ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸਤਨਪਾਨ

ਇਸ ਲੇਖ ਵਿੱਚ ਸਤਨਪਾਨ ਦੀ ਸੂਚਨਾ ਪ੍ਰਸਾਰਿਤ ਕਰਨਾ ਅਤੇ ਉਸ ਤੇ ਕਾਰਵਾਈ ਕਰਨਾ ਮਹੱਤਵਪੂਰਨ ਕਿਉਂ ਹੈ ? ਦੇ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ।

ਸਤਨਪਾਨ ਦੀ ਸੂਚਨਾ ਪ੍ਰਸਾਰਿਤ ਕਰਨਾ ਅਤੇ ਉਸ ਤੇ ਕਾਰਵਾਈ ਕਰਨਾ ਮਹੱਤਵਪੂਰਣ ਕਿਉਂ ਹੈ ?

ਜਿਨ੍ਹਾਂ ਬੱਚਿਆਂ ਨੂੰ ਸਤਨਪਾਨ ਕਰਵਾਇਆ ਗਿਆ ਹੋਵੇ, ਉਹ ਉਨ੍ਹਾਂ ਬੱਚਿਆਂ ਦੀ ਤੁਲਨਾ ਵਿੱਚ ਘੱਟ ਬਿਮਾਰ ਹੁੰਦੇ ਹਨ ਅਤੇ ਕੁਪੋਸ਼ਿਤ ਵੀ ਜਿਨ੍ਹਾਂ ਨੂੰ ਹੋਰ ਪੀਣ ਯੋਗ ਅਤੇ ਖਾਧ ਪਦਾਰਥ ਦਿੱਤੇ ਗਏ ਹੋਣ। ਜੇਕਰ ਸਭ ਬੱਚਿਆਂ ਨੂੰ ਉਨ੍ਹਾਂ ਦੇ ਸ਼ੁਰੂਆਤੀ ਛੇ ਮਹੀਨਿਆਂ ਵਿੱਚ ਕੇਵਲ ਮਾਂ ਦਾ ਦੁੱਧ ਦਿੱਤਾ ਗਿਆ ਹੁੰਦਾ, ਤਾਂ ਅੰਦਾਜ਼ਨ ਹਰੇਕ ਸਾਲ 15 ਲੱਖ ਬੱਚਿਆਂ ਦੀ ਜ਼ਿੰਦਗੀ ਬਚਾ ਲਈ ਗਈ ਹੁੰਦੀ ਅਤੇ ਲੱਖਾਂ ਹੋਰਨਾਂ ਦੀ ਸਿਹਤ ਅਤੇ ਵਿਕਾਸ ਵੀ ਬਹੁਤ ਚੰਗਾ ਰਹਿੰਦਾ।

ਸਤਨਪਾਨ ਦੇ ਵਿਕਲਪ ਦਾ ਇਸਤੇਮਾਲ ਕਰਨਾ ਜਿਵੇਂ ਨਵਜਾਤ ਫਾਰਮੂਲਾ ਜਾਂ ਪਸ਼ੂਆਂ ਦਾ ਦੁੱਧ ਬੱਚਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਖਾਸ ਕਰ ਉਨ੍ਹਾਂ ਮਾਮਲਿਆਂ ਵਿੱਚ ਹੁੰਦਾ ਹੈ ਜਦੋਂ ਮਾਤਾ-ਪਿਤਾ ਲੋੜੀਂਦੀ ਵਿਕਲਪਿਕ ਵਿਵਸਥਾ ਨਹੀਂ ਕਰ ਸਕਦੇ ਜੋ ਮਹਿੰਗੀ ਹੁੰਦੀ ਹੈ ਜਾਂ ਫਿਰ ਉਨ੍ਹਾਂ ਵਿਚ ਮਿਲਾਉਣ ਦੇ ਲਈ ਹਮੇਸ਼ਾ ਸਾਫ਼ ਪਾਣੀ ਦਾ ਇਸਤੇਮਾਲ ਨਹੀਂ ਕਰਦੇ।

ਲਗਭਗ ਹਰੇਕ ਮਾਂ ਸਫਲਤਾ ਪੂਰਵਕ ਸਤਨਪਾਨ ਕਰਵਾ ਸਕਦੀ ਹੈ। ਜਿਨ੍ਹਾਂ ਮਾਵਾਂ ਨੂੰ ਸਤਨਪਾਨ ਕਰਵਾਉਣ ਵਿੱਚ ਆਤਮ-ਵਿਸ਼ਵਾਸ ਦੀ ਕਮੀ ਲੱਗਦੀ ਹੈ, ਉਨ੍ਹਾਂ ਨੂੰ ਬੱਚੇ ਦੇ ਪਿਤਾ ਦਾ ਵਿਵਹਾਰਕ ਸਹਿਯੋਗ ਅਤੇ ਪਰਿਵਾਰ ਦੇ ਹੋਰ ਜੀਆਂ, ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਹੱਲਾਸ਼ੇਰੀ ਦਾ ਜ਼ਰੂਰਤ ਹੁੰਦੀ ਹੈ। ਸਿਹਤ ਕਰਮਚਾਰੀ, ਮਹਿਲਾ ਸੰਸਥਾਵਾਂ, ਜਨ-ਸੰਚਾਰ ਮਾਧਿਅਮ ਅਤੇ ਕਰਮਚਾਰੀ ਵੀ ਸਹਿਯੋਗ ਉਪਲਬਧ ਕਰਵਾ ਸਕਦੇ ਹਨ।

ਸਤਨਪਾਨ ਦੇ ਲਾਭਾਂ ਦੀ ਸੂਚਨਾ ਤਕ ਹਰੇਕ ਦੀ ਪਹੁੰਚ ਹੋਣੀ ਚਾਹੀਦੀ ਹੈ ਅਤੇ ਇਸ ਸੂਚਨਾ ਨੂੰ ਉਪਲਬਧ ਕਰਵਾਉਣਾ ਹਰੇਕ ਸਰਕਾਰ ਦਾ ਫਰਜ਼ ਹੈ।

ਸਤਨਪਾਨ ਮੁੱਖ ਸੰਦੇਸ਼-1

ਕੇਵਲ ਮਾਂ ਦਾ ਦੁੱਧ ਹੀ ਅਜਿਹਾ ਖਾਧ ਅਤੇ ਪੀਣ ਯੋਗ ਪਦਾਰਥ ਹੈ, ਜੋ ਬੱਚੇ ਦੇ ਲਈ ਸ਼ੁਰੂਆਤੀ ਛੇ ਮਹੀਨਿਆਂ ਵਿੱਚ ਜ਼ਰੂਰੀ ਹੁੰਦਾ ਹੈ। ਆਮ ਤੌਰ ਤੇ ਇਸ ਦੌਰਾਨ ਕਿਸੇ ਹੋਰ ਖਾਧ ਜਾਂ ਪੀਣ ਯੋਗ ਪਦਾਰਥ ਇੱਥੋਂ ਤੱਕ ਕਿ ਪਾਣੀ ਦੀ ਵੀ ਲੋੜ ਨਹੀਂ ਹੁੰਦੀ।

ਮਾਂ ਦਾ ਦੁੱਧ ਛੋਟੇ ਬੱਚੇ ਦੇ ਲਈ ਸਭ ਤੋਂ ਉੱਤਮ ਭੋਜਨ ਹੁੰਦਾ ਹੈ, ਜਿਸ ਨੂੰ ਉਹ ਲੈ ਸਕਦਾ ਹੈ। ਪਸ਼ੂ ਦਾ ਦੁੱਧ, ਨਵਜਾਤ ਫਾਰਮੂਲਾ, ਪਾਊਡਰ ਦਾ ਦੁੱਧ, ਚਾਹ, ਮਿੱਠੇ ਪੀਣਯੋਗ ਪਦਾਰਥ, ਪਾਣੀ ਅਤੇ ਬਰੇਕਫਾਸਟ ਵਿੱਚ ਲਏ ਜਾਣ ਵਾਲੇ ਖਾਧ ਪਦਾਰਥ ਮਾਂ ਦੇ ਦੁੱਧ ਦੀ ਤੁਲਨਾ ਵਿੱਚ ਘੱਟ ਪੌਸ਼ਟਿਕ ਹੁੰਦੇ ਹਨ।

ਮਾਂ ਦਾ ਦੁੱਧ ਬੱਚੇ ਨੂੰ ਆਸਾਨੀ ਨਾਲ ਪਚ ਜਾਂਦਾ ਹੈ। ਇਹ ਸਭ ਤੋਂ ਵਧੀਆ ਵਾਧੇ ਅਤੇ ਵਿਕਾਸ ਅਤੇ ਬਿਮਾਰੀਆਂ ਦੇ ਵਿਰੁੱਧ ਪ੍ਰਤੀਰੱਖਿਆ ਪ੍ਰਦਾਨ ਕਰਦਾ ਹੈ।

