ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼ ਆਉਣੀ
ਸਾਹ ਲੈਣ ਵਿੱਚ ਮੁਸ਼ਕਿਲ ਆਉਣੀ
ਖੇਡਣ ਜਾਂ ਕਸਰਤ ਸ਼ੁਰੂ ਕਰਨ ਸਾਰ ਹੀ ਥੱਕ ਜਾਣਾ
ਸਾਧਾਰਨ ਨਾਲੋਂ ਵਧੇਰੇ ਤੇਜ਼ ਸਾਹ ਲੈਣਾ
ਖਰ੍ਹਵਾ ਮਿਜ਼ਾਜ, ਛੇਤੀ ਖਿਝ ਜਾਣਾ, ਬਿਮਾਰ ਵਿਖਾਈ ਦੇਣਾ
ਜ਼ੁਕਾਮ ਦੇ ਚਿੰਨ੍ਹ
ਨਿੱਛਾਂ ਆਉਣੀਆਂ
“ਮੈਂ ਥੱਕਿਆ ਹੋਇਆ ਹਾਂ।“
“ਮੇਰੀ ਛਾਤੀ ਦਰਦ ਕਰਦੀ ਹੈ।“
“ਸਾਹ ਲੈਣਾ ਮੁਸ਼ਕਿਲ ਹੈ।“
“ਜਦੋਂ ਮੈਂ ਸਾਹ ਲੈਂਦਾ ਹਾਂ ਤਾਂ ਅਜੀਬ ਜਿਹੀ ਆਵਾਜ਼ (ਘਰਰ ਘਰਰ ਦੀ ਆਵਾਜ਼) ਆਉਂਦੀ ਹੈ।“
ਜੇ ਤੁਸੀਂ ਇੰਨ੍ਹਾਂ ਵਿੱਚੋਂ ਕੋਈ ਵੀ ਪੂਰਵ-ਚੇਤਾਵਨੀ ਦੇ ਚਿੰਨ੍ਹ ਵੇਖੋ, ਆਪਣੇ ਡਾਕਟਰ ਨਾਲ ਬਣਾਈ ਹੋਈ ਕਾਰਜ ਯੋਜਨਾ ਦੀ ਪਾਲਣਾ ਕਰੋ।
ਜੇ ਤੁਸੀਂ ਕੋਈ ਕਾਰਜ ਯੋਜਨਾ ਨਹੀਂ ਬਣਾਈ, ਤਾਂ ਕਾਰਜ ਯੋਜਨਾ ਬਣਾਉਣ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ।
ਜੇ ਤੁਹਾਡੇ ਬੱਚੇ ਵਿੱਚ ਹੇਠ ਦਿੱਤੀਆਂ ਖ਼ਤਰੇ ਦੇ ਚਿੰਨ੍ਹਾਂ ਵਿੱਚੋਂ ਕੋਈ ਵੀ ਵਿਖਾਈ ਦੇਵੇ, ਇਹ ਯਕੀਨੀ ਬਣਾਉ ਕਿ ਤੁਸੀਂ ਆਪਣੇ ਡਾਕਟਰ ਨਾਲ ਬਣਾਈ ਕਾਰਜ ਯੋਜਨਾ ਦੀ ਪਾਲਣਾ ਕਰੋਂ।
ਖੰਘ ਅਤੇ ਉਲਟੀਆਂ ਬੰਦ ਕਰਨ ਦੇ ਯੋਗ ਨਹੀਂ
ਗੱਲ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ
ਅਸਧਾਰਨ ਤੌਰ 'ਤੇ ਉਨੀਂਦਰਾ, ਉਸ ਨੂੰ ਜਗਾਉਣਾ ਮੁਸ਼ਕਿਲ ਹੋਵੇ
ਬੁੱਲ੍ਹ ਅਤੇ ਚਮੜੀ ਨੀਲੀ ਵਿਖਾਈ ਦੇਵੇ
ਜਦੋਂ ਤੁਹਾਡਾ ਬੱਚਾ ਸਾਹ ਅੰਦਰ ਖਿੱਚਦਾ ਹੈ ਉਸ ਦੀ ਗਰਦਨ ਜਾਂ ਛਾਤੀ ਉੱਪਰਲੀ ਚਮੜੀ ਅੰਦਰ ਨੂੰ ਖਿੱਚੀ ਜਾਂਦੀ ਹੈ
