ਡਿਪਰੈਸ਼ਨ ੮ % ਤੋਂ ੨੦% ਤਕ ਲੋਕਾਂ ਨੂੰ ਉਨ੍ਹਾਂ ਦੇ ਜੀਵਨ-ਕਾਲ ਦੌਰਾਨ ਹੁੰਦਾ ਹੈ। ਮਰਦਾਂ ਨੂੰ ੮-੧੦% ਤਕ ਅਤੇ ਔਰਤਾ ਨੂੰ ੧੫-੨੦% ਤਕ ਹੁੰਦਾ ਹੈ। ਸੰਸਾਰ ਭਰ ਵਿੱਚ ਹੋਏ ਸਰਵੇਖਣਾ ਤੋਂ ਪਤਾ ਲਗਦਾ ਹੈ ਕਿ ਉਨੰਤ ਦੇਸ਼ਾਂ ਵਿੱਚ ਔਰਤਾਂ ਲਈ ਇਹ ਦਰ ਮਰਦਾਂ ਦੇ ਮੁਕਾਬਲੇ ਦੁਗਣੀ ਹੈ ਅਤੇ ਬਾਕੀ ਦੇਸ਼ਾਂ ਵਿੱਚ ਇਹ ਮਰਦਾਂ ਨਾਲੋ ਡਿਉੇਢੀ ਹੈ। ਜੁਲਾਈ ੨੦੦੯ ਵਿੱਚ ਪੀ. ਜੀ. ਆਈ. ਚੰਡੀਗੜ੍ਹ ਵਿੱਚ ਮਨੋਰੋਗਾਂ ਦੇ ਡਾ. ਸਨਦੀਪ ਗਰੋਵਰ ਪਤਰਕਾਰਾਂ ਨਾਲ ਗੱਲ ਕਰ ਰਹੇ ਸਨ ਕਿ ਹਰ ਹੱਫਤੇ ਇਲਾਜ ਕਰਾਉਣ ਵਾਲਿਆਂ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਨਾਲੋ ਕਿਤੇ ਜਿਆਦਾ ਹੈ ਖਾਸਕਰ ਮੁਟਿਆਰਾਂ ਅਤੇ ਵਡੇਰੀ ਉਮਰ ਦੀਆਂ ਔਰਤਾਂ ਵਿੱਚ। ਪੰਜਾਬ ਵਿੱਚ ਵੀ ਔਰਤਾਂ ਵਿੱਚ ਡਿਪਰੈਸ਼ਨ ਦੀ ਦਰ ਮਰਦਾਂ ਨਾਲੋਂ ਕਿਤੇ ਜਿਆਦਾ ਹੈ ਅਤੇ ਕਨੇਡਾ ਵਿੱਚ ਡਿਪਰੈਸ਼ਨ ਦੀ ਇਹ ਦਰ ਦੁਗਣੀ ਹੈ। ਇਥੇ ਕਨੇਡਾ ਵਿੱਚ ਵਸਦੀਆਂ ਪੰਜਾਬਣਾਂ ਵਿੱਚ ਇਹ ਦਰ ਘੱਟ ਨਹੀਂ ਹੈ। ਬਾਵਜੂਦ ਇਸ ਦੇ ਕਿ ਔਰਤਾਂ ਨੂੰ ਡਿਪਰੈਸ਼ਨ ਮਰਦਾਂ ਨਾਲੋ ਦੁਗਣਾ ਹੁੰਦਾ ਹੈ ਪਰ ਕਨੇਡਾ ਵਿੱਚ ਵੀ ਬਹੁਤੀਆਂ ਔਰਤਾਂ ਅਜੇ ਵੀ ਡਿਪਰੈਸ਼ਨ ਦਾ ਇਲਾਜ ਨਹੀਂ ਕਰਵਾਉਂਦੀਆਂ। ਪੰਜਾਬਣਾਂ ਵਿੱਚ ਇਹ ਗਿਣਤੀ ਹੋਰ ਵੀ ਵੱਧ ਹੈ। ਕਨੇਡੀਅਨ ਵੋਮੈਨ ਹੈਲਥ ਨੈਟਵਰਕ ਦੀ ਐਡ-ਹਾਕ ਕਮੇਟੀ ਨੇ ੨੦੦੬ ਵਿੱਚ ਜੋ ਸਿਫਾਰਸ਼ਾਂ ਲਿਖੀਆਂ ਹਨ ਉਨ੍ਹਾਂ ਵਿੱਚੋ ਕੁੱਝ ਇਵੇਂ ਹਨ:
(੧) ਕਨੇਡਾ ਵਿੱਚ ਕੁੜੀਆਂ ਅਤੇ ਔਰਤਾਂ ਵਿੱਚ ਡਿਪਰੈਸ਼ਨ ਜਿਆਦਾ ਹੁੰਦਾ ਹੈ ਇਸ ਲਈ ਉਨ੍ਹਾਂ ਕਾਰਨਾ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਕੁੜੀਆਂ ਅਤੇ ਔਰਤਾਂ ਵਿੱਚ ਡਿਪਰੈਸ਼ਨ ਪੈਦਾ ਕਰਦੇ ਹਨ ਤਾਂਕਿ ਇਸ ਰੋਗ ਦੀ ਰੋਕਥਾਂਮ ਕੀਤੀ ਜਾ ਸਕੇ।
(੨) ਇਲਾਜ ਦਾ ਇੰਤਜਾਮ ਕਰਨ ਦੌਰਾਨ ਔਰਤਾਂ ਦੀ ਰਾਏ ਲਈ ਜਾਣੀ ਬਹੁਤ ਜਰੂਰੀ ਹੈ ਤਾਕਿ ਸਾਰੀਆਂ ਇਲਾਜ ਦੀਆਂ ਜਰੂਰਤਾਂ ਵੱਲ ਧਿਆਨ ਦਿੱਤਾ ਜਾ ਸਕੇ।
(੩) ਇਸ ਗੱਲ ਬਾਰੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਹਸਪਤਾਲ ਵਿੱਚ ਦਾਖਲ ਕਰ ਕੇ ਇਲਾਜ ਦੀ ਔਰਤਾਂ ਨੂੰ ਜਿਆਦਾ ਜਰੂਰਤ ਕਿਉਂ ਪੈ ਰਹੀ ਹੈ।
(੪) ਇਹ ਵੀ ਦੇਖਣ ਵਿੱਚ ਆਇਆ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਇੱਕਲੀਆਂ ਦਵਾਈ ਨਾਲ ਨਹੀਂ ਠੀਕ ਹੋ ਰਹੀਆਂ ਬਲਕਿ ਮਨੋਸਮਾਜਿਕ ਉਪਾਵਾਂ ਦਾ ਇੰਤਜਾਮ ਲਾਭਕਾਰੀ ਹੁੰਦਾ ਹੈ।
(੫) ਔਰਤਾ ਲਈ ਵੱਖਰੇ ਗਰੁੱਪ ਪ੍ਰੋਗਰਾਮ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਔਰਤਾਂ ਦੀ ਜਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਖੁੱਲ ਕੇ ਗੱਲ ਹੋ ਸਕੇ।
(੬) ਘੱਟ ਗਿਣਤੀ ਦੀਆਂ ਔਰਤਾਂ ਲਈ ਵੱਖਰੇ ਗਰੁੱਪ ਹੋਣੇ ਚਾਹੀਦੇ ਹਨ ਤਾਕਿ ਉਹ ਆਪਣੇ ਰਹਿਣ ਸਹਿਣ ਅਤੇ ਸਭਿਅਚਾਰਕ ਗੱਲਾਂ ਨੂੰ ਸਮਝ ਸਕਣ। ਇਹ ਗਰੁੱਪ ਉਨ੍ਹਾਂ ਦੀ ਜੁਬਾਨ ਵਿੱਚ ਹੋਣੇ ਚਾਹੀਦੇ ਹਨ ਤਕਿ ਉਹ ਆਪਣੇ ਦਿਲ ਦੀ ਗੱਲ ਪੂਰੀ ਤਰ੍ਹਾਂ ਕਰ ਸਕਣ।