ਗਰਮ ਅਤੇ ਸੁੱਕੇ ਮੌਸਮ ਵਿੱਚ ਵੀ ਮਾਂ ਦੇ ਦੁੱਧ ਤੋਂ ਨਵਜਾਤ ਸ਼ਿਸ਼ੂ ਦੇ ਲਈ ਦ੍ਰਵ ਦੀ ਲੋੜ ਪੂਰੀ ਹੁੰਦੀ ਹੈ। ਪਾਣੀ ਅਤੇ ਹੋਰ ਪੀਣ ਯੋਗ ਪਦਾਰਥ ਸ਼ੁਰੂਆਤੀ ਛੇ ਮਹੀਨਿਆਂ ਦੇ ਦੌਰਾਨ ਜ਼ਰੂਰੀ ਨਹੀਂ ਹੁੰਦੇ। ਬੱਚੇ ਨੂੰ ਮਾਂ ਦੇ ਦੁੱਧ ਦੀ ਤੁਲਨਾ ਵਿੱਚ ਕੋਈ ਵੀ ਹੋਰ ਖਾਧ ਜਾਂ ਪੀਣ ਯੋਗ ਪਦਾਰਥ ਦੇਣਾ ਹੈਜਾ ਅਤੇ ਹੋਰ ਬਿਮਾਰੀਆਂ ਦੇ ਖਤਰੇ ਨੂੰ ਵਧਾਉਂਦਾ ਹੈ।

ਮਾਂ ਦੇ ਦੁੱਧ ਦੇ ਬਦਲੇ ਵਿੱਚ ਜੋ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਅਤੇ ਜੋ ਜ਼ਰੂਰੀ ਪੋਸ਼ਕ ਵੀ ਹੋਣ, ਉਹ ਬੇਹੱਦ ਮਹਿੰਗੀਆਂ ਹਨ। ਉਦਾਹਰਣ ਦੇ ਲਈ, ਇੱਕ ਸਾਲ ਵਿੱਚ ਇੱਕ ਬੱਚੇ ਦੇ ਖਾਣੇ ਲਈ 40 ਕਿਲੋ (ਲਗਭਗ 80 ਟੀਨ) ਨਵਜਾਤ ਫਾਰਮੂਲੇ ਦੀ ਲੋੜ ਹੁੰਦੀ ਹੈ। ਸਿਹਤ ਕਾਰਜਕਰਤਾਵਾਂ ਨੂੰ ਉਨ੍ਹਾਂ ਸਾਰੀਆਂ ਮਾਵਾਂ ਨੂੰ ਜੋ ਮਾਂ ਦੇ ਦੁੱਧ ਦੇ ਬਦਲੇ ਹੋਰ ਚੀਜ਼ਾਂ ਦੇ ਇਸਤੇਮਾਲ ਬਾਰੇ ਸੋਚ ਰਹੀਆਂ ਹੋਣ, ਉਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਦੇ ਬਾਰੇ ਵਿੱਚ ਸੂਚਨਾ ਦੇ ਦੇਣੀ ਚਾਹੀਦੀ ਹੈ।

ਜੇਕਰ ਨਿਯਮਿਤ ਭਾਰ ਮਾਪ ਇਹ ਦਿਖਾਉਂਦਾ ਹੈ ਕਿ ਛੇ ਮਹੀਨਿਆਂ ਦੇ ਲਈ ਮਾਂ ਦਾ ਦੁੱਧ ਲੈਣ ਵਾਲਾ ਸ਼ਿਸ਼ੂ ਠੀਕ ਤਰੀਕੇ ਨਾਲ ਵਾਧਾ ਨਹੀਂ ਕਰ ਰਿਹਾ, ਤਾਂ:

ਬੱਚੇ ਨੂੰ ਥੋੜ੍ਹੇ-ਥੋੜ੍ਹੇ ਵਕਫੇ ਤੇ ਵੱਧ ਵਾਰ ਸਤਨਪਾਨ ਦੀ ਜ਼ਰੂਰਤ ਪੈ ਸਕਦੀ ਹੈ। 24 ਘੰਟੇ ਦੇ ਦੌਰਾਨ ਘੱਟ ਤੋਂ ਘੱਟ 12 ਵਾਰ ਮਾਂ ਦਾ ਦੁੱਧ ਪਿਲਾਉਣਾ ਜ਼ਰੂਰੀ ਹੋ ਸਕਦਾ ਹੈ। ਬੱਚੇ ਨੂੰ ਘੱਟ ਤੋਂ ਘੱਟ 15 ਮਿੰਟ ਤੱਕ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ।

ਬੱਚੇ ਨੂੰ ਮੂੰਹ ਦੇ ਅੰਦਰ ਦੁੱਧ ਲੈਣ ਦੇ ਲਈ ਮਾਂ ਤੋਂ ਸਹਾਇਤਾ ਦੀ ਲੋੜ ਹੋ ਸਕਦੀ ਹੈ।

 • ਬੱਚਾ ਬਿਮਾਰ ਹੋਵੇ ਤਾਂ ਉਸ ਨੂੰ ਸਿੱਖਿਅਤ ਸਿਹਤ ਕਰਮਚਾਰੀ ਦੇ ਕੋਲ ਲੈ ਜਾਣਾ ਚਾਹੀਦਾ ਹੈ।
 • ਪਾਣੀ ਅਤੇ ਹੋਰ ਦ੍ਰਵ ਮਾਂ ਦੇ ਦੁੱਧ ਨੂੰ ਲੈਣ ਦੀ ਮਾਤਰਾ ਨੂੰ ਘੱਟ ਕਰ ਸਕਦੇ ਹਨ।
 • ਮਾਂ ਨੂੰ ਹੋਰ ਪਦਾਰਥ ਨਹੀਂ ਦੇਣੇ ਚਾਹੀਦੇ ਅਤੇ ਕੇਵਲ ਸਤਨਪਾਨ ਹੀ ਕਰਵਾਉਣਾ ਚਾਹੀਦਾ ਹੈ।

ਛੇ ਮਹੀਨੇ ਤੋਂ ਵੱਧ ਦੇ ਕਿਸੇ ਵੀ ਨਵਜਾਤ ਬੱਚੇ ਨੂੰ ਹੋਰ ਖਾਧ ਅਤੇ ਪੀਣ ਯੋਗ ਪਦਾਰਥਾਂ ਦੀ ਵੀ ਜ਼ਰੂਰਤ ਹੁੰਦੀ ਹੈ। ਜਦੋਂ ਤੱਕ ਬੱਚਾ 2 ਸਾਲ ਜਾਂ ਉਸ ਤੋਂ ਵੱਧ ਦਾ ਨਾ ਹੋ ਜਾਵੇ ਤਦ ਤੱਕ ਸਤਨਪਾਨ ਲਗਾਤਾਰ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਸਤਨਪਾਨ ਮੁੱਖ ਸੰਦੇਸ਼-2

ਇੱਕ ਖਤਰਾ ਇਹ ਰਹਿੰਦਾ ਹੈ ਕਿ ਐੱਚ.ਆਈ.ਵੀ. ਸੰਕ੍ਰਮਿਤ ਔਰਤ ਸਤਨਪਾਨ ਦੇ ਜ਼ਰੀਏ ਆਪਣੇ ਬੱਚੇ ਨੂੰ ਵੀ ਸੰਕ੍ਰਮਿਤ ਕਰ ਸਕਦੀ ਹੈ। ਜੋ ਮਹਿਲਾ ਇਸ ਨਾਲ ਸੰਕ੍ਰਮਿਤ ਹੋਵੇ ਜਾਂ, ਜਿਨ੍ਹਾਂ ਨੂੰ ਇਸ ਨਾਲ ਸੰਕ੍ਰਮਿਤ ਹੋਣ ਦੀ ਸੰਭਾਵਨਾ ਹੋਵੇ, ਉਨ੍ਹਾਂ ਨੂੰ ਸਿੱਖਿਅਤ ਸਿਹਤ ਕਰਮਚਾਰੀ ਤੋਂ ਬੱਚੇ ਨੂੰ ਸੰਕ੍ਰਮਿਤ ਹੋਣ ਦੇ ਖਤਰੇ ਨੂੰ ਘੱਟ ਕਰਨ ਦੇ ਲਈ ਜਾਂਚ, ਕਾਊਂਸਲਿੰਗ ਅਤੇ ਸਲਾਹ ਲੈਣੀ ਚਾਹੀਦੀ ਹੈ।

ਐੱਚ.ਆਈ.ਵੀ. ਸੰਕ੍ਰਮਣ ਨੂੰ ਦੂਰ ਰੱਖਣ ਦੇ ਬਾਰੇ ਜਾਣਨਾ ਹਰੇਕ ਦੇ ਲਈ ਮਹੱਤਵਪੂਰਣ ਹੈ। ਗਰਭਵਤੀ ਔਰਤਾਂ ਅਤੇ ਨਵੀਆਂ ਮਾਵਾਂ ਨੂੰ ਇਸ ਬਾਰੇ ਜਾਗਰੂਕ ਰਹਿਣਾ ਚਾਹੀਦਾ ਹੈ ਕਿ ਜੇਕਰ ਉਹ ਐੱਚ.ਆਈ.ਵੀ. ਨਾਲ ਸੰਕ੍ਰਮਿਤ ਹਨ ਤਾਂ ਉਹ ਗਰਭ-ਅਵਸਥਾ ਦੇ ਦੌਰਾਨ ਆਪਣੇ ਨਵਜਾਤ ਸ਼ਿਸ਼ੂ ਜਾਂ ਜਨਮ ਦੇ ਸਮੇਂ ਜਾਂ ਸਤਨਪਾਨ ਦੇ ਜ਼ਰੀਏ ਉਸ ਨੂੰ ਸੰਕ੍ਰਮਿਤ ਕਰ ਸਕਦੀ ਹੈ।

