ਅਬਾਦੀ ਦਾ ਇੱਕ ਵਧ ਰਿਹਾ ਹਿੱਸਾ ਵਡੇਰੀ ਉਮਰ ਦੇ ਲੋਕਾਂ ਦਾ ਹੈ ਅਤੇ ਇਨਾਂਹ ਦੀ ਗਿਣਤੀ ਵਧਦੀ ਜਾ ਰਹੀ ਹੈ। ਕਿਉਂਕਿ ਜ਼ਿਆਦਾ ਲੋਕ ਵਡੇਰੀ ਉਮਰ ਦੇ ਹੋ ਰਹੇ ਹਨ, ਇਸ ਲਈ ਮਨੋਵਿਕਲਪ (ਡਿਮੈਂਸ਼ੀਆ) ਵਰਗੀਆਂ ਉਮਰ ਨਾਲ ਸਬੰਧਤ ਡਾਕਟਰੀ ਸਮੱਸਿਆਵਾਂ ਦਾ ਬੋਲ ਬਾਲਾ ਵੀ ਵਧੇਗਾ।ਇੱਕ ਅੰਦਾਜ਼ਾ ਹੈ ਕਿ 65 ਸਾਲ ਤੋਂ ਉਪਰ ਦੀ ਉਮਰ ਦੇ 8% ਬਜ਼ੁਰਗ ਕੈਨੇਡੀਅਨਾਂ ਵਿੱਚ ਮਨੋਵਿਕਲਪ (ਡਿਮੈਂਸ਼ੀਆ) ਮੌਜੂਦ ਹੈ। ਜੇ ਇਹ ਅੰਦਾਜ਼ੇ ਸਹੀ ਹਨ ਤਾਂ 2031 ਦੇ ਸਾਲ ਤੱਕ ਇੱਕ ਮਿਲੀਅਨ ਵਿੱਚੋਂ ਤਿੰਨ ਚੌਥਾਈ ਕੈਨੇਡੀਅਨ ਮਨੋਵਿਕਲਪ (ਡਿਮੈਂਸ਼ੀਆ) ਤੋਂ ਪੀੜਤ ਹੋਣਗੇ। ਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਭਵਿੱਖ ਵਿੱਚ ਸਾਡੇ ਸਮਾਜ ਉਪਰ ਵਧਦੀ ਉਮਰ ਅਤੇ ਮਨੋਵਿਕਲਪ (ਡਿਮੈਂਸ਼ੀਆ) ਦਾ ਪ੍ਰਭਾਵ ਵਧੇਗਾ ਹੀ ਵਧੇਗਾ।
ਮਨੋਵਿਕਲਪ (ਡਿਮੈਂਸ਼ੀਆ) ਕਿਸੇ ਵਿਅਕਤਦੀ ਯਾਦ ਰੱਖਣ, ਸੋਚਣ ਅਤੇ ਤਰਕ ਦੇਣ ਦੀ ਯੋਗਤਾ ਨੂੰ ਪ੍ਰਭਾਵਤ ਕਰ ਸਕਦਾ ਹੈ।ਇਨਾਂ ਸਮੱਸਿਆਵਾਂ ਨੂੰ ਸਧਾਰਣ ਤੌਰ ਤੇ ਮਨੋਵਿਕਲਪ (ਡਿਮੈਂਸ਼ੀਆ) ਦੇ ਬੌਧਿਕ ਪ੍ਰਭਾਵ ਕਿਹਾ ਜਾਂਦਾ ਹੈ। ਬੌਧਿਕਤਾ ਵਿੱਚ ਬਦਲਾਅ ਦੇ ਨਾਲ ਨਾਲ ਮਨੋਵਿਕਲਪ (ਡਿਮੈਂਸ਼ੀਆ) ਸ਼ਖ਼ਸੀਅਤ ਅਤੇ ਸੁਭਾਅ ਵਿੱਚ ਤਬਦੀਲੀਆਂ ਦਾ ਕਾਰਣ ਵੀ ਬਣ ਸਕਦਾ ਹੈ। ਮਨੋਵਿਕਲਪ (ਡਿਮੈਂਸ਼ੀਆ) ਵਾਲਾ ਵਿਅਕਤੀ ਅਜਿਹੀਆਂ ਗੱਲਾਂ ਆਖ ਜਾਂ ਕਰ ਸਕਦਾ ਹੈ ਜਿਹੜੀਆਂ ਉਸ ਦੇ ਸਧਾਰਣ ਵਿਚਰਣ ਨਾਲ ਮੇਲ ਨਹੀਂ ਖਾਂਦੀਆਂ। ਮਨੋਵਿਕਲਪ (ਡਿਮੈਂਸ਼ੀਆ) ਹੋਣ ਦੇ ਨਤੀਜੇ ਵੱਜੋਂ ਇੱਕ ਵਿਅਕਤੀ ਦੀ ਆਪਣੇ ਆਪ ਨੂੰ ਸਾਂਭਣ ਦੀ ਸਮਰੱਥਾ ਹੌਲੀ ਹੌਲੀ ਮਾੜੀ ਹੁੰਦੀ ਚਲੀ ਜਾਏਗੀ ਅਤੇ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਲਈ ਉਹ ਦੂਜਿਆਂ ਤੇ ਨਿਰਭਰ ਹੋ ਸਕਦਾ ਹੈ। ਇਸ ਲਿਹਾਜ਼ ਨਾਲ, ਮਨੋਵਿਕਲਪ (ਡਿਮੈਂਸ਼ੀਆ) ਦਾ ਹੋਣਾ ਕੇਵਲ ਬੀਮਾਰ ਵਿਅਕਤੀ ਤੇ ਹੀ ਨਹੀਂ ਬਲਕਿ ਉਸ ਦੀ ਦੇਖ ਭਾਲ ਕਰਨ ਵਾਲੇ ਅਤੇ ਸਨੇਹੀਆ ਤੇ ਵੀ ਅਹਿਮ ਪ੍ਰਭਾਵ ਪਾਉਂਦਾ ਹੈ।
ਇਸ ਬਾਰੇ ਉਲਝਣ ਹੋ ਸਕਦੀ ਹੈ ਕਿ ਮਨੋਵਿਕਲਪ (ਡਿਮੈਂਸ਼ੀਆ) ਐਲਜ਼ੈ੍ਹਮੀਰਜ਼ ਬੀਮਾਰੀ ਨਾਲੋਂ ਕਿਵੇਂ ਭਿੰਨ ਹੈ। ਕਈ ਲੋਕ ਸੋਚਦੇ ਹਨ ਕਿ ਇਹ ਦੋਵੇਂ ਸ਼ਬਦ ਬਿਲਕੁਲ ਇੱਕੋ ਜਿਹੀ ਸਥਿਤੀ ਨੂੰ ਹੀ ਬਿਆਨ ਕਰਦੇ ਹਨ। ਐਲਜ਼ੈ੍ਹਮੀਰਜ਼ ਬੀਮਾਰੀ ਦਾ ਭਾਵ ਇੱਕ ਵਿਸ਼ੇਸ਼ ਬੀਮਾਰੀ ਤੋਂ ਹੈ ਜਿਸ ਦਾ ਲੱਛਣ ਹੈ ਦਿਮਾਗ਼ ਵਿੱਚ ਏਮੀਲੌਇਡ ਨਾਂ ਦੀ ਇੱਕ ਕਿਸਮ ਪ੍ਰੋਟੀਨ ਦਾ ਜਮਾਂ ਹੋ ਜਾਣਾ। ਐਲਜ਼ੈ੍ਹਮੀਰਜ਼ ਬੀਮਾਰੀ ਆਮ ਤੌਰ ਤੇ ਕਿਸੇ ਵਿਅਕਤੀ ਦੀ ਤਾਜ਼ਾ ਘਟਨਾਵਾਂ ਅਤੇ ਗੱਲਾਂ ਬਾਤਾਂ ਨੂੰ ਚੇਤੇ ਰੱਖਣ ਦੀ ਯੋਗਤਾ ਦੀਆਂ ਸਮੱਸਿਆਂਵਾਂ ਨਾਲ ਸ਼ੁਰੂ ਹੁੰਦੀ ਹੈ ਪਰ ਸਮਾਂ ਪਾਕੇ ਇਸ ਦੇ ਵਧਣ ਨਾਲ ਲੰਮੇ ਸਮੇਂ ਦੀ ਯਾਦਦਾਸ਼ਤ ਅਤੇ ਸੋਚਣ ਸ਼ਕਤੀ ਦੇ ਹੋਰ ਖੇਤਰ ਵੀ ਪ੍ਰਭਾਵਤ ਹੋਣ ਲਗ ਸਕਦੇ ਹਨ। ਐਲਜ਼ੈ੍ਹਮੀਰਜ਼ ਬੀਮਾਰੀ ਮਨੋਵਿਕਲਪ (ਡਿਮੈਂਸ਼ੀਆ) ਦਾ ਸਭ ਤੋਂ ਆਮ ਕਾਰਣ ਹੋ ਸਕਦੀ ਹੈ ਪਰ ਇਹ ਅਜਿਹੀਆਂ ਬਹੁਤ ਸਾਰੀਆਂ ਸੰਭਾਵਤ ਬੀਮਾਰੀਆਂ ਵਿੱਚੋਂ ਇੱਕ ਹੈ ਜਿਹੜੀ ਇਸ ਸਮੱਸਿਆ ਦਾ ਕਾਰਣ ਬਣ ਸਕਦੀ ਹੈ।
ਮਨੋਵਿਕਲਪ (ਡਿਮੈਂਸ਼ੀਆ) ਨਾਲ ਸਬੰਧਤ ਲੱਛਣਾਂ ਦੀ ਸ਼ੁਰੂਆਤ ਨਾਟਕੀ ਹੋ ਸਕਦੀ ਹੈ ਜਾਂ ਕਿਸੇ ਵਿਅਕਤੀ ਵੱਲੋਂ ਅਨੁਭਵ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਜ਼ਿਆਦਾ ਸੀਹਜੇ ਸਹਿਜੇ ਅਤੇ ਸੂਖ਼ਮ ਹੋ ਸਕਦੀਆਂ ਹਨ। ਸਿਹਤਮੰਦ ਬਾਲਗ ਬਜ਼ੁਰਗਾਂ ਵੱਲੋਂ ਆਂਪਣੀ ਯਾਦਦਾਸ਼ਤ ਬਾਰੇ ਸ਼ਿਕਾਇਤ ਕਰਨਾ ਬੜੀ ਆਮ ਗੱਲ ਹੈ ਪਰ ਫ਼ਿਰ ਵੀ ਜੇ ਕਿਸੇ ਵਿਅਕਤੀ ਦੀਆਂ ਮੁਸ਼ਕਲਾਂ ਇੰਨੀਆਂ ਮਹੱਤਵਪੂਰਣ ਹਨ ਕਿ ਉਸ ਦੇ ਰੋਜ਼ਾਨਾ ਦੇ ਕੰਮ ਕਰਨ ਦੀ ਯੋਗਤਾ ਵਿੱਚ ਵਿਘਨ ਪਾਉਂਦੀਆਂ ਹਨ ਤਾਂ ਉਸ ਨੂੰ ਹੋਰ ਵਧੇਰੇ ਮੁਲਾਂਕਣ ਕਰਾਉਣ ਨਾਲ ਫ਼ਾਇਦਾ ਹੋ ਸਕਦਾ ਹੈ। ਮੁਲਾਂਕਣ ਕਰਾਉਣ ਦੀ ਚੁਣੌਤੀ ਦਾ ਇੱਕ ਹਿੱਸਾ ਇਹ ਵੀ ਹੈ ਕਿ ਜਿਸ ਵਿਅਕਤੀ ਦੇ ਚੇਤੇ ਵਿੱਚ ਤਬਦੀਲੀ ਆਈ ਹੋਵੇ ਉਸ ਦੇ ਇਹ ਗੱਲ ਧਿਆਨ ਵਿੱਚ ਹੀ ਨਾ ਆਵੇ ਕਿ ਕੋਈ ਸਮੱਸਿਆ ਹੈ। ਉਹ ਡਾਕਟਰ ਦੇ ਧਿਆਨ ਵਿੱਚ ਸਿਰਫ਼ ਇਸ ਲਈ ਆ ਜਾਂਦੇ ਹਨ ਕਿਉਂਕਿ ਉਹਨਾਂ ਦੇ ਪ੍ਰਵਾਰਕ ਮੈਂਬਰ ਅਤੇ ਵਾਕਫ਼ਕਾਰ ਤਬਦੀਲੀ ਨੂੰ ਭਾਂਪ ਲੈਂਦੇ ਹਨ ਅਤੇ ਇਸ ਨੂੰ ਚੈੱਕ ਕਰਾਉਣ ਲਈ ਜ਼ੋਰ ਦਿੰਦੇ ਹਨ।
ਮਨੋਵਿਕਲਪ (ਡਿਮੈਂਸ਼ੀਆ) ਦਾ ਨਿਰਧਾਰਨ ਕਰਨ ਲਈ ਸਿੱਖਿਅਤ, ਸਿਹਤ ਸੰਭਾਲ ਪੇਸ਼ਾਵਰ ਵਿਅਕਤੀ ਵੱਲੋਂ ਕੀਤਾ ਮੁਕੰਮਲ ਮੁਲਾਂਕਣ, ਮਨੋਵਿਕਲਪ (ਡਿਮੈਂਸ਼ੀਆ) ਦੀ ਤਸ਼ਖ਼ੀਸ਼ ਦੀ ਪੁਸ਼ਟੀ ਕਰਨ ਅਤੇ ਕਿਸ ਬੀਮਾਰੀ ਦੇ ਕਾਰਣ ਇਹ ਸਮੱਸਿਆ ਹੋ ਸਕਦੀ ਹੈ ਬਾਰੇ ਰਾਇ ਦੇ ਸਕਣ ਵਿੱਚ ਸਹਾਇਕ ਹੋ ਸਕਦਾ ਹੈ। ਜਦਕਿ ਹਾਲੇ ਕੋਈ ਇਲਾਜ ਨਹੀਂ ਪਰ ਇੱਕ ਵਾਰ ਰੋਗ ਦੀ ਪਛਾਣ ਹੋ ਜਾਣ ਤੇ ਮਰੀਜ਼ ਅਤੇ ਉਸ ਦੇ ਪ੍ਰਵਾਰ ਨੂੰ ਮੁਨਾਸਬ ਇਲਾਜ ਅਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।ਇਸ ਲਈ ਰੋਗ ਦੀ ਵੇਲੇ ਸਿਰ ਹੋਈ ਪਛਾਣ ਮਰੀਜ਼ਾਂ ਲਈ ਵਧੇਰੇ ਲੰਮੇ ਸਮੇਂ ਤੱਕ ਆਪਣੀ ਸਵੈਧੀਨਤਾ ਅਤੇ ਕੰਮ ਕਾਰ ਦੀ ਯੋਗਤਾ ਬਰਕਰਾਰ ਰੱਖਣ ਵਿੱਚ ਮਦਦਗਾਰ ਹੁੰਦੀ ਹੈ ਜੋ ਬਿਹਤਰ ਗੁਣਵੱਤਾ ਵਾਲੀ ਜ਼ਿੰਦਗੀ ਵਿੱਚ ਬਦਲ ਜਾਂਦੀ ਹੈ।