ਕਾਰਜ ਯੋਜਨਾ ਅਨੁਸਾਰ ਆਪਣੇ ਬੱਚੇ ਨੂੰ ਉਸ ਦੀ ਰਲੀਵਰ ਦਵਾਈ ਦਿਉ।
ਨਜ਼ਦੀਕੀ ਐਮਰਜੈਂਸੀ ਵਿਭਾਗ ਵਿਖੇ ਪਹੁੰਚੋ, ਜਾਂ ਐਂਬੂਲੈਂਸ ਬੁਲਾਉ।
ਦਮੇ ਵਾਲਾ ਤੁਹਾਡਾ ਬੱਚਾ ਕਿਰਿਆਸ਼ੀਲ ਹੋ ਸਕਦਾ ਹੈ ਅਤੇ ਖੇਡਾਂ ਖੇਡ ਸਕਦਾ ਹੈ। ਸਾਰੇ ਬੱਚਿਆਂ ਨੂੰ ਖੇਡਣਾ ਅਤੇ ਕਸਰਤ ਕਰਨੀ ਚਾਹੀਦੀ ਹੈ। ਤੁਹਾਡੇ ਬੱਚੇ ਨੂੰ ਤੰਦਰੁਸਤ ਰਹਿਣ ਅਤੇ ਦੂਸਰੇ ਬੱਚਿਆਂ ਨਾਲ ਖੇਡਣ ਦੀ ਲੋੜ ਹੈ।
ਸਾਨੂੰ ਪਤਾ ਹੈ ਕਿ ਕਸਰਤ ਕਈ ਬੱਚਿਆਂ ਦੇ ਦਮੇ ਨੂੰ ਵਿਗਾੜ ਸਕਦੀ ਹੈ। ਕਸਰਤ ਦੌਰਾਨ ਜਾਂ ਕਸਰਤ ਦੇ ਪਿੱਛੋਂ ਬੱਚਿਆਂ ਵਿੱਚ ਚੇਤਾਵਨੀ ਦੇ ਚਿੰਨ੍ਹ ਦਿਸ ਸਕਦੇ ਹਨ। ਇਹ ਕੁੱਝ ਗੱਲਾਂ ਹਨ ਜਿਹੜੀਆਂ ਤੁਹਾਡਾ ਬੱਚਾ ਕਸਰਤ ਕਰਨ ਸਮੇਂ ਕਰ ਸਕਦਾ ਹੈ:
ਤੁਹਾਡੇ ਬੱਚੇ ਨੂੰ ਕਸਰਤ ਵੇਲੇ ਘੱਟ ਸਮੱਸਿਆਵਾਂ ਆਉਣਗੀਆਂ ਜੇ ਉਹ ਕੰਟਰੋਲਰ ਦਵਾਈਆਂ ਬਾਕਾਇਦਾ ਲੈਂਦਾ ਰਹੇ।
ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਕੋਈ ਵੀ ਕਸਰਤ ਹਲਕੀਆਂ ਕਸਰਤਾਂ ਨਾਲ ਸ਼ੁਰੂ ਅਤੇ ਖ਼ਤਮ ਕਰੇ। ਇੰਨ੍ਹਾਂ ਨੂੰ ਵਾਰਮ-ਅੱਪ (ਕਸਰਤ ਲਈ ਤਿਆਰ ਹੋਣ) ਅਤੇ ਕੂਲ-ਡਾਊਨ (ਠੰਡਾ ਹੋਣ ਵਾਲੀਆਂ) ਕਸਰਤਾਂ ਕਿਹਾ ਜਾਂਦਾ ਹੈ।
ਤੁਹਾਡਾ ਡਾਕਟਰ ਬੱਚੇ ਨੂੰ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਰਲੀਵਰ ਦਵਾਈ ਲੈਣ ਲਈ ਕਹਿ ਸਕਦਾ ਹੈ। ਯਾਦ ਰੱਖੋ, ਰਲੀਵਰ ਦਵਾਈ ਦਮੇ ਦੇ ਚਿੰਨ੍ਹਾਂ ਜਿਵੇਂ ਕਿ ਖੰਘ ਜਾਂ ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼ ਦਾ ਇਲਾਜ ਕਰਨ ਵਿੱਚ ਮਦਦ ਕਰਦੀ ਹੈ। ਜੇ ਤੁਹਾਡਾ ਬੱਚਾ ਇਹ ਦਵਾਈ ਕਸਰਤ ਕਰਨ ਤੋਂ 15 ਜਾਂ 20 ਮਿੰਟ ਪਹਿਲਾਂ ਲੈ ਲੈਂਦਾ ਹੈ, ਇਹ ਦਮੇ ਦੀਆਂ ਚੇਤਾਵਨੀ ਦੇ ਚਿੰਨ੍ਹਾਂ ਨੂੰ ਘੱਟ ਕਰ ਸਕਦੀ ਹੈ।
