉਨ੍ਹਾਂ ਨੂੰ ਪੂਰਵ-ਚੇਤਾਵਨੀ ਦੇ ਚਿੰਨ੍ਹ ਕਹਿੰਦੇ ਹਨ। ਪੂਰਵ-ਚੇਤਾਵਨੀ ਦੇ ਚਿੰਨ੍ਹ ਹਰੇਕ ਬੱਚੇ ਵਿੱਚ ਵੱਖ ਵੱਖ ਹੁੰਦੇ ਹਨ। ਹੋ ਸਕਦਾ ਹੈ ਕਿ ਵੇਖਣ ਵਿੱਚ ਤੁਹਾਨੂੰ ਸਹਿਜੇ ਹੀ ਨਾ ਲੱਭਣ। ਆਮ ਪੂਰਵ-ਚੇਤਾਵਨੀ ਦੇ ਕੁੱਝ ਚਿੰਨ੍ਹ ਹੇਠ ਦਰਜ ਹਨ।
ਸ੍ਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 6/16/2020