ਜਿਨ੍ਹਾਂ ਕਾਰਨਾ ਕਰਕੇ ਡਿਪਰੈਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ ਜਾਂ ਡਿਪਰੈਸ਼ਨ ਹੋ ਜਾਂਦਾ ਹੈ ਉਨ੍ਹਾਂ ਕਾਰਨਾ ਬਾਰੇ ਗੱਲ ਕਰਦਿਆਂ ਅਸੀਂ ਕਿਸੇ ਇੱਕ ਕਾਰਨ ਦਾ ਨਹੀਂ ਬਲਕਿ ਕਈ ਕਾਰਨਾ ਦਾ ਜਿਕਰ ਕੀਤਾ ਹੈ। ਜੇ ਰੋਗ ਲੱਗਣ ਵਿੱਚ ਕਈ ਕਾਰਨ ਹਿੱਸਾ ਪਾਂਉਂਦੇ ਹਨ ਫਿਰ ਠੀਕ ਹੋਣ ਲਈ ਵੀ ਕੋਈ ਇੱਕ ਉਪਾਅ ਪੂਰਾ ਨਹੀਂ ਉਤਰ ਸਕਦਾ। ਡਿਪਰੈਸ਼ਨ ਤੋਂ ਠੀਕ ਹੋਣ ਲਈ ਸਾਰਿਆਂ ਕਾਰਨਾਂ ਨੂੰ ਫਿਰ ਵਿਚਾਰਨ ਦੀ ਲੋੜ ਹੈ ਅਤੇ ਉਨ੍ਹਾਂ ਦੇ ਉਪਾਅ ਕਰਨ ਦੀ ਜਰੂਰਤ ਹੈ।
ਸਰੀਰਕ ਬਿਮਾਰ: ਜੇ ਕੋਈ ਸਰੀਰਕ ਰੋਗ ਡਿਪਰੈਸ਼ਨ ਪੈਦਾ ਕਰ ਰਿਹਾ ਹੈ ਫਿਰ ਇਹ ਸਰੀਰਕ ਰੋਗ ਦਾ ਇਲਾਜ ਕਰਾਉਂਣਾ ਅਤੇ ਇਸ ਤੇ ਕਾਬੂ ਰੱਖਣਾ ਜਰੂਰੀ ਹੈ।
ਪਹਿਲਾਂ ਚਲ ਰਹੀ ਦਵਾਈ: ਜੇਕਰ ਕੋਈ ਦਵਾਈ ਖਾ ਰਹੇ ਹੋ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਕਿਤੇ ਇਹ ਦਵਾਈ ਹੀ ਨਾ ਡਿਪਰੈਸ਼ਨ ਪੈਦਾ ਕਰ ਰਹੀ ਹੋਵੇ। ਜੇਕਰ ਇਹ ਗੱਲ ਹੈ ਤਾਂ ਫਿਰ ਇਸ ਦੀ ਥਾਂ ਕੋਈ ਹੋਰ ਦਵਾਈ ਤਜਵੀਜ ਕੀਤੀ ਜਾ ਸਕਦੀ ਹੈ।
ਮਾਨਸਿਕ ਉਪਾਅ: ਜੇ ਕਿਸੇ ਦੀ ਸੋਚਣੀ ਡਿਪਰੈਸ਼ਨ ਪੈਦਾ ਕਰ ਰਹੀ ਹੈ, ਉਸਦਾ ਜ਼ਿੰਦਗੀ ਪ੍ਰਤੀ ਨਜਰਈਆ ਅਸਲੀਅਤ ਤੋਂ ਬਹੁਤ ਲਾਂਭੇ ਜਾ ਰਿਹਾ ਹੈ ਤਾਂ ਉਸਨੂੰ ਮਾਨਸਿਕ ਉਪਾਅ ਵੀ ਕਰਨੇ ਪੈਣਗੇ।
ਆਤਮਿਕ ਸਿਹਤ ਸੰਭਾਲ: ਸਰੀਰ ਅਤੇ ਮਨ ਦੀ ਸਿਹਤ ਦੇ ਨਾਲ ਨਾਲ ਆਤਮਿਕ ਸਿਹਤ ਬਾਰੇ ਉਪਰਾਲੇ ਵੀ ਕਰਨੇ ਪੈਣਗੇ। ਪਹਿਲਾਂ ਤੁਸੀਂ ਕੀ ਕਰਦੇ ਸੀ ਜਿਸ ਨਾਲ ਸ਼ਾਤੀ ਮਿਲਦੀ ਸੀ, ਹੌਸਲਾ ਮਿਲਦਾ ਸੀ ਅਤੇ ਜਿੰਦਗੀ ਜਿਉਂਣ ਅਤੇ ਮਾਨਣ ਨੂੰ ਰੂਹ ਕਰਦੀ ਸੀ। ਉਹ ਸਾਰਾ ਕੁਝ ਫਿਰ ਸ਼ੁਰੂ ਕਰਨਾ ਪਵੇਗਾ।
