ਸੁਸਰੀ ਖਪਰਾ ਤੇ ਢੋਰਾ ਆਦਿ ਕਈ ਪ੍ਰਕਾਰ ਦੇ ਕੀੜੇ ਗੁਦਾਮਾਂ ਵਿਚ ਦਾਣਿਆਂ ਦਾ ਬਹੁਤ ਨੁਕਸਾਨ ਕਰਦੇ ਹਨ। ਇਨ੍ਹਾਂ ਦੇ ਹਮਲੇ ਨਾਲ ਦਾਣਿਆਂ ਦੀ ਖ਼ੁਰਾਕੀ ਤਾਕਤ ਅਤੇ ਉੱਗਣ ਸ਼ਕਤੀ ਬਹੁਤ ਘੱਟ ਜਾਂਦੀ ਹੈ। ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਜ਼ਰੂਰੀ ਹੈ।
(੧) ਨਵੇਂ ਦਾਣੇ ਸੁਧਰੇ ਗੁਦਾਮਾਂ ਵਿਚ ਜਾਂ ਭੜੋਲਿਆਂ ਵਿਚ ਰੱਖੋ।
(੨) ਗੁਦਾਮਾਂ ਦੀਆਂ ਸਭ ਤਰੇੜਾਂ, ਦਰਜਾਂ, ਮੋਰੀਆਂ ਤੇ ਖੁੱਡਾਂ ਆਦਿ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਉ।
(੩) ਪੁਰਾਣੀਆਂ ਬੋਰੀਆਂ ਨੂੰ ਵਰਤਣ ਤੋਂ ਪਹਿਲਾਂ ਸੋਧ ਲਓ। ਇਸ ਲਈ ੬ ਮਿਲੀਲਿਟਰ ਸੁਮੀਸੀਡੀਨ ੨੦ ਈ.ਸੀ. ਜਾਂ ੫ ਮਿਲੀਲਿਟਰ ਸਿੰਬੂਸ਼ ੨੫ ਈ ਸੀ ੧੦ ਲਿਟਰ ਪਾਣੀ ਵਿਚ ਰਲਾਓ ਅਤੇ ੧੦ ਮਿੰਟ ਲਈ ਬੋਰੀਆਂ ਇਸ ਘੋਲ ਵਿਚ ਭਿਉਂ ਰੱਖੋ। ਬੋਰੀਆ ਨੂੰ ਛਾਂ ਵਿਚ ਸੁਕਾਓ ਤੇ ਫਿਰ ਉਨ੍ਹਾਂ ਵਿਚ ਦਾਣੇ ਭਰ ਲਓ ਜਾਂ ਅਨਾਜ ਲਈ ਕੇਵਲ ਨਵੀਆਂ ਬੋਰੀਆਂ ਵਰਤੋ।
(੪) ਗੁਦਾਮਾਂ ਜਾਂ ਭੜੋਲਿਆਂ ਨੂੰ ਕੀੜਿਆਂ ਤੋਂ ਮੁਕਤ ਕਰਨ ਲਈ ੧੦੦ ਮਿਲੀਲਿਟਰ ਸਾਇਥੀਅਨ (ਮੈਲਾਥੀਅਨ ਪ੍ਰੀਮੀਅਮ ਗਰੇਡ) ੫੦ ਤਾਕਤ ਨੂੰ ੧੦ ਲਿਟਰ ਪਾਣੀ ਵਿਚ ਘੋਲ ਕੇ ਛੱਤ, ਕੰਧਾਂ ਤੇ ਫਰਸ਼ ਤੇ ਛਿੜਕੋ। ਜਾਂ ਇਨ੍ਹਾਂ ਗੁਦਾਮਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਲਈ ੨੫ ਗੋਲੀਆਂ ਐਲੂਮੀਨੀਅਮ ਫ਼ਾਸਫਾਈਡ ਜਾਂ ੩੫ ਲਿਟਰ ਈ.ਡੀ.ਸੀ.ਟੀ. ਦਾ ਮਿਸ਼ਰਣ ਪ੍ਰਤੀ ੧੦੦ ਘਣ ਮੀਟਰ ਥਾਂ ਪਿਛੇ ਰੱਖੋ ਅਤੇ ੭ ਦਿਨ ਕਮਰੇ ਹਵਾ ਬੰਦ ਰੱਖੋ।
(੫) ਬੀਜ ਲਈ ਰੱਖੇ ਦਾਣਿਆਂ ਵਿਚ ੨੫੦ ਗ੍ਰਾਮ ਮੈਲਾਥੀਆਨ ੫ ਪ੍ਰਤੀਸ਼ਤ ਦਾ ਧੂੜਾ ਪ੍ਰਤੀ ਕੁਇੰਟਲ ਰਲਾ ਕੇ ਰੱਖੋ ਜਾਂ ਬੀਜ ਵਾਲੇ ਦਾਣਿਆਂ ਨੂੰ ਸਾਈਥੀਓਨ (ਮੈਲਾਥੀਆਨ ਪ੍ਰੀਮੀਅਮ ਗਰੇਡ) ੫੦ ਈ ਸੀ ੨੫ ਮਿਲੀਲਿਟਰ ਜਾਂ ੨ ਮਿਲੀਲਿਟਰ ਸੁਮੀਸੀਡੀਨ ੨੦ ਈ ਸੀ (ਫੈਨਵੈਲਰੇਟ) ਜਾਂ ੧.੫ ਮਿਲੀਲਿਟਰ ਸਿੰਬੁਸ਼ ੨੫ ਈ ਸੀ ਜਾਂ ੧.੫ ਮਿਲੀਲਿਟਰ ਮਾਰਕਸਾਈਪਰ ੨੫ ਈ ਸੀ (ਸਾਈਪਰਮੈਥਰਿਨ) ਜਾਂ ੧੪ ਮਿਲੀਲਿਟਰ ਡੇਸਿਸ ੨.੮ ਈ.ਸੀ. (ਡੈਲਟਾਮੈਥਰਿਨ) ਨਾਲ ਪ੍ਰਤੀ ਕੁਇੰਟਲ ਪਿਛੇ ੧/੨ ਲਿਟਰ ਪਾਣੀ ਵਿਚ ਘੋਲ ਕੇ ਨੈਪਸੈਕ ਛਿੜਕਾ ਪੰਪ ਨਾਲ ਸੋਧ ਕੇ ਰੱਖੋ। ਦਾਣਿਆਂ ਨੂੰ ਦਵਾਈ ਲਾਉਣ ਤੋਂ ਪਹਿਲਾਂ ਪਤਲੀ ਤਹਿ ਵਿਚ ਪੱਕੇ ਫ਼ਰਸ਼ ਤੇ ਜਾਂ ਪਲਾਸਟਿਕ ਦੀ ਚਾਦਰ ਤੇ ਵਿਛਾ ਦਿਉ। ਦਵਾਈ ਲਾਉਣ ਤੋਂ ਬਾਅਦ ਦਾਣਿਆਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਸਟੋਰ ਵਿਚ ਸੰਭਾਲ ਕੇ ਰੱਖੋ।
(੬) ਢੋਰੇ ਦੀ ਰੋਕਥਾਮ ਲਈ ਸਟੋਰ ਵਿਚ ਪਈਆਂ ਦਾਲਾਂ ਉਪਰ ੭ ਸੈਂਟੀਮੀਟਰ ਰੇਤ ਜਾਂ ਲੱਕੜੀ ਦੇ ਬੂਰੇ ਦੀ ਤਹਿ ਵਿਛਾ ਦਿਓ, ਦਾਣੇ ਸਟੋਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਲਵੋ।
(੧) ਜੇਕਰ ਦਾਣਿਆਂ ਨੂੰ ਖਪਰਾ ਲੱਗਾ ਹੋਵੇ ਤਾਂ ਉਨ੍ਹਾਂ ਗੁਦਾਮਾਂ ਵਿਚ ਐਲੂਮੀਨੀਅਮ ਫਾਸਫਾਈਡ ਦੀ ਮਾਤਰਾ ਦੁਗਣੀ ਕਰ ਦਿਓ। ਦਾਣੇ ਸੁਕਾ ਕੇ ਰੱਖੋ।
