ਤੁਹਾਡਾ ਡਾਕਟਰ ਮੂੰਹ ਰਾਹੀਂ ਲੈਣ ਵਾਲੀ ਸਟਿਰੋਆਇਡ ਦਵਾਈ ਦਾ ਨੁਸਖ਼ਾ ਦੇ ਸਕਦਾ ਹੈ। ਇਹ ਦਵਾਈ ਹਵਾ ਵਾਲੇ ਰਸਤਿਆਂ ਵਿੱਚ ਸੋਜ ਨੂੰ ਘਟਾਉਣ ਦਾ ਕੰਮ ਕਰਦੀ ਹੈ। ਸਟਿਰੋਆਇਡ ਦਵਾਈ ਨੂੰ ਅਸਰ ਕਰਨ ਲਈ ਕੁੱਝ ਘੰਟੇ ਲੱਗਦੇ ਹਨ ਅਤੇ ਇਸ ਦਾ ਅਸਰ 24 ਤੋਂ 36 ਘੰਟਿਆਂ ਲਈ ਰਹਿੰਦਾ ਹੈ। ਆਮ ਤੌਰ ‘ਤੇ 1 ਜਾਂ 2 ਖ਼ੁਰਾਕਾਂ ਦੀ ਲੋੜ ਪੈਂਦੀ ਹੈ।
ਜੇ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਅਤਿਅੰਤ ਮੁਸ਼ਕਿਲ ਆ ਰਹੀ ਹੈ, ਤੁਹਾਡੇ ਬੱਚੇ ਨੂੰ ਇੱਕ ਦਵਾਈ ਜੋ ਨਕਾਬ ਰਾਹੀਂ ਤੁਹਾਡੇ ਬੱਚੇ ਦੇ ਹਵਾ ਵਾਲੇ ਰਸਤਿਆਂ ਵਿੱਚ ਛਿੜਕੀ ਜਾਂਦੀ ਹੈ, ਦਿੱਤੀ ਜਾ ਸਕਦੀ ਹੈ ਜਿਸ ਨੂੰ ਐਪਿਨੈਫ਼ਰੀਨ ਕਹਿੰਦੇ ਹਨ। ਇਹ ਦਵਾਈ ਬਹੁਤ ਹੀ ਛੇਤੀ ਤੁਹਾਡੇ ਬੱਚੇ ਦੇ ਹਵਾ ਵਾਲੇ ਰਸਤਿਆਂ ਵਿਚਲੀ ਸੋਜ ਨੂੰ ਘੱਟ ਕਰ ਦੇਵੇਗੀ। ਇਸ ਦਾ ਅਸਰ ਲਗਭਗ 4 ਘੰਟਿਆ ਤੀਕ ਰਹਿੰਦਾ ਹੈ। 4 ਘੰਟਿਆਂ ਤੋਂ ਪਿੱਛੋਂ ਸੋਜ ਫਿਰ ਵਾਪਸ ਆ ਸਕਦੀ ਹੈ ਅਤੇ ਤੁਹਾਡੇ ਬੱਚੇ ਨੂੰ ਸਾਹ ਲੈਣ ਵਿੱਚ ਹੋਰ ਵਧੇਰੇ ਮੁਸ਼ਕਲਾਂ ਆ ਸਕਦੀਆਂ ਹਨ। ਜੇ ਐਪਿਨੈਫ਼ਰੀਨ ਦੀ ਲੋੜ ਪਵੇ, ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਬੱਚੇ ਦਾ ਸਾਹ ਠੀਕ ਰਹੇ, ਡਾਕਟਰ ਤੁਹਾਡੇ ਬੱਚੇ ਨੂੰ 4 ਤੋਂ 6 ਘੰਟਿਆਂ ਲਈ ਐਮਰਜੈਂਸੀ ਵਿਭਾਗ ਵਿੱਚ ਰੱਖਣਾ ਚਾਹੇਗਾ।
ਜਿਹੜੇ ਵਾਇਰਸ ਸੰਘ ਦੀ ਖਰਖਰੀ (ਕਰੂਪ) ਦਾ ਕਾਰਨ ਬਣਦੇ ਹਨ ੳਹੁ ਛੂਤ ਨਾਲ ਲੱਗਣ ਵਾਲੇ ਹੁੰਦੇ ਹਨ, ਖ਼ਾਸ ਕਰ ਬਿਮਾਰੀ ਦੇ ਪਹਿਲੇ ਕੁੱਝ ਦਿਨਾਂ ਵਿੱਚ। ਜਦੋਂ ਤੀਕ ਤੁਹਾਡੇ ਬੱਚੇ ਦਾ ਬੁਖ਼ਾਰ ਉੱਤਰ ਨਹੀਂ ਜਾਂਦਾ ਅਤੇ ਕੁੱਤਾ ਖੰਘ ਘਟ ਨਹੀਂ ਜਾਂਦੀ ਉਦੋਂ ਤੀਕ ਬੱਚੇ ਨੂੰ ਡੇਅ ਕੇਅਰ ਜਾਂ ਸਕੂਲ ਦੀ ਬਜਾਏ ਘਰ ਹੀ ਰੱਖੋ। ਜਿੰਨਾ ਹੋ ਸਕੇ ਬੇਬੀਆਂ (2 ਮਹੀਨੇ ਤੋਂ ਛੋਟੀ ਉਮਰ ਦੇ) ਤੋਂ ਆਪਣੇ ਬੱਚੇ ਨੂੰ ਦੂਰ ਰੱਖੋ।
ਜਿਸ ਕਾਰਨ ਉਨ੍ਹਾਂ ਦੇ ਬੱਚੇ ਨੂੰ ਸੰਘ ਦੀ ਖਰਖਰੀ (ਕਰੂਪ) ਹੋਈ ਹੋਵੇ ਬਾਲਗ਼ਾਂ ਨੂੰ ਵੀ ਉਸ ਵਾਇਰਸ ਤੋਂ ਲਾਗ ਲੱਗ ਸਕਦੀ ਹੈ। ਫਿ਼ਰ ਵੀ, ਬਾਲਗ਼ਾਂ ਅਤੇ ਵੱਡੇ ਬੱਚਿਆਂ ਦੇ ਹਵਾ ਵਾਲੇ ਰਸਤੇ ਵੱਡੇ (ਖੁੱਲੇ) ਹੁੰਦੇ ਹਨ, ਇਸ ਕਰ ਕੇ ਉਨ੍ਹਾਂ ਦੀ ਬਿਮਾਰੀ ਆਮ ਤੌਰ ‘ਤੇ ਹਲਕੀ ਹੁੰਦੀ ਹੈ ਅਤੇ ਸਾਧਾਰਨ ਜ਼ੁਕਾਮ ਵਾਂਗ ਵਿਖਾਈ ਦਿੰਦੀ ਹੈ।
ਬਹੁਤੇ ਬੱਚਿਆਂ ਵਿੱਚ ਸੰਘ ਦੀ ਖਰਖਰੀ (ਕਰੂਪ) ਇੱਕ ਹਲਕੀ ਬਿਮਾਰੀ ਹੁੰਦੀ ਹੈ ਜਿਸ ਦਾ ਘਰ ਵਿੱਚ ਹੀ ਧਿਆਨ ਰੱਖਿਆ ਜਾ ਸਕਦਾ ਹੈ। ਅਜਿਹੀ ਕੋਈ ਦਵਾਈ ਨਹੀਂ ਹੈ ਜੋ ਵਾਇਰਸ ਨੂੰ ਛੇਤੀ ਖ਼ਤਮ ਕਰ ਦੇਵੇਗੀ, ਪਰ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਬੱਚੇ ਨੂੰ ਵਧੇਰੇ ਅਰਾਮ ਵਿੱਚ ਰੱਖਿਆ ਜਾ ਸਕਦਾ ਹੈ।
ਜੇ ਸੰਘ ਦੀ ਖਰਖਰੀ (ਕਰੂਪ) ਬਹੁਤ ਗੰਭੀਰ ਹੋਵੇ, ਆਪਣੇ ਬੱਚੇ ਨੂੰ ਡਾਕਟਰ ਕੋਲ ਲੈ ਕੇ ਜਾਉ।
ਆਖਰੀ ਵਾਰ ਸੰਸ਼ੋਧਿਤ : 2/6/2020