ਮਹੌਲ: ਮਹੌਲ ਵਿੱਚ ਜੇ ਤਣਾਉ ਹੈ ਜੋ ਦੂਰ ਨਹੀਂ ਹੋ ਰਿਹਾ ਜਾਂ ਕੁਝ ਸਮਸਿਆਵਾ ਹਨ ਜਿਨ੍ਹਾਂ ਨੂੰ ਸੁਲਝਾਉਣ ਦੀ ਜਰੂਰਤ ਹੈ ਤਾਂ ਇਸ ਵੱਲ ਵੀ ਧਿਆਨ ਦੇਣਾ ਪਵੇਗਾ।
ਸ਼ਰਾਬ, ਅਫੀਮ ਅਤੇ ਹੋਰ ਨਸ਼ੀਲੀਆਂ ਡਰੱਗਾਂ ਅਲਚੋਹੋਲ: ਕਈ ਲੋਕ ਮਨ ਠੀਕ ਕਰਨ ਲਈ ਜਾਂ ਤਣਾਉ ਦੂਰ ਕਰਨ ਲਈ ਸ਼ਰਾਬ ਪੀਂਦੇ ਹਨ। ਸ਼ਰਾਬ ਡਿਪਰੈਸ਼ਨ ਨੂੰ ਹੋਰ ਵਿਗਾੜਦੀ ਹੈ ਅਤੇ ਇਹ ਸੌਣ ਵਿੱਚ ਮਦਦ ਨਹੀਂ ਕਰਦੀ ਅਤੇ ਕਿਸੇ ਵੀ ਸਮਸਿਆ ਨੂੰ ਸੁਲਝਾਉਂਦੀ ਨਹੀਂ। ਜੇ ਤੁਸੀਂ ਡੋਡੇ, ਅਫੀਮ ਤੇ ਅਫੀਮ ਤੋਂ ਬਣੇ ਹੋਰ ਨਸ਼ੇ (ਮੋਰਫੀਨ, ਹੀਰੋਇਨ) ਅਤੇ ਦਵਾਈਆਂ ਵਰਤ ਰਹੇ ਹੋ ਤਾਂ ਫਿਰ ਡਿਪਰੈਸ਼ਨ ਤੋਂ ਠੀਕ ਹੋਣਾ ਔਖਾ ਹੋਵੇਗਾ ਸੋ ਇਨ੍ਹਾਂ ਨਸ਼ਿਆਂ ਨੂੰ ਛੱਡਣ ਲਈ ਮਦਦ ਲਵੋ।
ਖੁਰਾਕ, ਕਸਰਤ ਅਤੇ ਨੀਂਦ: ਸਹੀ ਖੁਰਾਕ, ਲੋੜੀਂਦੀ ਨੀਂਦ ਅਤੇ ਰੋਜ਼ਾਨਾ ਵਰਜ਼ਿਸ਼ ਇਲਾਜ ਵਿੱਚ ਸਹਾਈ ਹੁੰਦੇ ਹਨ।ਪਿਛਲੇ ਕੁਝ ਸਾਲਾਂ ਦੌਰਾਨ ਹੋਈ ਖੋਜ ਨੇ ਕਸਰਤ ਦੇ ਰੋਲ ਨੂੰ ਬਹੁਤ ਉਘਾੜਿਆਂ ਹੈ। ਨੀਂਦ ਦਾ ਖਿਆਲ ਰੱਖਣਾ ਮਾਨਸਿਕ ਸਿਹਤ ਵਾਸਤੇ ਬਹੁਤ ਜਰੂਰੀ ਹੈ ਖਾਸ ਕਰ ਡਿਪਰੈਸ਼ਨ ਵਿੱਚ ਕਿਉਂਕਿ ਆਮਤੌਰ ਤੇ ਡਿਪਰੈਸ਼ਨ ਨਾਲ ਨੀਂਦ ਵਿੱਚ ਵਿਘਨ ਪਿਆ ਹੁੰਦਾ ਹੈ। ਨਿਸ਼ਚਿਤ ਕਰੋ ਕਿ ਅੱਛੀ ਅਤੇ ਪੂਰੀ ਨੀਂਦ ਮਿਲੇ, ਸੋਣ ਦਾ ਵਕਤ ਇਕ ਰੱਖੋ, ਸ਼ਾਮ ਨੂੰ ਲੇਟ ਚਾਹ ਜਾਂ ਕਾਫੀ ਨਾ ਪੀਓ, ਰਾਤ ਨੂੰ ਦੇਰ ਨਾਲ ਭਾਰੀ ਖਾਣਾ ਨਾ ਖਾਓ, ਅਤੇ ਸੌਣ ਵੇਲੇ ਤੇਜ ਰੌਸ਼ਨੀ ਨਾ ਰਖੋ। ਸ਼ਾਮ ਨੂੰ ਬਹੁਤ ਲੇਟ ਕਸਰਤ ਨਾ ਕਰੋ। ਗਰਮ ਪਾਣੀ ਨਾਲ ਨ੍ਹਾਉਣਾ, ਕੋਸੇ ਦੁੱਧ ਦਾ ਗਲਾਸ, ਹਲਕਾ ਸੰਗੀਤ, ਸੈਕਸ ਆਦਿ ਅੱਛੀ ਨੀਂਦ ਆਉਣ ਵਿੱਚ ਮਦਦ ਕਰਦੇ ਹਨ।
ਸਰੋਤ : ਏ ਬੂਕਸ ਓਨ੍ਲਿਨੇ |
ਆਖਰੀ ਵਾਰ ਸੰਸ਼ੋਧਿਤ : 8/12/2020