(੨) ਟੀਨ ਦੇ ਭੜੋਲੇ ਸਾਫ਼ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ੨-੩ ਦਿਨ ਧੁੱਪ ਲਵਾ ਲੈਣੀ ਚਾਹੀਦੀ ਹੈ।
ਫੋਸਟੌਕਸਿਨ ਜਾਂ ਡੈਲੀਸ਼ੀਆ ਜਾਂ ਸੈਲਫਾਸ (ਅਲੁਮੀਨੀਅਮ, ਫ਼ਾਸਫਾਈਡ) ਦੀ ਤਿੰਨ ਗ੍ਰਾਮ ਦੀ ਇਕ ਗੋਲੀ ਇਕ ਟਨ ਦਾਣਿਆਂ ਲਈ ਜਾਂ ੨੫ ਗੋਲੀਆਂ ੧੦੦ ਘਣ ਮੀਟਰ ਥਾਂ ਲਈ ਵਰਤੋ। ਕਮਰੇ ਵਿਚ ਧੂਣੀ ਦੇਣ ਬਾਅਦ ਕਮਰੇ ਨੂੰ ਸੱਤ ਦਿਨ ਹਵਾ ਬੰਦ ਰੱਖੋ।
(੧) ਜੇਕਰ ਸਿਫ਼ਾਰਸ਼ ਕੀਤੀ ਦਵਾਈ ਨਾ ਵਰਤੀ ਗਈ ਹੋਵੇ ਤਾਂ ਟੀਨ ਦੇ ਭੜੋਲਿਆਂ ਵਿਚ ਵੀ ਦਾਣਿਆਂ ਨੂੰ ਕੀੜੇ ਲੱਗ ਸਕਦੇ ਹਨ। ਇਨ੍ਹਾਂ ਲੱਗੇ ਕੀੜਿਆਂ ਦੀ ਰੋਕਥਾਮ ਧੂਣੀ ਦੇਣ ਵਾਲੀਆਂ ਦਵਾਈਆਂ ਨਾਲ ਕਰੋ।
(੨) ਧੂਣੀ ਦੇਣ ਵਾਲੇ ਪਦਾਰਥਾਂ ਦੀ ਵਰਤੋਂ ਕੇਵਲ ਹਵਾ ਬੰਦ ਗੁਦਾਮਾਂ ਵਿਚ ਹੀ ਕਰੋ ਜਾਂ ਅਨਾਜ ਨੂੰ ਤਰਪਾਲ ਦੇ ਚਾਰੇ ਪਾਸੇ ਬੰਦ ਕਰਕੇ ਇਕ ਪਾਸੇ ਤੋਂ ਦਵਾਈ ਵਰਤੋ। ਇਨ੍ਹਾਂ ਦੀ ਵਰਤੋਂ ਤਜ਼ਰਬੇਕਾਰ ਆਦਮੀ ਹੀ ਕਰਨ ਕਿਉਂਕਿ ਇਹ ਦਵਾਈਆਂ ਬਹੁਤ ਜ਼ਹਿਰੀਲੀਆਂ ਹਨ।
(੩) ਐਲੂਮੀਨੀਅਮ ਫ਼ਾਸਫਾਈਡ ਦਵਾਈ ਦੀ ਵਰਤੋਂ, ਰਹਿਣ ਵਾਲੇ ਮਕਾਨਾਂ ਵਿਚ ਬਿਲਕੁਲ ਨਾ ਕਰੋ। ਇਨ੍ਹਾਂ ਦੀ ਵਰਤੋਂ ਰਹਿਣ ਵਾਲੇ ਮਕਾਨਾਂ ਨਾਲ ਲਗਦੇ ਗੁਦਾਮਾਂ ਵਿਚ ਕਰਨੀ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਦਾਣੇ ਰੱਖਣ ਵਾਲੇ ਲੋਹੇ ਦੇ ਢੋਲ
ਇਹ ਢੋਲ ਤਿਆਰ ਕਰਨਾ ਬਹੁਤ ਸੌਖਾ ਤੇ ਸਸਤਾ ਹੈ। ਇਸ ਵਿਚ ਚੂਹੇ ਨੁਕਸਾਨ ਨਹੀਂ ਕਰ ਸਕਦੇ। ਜੇ ਦਾਣਿਆਂ ਨੂੰ ਕੀੜੇ ਲੱਗ ਜਾਣ ਤਾਂ ਕੀੜੇ ਇਸ ਵਿਚੋਂ ਦਵਾਈ ਦੇ ਧੂੰਏਂ ਨਾਲ ਬਹੁਤ ਸੌਖੇ ਮਾਰੇ ਜਾ ਸਕਦੇ ਹਨ।
(੧) ਢੋਲ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਤਾਂ ਕਿ ਪਹਿਲੇ ਸਾਲ ਵਾਲੇ ਦਾਣੇ ਵਿਚ ਨਾ ਰਹਿਣ। ਇਸ ਦੇ ਮੂੰਹ ਚੰਗੀ ਤਰ੍ਹਾਂ ਬੰਦ ਹੋਏ ਹੋਣੇ ਚਾਹੀਦੇ ਹਨ।
(੨) ਦਾਣੇ ਚੰਗੀ ਤਰ੍ਹਾਂ ਸਾਫ਼ ਕਰੋ ਕਿਉਂਕਿ ਟੁੱਟੇ ਹੋਏ ਦਾਣੇ ਅਤੇ ਹੋਰ ਮਿਲਾਵਟ ਵਾਲੀਆਂ ਚੀਜਾਂ ਕੀੜਿਆਂ ਨੂੰ ਉਤਸ਼ਾਹ ਦੇਂਦੀਆਂ ਹਨ।
(੩) ਨਵੇਂ ਦਾਣੇ ਪੁਰਾਣੇ ਦਾਣਿਆਂ ਵਿਚ ਨਾ ਮਿਲਾਓ, ਕਿਉਂਕਿ ਹੋ ਸਕਦਾ ਹੈ ਕਿ ਪੁਰਾਣੇ ਦਾਣਿਆਂ ਨੂੰ ਕੀੜੇ ਲੱਗੇ ਹੋਣ।
(੪) ਕਦੇ ਵੀ ਕੀੜਾ ਲੱਗੇ ਹੋਏ ਜਾਂ ਗਿੱਲੇ ਦਾਣੇ ਨਾ ਰੱਖੋ। ਦਾਣਿਆਂ ਨੂੰ ਧੁੱਪ ਵਿਚ ਸੁਕਾ ਲਓ ਅਤੇ ਸ਼ਾਮ ਨੂੰ ਇਕੱਠੇ ਕਰਕੇ ਢੋਲ ਵਿਚ ਰੱਖੋ। ਦਾਣਿਆਂ ਵਿਚ ੯% ਤੋਂ ਜ਼ਿਆਦਾ ਸਿੱਲ੍ਹ ਨਹੀਂ ਹੋਣੀ ਚਾਹੀਦੀ। ਢੋਲ ਵਿਚ ਰੱਖਣ ਤੋਂ ਪਹਿਲਾਂ ਢੋਲਾਂ ਨੂੰ ਦਵਾਈ ਦੇ ਧੂੰਏਂ ਨਾਲ ਸੋਧ ਲਵੋ।
(੫) ਪਹਿਲੇ ੩੦ ਦਿਨ ਤੱਕ ਢੋਲ ਨਾ ਖੋਲ੍ਹੋ ਅਤੇ ਫਿਰ ੧੫ ਦਿਨਾਂ ਦੇ ਵਕਫ਼ੇ ਨਾਲ ਖੋਲ੍ਹੋ। ਢੱਕਣ ਛੇਤੀ ਹੀ ਬੰਦ ਕਰ ਦੇਣਾ ਚਾਹੀਦਾ ਹੈ।
(੬) ਇਸ ਵਿਚ ਰੱਖੇ ਦਾਣਿਆਂ ਨੂੰ ਆਮ ਹੀ ਵੇਖਦੇ ਰਹੋ ਅਤੇ ਜਦੋਂ ਵੀ ਕੋਈ ਕੀੜਾ ਵੇਖੋ ਤਾਂ ਦਾਣਿਆਂ ਨੂੰ ਦਵਾਈ ਦੀ ਧੂਣੀ ਨਾਲ ਸੋਧੋ।
ਨੋਟ: ਬਹੁਤੇ ਦਾਣੇ ਰੱਖਣ ਲਈ ਕਿਸਾਨ ਨੂੰ ਰਾਜ ਸਰਕਾਰ ਦੇ ਬਣਾਏ ਗੁਦਾਮਾਂ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ।
ਸ੍ਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/16/2020