ਸੰਕ੍ਰਮਣ ਨੂੰ ਫੈਲਾਉਣ ਦੇ ਖਤਰੇ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਇਸ ਨਾਲ ਸੰਕ੍ਰਮਿਤ ਹੋਣ ਤੋਂ ਬਚਣਾ ਹੀ ਹੈ। ਅਨਜਾਣ ਲੋਕਾਂ ਨਾਲ ਯੌਨ ਸੰਬੰਧ ਨਾ ਬਣਾ ਕੇ ਐੱਚ.ਆਈ.ਵੀ. ਦੇ ਪ੍ਰਸਾਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ, ਜੇਕਰ ਸੰਕ੍ਰਮਿਤ ਸਾਥੀ ਇਕ-ਦੂਜੇ ਦੇ ਨਾਲ ਹੀ ਸੰਬੰਧ ਬਣਾਉਣ, ਜਾਂ ਜੇਕਰ ਲੋਕ ਸੁਰੱਖਿਅਤ ਸੰਬੰਧ ਬਣਾਉਣ- ਸਾਵਧਾਨੀ ਦੇ ਨਾਲ ਜਾਂ ਗਰਭ ਨਿਰੋਧਕ ਦਾ ਇਸਤੇਮਾਲ ਕਰਕੇ ਸੰਬੰਧ ਬਣਾਉਣ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਗਰਭਵਤੀ ਔਰਤ ਅਤੇ ਨਵੀਆਂ ਮਾਵਾਂ ਜੋ ਇਸ ਨਾਲ ਸੰਕ੍ਰਮਿਤ ਹੋਣ ਜਾਂ, ਜਿਨ੍ਹਾਂ ਨੂੰ ਇਸ ਨਾਲ ਸੰਕ੍ਰਮਿਤ ਹੋਣ ਦੀ ਸੰਭਾਵਨਾ ਹੋਵੇ, ਉਨ੍ਹਾਂ ਨੂੰ ਸਿੱਖਿਅਤ ਸਿਹਤ ਕਰਮਚਾਰੀ ਤੋਂ ਜਾਂਚ, ਕਾਊਂਸਲਿੰਗ ਦੇ ਲਈ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।

ਸਤਨਪਾਨ ਮੁੱਖ ਸੰਦੇਸ਼-3

ਨਵਜਾਤ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਦੇ ਕੋਲ ਰੱਖਣਾ ਚਾਹੀਦਾ ਹੈ ਅਤੇ ਜਨਮ ਦੇ ਇੱਕ ਘੰਟੇ ਦੇ ਅੰਦਰ ਸਤਨਪਾਨ ਸ਼ੁਰੂ ਕਰਵਾਉਣਾ ਚਾਹੀਦਾ ਹੈ।

ਇੱਕ ਨਵਜਾਤ ਬੱਚੇ ਨੂੰ ਜਿੰਨਾ ਸੰਭਵ ਹੋ ਸਕੇ ਓਨਾ ਮਾਂ ਦੇ ਸਰੀਰ ਦੇ ਸੰਪਰਕ ਵਿੱਚ ਰੱਖਣਾ ਚਾਹੀਦਾ ਹੈ। ਇਕ ਕਮਰੇ ਵਿੱਚ ਜਾਂ ਬਿਸਤਰੇ ਉੱਤੇ ਮਾਂ ਅਤੇ ਬੱਚੇ ਦੇ ਲਈ ਇਕੱਠੇ ਰਹਿਣਾ ਸਭ ਤੋਂ ਚੰਗਾ ਹੁੰਦਾ ਹੈ। ਬੱਚਾ ਜਿੰਨਾ ਵਾਰ ਚਾਹੇ, ਓਨੀ ਵਾਰ ਉਸ ਨੂੰ ਸਤਨਪਾਨ ਕਰਵਾਉਣਾ ਚਾਹੀਦਾ ਹੈ।

ਜਨਮ ਦੇ ਬਾਅਦ ਬੱਚੇ ਨੂੰ ਜਲਦੀ ਤੋਂ ਜਲਦੀ ਸਤਨਪਾਨ ਸ਼ੁਰੂ ਕਰਵਾਉਣ ਨਾਲ ਦੁੱਧ ਦੀ ਮਾਤਰਾ ਵਧਦੀ ਹੈ। ਇਹ ਮਾਂ ਦੇ ਗਰਭ ਨੂੰ ਸੰਕੁਚਿਤ ਹੋਣ ਵਿੱਚ ਮਦਦ ਕਰਦਾ ਹੈ, ਜੋ ਵੱਧ ਲਹੂ ਰਿਸਾਅ ਜਾਂ ਸੰਕ੍ਰਮਣ ਦੇ ਖਤਰੇ ਨੂੰ ਘੱਟ ਕਰ ਦਿੰਦਾ ਹੈ।

ਕੋਲੋਸਟ੍ਰੋਮ, ਗਾੜ੍ਹਾ-ਪੀਲਾ ਦੁੱਧ, ਜੋ ਬੱਚੇ ਦੇ ਜਨਮ ਦੇ ਸ਼ੁਰੂਆਤੀ ਕੁਝ ਦਿਨਾਂ ਵਿੱਚ ਮਾਂ ਦੇ ਥਣ ਵਿੱਚੋਂ ਨਿਕਲਦਾ ਹੈ, ਨਵਜਾਤ ਸ਼ਿਸ਼ੂ ਦੇ ਲਈ ਸਭ ਤੋਂ ਉੱਤਮ ਹੁੰਦਾ ਹੈ। ਇਹ ਕਾਫੀ ਪੌਸ਼ਟਿਕ ਹੁੰਦਾ ਹੈ ਅਤੇ ਸ਼ਿਸ਼ੂ ਦੀ ਸੰਕ੍ਰਮਣਾਂ ਤੋਂ ਰੱਖਿਆ ਕਰਦਾ ਹੈ। ਕਦੀ-ਕਦੀ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਕੋਲੇਸਟ੍ਰੋਮ ਨਾ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸਲਾਹ ਗਲਤ ਹੈ।

ਮਾਂ ਦੇ ਦੁੱਧ ਦੀ ਸਪਲਾਈ ਦੇ ਵਧਣ ਦਾ ਇੰਤਜ਼ਾਰ ਕਰਦੇ ਸਮੇਂ ਬੱਚੇ ਨੂੰ ਕਿਸੇ ਹੋਰ ਖਾਧ ਜਾਂ ਪੀਣ ਯੋਗ ਪਦਾਰਥ ਦੀ ਜ਼ਰੂਰਤ ਨਹੀਂ ਹੁੰਦੀ।

ਜੇਕਰ ਔਰਤ ਹਸਪਤਾਲ ਜਾਂ ਕਲੀਨਿਕ 'ਚ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਨੂੰ ਇੱਕ ਦਿਨ ਦੇ ਚੌਵੀ ਘੰਟੇ ਇੱਕ ਹੀ ਕਮਰੇ ਵਿੱਚ ਬੱਚੇ ਨੂੰ ਆਪਣੇ ਕੋਲ ਰੱਖਣ ਦੀ ਉਮੀਦ ਕਰਨ ਦਾ ਅਧਿਕਾਰ ਹੁੰਦਾ ਹੈ, ਅਤੇ ਜੇਕਰ ਉਹ ਆਪਣਾ ਦੁੱਧ ਪਿਲਾ ਰਹੀ ਹੋਵੇ ਤਾਂ ਬੱਚੇ ਨੂੰ ਕੋਈ ਫਾਰਮੂਲਾ ਜਾਂ ਪਾਣੀ ਦੇਣ ਦੀ ਲੋੜ ਨਹੀਂ ਹੋਵੇਗੀ।

ਸਤਨਪਾਨ ਮੁੱਖ ਸੰਦੇਸ਼-4

ਥੋੜ੍ਹੇ-ਥੋੜ੍ਹੇ ਸਮੇਂ 'ਤੇ ਸਤਨਪਾਨ ਕਰਵਾਉਣ ਨਾਲ ਜ਼ਿਆਦਾ ਦੁੱਧ ਬਣ ਸਕਦਾ ਹੈ। ਲਗਭਗ ਹਰੇਕ ਮਾਂ ਸਫਲਤਾ ਪੂਰਵਕ ਸਤਨਪਾਨ ਕਰਵਾ ਸਕਦੀ ਹੈ।

ਜ਼ਿਆਦਾਤਰ ਨਵੀਆਂ ਮਾਵਾਂ ਨੂੰ ਸਤਨਪਾਨ ਸ਼ੁਰੂ ਕਰਵਾਉਣ ਵਿੱਚ ਮਦਦ ਜਾਂ ਹੱਲਾਸ਼ੇਰੀ ਦਾ ਜ਼ਰੂਰਤ ਹੁੰਦੀ ਹੈ। ਹੋਰ ਔਰਤਾਂ ਜੋ ਸਫਲਤਾ ਪੂਰਵਕ ਸਤਨਪਾਨ ਕਰਵਾ ਚੁੱਕੀਆਂ ਹੋਣ ਜਾਂ ਪਰਿਵਾਰ ਦੇ ਜੀਅ, ਦੋਸਤ ਜਾਂ ਔਰਤਾਂ ਦੇ ਸਤਨਪਾਨ ਸਹਿਯੋਗ ਸਮੂਹ ਦੀ ਮੈਂਬਰ ਮਾਤਾ ਨੂੰ ਅਨਿਸ਼ਚਿਤਤਾ ਅਤੇ ਮੁਸ਼ਕਿਲਾਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ।