ਕਈ ਵਿਗਿਆਨੀ ਔਰਤਾਂ ਅਤੇ ਮਰਦਾਂ ਵਿੱਚ ਰੋਗ ਦੇ ਇਸ ਫਰਕ ਨੂੰ ਇਸ ਕਰਕੇ ਸਮਝਦੇ ਹਨ ਕਿ ਔਰਤਾਂ ਦਿਲ ਦੀ ਗੱਲ ਕਰ ਲੈਂਦੀਆਂ ਹਨ ਅਤੇ ਇਲਾਜ ਲਈ ਉਪਰਾਲਾ ਕਰਦੀਆਂ ਹਨ ਇਸ ਲਈ ਇਨ੍ਹਾਂ ਦੀ ਗਿਣਤੀ ਜਿਆਦਾ ਲੱਗਦੀ ਹੈ। ਦੂਸਰੇ ਪਾਸੇ ਹੋ ਸਕਦਾ ਹੈ ਕਿ ਮਰਦ ਸਹਾਇਤਾ ਲੈਣ ਵਿੱਚ ਸੁਖਾਵਾਂ ਨਾ ਮਹਿਸੂਸ ਕਰਦੇ ਹੋਣ ਜਾਂ ਉਹ ਮਦਦ ਲੈਣ ਦੀ ਬਜਾਏ ਦੂਸਰਿਆਂ ਦੇ ਕਹੇ ਕਹਾਏ ਸ਼ਰਾਬ ਪੀਣ ਲੱਗ ਪੈਂਦੇ ਹੋਣ। ਨਸ਼ਾਂ ਛੁਡਾਣ ਵਾਲੇ ਪੰਜਾਬੀ ਮਰਦਾਂ ਦੇ ਗਰੁੱਪਾਂ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਚੌਥਾ ਹਿੱਸਾ ਲੋਕ ਡਿਪਰੈਸ਼ਨ ਹੇਠ ਹੁੰਦੇ ਹਨ ਅਤੇ ਉਨ੍ਹਾਂ ਨੂੰ ਡਿਪਰੈਸ਼ਨ ਦੇ ਇਲਾਜ ਲਈ ਭੇਜੀਦਾ ਹੈ। ਇਹ ਕਹਿਣਾ ਕਾਫੀ ਠੀਕ ਹੋਵੇਗਾ ਕਿ ਕੁਝ ਪੰਜਾਬੀ ਮਰਦਾਂ ਵਿੱਚ ਡਿਪਰੈਸ਼ਨ ਅਕਸਰ ਨਸ਼ੇ ਥੱਲੇ ਦੱਬਿਆ ਰਹਿੰਦਾ ਹੈ ਅਤੇ ਇਹ ਰੋਗ ਹੋਰ ਵੱਧਦਾ ਰਹਿੰਦਾ ਹੈ। ਪਰ ਕੁਝ ਵਿਗਿਆਨੀ ਡਿਪਰੈਸ਼ਨ ਵਿੱਚਲੇ ਇਸ ਫਰਕ ਨੂੰ ਸਮਾਜੀ ਅਤੇ ਮਾਨਸਿਕ ਕਾਰਨਾ ਦੇ ਨਾਲ ਨਾਲ ਔਰਤ ਸਰੀਰਕ ਤੌਰ ਤੇ ਜੋ ਤਬਦੀਲੀਆਂ ਵਿੱਚੋਂ ਲੰਘਦੀ ਹੈ (ਜਿਵੇਂ ਮੁਟਿਆਰ ਹੁੰਦੀ ਹੈ, ਮਾਂ ਬਣਦੀ ਹੈ, ਹਰ ਮਹੀਨੇ ਮਹਾਵਾਰੀ) ਉਨ੍ਹਾਂ ਨੂੰ ਵੀ ਇੱਕ ਖਾਸ ਕਾਰਨ ਸਮਝਦੇ ਹਨ। ਇਨ੍ਹਾਂ ਤਬਦੀਲੀਆਂ ਦੌਰਾਨ ਔਰਤਾਂ ਵਿੱਚ ਪਾਏ ਜਾਂਦੇ ਹਾਰਮੋਨ ਈਸਟਰੋਜਨ ਵਿੱਚ ਬਹੁਤ ਉਤਾਰ ਚੜ੍ਹਾ ਆਉਂਦੇ ਹਨ। ਇੱਥੇ ਅਸੀਂ ਮਨੋ-ਸਮਾਜਿਕ ਅਤੇ ਸਭਿਆਚਾਰਕ ਕਾਰਨਾ ਤੋ ਗੱਲ ਸ਼ੁਰੂ ਕਰਦੇ ਹਾਂ ਪਰ ਇਸਦਾ ਮਤਲਬ ਇਹ ਨਹੀਂ ਕਿ ਸਰੀਰਕ ਕਾਰਨ ਘੱਟ ਮਹੱਤਤਾ ਰੱਖਦੇ ਹਨ।
ਸਰੋਤ : ਏ ਬੂਕਸ ਓਨ੍ਲਿਨੇ |
ਆਖਰੀ ਵਾਰ ਸੰਸ਼ੋਧਿਤ : 8/12/2020