ਜੇ ਕਸਰਤ ਕਰਨ ਵੇਲੇ ਤੁਹਾਡੇ ਬੱਚੇ ਦਾ ਦਮਾ ਵਿਗੜ ਜਾਂਦਾ ਹੈ, ਬੱਚੇ ਨੂੰ ਕਸਰਤ ਥੋੜ੍ਹੇ ਸਮੇਂ ਲਈ ਕਰਨੀ ਚਾਹੀਦੀ ਹੈ ਅਤੇ ਕਸਰਤਾਂ ਦੇ ਵਿਚਕਾਰ ਆਰਾਮ ਕਰਨਾ ਚਾਹੀਦਾ ਹੈ।
ਜੇ ਕਸਰਤ ਕਰਨ ਸਮੇਂ ਤੁਹਾਡੇ ਬੱਚੇ ਦੀ ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼ ਆਉਣ ਲੱਗ ਜਾਵੇ, ਉਸਨੂੰ ਕਸਰਤ ਬੰਦ ਕਰ ਦੇਣੀ ਚਾਹੀਦੀ ਹੈ। ਫਿਰ ਤੁਹਾਡੇ ਬੱਚੇ ਨੂੰ ਉਸ ਕਾਰਜ ਯੋਜਨਾ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਹੜੀ ਤੁਸੀਂ ਆਪਣੇ ਬੱਚੇ ਦੇ ਡਾਕਟਰ ਨਾਲ ਬਣਾਈ ਸੀ।
ਜਦੋਂ ਤੁਹਾਡਾ ਬੱਚਾ ਭਾਵੇਂ ਠੀਕ ਵਿਖਾਈ ਦਿੰਦਾ ਹੈ, ਉਸ ਦੀਆਂ ਸਾਹ ਵਾਲੀਆਂ ਨਾਲੀਆਂ ਵਿੱਚ ਦਮੇ ਦੀ ਸਮੱਸਿਆ ਤੋਂ ਪਿੱਛੋਂ 6 ਤੋਂ 8 ਹਫ਼ਤੇ ਜਾਂ ਇਸ ਤੋਂ ਵੀ ਵੱਧ ਸਮੇਂ ਲਈ ਸੋਜਸ਼ ਹੋ ਸਕਦੀ ਹੈ। ਤੁਹਾਡੇ ਬੱਚੇ ਨੂੰ ਕੰਟਰੋਲਰ ਦਵਾਈ ਲੈਂਦੇ ਰਹਿਣਾ ਚਾਹੀਦਾ ਹੈ। ਆਪਣੇ ਡਾਕਟਰ ਨਾਲ ਬਣਾਈ ਕਾਰਜ ਯੋਜਨਾ ਦੀ ਤੁਹਾਨੂੰ ਪਾਲਣਾ ਕਰਨੀ ਚਾਹੀਦੀ ਹੈ। ਕਾਰਜ ਯੋਜਨਾ ਇੱਕ ਲਿਖ਼ਤੀ ਯੋਜਨਾ ਹੁੰਦੀ ਹੈ ਜਿਹੜੀ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਦੱਸਦੀ ਹੈ ਕਿ ਦਮੇ ਦਾ ਉਪਾਅ ਕਰਨ ਲਈ ਰੁਜ਼ਾਨਾ ਕੀ ਕੁੱਝ ਕਰਨਾ ਚਾਹੀਦਾ ਹੈ। ਇਹ ਯੋਜਨਾ ਇਹ ਵੀ ਵਿਸਥਾਰ ਨਾਲ ਦੱਸਦੀ ਹੈ ਕਿ ਜੇ ਤੁਹਾਡੇ ਬੱਚੇ ਦਾ ਦਮਾ ਵਿਗੜ ਜਾਵੇ ਤਾਂ ਕੀ ਕਰਨਾ ਹੈ। ਤੁਸੀਂ ਦਮੇ ਦੀ ਇੱਕ ਹੋਰ ਸਮੱਸਿਆ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ ਜੇ ਤੁਸੀਂ ਆਪਣੇ ਬੱਚੇ ਨੂੰ ਉਨ੍ਹਾਂ ਚੀਜ਼ਾਂ ਤੋਂ ਦੂਰ ਰੱਖੋਂ ਜਿਨ੍ਹਾਂ ਨਾਲ ਉਸਦਾ ਦਮਾ ਵਿਗੜਦਾ ਹੈ (ਦਮੇ ਦੇ ਟਰਿਗਰਜ਼)। ਜੇ ਤੁਹਾਡਾ ਬੱਚਾ 6 ਸਾਲ ਜਾਂ ਇਸ ਤੋਂ ਵੱਡੀ ਉਮਰ ਦਾ ਹੈ, ਆਪਣੇ ਡਾਕਟਰ ਨੂੰ ਦਮੇ ਦੇ ''ਬਲੋਇੰਗ'' ਟੈਸਟ ਜਿਸ ਨੂੰ ਫ਼ੇਫ਼ੜਿਆਂ ਦੇ ਕਾਰਜ ਦਾ ਟੈਸਟ (ਪਲਮਨਰੀ ਫ਼ੰਕਸ਼ਨ ਟੈਸਟਿੰਗ) ਕਹਿੰਦੇ ਹਨ, ਬਾਰੇ ਪਤਾ ਕਰੋ। ਇਹ ਟੈਸਟ ਦਮੇ ਦੀ ਤਸ਼ਖ਼ੀਸ ਅਤੇ ਨਿਗਰਾਨੀ ਕਰਨ ਲਈ ਵਰਤਿਆ ਜਾਂਦਾ ਹੈ।
ਤੁਰੰਤ ਡਾਕਟਰ ਨੂੰ ਮਿਲੋ, ਜੇ:
ਰਲੀਵਰ ਦਵਾਈ ਅਸਰ ਨਹੀਂ ਕਰਦੀ, ਜਾਂ ਉਸ ਦਾ ਅਸਰ 4 ਘੰਟੇ ਤੀਕ ਰਹਿੰਦਾ ਹੈ ਜਾਂ
2 ਜਾਂ 3 ਦਿਨਾਂ ਪਿੱਛੋਂ ਵੀ ਤੁਹਾਡੇ ਬੱਚੇ ਦੀ ਹਾਲਤ ਵਿੱਚ ਫ਼ਰਕ ਨਹੀਂ ਪੈਂਦਾ, ਜਾਂ
ਤੁਹਾਡੇ ਬੱਚੇ ਦੀ ਹਾਲਤ ਵਿਗੜ ਰਹੀ ਹੈ
ਸਭ ਤੋਂ ਨੇੜੇ ਦੇ ਐਮਰਜੈਂਸੀ ਵਿਭਾਗ ਵਿਖੇ ਜਾਉ, ਜੇ:
ਲੱਛਣਾਂ ਕਰ ਕੇ ਤੁਹਾਡਾ ਬੱਚਾ ਖਾ, ਸੌਂ ਜਾਂ ਬੋਲ ਨਹੀਂ ਸਕਦਾ, ਜਾਂ
ਤੁਹਾਡੇ ਬੱਚੇ ਦਾ ਸਾਹ ਝਟਕਿਆਂ ਨਾਲ ਆਉਂਦਾ ਮਹਿਸੂਸ ਹੁੰਦਾ ਹੈ, ਜਾਂ ਗਲ਼ੇ `ਤੇ ਜਾਂ ਪੱਸਲੀਆਂ ਤੋਂ ਹੇਠਾਂ ਅੰਦਰ ਨੂੰ ਖਿੱਚ ਪੈਂਦੀ ਹੈ, ਜਾਂ
ਵਧੇਰੇ ਰਲੀਵਰ ਦਵਾਈ ਵੀ ਕੰਮ ਨਹੀਂ ਕਰਦੀ
ਛਾਤੀ ਵਿੱਚੋਂ ਘਰਰ ਘਰਰ ਦੀ ਆਵਾਜ਼, ਖੰਘ, ਅਤੇ ਸਾਹ ਲੈਣ ਵਿੱਚ ਸਮੱਸਿਆ, ਦਮੇ ਦੇ ਬਹੁਤ ਹੀ ਆਮ ਚਿੰਨ੍ਹ ਹਨ।