ਜਦੋਂ ਕਿਸੇ ਵਿਅਕਤੀ ਨੂੰ ਮਨੋਵਿਕਲਪ (ਡਿਮੈਂਸ਼ੀਆ) ਦੇ ਨਿਰਧਾਰਨ ਲਈ ਭੇਜਿਆ ਜਾਂਦਾ ਹੈ ਤਾਂ ਟੀਮ ਦੇ ਵੱਖ ਵੱਖ ਮੈਂਬਰ ਇਸ ਮੁਲਾਂਕਣ ਵਿੱਚ ਸ਼ਾਮਲ ਹੋ ਸਕਦੇ ਹਨ। ਮੁਢਲੇ ਨਿਰਧਾਰਨ ਵਿੱਚ ਆਮ ਤੌਰ ਤੇ ਇੱਕ ਡਾਕਟਰ ਸ਼ਾਮਲ ਹੁੰਦਾ ਹੈ ਪਰ ਦੂਸਰੇ ਸਿਹਤ ਸੰਭਾਲ ਪੇਸ਼ਾਵਰ ਵੀ ਕਈ ਵਾਰੀ ਸ਼ਾਮਲ ਕੀਤੇ ਜਾਂਦੇ ਹਨ। ਮਿਸਾਲ ਦੇ ਤੌਰ ਤੇ ਕੁਝ ਟੀਮਾਂ ਜੈਨੇਟਿਕ ਕੌਂਸਲਰਾਂ, ਨਰਸਾਂ, ਆਕੂਪੇਸ਼ਨਲ ਥੇਰਾਪਿਸਟ, ਮਨੋਵਿਗਿਆਨੀਆਂ ਜਾਂ ਸੋਸ਼ਲ ਵਰਕਰਾਂ ਨਾਲ ਰਲ ਕੇ ਕੰਮ ਕਰਦੀਆਂ ਹਨ।ਮਰੀਜ਼ਾਂ ਅਤੇ ਉਨਾਂਹ ਦੇ ਪ੍ਰਵਾਰਾਂ ਨੂੰ ਜਿੰਨਾ ਸੰਭਵ ਹੋ ਸਕੇ ਵੱਧ ਤੋਂ ਵੱਧ ਵਿਸਥਾਰਤ ਅਤੇ ਮੁਕੰਮਲ ਮੁਲਾਂਕਣ ਦੇਣ ਲਈ ਉਹ ਰਲ ਕੇ ਲੋੜੀਂਦੀ ਜਾਣਕਾਰੀ ਇਕੱਠੀ ਕਰਦੇ ਹਨ। ਉਨਾਂਹ ਕੋਲ ਵਿਸ਼ੇਸ਼ ਖੇਤਰਾਂ ਵਿੱਚ ਮੁਹਾਰਤ ਹੋ ਸਕਦੀ ਹੈ ਜਿਸ ਨਾਲ ਮਰੀਜ਼ ਅਤੇ ਉਸ ਦੇ ਪ੍ਰਵਾਰ ਨੂੰ ਸਭ ਤੋਂ ਚੰਗੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਮਿਲਦੀ ਹੈ। ਹਾਲੇ ਤੱਕ ਕੋਈ ਅਜਿਹਾ ਇਕੱਲਾ ਟੈਸਟ ਮੌਜੂਦ ਨਹੀਂ ਜਿਸ ਨਾਲ ਅਸੀਂ ਮਨੋਵਿਕਲਪ (ਡਿਮੈਂਸ਼ੀਆ) ਦੀ ਪੱਕੀ ਪਛਾਣ ਕਰ ਸਕੀਏ। ਫ਼ਿਰ ਵੀ ਮੁਲਾਂਕਣ ਦਾ ਜਿਹੜਾ ਤਰੀਕਾ ਸਿਖਲਾਈ ਪ੍ਰਾਪਤ ਪੇਸ਼ਾਵਰਾਂ ਦੁਆਰਾ ਅੱਜ ਕੱਲ੍ਹ ਵਰਤਿਆ ਜਾ ਰਿਹਾ ਹੈ, ਨਾਲ ਜ਼ਿਆਦਾਤਰ ਕੇਸਾਂ ਵਿੱਚ ਮਨੋਵਿਕਲਪ (ਡਿਮੈਂਸ਼ੀਆ) ਦੇ ਰੋਗ ਅਤੇ ਉਸ ਦੀ ਕਿਸਮ ਦੀ ਪਛਾਣ ਬੜੀ ਛੇਤੀ ਨਿਰਧਾਰਤ ਕੀਤੀ ਜਾ ਸਕਦੀ ਹੈ। ਮਨੋਵਿਕਲਪ (ਡਿਮੈਂਸ਼ੀਆ) ਦੀ ਪਛਾਣ ਕਰਨ ਲਈ ਵਰਤੀ ਜਾਣ ਵਾਲੀ ਸਭ ਤੋਂ ਢੁਕਵੀਂ ਜਾਣਕਾਰੀ ਕਿਸੇ ਵਿਅਕਤੀ ਵੱਲੋਂ ਅਨੁਭਵ ਕੀਤੀਆਂ ਜਾ ਰਹੀਆਂ ਮੁਸ਼ਕਲਾਂ ਦੇ ਵਿਸਥਾਰਤ ਵੇਰਵੇ ਤੋਂ ਪ੍ਰਾਪਤ ਹੁੰਦੀ ਹੈ। ਨਿਰਧਾਰਨ ਦੇ ਹਿੱਸੇ ਵੱਜੋਂ, ਮਰੀਜ਼ਾਂ ਨੂੰ ਆਪਣੀਆਂ ਸਮੱਸਿਆਵਾਂ ਦੀ ਕਿਸਮ ਦਾ ਵੇਰਵਾ ਦੇਣ ਲਈ ਆਖਿਆ ਜਾਵੇਗਾ।ਇਹ ਵੇਖਣ ਲਈ ਵੀ ਪ੍ਰਸ਼ਨ ਪੁੱਛੇ ਜਾਣਗੇ ਕਿ ਕਿਧਰੇ ਯਾਦਦਾਸ਼ਤ, ਧਿਆਨ, ਬੋਲੀ, ਯੋਜਨਾਬੰਦੀ ਦੀ ਮੁਹਾਰਤ ਜਾਂ ਸ਼ਖ਼ਸੀਅਤ ਵਰਗੇ ਖੇਤਰਾਂ ਵਿੱਚ ਤਾਂ ਕੋਈ ਸਮੱਸਿਆਵਾਂ ਨਹੀਂ। ਸਮੱਸਿਆ ਕਿੰਨੀ ਦੇਰ ਤੋਂ ਹੈ? ਕੀ ਸਮੱਸਿਆ ਅਚਾਨਕ ਸ਼ੁਰੂ ਹੋਈ ਜਾਂ ਇਸ ਦਾ ਆਰੰਭ ਬਹੁਤਾ ਕਰ ਕੇ ਸਹਿਜੇ ਸਹਿਜੇ ਹੋਇਆ ਹੈ? ਕੀ ਇਹ ਸਥਿਰ ਰਹੀ ਹੈ ਜਾਂ ਵਕਤ ਨਾਲ ਜ਼ਿਆਦਾ ਖ਼ਰਾਬ ਹੁੰਦੀ ਰਹੀ ਹੈ? ਕੀ ਸਮੱਸਿਆ ਨਾਲ ਸਬੰਧਤ ਕੋਈ ਹੋਰ ਵੀ ਲੱਛਣ ਹਨ ਜਿਹੜੇ ਤਕਰੀਬਨ ਸੋਚਣ ਦੀਆਂ ਸਮੱਸਿਆਵਾਂ ਦੇ ਨਾਲ ਹੀ ਸ਼ੁਰੂ ਹੋਏ ਹੋਣ? ਇਸ ਵਿੱਚ ਤੁਰਨ, ਸੰਤੁਲਨ ਅਤੇ ਬੇਕਾਬੂ ਪਖ਼ਾਨੇ ਦੀਆਂ ਚੁਣੌਤੀਆਂ ਸ਼ਾਮਲ ਹੋ ਸਕਦੀਆਂ ਹਨ। ਕਿਸੇ ਡਾਕਟਰੀ ਸਮੱਸਿਆ ਦੀ ਹੋਂਦ ਦਾ ਨਿਰਧਾਰਨ ਵੀ ਕੀਤਾ ਜਾਵੇਗਾ। ਦਿਲ ਦੀ ਬੀਮਾਰੀ, ਸਟਰੋਕ, ਵਧਿਆ ਹੋਇਆ ਬਲੱਡ ਪ੍ਰੈਸ਼ਰ, ਵਧੀ ਹੋਈ ਕੋਲੈਸਟਰੋਲ, ਸ਼ੂਗਰ ਦੀ ਬੀਮਾਰੀ ਜਾਂ ਦਿਲ ਦੀ ਅਨਿਯਮਤ ਧੜਕਣ, ਮਨੋਵਿਕਲਪ (ਡਿਮੈਂਸ਼ੀਆ) ਦੀਆਂ ਕੁਝ ਖ਼ਾਸ ਕਿਸਮਾਂ ਦੀ ਸੰਭਾਵਨਾ ਤੇ ਅਸਰ ਪਾ ਸਕਦੀਆਂ ਹਨ। ਡਿਪ੍ਰੈਸ਼ਨ ਜਾਂ ਤੌਖ਼ਲੇ ਵਰਗੇ ਮਨੋਵਿਕਾਰਾਂ ਦੀ ਸੰਭਾਵਨਾ ਨੂੰ ਦਰਸਾਉਂਦੇ ਚਿੰਨਾਂਹ ਦਾ ਪਤਾ ਲਾਇਆ ਜਾਵੇਗਾ। ਮਰੀਜ਼ਾਂ ਨੂੰ ਆਪਣੀਆਂ ਸਾਰੀਆਂ ਦਵਾਈਆਂ, ਨੁਸਖ਼ੇ ਵਾਲੀਆਂ ਅਤੇ ਸਿੱਧੀਆਂ ਦੁਕਾਨ ਤੋਂ ਲਈਆਂ ਵੀ, ਸਮੀਖਿਆ ਕਰਨ ਵਾਸਤੇ ਲਿਆਉਣ ਲਈ ਆਖਿਆ ਜਾਂਦਾ ਹੈ। ਦਵਾਈਆਂ ਤੇ ਘੋਖਵੀਂ ਨਜ਼ਰ ਮਾਰਨ ਨਾਲ ਕੁਝ ਅਜਿਹੀਆਂ ਦਵਾਈਆਂ ਦਾ ਪਤਾ ਲਗ ਸਕਦਾ ਹੈ ਜਿਹੜੀਆਂ ਯਾਦਦਾਸ਼ਤ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਸਕਦੀਆਂ ਹੋਣ। ਖ਼ਤਰੇ ਦੇ ਕਾਰਕ ਜਿਹੜੇ ਮਨੋਵਿਕਲਪ (ਡਿਮੈਂਸ਼ੀਆ) ਦੀ ਸੰਭਾਵਨਾ ਨੂੰ ਪ੍ਰਭਾਵਤ ਕਰਨ ਵਾਲੇ ਜਾਪਣ, ਦੀ ਪਛਾਣ ਕੀਤੀ ਜਾਵੇਗੀ।
ਸਰੋਤ : ਮਨੋਵਿਕਲਪ (ਡਿਮੈਂਸ਼ੀਆ) ਦੀ ਪਛਾਣ
ਆਖਰੀ ਵਾਰ ਸੰਸ਼ੋਧਿਤ : 2/6/2020