ਮਾਂ ਆਪਣੇ ਬੱਚੇ ਨੂੰ ਕਿਵੇਂ ਫੜੇ ਅਤੇ ਬੱਚੇ ਦੇ ਮੂੰਹ ਵਿੱਚ ਥਣ ਨੂੰ ਕਿਵੇਂ ਰੱਖੇ ਬਹੁਤ ਮਹੱਤਵਪੂਰਣ ਹੈ। ਸਹੀ ਹਾਲਤ ਵਿੱਚ ਬੱਚੇ ਨੂੰ ਫੜਨਾ ਬੱਚੇ ਦੇ ਲਈ ਥਣ ਨੂੰ ਆਪਣੇ ਮੂੰਹ ਵਿੱਚ ਲੈਣ ਅਤੇ ਚੂਸਣ ਨੂੰ ਆਰਾਮਦਾਇਕ ਬਣਾਉਂਦਾ ਹੈ।

ਮਾਂ ਦਾ ਦੁੱਧ ਪਿਲਾਉਣ ਦੇ ਲਈ ਬੱਚੇ ਦੇ ਸਹੀ ਹਾਲਤ ਵਿੱਚ ਹੋਣ ਦੇ ਕੁਝ ਸੰਕੇਤ:

 • ਬੱਚੇ ਦਾ ਪੂਰਾ ਸਰੀਰ ਮਾਂ ਵੱਲ ਮੁੜਿਆ ਹੋਇਆ ਹੋਵੇ।
 • ਬੱਚਾ ਮਾਂ ਦੇ ਨਜ਼ਦੀਕ ਹੋਵੇ।
 • ਬੱਚਾ ਆਰਾਮਦਾਇਕ ਹਾਲਤ ਵਿੱਚ ਅਤੇ ਖੁਸ਼ ਹੋਵੇ।

ਗਲਤ ਤਰੀਕੇ ਨਾਲ ਬੱਚੇ ਨੂੰ ਫੜਨਾ ਕੁਝ ਮੁਸ਼ਕਿਲਾਂ ਦਾ ਕਾਰਨ ਬਣ ਸਕਦਾ ਹੈ ਜਿਵੇਂ:

 • ਨਿੱਪਲ ਵਿੱਚ ਦਰਦ ਹੋਣਾ ਅਤੇ ਫਟ ਜਾਣਾ।
 • ਲੋੜੀਂਦਾ ਦੁੱਧ ਨਾ ਹੋਣਾ।
 • ਪੀਣ ਤੋਂ ਇਨਕਾਰ।

ਬੱਚੇ ਦੇ ਚੰਗੀ ਤਰ੍ਹਾਂ ਨਾਲ ਦੁੱਧ ਪੀਣ ਦੇ ਸੰਕੇਤ :

 • ਬੱਚੇ ਦਾ ਮੂੰਹ ਚੌੜਾਈ ਵਿੱਚ ਖੁੱਲ੍ਹਾ ਹੋਇਆ ਹੋਵੇ।
 • ਬੱਚੇ ਦੀ ਠੋਡੀ ਮਾਂ ਦੀ ਛਾਤੀ ਦੇ ਸੰਪਰਕ ਵਿੱਚ ਹੋਵੇ।
 • ਮਾਂ ਦੀ ਨਿੱਪਲ ਦੇ ਚਾਰੇ ਪਾਸੇ ਵਾਲੀ ਜ਼ਿਆਦਾਤਰ ਕਾਲੀ ਜਗ੍ਹਾ ਬੱਚੇ ਦੇ ਮੂੰਹ ਤੋਂ ਹੇਠਾਂ ਦੀ ਤੁਲਨਾ ਵਿੱਚ ਉੱਪਰ ਜ਼ਿਆਦਾ ਨਜ਼ਰ ਆਏ।
 • ਬੱਚੇ ਰਾਹੀਂ ਕੀਤੀ ਜਾ ਰਹੀ ਚੂਸਣ ਕਿਰਿਆ ਲੰਬੀ ਅਤੇ ਡੂੰਘੀ ਹੋਵੇ।
 • ਮਾਂ ਆਪਣੀ ਨਿੱਪਲ ਵਿੱਚ ਕੋਈ ਦਰਦ ਮਹਿਸੂਸ ਨਾ ਕਰੇ।

ਲਗਭਗ ਹਰੇਕ ਮਾਂ ਲੋੜੀਂਦਾ ਦੁੱਧ ਦੇ ਸਕਦੀ ਹੈ ਜਦੋਂ :

 • ਉਹ ਸਤਨਪਾਨ ਪੂਰਾ ਕਰਵਾਉਂਦੀ ਹੋਵੇ।
 • ਬੱਚਾ ਸਹੀ ਹਾਲਤ ਵਿੱਚ ਹੋਵੇ ਅਤੇ ਨਿੱਪਲ ਉਸ ਦੇ ਮੂੰਹ ਵਿੱਚ ਸਹੀ ਤਰੀਕੇ ਨਾਲ ਹੋਵੇ।
 • ਬੱਚਾ ਜਿੰਨੀ ਵਾਰ ਚਾਹੇ ਅਤੇ ਜਿੰਨੀ ਦੇਰ ਤੱਕ ਚਾਹੇ, ਰਾਤ ਵਿੱਚ ਵੀ ਓਨੀ ਦੇਰ ਤੱਕ ਸਤਨਪਾਨ ਕਰਵਾਉਂਦੀ ਹੋਵੇ।

ਜਨਮ ਤੋਂ ਹੀ ਬੱਚਾ ਜਦੋਂ ਵੀ ਚਾਹੇ ਉਸ ਨੂੰ ਸਤਨਪਾਨ ਕਰਵਾਉਣਾ ਚਾਹੀਦਾ ਹੈ। ਜੇਕਰ ਨਵਜਾਤ ਬੱਚਾ ਸਤਨਪਾਨ ਕਰਵਾਉਣ ਦੇ ਬਾਅਦ ਤਿੰਨ ਘੰਟੇ ਤੋਂ ਜ਼ਿਆਦਾ ਦੀ ਨੀਂਦ ਲੈਂਦਾ ਹੋਵੇ, ਤਾਂ ਉਸ ਨੂੰ ਜਗਾ ਕੇ ਦੁੱਧ ਪਿਲਾਇਆ ਜਾ ਸਕਦਾ ਹੈ।