ਜਦੋਂ ਤੁਹਾਡੇ ਬੱਚੇ ਦਾ ਦਮਾ ਸਮੱਸਿਆ ਬਣ ਜਾਂਦਾ ਹੈ, ਉਸ ਦੀਆਂ ਸਾਹ ਵਾਲੀਆਂ ਨਾਲੀਆਂ ਬਹੁਤ ਤੰਗ ਹੋ ਜਾਂਦੀਆਂ ਹਨ ਅਤੇ ਉਸ ਨੂੰ ਫ਼ੇਫ਼ੜਿਆਂ ਵਿੱਚ ਹਵਾ ਅੰਦਰ ਲੈ ਜਾਣ ਅਤੇ ਬਾਹਰ ਕੱਢਣ ਵਿੱਚ ਮੁਸ਼ਕਿਲ ਆਉਂਦੀ ਹੈ।
ਇਹ ਯਕੀਨੀ ਬਣਾਉ ਕਿ ਤੁਹਾਡਾ ਬੱਚਾ ਆਪਣੀਆਂ ਸਾਰੀਆਂ ਦਵਾਈਆਂ ਠੀਕ ਉਸੇ ਤਰ੍ਹਾਂ ਲੈ ਰਿਹਾ ਹੈ ਜਿਵੇਂ ਉਸ ਦੇ ਡਾਕਟਰ ਨੇ ਤੁਹਾਨੂੰ ਦੱਸਿਆ ਹੈ।
ਇਹ ਪਤਾ ਕਰੋ ਕਿ ਤੁਹਾਡੇ ਬੱਚੇ ਦਾ ਦਮਾ ਕਿਹੜੀ ਚੀਜ਼ (ਟਰਿਗਰ) ਨਾਲ ਸ਼ੁਰੂ ਹੁੰਦਾ ਹੈ ਅਤੇ ਆਪਣੇ ਬੱਚੇ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਵਿੱਚ ਮਦਦ ਕਰੋ।
ਜੇ ਤੁਸੀਂ ਪੂਰਵ-ਚੇਤਾਵਨੀ ਦੇ ਇਹ ਚਿੰਨ੍ਹ ਵੇਖਦੇ ਹੋ ਕਿ ਤੁਹਾਡੇ ਬੱਚੇ ਦਾ ਦਮਾ ਵਿਗੜ ਰਿਹਾ ਹੈ, ਆਪਣੇ ਬੱਚੇ ਦੇ ਡਾਕਟਰ ਨਾਲ ਬਣਾਈ ਕਾਰਜ ਯੋਜਨਾ ਦੀ ਪਾਲਣਾ ਕਰੋ।
ਦਮੇ ਦੇ ਖ਼ਤਰੇ ਦੇ ਚਿੰਨ੍ਹਾਂ ਵਿੱਚ ਬੋਲਣ ਵਿੱਚ ਮੁਸ਼ਕਿਲ, ਅਸਾਧਾਰਨ ਉਨੀਂਦਰਾ ਜਾਂ ਜਾਗਣ ਵਿੱਚ ਸਮੱਸਿਆ, ਬੁੱਲ੍ਹ ਜਾਂ ਚਮੜੀ ਦਾ ਰੰਗ ਨੀਲਾ ਵਿਖਾਈ ਦੇਣਾ, ਅਤੇ ਜਦੋਂ ਤੁਹਾਡਾ ਬੱਚਾ ਸਾਹ ਲੈਂਦਾ ਹੈ ਉਦੋਂ ਗਰਦਨ ਜਾਂ ਛਾਤੀ ਉੱਪਰਲੀ ਚਮੜੀ ਦਾ ਅੰਦਰ ਨੂੰ ਖਿੱਚਿਆ ਜਾਣਾ, ਸ਼ਾਮਲ ਹੁੰਦੇ ਹਨ। ਜੇ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਚਿੰਨ੍ਹ ਵੇਖਦੇ ਹੋ, ਆਪਣੇ ਬੱਚੇ ਨੂੰ ਰਲੀਵਰ ਦਵਾਈ ਦਿਉ। ਨਜ਼ਦੀਕ ਦੇ ਐਮਰਜੈਂਸੀ ਵਿਭਾਗ ਵਿਖੇ ਜਾਉ ਜਾਂ ਐਂਬੂਲੈਂਸ ਬੁਲਾਉ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 6/16/2020