 • ਬੱਚੇ ਦਾ ਰੋਣਾ ਇਹ ਸੰਕੇਤ ਨਹੀਂ ਕਰਦਾ ਹੈ ਕਿ ਉਸ ਨੂੰ ਹੋਰ ਖਾਧ ਜਾਂ ਪੀਣ ਯੋਗ ਪਦਾਰਥ ਦੀ ਜ਼ਰੂਰਤ ਹੈ। ਇਸ ਦਾ ਸਧਾਰਨ ਜਿਹਾ ਅਰਥ ਇਹ ਹੈ ਕਿ ਬੱਚਾ ਹੋਰ ਜ਼ਿਆਦਾ ਤੁਹਾਨੂੰ ਫੜੇ ਅਤੇ ਤੁਹਾਡੇ ਨਾਲ ਲਿਪਟੇ ਰਹਿਣਾ ਚਾਹੁੰਦਾ ਹੈ। ਕੁਝ ਬੱਚਿਆਂ ਨੂੰ ਆਰਾਮ ਦੇ ਲਈ ਥਣ ਚੂਸਣ ਦੀ ਜ਼ਰੂਰਤ ਹੁੰਦੀ ਹੈ। ਜ਼ਿਆਦਾ ਚੂਸਣਾ ਜ਼ਿਆਦਾ ਦੁੱਧ ਪੈਦਾ ਕਰੇਗਾ।
 • ਜਿਨ੍ਹਾਂ ਮਾਵਾਂ ਨੂੰ ਡਰ ਹੁੰਦਾ ਹੈ ਕਿ ਉਹ ਲੋੜੀਂਦਾ ਦੁੱਧ ਨਹੀਂ ਦੇ ਸਕਣਗੀਆਂ, ਅਕਸਰ ਜੀਵਨ ਦੇ ਸ਼ੁਰੂਆਤੀ ਕੁਝ ਮਹੀਨਿਆਂ ਵਿੱਚ ਆਪਣੇ ਬੱਚਿਆਂ ਨੂੰ ਹੋਰ ਖਾਣ ਯੋਗ ਜਾਂ ਪੀਣ ਯੋਗ ਪਦਾਰਥ ਦਿੰਦੀਆਂ ਹਨ। ਪਰ, ਇਸ ਦਾ ਕਾਰਨ ਬੱਚੇ ਰਾਹੀਂ ਘੱਟ ਚੂਸਣਾ ਹੁੰਦਾ ਹੈ, ਜਿਸ ਨਾਲ ਘੱਟ ਦੁੱਧ ਬਣਦਾ ਹੈ। ਮਾਂ ਦਾ ਦੁੱਧ ਜ਼ਿਆਦਾ ਬਣੇਗਾ ਜੇਕਰ ਉਹ ਬੱਚੇ ਨੂੰ ਹੋਰ ਖਾਧ ਜਾਂ ਪੀਣ ਯੋਗ ਪਦਾਰਥ ਨਹੀਂ ਦੇਵੇਗੀ ਅਤੇ ਸਤਨਪਾਨ ਹੀ ਕਰਵਾਏਗੀ।
 • ਪੇਸਿਫਿਅਰਸ, ਵਿਕਲਪ ਜਾਂ ਬੋਤਲ ਸਤਨਪਾਨ ਕਰ ਚੁੱਕੇ ਬੱਚੇ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਚੂਸਣ ਦਾ ਤਰੀਕਾ ਛਾਤੀ ਨਾਲ ਦੁੱਧ ਪੀਣ ਤੋਂ ਕਾਫ਼ੀ ਵੱਖ ਹੁੰਦਾ ਹੈ। ਪੇਸਿਫਿਅਰਸ ਅਤੇ ਬੋਤਲ ਦਾ ਇਸਤੇਮਾਲ ਮਾਂ ਦੇ ਦੁੱਧ ਦੇ ਘੱਟ ਬਣਨ ਦਾ ਕਾਰਨ ਹੋ ਸਕਦਾ ਹੈ ਅਤੇ ਬੱਚਾ ਮਾਂ ਦਾ ਦੁੱਧ ਘੱਟ ਕਰ ਸਕਦਾ ਹੈ ਜਾਂ ਛੱਡ ਸਕਦਾ ਹੈ।
 • ਮਾਵਾਂ ਨੂੰ ਨਿਸ਼ਚਿੰਤ ਹੋਣ ਦੀ ਲੋੜ ਹੈ ਕਿ ਉਹ ਆਪਣੇ ਛੋਟੇ ਬੱਚੇ ਨੂੰ ਆਪਣਾ ਦੁੱਧ ਪੂਰੀ ਤਰ੍ਹਾਂ ਪਿਲਾ ਸਕਣ। ਉਨ੍ਹਾਂ ਨੂੰ ਬੱਚੇ ਦੇ ਪਿਤਾ, ਉਨ੍ਹਾਂ ਦੇ ਪਰਿਵਾਰਾਂ, ਗੁਆਂਢੀਆਂ, ਦੋਸਤਾਂ ਅਤੇ ਸਿਹਤ ਕਾਰਜ-ਕਰਤਾਵਾਂ, ਕਰਮਚਾਰੀਆਂ ਅਤੇ ਮਹਿਲਾ ਸੰਸਥਾਵਾਂ ਦੇ ਸਹਿਯੋਗ ਅਤੇ ਹੱਲਾਸ਼ੇਰੀ ਦੀ ਜ਼ਰੂਰਤ ਹੁੰਦੀ ਹੈ।
 • ਸਤਨਪਾਨ ਇੱਕ ਔਰਤ ਨੂੰ ਆਰਾਮ ਕਰਨ ਦਾ ਮੌਕਾ ਉਪਲਬਧ ਕਰਵਾ ਸਕਦਾ ਹੈ। ਪਿਤਾ ਅਤੇ ਪਰਿਵਾਰ ਦੇ ਹੋਰ ਜੀਅ ਔਰਤ ਰਾਹੀਂ ਸਤਨਪਾਨ ਕਰਵਾਉਣ ਦੇ ਦੌਰਾਨ ਉਸ ਨੂੰ ਆਰਾਮ ਕਰਨ ਲਈ ਉਤਸ਼ਾਹਿਤ ਕਰਕੇ ਮਦਦ ਕਰ ਸਕਦੇ ਹਨ। ਉਹ ਇਹ ਵੀ ਨਿਸ਼ਚਿਤ ਕਰ ਸਕਦੇ ਹਨ ਕਿ ਮਾਂ ਨੂੰ ਲੋੜੀਂਦਾ ਭੋਜਨ ਅਤੇ ਘਰ ਦੇ ਕੰਮਾਂ ਵਿੱਚ ਸਹਾਇਤਾ ਮਿਲੇ।

ਸਤਨਪਾਨ ਮੁੱਖ ਸੰਦੇਸ਼-5

ਮਾਂ ਦਾ ਦੁੱਧ ਬੱਚਿਆਂ ਅਤੇ ਛੋਟੇ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਇਹ ਮਾਂ ਅਤੇ ਬੱਚੇ ਦੇ ਵਿਚਕਾਰ ਇੱਕ ਵਿਸ਼ੇਸ਼ ਸੰਬੰਧ ਵੀ ਬਣਾਉਂਦਾ ਹੈ।

ਮਾਂ ਦਾ ਦੁੱਧ ਬੱਚੇ ਦਾ 'ਪਹਿਲਾ ਟੀਕਾਕਰਣ' ਹੈ। ਇਹ ਹੈਜਾ, ਕੰਨ ਅਤੇ ਛਾਤੀ ਦੇ ਸੰਕ੍ਰਮਣ ਅਤੇ ਹੋਰ ਸਿਹਤ ਸਮੱਸਿਆਵਾਂ ਦੇ ਵਿਰੁੱਧ ਪ੍ਰਤੀਰੋਧਕ ਸਮਰੱਥਾ ਪ੍ਰਦਾਨ ਕਰਦਾ ਹੈ। ਜਦੋਂ ਬੱਚੇ ਨੂੰ ਸ਼ੁਰੂਆਤੀ ਮਹੀਨਿਆਂ ਵਿੱਚ ਕੇਵਲ ਮਾਂ ਦਾ ਦੁੱਧ ਦਿੱਤਾ ਜਾਵੇ ਅਤੇ ਦੂਜੇ ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਤਕ ਮਾਂ ਦਾ ਦੁੱਧ ਜਾਰੀ ਰਹੇ ਤਾਂ ਇਹ ਪ੍ਰਤੀਰੋਧਕ ਸਮਰੱਥਾ ਗਜ਼ਬ ਦੀ ਹੁੰਦੀ ਹੈ। ਹੋਰ ਕੋਈ ਪੀਣ ਯੋਗ ਅਤੇ ਖਾਧ ਪਦਾਰਥ ਅਜਿਹੀ ਪ੍ਰਤੀਰੋਧਕ ਸਮਰੱਥਾ ਉਪਲਬਧ ਨਹੀਂ ਕਰਵਾ ਸਕਦਾ।

ਆਮ ਤੌਰ ਤੇ ਸਤਨਪਾਨ ਕਰ ਰਹੇ ਬੱਚੇ, ਉਨ੍ਹਾਂ ਬੱਚਿਆਂ ਦੀ ਤੁਲਨਾ ਵਿੱਚ ਜੋ ਬੋਤਲ ਦੇ ਭਰੋਸੇ ਛੱਡ ਦਿੱਤੇ ਗਏ ਹਨ, ਜ਼ਿਆਦਾ ਧਿਆਨ ਪ੍ਰਾਪਤ ਕਰਦੇ ਹਨ। ਦੇਖਭਾਲ ਨਵਜਾਤ ਦੇ ਵਾਧੇ ਤੇ ਵਿਕਾਸ ਅਤੇ ਉਸ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਵਾਉਣ ਵਿੱਚ ਮਦਦ ਕਰਦੀ ਹੈ।

ਸਤਨਪਾਨ ਮੁੱਖ ਸੰਦੇਸ਼-6

ਬੱਚੇ ਨੂੰ ਬੋਤਲ ਨਾਲ ਦੁੱਧ ਪਿਲਾਉਣਾ ਬਿਮਾਰੀ ਅਤੇ ਮੌਤ ਦੀ ਸੰਭਾਵਨਾ ਨੂੰ ਵਧਾ ਸਕਦਾ ਹੈ। ਜੇਕਰ ਇੱਕ ਮਹਿਲਾ ਆਪਣੇ ਨਵਜਾਤ ਬੱਚੇ ਨੂੰ ਦੁੱਧ ਨਹੀਂ ਪਿਲਾ ਸਕਦੀ, ਤਾਂ ਬੱਚੇ ਨੂੰ ਮਾਂ ਦੇ ਦੁੱਧ ਦੇ ਵਿਕਲਪ ਨੂੰ ਸਧਾਰਨ ਸਾਫ਼ ਕੱਪ ਨਾਲ ਦੇਣਾ ਚਾਹੀਦਾ ਹੈ।

ਗੰਦੀਆਂ ਬੋਤਲਾਂ ਅਤੇ ਥਣ ਦੀ ਚੂਚੀ ਹੈਜਾ ਅਤੇ ਕੰਨ ਦੇ ਸੰਕ੍ਰਮਣ ਵਰਗੀਆਂ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਹੈਜਾ ਬੱਚਿਆਂ ਦੇ ਲਈ ਖਤਰਨਾਕ ਹੋ ਸਕਦਾ ਹੈ। ਜੇਕਰ ਬੋਤਲ ਨੂੰ ਹਰ ਵਾਰ ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਉਬਲੇ ਹੋਏ ਪਾਣੀ ਨਾਲ ਸਾਫ਼ ਕੀਤਾ ਜਾਵੇ ਅਤੇ ਥਣ ਦੀ ਚੂਚੀ ਵੀ ਸਾਫ਼ ਹੋਵੇ, ਤਾਂ ਬਿਮਾਰੀ ਦਾ ਖਤਰਾ ਘੱਟ ਹੋ ਸਕਦਾ ਹੈ, ਪਰ ਬੋਤਲ ਨਾਲ ਪੀਣ ਵਾਲੇ ਬੱਚੇ ਸਤਨਪਾਨ ਕਰ ਰਹੇ ਬੱਚਿਆਂ ਦੀ ਤੁਲਨਾ ਵਿੱਚ ਹੈਜਾ ਅਤੇ ਹੋਰ ਸਧਾਰਨ ਸੰਕ੍ਰਮਣਾਂ ਦੇ ਖਤਰੇ ਦੇ ਪ੍ਰਤੀ ਜ਼ਿਆਦਾ ਨਾਜ਼ੁਕ ਹੁੰਦੇ ਹਨ।

ਜਿਹੜਾ ਬੱਚਾ ਸਤਨਪਾਨ ਨਹੀਂ ਕਰ ਸਕਦਾ, ਉਸ ਦੇ ਲਈ ਸਭ ਤੋਂ ਉੱਤਮ ਭੋਜਨ ਮਾਂ ਦੀ ਛਾਤੀ ਵਿੱਚੋਂ ਕੱਢਿਆ ਹੋਇਆ ਦੁੱਧ ਜਾਂ ਕਿਸੇ ਹੋਰ ਸਿਹਤਮੰਦ ਮਾਂ ਦਾ ਦੁੱਧ ਹੈ। ਮਾਂ ਦਾ ਦੁੱਧ ਸਾਫ ਅਤੇ ਖੁੱਲ੍ਹੇ ਕੱਪ 'ਚ ਦਿੱਤਾ ਜਾਣਾ ਚਾਹੀਦਾ ਹੈ।

ਇੱਥੋਂ ਤੱਕ ਕਿ ਨਵਜਾਤ ਬੱਚੇ ਨੂੰ ਵੀ ਖੁੱਲ੍ਹੇ ਕੱਪ ਨਾਲ ਪਿਲਾਇਆ ਜਾ ਸਕਦਾ ਹੈ, ਜੋ ਅਸਾਨੀ ਨਾਲ ਸਾਫ਼ ਵੀ ਹੋ ਸਕਦਾ ਹੈ।

ਕਿਸੇ ਵੀ ਬੱਚੇ ਦੇ ਲਈ ਜਿਸ ਦੀ ਆਪਣੀ ਮਾਂ ਦਾ ਦੁੱਧ ਉਪਲਬਧ ਨਹੀਂ ਹੈ, ਉਸ ਦੇ ਲਈ ਕਿਸੇ ਹੋਰ ਮਾਂ ਦਾ ਦੁੱਧ ਸਰਬੋਤਮ ਭੋਜਨ ਹੈ।

ਜੇਕਰ ਮਾਂ ਦਾ ਦੁੱਧ ਉਪਲਬਧ ਨਹੀਂ ਹੈ, ਮਾਂ ਦੇ ਦੁੱਧ ਦਾ ਇੱਕ ਪੌਸ਼ਟਿਕ ਅਤੇ ਲੋੜੀਂਦਾ ਵਿਕਲਪ ਕੱਪ ਦੁਆਰਾ ਦਿੱਤਾ ਜਾਣਾ ਚਾਹੀਦਾ ਹੈ। ਨਵਜਾਤ, ਜਿਨ੍ਹਾਂ ਨੂੰ ਮਾਂ ਦੇ ਦੁੱਧ ਦਾ ਵਿਕਲਪ ਦਿੱਤਾ ਗਿਆ ਹੋਵੇ, ਉਨ੍ਹਾਂ ਨੂੰ ਸਤਨਪਾਨ ਕੀਤੇ ਹੋਏ ਨਵਜਾਤ ਦੇ ਮੁਕਾਬਲੇ ਬਿਮਾਰੀ ਅਤੇ ਮੌਤ ਦਾ ਗੰਭੀਰ ਖਤਰਾ ਹੁੰਦਾ ਹੈ।

ਬੱਚੇ ਨੂੰ ਮਾਂ ਦੇ ਦੁੱਧ ਦਾ ਵਿਕਲਪ ਦੇਣਾ ਘੱਟ ਵਾਧਾ ਅਤੇ ਬਿਮਾਰੀ ਦਾ ਕਾਰਨ ਹੋ ਸਕਦਾ ਹੈ, ਜੇਕਰ ਜ਼ਿਆਦਾ ਪਾਣੀ ਜਾਂ ਬਹੁਤ ਘੱਟ ਪਾਣੀ ਉਸ ਵਿੱਚ ਮਿਲਾਇਆ ਜਾਂਦਾ ਹੋਵੇ ਜਾਂ ਪਾਣੀ ਸਾਫ਼ ਨਾ ਹੋਵੇ। ਪਾਣੀ ਨੂੰ ਉਬਾਲਣਾ ਅਤੇ ਫਿਰ ਪਾਣੀ ਨੂੰ ਠੰਢਾ ਕਰਨਾ ਅਤੇ ਮਾਂ ਦੇ ਦੁੱਧ ਦੇ ਵਿਕਲਪ ਵਿੱਚ ਸਾਵਧਾਨੀ ਪੂਰਵਕ ਮਿਸ਼ਰਤ ਕਰਨ ਲਈ ਨਿਰਦੇਸ਼ਾਂ ਦਾ ਪਾਲਣ ਕਰਨਾ ਮਹੱਤਵਪੂਰਣ ਹੈ।

ਪਸ਼ੂ ਦਾ ਦੁੱਧ ਅਤੇ ਨਵਜਾਤ ਫਾਰਮੂਲਾ ਖਰਾਬ ਹੋ ਸਕਦਾ ਹੈ, ਜੇ ਉਸ ਨੂੰ ਕੁਝ ਘੰਟਿਆਂ ਦੇ ਲਈ ਕਮਰੇ ਦੇ ਤਾਪਮਾਨ ਵਿੱਚ ਛੱਡ ਦਿੱਤਾ ਜਾਵੇ। ਮਾਂ ਦਾ ਦੁੱਧ ਬਿਨਾਂ ਖਰਾਬ ਹੋਏ ਕਮਰੇ ਦੇ ਤਾਪਮਾਨ 'ਚ ਅੱਠ ਘੰਟੇ ਤੱਕ ਰੱਖਿਆ ਜਾ ਸਕਦਾ ਹੈ।ਉਸ ਨੂੰ ਸਾਫ ਅਤੇ ਢਕੇ ਹੋਏ ਬਰਤਨ ਵਿੱਚ ਰੱਖੋ।

ਸਤਨਪਾਨ ਮੁੱਖ ਸੰਦੇਸ਼-7

ਛੇ ਮਹੀਨੇ ਬਾਅਦ ਬੱਚੇ ਨੂੰ ਵਿਭਿੰਨ ਪੂਰਕ ਭੋਜਨ ਦੀ ਲੋੜ ਹੁੰਦੀ ਹੈ, ਪਰ ਜਦੋਂ ਤੱਕ ਬੱਚਾ 2 ਸਾਲ ਜਾਂ ਉਸ ਤੋਂ ਵੱਧ ਦਾ ਨਾ ਹੋ ਜਾਵੇ ਤਦ ਤੱਕ ਸਤਨਪਾਨ ਲਗਾਤਾਰ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਬੱਚਿਆਂ ਦੇ ਛੇ ਮਹੀਨੇ ਦੇ ਹੋ ਜਾਣ ਤੇ ਹਾਲਾਂਕਿ ਉਨ੍ਹਾਂ ਨੂੰ ਪੂਰਕ ਭੋਜਨ ਦੀ ਲੋੜ ਹੁੰਦੀ ਹੈ, ਪਰ ਫਿਰ ਵੀ ਮਾਂ ਦਾ ਦੁੱਧ ਊਰਜਾ, ਪ੍ਰੋਟੀਨ ਅਤੇ ਵਿਟਾਮਿਨ ਏ ਅਤੇ ਲੋਹ ਪਦਾਰਥ ਵਰਗੇ ਹੋਰ ਮਹੱਤਵਪੂਰਣ ਪੋਸ਼ਕ ਤੱਤਾਂ ਦਾ ਇੱਕ ਮਹੱਤਵਪੂਰਣ ਸਰੋਤ ਹੁੰਦਾ ਹੈ। ਬੱਚਾ ਜਦੋਂ ਤੱਕ ਸਤਨਪਾਨ ਕਰਦਾ ਰਹਿੰਦਾ ਹੈ, ਤਦ ਤੱਕ ਮਾਂ ਦਾ ਦੁੱਧ ਬਿਮਾਰੀਆਂ ਨਾਲ ਲੜਨ ਵਿੱਚ ਉਸ ਦੀ ਸਹਾਇਤਾ ਕਰਦਾ ਹੈ।

ਛੇ ਮਹੀਨੇ ਤੋਂ ਲੈ ਕੇ 1 ਸਾਲ ਤੱਕ ਹੋਰ ਭੋਜਨ ਦੇਣ ਤੋਂ ਪਹਿਲਾਂ ਸਤਨਪਾਨ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚਾ ਹਰੇਕ ਦਿਨ ਪਹਿਲਾਂ ਮਾਂ ਦੇ ਦੁੱਧ ਦੀ ਲੋੜੀਂਦੀ ਮਾਤਰਾ ਪ੍ਰਾਪਤ ਕਰ ਲਵੇ। ਬੱਚੇ ਦੇ ਭੋਜਨ ਵਿੱਚ ਛਿਲਕੇ ਸਮੇਤ ਪਕਾਈਆਂ ਹੋਈਆਂ ਅਤੇ ਕੁਚਲੀਆਂ ਹੋਈਆਂ ਸਬਜ਼ੀਆਂ, ਅਨਾਜ, ਦਾਲਾਂ ਅਤੇ ਫਲ, ਕੁਝ ਤੇਲ ਦੇ ਨਾਲ ਮੱਛੀ, ਆਂਡੇ, ਮੁਰਗਾ, ਮੀਟ ਜਾਂ ਵਿਟਾਮਿਨ ਅਤੇ ਖਣਿਜ ਪਦਾਰਥ ਉਪਲਬਧ ਕਰਵਾਉਣ ਵਾਲੇ ਡੇਅਰੀ ਉਤਪਾਦ ਸ਼ਾਮਿਲ ਹੋਣੇ ਚਾਹੀਦੇ ਹਨ। ਦੂਜੇ ਸਾਲ ਵਿੱਚ ਮਾਂ ਦਾ ਦੁੱਧ, ਭੋਜਨ ਦੇ ਬਾਅਦ ਅਤੇ ਅਲੱਗ ਸਮੇਂ 'ਤੇ ਵੀ ਕਰਵਾਇਆ ਜਾਣਾ ਚਾਹੀਦਾ ਹੈ। ਮਾਂ ਜਦੋਂ ਤੱਕ ਬੱਚਾ ਅਤੇ ਉਹ ਚਾਹੇ, ਤਦ ਤੱਕ ਸਤਨਪਾਨ ਕਰਵਾਉਣਾ ਜਾਰੀ ਰੱਖ ਸਕਦੀ ਹੈ।

ਪੂਰਕ ਭੋਜਨ ਦੇ ਲਈ ਸਧਾਰਨ ਨਿਰਦੇਸ਼:

6 ਮਹੀਨੇ ਤੋਂ 12 ਮਹੀਨਿਆਂ ਤੱਕ:

 • ਮਾਂ ਦਾ ਦੁੱਧ ਥੋੜ੍ਹੇ-ਥੋੜ੍ਹੇ ਵਕਫੇ ਤੇ ਅਤੇ ਇੱਕ ਦਿਨ ਵਿੱਚ ਹੋਰ ਭੋਜਨ ਤਿੰਨ ਤੋਂ ਪੰਜ ਵਾਰ ਤੱਕ ਦਿਓ।

12 ਤੋਂ 24 ਮਹੀਨਿਆਂ ਤੱਕ:

 • ਮਾਂ ਦਾ ਦੁੱਧ ਥੋੜ੍ਹੇ-ਥੋੜ੍ਹੇ ਵਕਫੇ ਤੇ ਅਤੇ ਪਰਿਵਾਰ ਦੇ ਲਈ ਬਣਨ ਵਾਲੇ ਭੋਜਨ ਨੂੰ ਦਿਨ ਵਿੱਚ ਪੰਜ ਵਾਰ ਦਿਓ।

24 ਮਹੀਨਿਆਂ ਤੋਂ ਬਾਅਦ ਦੇ ਲਈ:

 • ਜੇਕਰ ਮਾਂ ਅਤੇ ਬੱਚਾ ਦੋਵੇਂ ਚਾਹੁੰਦੇ ਹੋਣ, ਤਾਂ ਸਤਨਪਾਨ ਕਰਵਾਉਣਾ ਜਾਰੀ ਰੱਖੋ ਅਤੇ ਬੱਚੇ ਨੂੰ ਪਰਿਵਾਰ ਦੇ ਲਈ ਬਣਨ ਵਾਲੇ ਭੋਜਨ ਨੂੰ ਦਿਨ ਵਿੱਚ ਪੰਜ ਵਾਰ ਦਿਓ।
 • ਜਦੋਂ ਬੱਚੇ ਗੋਡਿਆਂ ਦੇ ਬਲ ਚੱਲਣਾ, ਪੈਰਾਂ 'ਤੇ ਚੱਲਣਾ, ਖੇਡਣਾ ਅਤੇ ਮਾਂ ਦੇ ਦੁੱਧ ਦੀ ਬਜਾਏ ਹੋਰ ਖਾਧ ਪਦਾਰਥ ਖਾਣਾ ਸ਼ੁਰੂ ਕਰਦੇ ਹਨ ਤਾਂ ਉਹ ਛੇਤੀ-ਛੇਤੀ ਬਿਮਾਰ ਹੋ ਜਾਂਦੇ ਹਨ। ਇੱਕ ਬਿਮਾਰ ਬੱਚੇ ਨੂੰ ਕਾਫੀ ਮਾਤਰਾ ਵਿੱਚ ਮਾਂ ਦਾ ਦੁੱਧ ਚਾਹੀਦਾ ਹੁੰਦਾ ਹੈ। ਜਦੋਂ ਬੱਚੇ ਦੀ ਹੋਰ ਭੋਜਨ ਲੈਣ ਦੀ ਇੱਛਾ ਨਹੀਂ ਕਰਦੀ, ਮਾਂ ਦਾ ਦੁੱਧ ਪੌਸ਼ਟਿਕ, ਆਸਾਨੀ ਨਾਲ ਪਚਣ ਵਾਲਾ ਭੋਜਨ ਹੁੰਦਾ ਹੈ। ਜਿਹੜਾ ਬੱਚਾ ਪਰੇਸ਼ਾਨ ਹੈ, ਮਾਂ ਦਾ ਦੁੱਧ ਉਸ ਬੱਚੇ ਨੂੰ ਆਰਾਮ ਦੇ ਸਕਦਾ ਹੈ।

ਸਤਨਪਾਨ ਮੁੱਖ ਸੰਦੇਸ਼-8

ਘਰ ਤੋਂ ਦੂਰ ਇੱਕ ਕੰਮ-ਕਾਜੀ ਮਹਿਲਾ ਆਪਣੇ ਬੱਚੇ ਨੂੰ ਸਤਨਪਾਨ ਕਰਵਾਉਣਾ ਜਾਰੀ ਰੱਖ ਸਕਦੀ ਹੈ, ਜੇਕਰ ਉਹ ਜਦੋਂ ਸੰਭਵ ਹੋਵੇ ਅਤੇ ਜਦੋਂ ਉਹ ਬੱਚੇ ਦੇ ਨਾਲ ਹੋਵੇ, ਤਾਂ ਸਤਨਪਾਨ ਕਰਵਾ ਸਕਦੀ ਹੈ।

ਜੇਕਰ ਮਾਂ ਕੰਮ ਦੇ ਘੰਟਿਆਂ ਦੌਰਾਨ ਆਪਣੇ ਬੱਚੇ ਦੇ ਨਾਲ ਨਹੀਂ ਰਹਿ ਸਕਦੀ, ਤਾਂ ਉਸ ਨੂੰ ਜਦੋਂ ਉਹ ਨਾਲ ਹੋਵੇ ਤਾਂ ਕਦੇ-ਕਦੇ ਸਤਨਪਾਨ ਕਰਵਾਉਣਾ ਚਾਹੀਦਾ ਹੈ। ਥੋੜ੍ਹੇ-ਥੋੜ੍ਹੇ ਵਕਫੇ ਤੇ ਸਤਨਪਾਨ ਕਰਵਾਉਣ ਨਾਲ ਦੁੱਧ ਚੰਗੀ ਤਰ੍ਹਾਂ ਬਣਦਾ ਰਹੇਗਾ।

ਜੇਕਰ ਕੋਈ ਔਰਤ ਕੰਮ ਵਾਲੀ ਥਾਂ ਤੇ ਸਤਨਪਾਨ ਨਹੀਂ ਕਰਵਾ ਸਕਦੀ, ਤਾਂ ਉਸ ਨੂੰ ਦਿਨ ਵਿੱਚ ਦੋ-ਤਿੰਨ ਵਾਰ ਆਪਣੇ ਦੁੱਧ ਨੂੰ ਕਿਸੇ ਸਾਫ਼ ਬਰਤਨ ਵਿੱਚ ਕੱਢ ਲੈਣਾ ਚਾਹੀਦਾ ਹੈ। ਮਾਂ ਦੇ ਦੁੱਧ ਨੂੰ ਕਮਰੇ ਦੇ ਤਾਪਮਾਨ 'ਤੇ ਬਿਨਾਂ ਖਰਾਬ ਹੋਏ ਅੱਠ ਘੰਟੇ ਤੱਕ ਰੱਖਿਆ ਜਾ ਸਕਦਾ ਹੈ। ਕੱਢਿਆ ਹੋਇਆ ਦੁੱਧ ਬੱਚੇ ਨੂੰ ਸਾਫ਼ ਕੱਪ 'ਚ ਦਿੱਤਾ ਜਾ ਸਕਦਾ ਹੈ।

ਮਾਂ ਦੇ ਦੁੱਧ ਦਾ ਵਿਕਲਪਿਕ ਪੀਣ ਯੋਗ ਪਦਾਰਥ ਨਹੀਂ ਦੇਣਾ ਚਾਹੀਦਾ।

ਪਰਿਵਾਰ ਅਤੇ ਸਮੁਦਾਇ ਮਾਲਿਕ ਨੂੰ ਬਿਨਾਂ ਤਨਖਾਹ ਕੱਟੇ ਜੱਚਾ ਛੁੱਟੀ, ਕਰੈਸ਼, ਅਤੇ ਵਿਹਲ ਅਤੇ ਜਿੱਥੇ ਔਰਤਾਂ ਸਤਨਪਾਨ ਕਰਵਾ ਸਕਣ ਜਾਂ ਆਪਣੇ ਦੁੱਧ ਨੂੰ ਕੱਢ ਕੇ ਸੁਰੱਖਿਅਤ ਰੱਖ ਸਕਣ, ਅਜਿਹੇ ਸਥਾਨ ਉਪਲਬਧ ਕਰਵਾਉਣ ਦੇ ਲਈ ਉਤਸ਼ਾਹਿਤ ਕਰ ਸਕਦੇ ਹਨ।

ਸਤਨਪਾਨ ਮੁੱਖ ਸੰਦੇਸ਼-9

ਸਤਨਪਾਨ ਇੱਕ ਔਰਤ ਨੂੰ ਘੱਟ ਤੋਂ ਘੱਟ ਛੇ ਮਹੀਨਿਆਂ ਦੇ ਲਈ ਗਰਭਵਤੀ ਨਾ ਹੋਣ ਦੀ 98 ਫੀਸਦੀ ਸੁਰੱਖਿਆ ਪ੍ਰਦਾਨ ਕਰਦਾ ਹੈ- ਪਰ ਇਹ ਕੇਵਲ ਉਦੋਂ, ਜਦੋਂ ਉਸ ਦਾ ਮਾਸਿਕ-ਧਰਮ ਦੁਬਾਰਾ ਸ਼ੁਰੂ ਨਾ ਹੋਇਆ ਹੋਵੇ, ਜੇਕਰ ਬੱਚਾ ਸਵੇਰ-शाम ਮਾਂ ਦਾ ਦੁੱਧ ਪੀ ਰਿਹਾ ਹੋਵੇ, ਅਤੇ ਜੇਕਰ ਬੱਚੇ ਨੂੰ ਹੋਰ ਕੋਈ ਖਾਧ ਅਤੇ ਪੀਣ ਯੋਗ ਪਦਾਰਥ ਜਾਂ ਵਿਕਲਪਿਕ ਪੀਣ ਯੋਗ ਪਦਾਰਥ ਨਾ ਦਿੱਤਾ ਗਿਆ ਹੋਵੇ।

ਜਦੋਂ ਤੱਕ ਬੱਚਾ ਸਤਨਪਾਨ ਕਰਦਾ ਰਹੇਗਾ, ਮਾਤਾ ਦੇ ਮਾਸਿਕ ਧਰਮ ਦੀ ਦੁਬਾਰਾ ਸ਼ੁਰੂਆਤ ਵਿੱਚ ਓਨਾ ਹੀ ਸਮਾਂ ਲੱਗੇਗਾ। ਜੇਕਰ ਮਾਂ 24 ਘੰਟੇ ਵਿੱਚ 8 ਵਾਰ ਤੋਂ ਘੱਟ ਵਾਰ ਸਤਨਪਾਨ ਕਰਵਾਉਂਦੀ ਹੈ ਜਾਂ ਹੋਰ ਖਾਧ ਜਾਂ ਪੀਣ ਯੋਗ ਪਦਾਰਥ ਦਿੰਦੀ ਹੈ, ਜਾਂ ਪੇਸਿਫਿਅਰ ਜਾਂ ਵਿਕਲਪ਼ਕ ਪੀਣ ਯੋਗ ਪਦਾਰਥ ਦਿੰਦੀ ਹੈ, ਤਾਂ ਬੱਚਾ ਘੱਟ ਮਾਤਰਾ ਵਿਚ ਦੁੱਧ ਪ੍ਰਾਪਤ ਕਰੇਗਾ ਜੋ ਮਾਂ ਦੇ ਮਾਸਿਕ ਧਰਮ ਦੀ ਜਲਦੀ ਸ਼ੁਰੂਆਤ ਦਾ ਕਾਰਨ ਹੋ ਸਕਦਾ ਹੈ। ਇਹ ਸੰਭਵ ਹੈ ਕਿ ਉਸ ਦੇ ਮਾਸਿਕ-ਚੱਕਰ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਉਹ ਫਿਰ ਗਰਭਵਤੀ ਹੋ ਜਾਵੇ। ਇਸ ਦਾ ਖਤਰਾ ਜਨਮ ਦੇ ਛੇ ਮਹੀਨਿਆਂ ਬਾਅਦ ਵਧਦਾ ਹੈ।

ਇੱਕ ਔਰਤ ਜੋ ਅਗਲਾ ਬੱਚਾ ਦੇਰੀ ਨਾਲ ਕਰਨ ਦੀ ਇੱਛਾ ਰੱਖਦੀ ਹੈ, ਉਸ ਨੂੰ ਪਰਿਵਾਰ ਨਿਯੋਜਨ ਦਾ ਕੋਈ ਹੋਰ ਤਰੀਕਾ ਚੁਣਨਾ ਚਾਹੀਦਾ ਹੈ, ਜੇਕਰ ਹੇਠ ਲਿਖਿਆਂ ਵਿੱਚੋਂ ਕੁਝ ਵੀ ਹੋ ਗਿਆ ਹੋਵੇ:

 • ਉਸ ਦੇ ਮਾਸਿਕ ਧਰਮ ਦੀ ਦੁਬਾਰਾ ਸ਼ੁਰੂਆਤ ਹੋ ਗਈ ਹੋਵੇ।
 • ਉਸ ਦਾ ਬੱਚਾ ਹੋਰ ਖਾਧ ਜਾਂ ਪੀਣ ਯੋਗ ਪਦਾਰਥ ਲੈ ਰਿਹਾ ਹੋਵੇ ਜਾਂ ਪੇਸਿਫਿਅਰ ਜਾਂ ਵਿਕਲਪਕ ਪੀਣ ਯੋਗ ਪਦਾਰਥ ਦਾ ਇਸਤੇਮਾਲ ਕਰ ਰਿਹਾ ਹੋਵੇ।
 • ਉਸ ਦਾ ਬੱਚਾ ਛੇ ਮਹੀਨੇ ਦਾ ਹੋ ਗਿਆ ਹੋਵੇ।

ਜਦੋਂ ਤੱਕ ਬੱਚਾ ਦੋ ਸਾਲ ਜਾਂ ਉਸ ਤੋਂ ਵੱਧ ਦਾ ਨਾ ਹੋ ਜਾਵੇ, ਤਦ ਤਕ ਮਹਿਲਾ ਨੂੰ ਦੁਬਾਰਾ ਗਰਭਵਤੀ ਹੋਣ ਤੋਂ ਬਚਣਾ ਚਾਹੀਦਾ ਹੈ, ਇਹ ਮਾਂ ਅਤੇ ਬੱਚੇ ਦੋਨਾਂ ਦੀ ਸਿਹਤ ਦੇ ਲਈ ਚੰਗਾ ਹੈ। ਸਾਰੇ ਨਵੇਂ ਮਾਤਾ-ਪਿਤਾ ਨੂੰ ਸਿਹਤ ਕਰਮਚਾਰੀ ਜਾਂ ਸਿੱਖਿਅਕ ਦਾਈ ਦੁਆਰਾ ਪਰਿਵਾਰ ਨਿਯੋਜਨ ਦੀ ਸਲਾਹ ਲੈਣੀ ਚਾਹੀਦੀ ਹੈ।

ਗਰਭ-ਅਵਸਥਾ ਨੂੰ ਰੋਕਣ ਦੇ ਜ਼ਿਆਦਾਤਰ ਉਪਾਅ ਮਾਂ ਦੇ ਦੁੱਧ ਦੀ ਗੁਣਵੱਤਾ 'ਤੇ ਕੋਈ ਅਸਰ ਨਹੀਂ ਪਾਉਂਦੇ। ਹਾਲਾਂਕਿ, ਕੁਝ ਓਸਟਰੇਜਨ ਸਮੇਤ ਕੁਝ ਗਰਭ ਨਿਰੋਧਕ ਗੋਲੀਆਂ ਮਾਂ ਦੇ ਦੁੱਧ ਦੀ ਮਾਤਰਾ ਨੂੰ ਘਟਾ ਸਕਦੀਆਂ ਹਨ। ਸਿਖਲਾਈ ਯੁਕਤ ਸਿਹਤ ਕਰਮਚਾਰੀ ਸਤਨਪਾਨ ਕਰਵਾ ਰਹੀ ਔਰਤ ਦੇ ਲਈ ਸਭ ਤੋਂ ਚੰਗੇ ਗਰਭ-ਨਿਰੋਧਕ ਦੇ ਤਰੀਕੇ ਦੀ ਸਲਾਹ ਉਪਲਬਧ ਕਰਵਾ ਸਕਦਾ ਹੈ।

ਸਰੋਤ:ਪੋਰਟਲ ਵਿਸ਼ਾ ਸਮੱਗਰੀ टीम<

3.12230215827
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top