ਇਸ ਚਿਚੜੀ ਦੇ ਬੱਚੇ ਸ਼ਹਿਦ ਮੱਖੀ ਦੇ ਪਿਊਪੇ ਦਾ ਖੂਨ ਚੂਸਦੇ ਹਨ। ਚਿੱਚੜੀ ਹਮਲੇ ਵਾਲੇ ਕਟੁੰਬ ਦੇ ਬੰਦ ਪੂੰਗ ਦੀਆਂ ਟੋਪੀਆਂ ਕੁਝ ਹੇਠਾਂ ਵੱਲ ਧਸ ਜਾਂਦੀਆਂ ਹਨ। ਕਈ ਵਾਰ ਧਸੀ ਹੋਈ ਟੋਪੀ ਦੇ ਵਿਚਕਾਰ ਇੱਕ ਛੋਟੀ ਜਿਹੀ ਮੋਰੀ ਵੀ ਦਿਖਾਈ ਦਿੰਦੀ ਹੈ। ਜ਼ਿਆਦਾ ਹਮਲੇ ਕਾਰਨ ਪਿਊਪੇ ਮਰ ਜਾਂਦੇ ਹਨ ਅਤੇ ਪੂੰਗ ਬੰਦ ਹੀ ਰਹਿ ਜਾਂਦਾ ਹੈ। ਜੇਕਰ ਹਮਲਾ ਘੱਟ ਹੋਵੇ ਤਾਂ ਬੰਦ ਪੂੰਗ ਵਿੱਚੋਂ ਅੱਧ ਬਣੀਆਂ, ਟੁੱਟੇਫ਼ ਸੁੱਕੇ ਖੰਭਾਂ ਅਤੇ ਲੱਤਾਂ ਵਾਲੀਆਂ ਛੋਟੇ ਸਾਈਜ਼ ਦੀਆਂ ਮੱਖੀਆਂ ਨਿਕਲਦੀਆਂ ਹਨ। ਕਟੁੰਬ ਦੇ ਗੇਟ ਸਾਹਮਣੇ ਜ਼ਮੀਨ ਉਤੇ ਮਰੇ ਹੋਏ ਪਿਊਪੇ ਅਤੇ ਸੁੱਕੜੇ ਖੰਭਾਂ ਵਾਲੀਆਂ ਮੱਖੀਆਂ ਵਿਖਾਈ ਦਿੰਦੀਆਂ ਹਨ। ਜ਼ਿਆਦਾ ਹਮਲਾ ਹੋਵੇ ਤਾਂ ਪੂੰਗ ਛਿੱਦਾ ਅਤੇ ਉੱਘੜ-ਦੁੱਘੜਾ ਦਿਖਾਈ ਦਿੰਦਾ ਹੈ।
ਇਸ ਚਿੱਚੜੀ ਤੋਂ ਰੋਕਥਾਮ ਲਈ ਬਰੀਕ ਪੀਸੀ ਹੋਈ ਗੰਧਕ ਮਲਮਲ ਦੇ ਕੱਪੜੇ ਦੀ ਪੋਟਲੀ ਜਿਹੀ ਨਾਲ, ਅੰਦਰਲਾ ਢੱਕਣ ਚੁੱਕਣ ਤੋਂ ਬਾਅਦ, ਛੱਤਿਆਂ ਦੇ ਕੇਵਲ ਉਪਰਲੇ ਡੰਡਿਆਂ ਉਪਰ ਇੱਕ ਗ੍ਰਾਮ ਪ੍ਰਤੀ ਛੱਤੇ ਦੇ ਹਿਸਾਬ ਨਾਲ ਧੂੜੋ। ਬਦਲ ਦੇ ਤੌਰ ਤੇ ੫ ਮਿਲੀਲਿਟਰ ਫਾਰਮਿਕ ਏਸਿਡ ਹਰ ਰੋਜ਼ ਇੱਕ ਸ਼ੀਸ਼ੀ ਵਿੱਚ ਪਾ ਕੇ ਬਕਸੇ ਦੇ ਕਟੁੰਬ ਦੇ ਅੰਦਰ ਸ਼ਹਿਦ ਮੱਖੀਆਂ ਵਾਲੇ ਛੱਤਿਆਂ ਵੱਲ ਲਗਾਤਾਰ ਦੋ ਹਫਤਿਆਂ ਲਈ ਧੂਣੀ ਦੇਵੋ। ਸ਼ੀਸ਼ੀ ਵਿੱਚ ਇੱਕ ਸੂਤੀ ਬੱਤੀ ਪਾ ਦਿਓ ਜੋ ਕੁਝ ਕੁ ਸ਼ੀਸ਼ੀ ਤੋਂ ਬਾਹਰ ਰਹੇ, ਜਿਸ ਰਾਹੀਂ ਤੇਜ਼ਾਬ ਦਾ ਵਾਸ਼ਪੀਕਰਨ ਹੁੰਦਾ ਰਹੇਗਾ।
ਵਰੋਆ ਡਸਟਰਕਟਰ ਮੱਖੀ ਪਾਲਣ ਦੀਆਂ ਮੁੱਖ ਸਮੱਸਿਆਵਾਂ ਵਿਚੋਂ ਇੱਕ ਹੈ। ਜਵਾਨ ਮਾਦਾ ਵਰੋਆ ਮਾਈਟ ਲੰਬਾਈ ਵਿੱਚ ਘੱਟ ਅਤੇ ਚੌੜਾਈ ਵਿਚ ਜ਼ਿਆਦਾ, ਉਪਰੋਂ ਹੇਠਾਂ ਚਪੇਤਲੀ ਅਤੇ ਮਹੀਨ ਕੇਕੜੇ ਜਾਂ ਚਿੱਚੜੀ ਵਰਗੀ ਹੁੰਦੀ ਹੈ। ਨਰ ਹਲਕੇ ਪੀਲੇ ਰੰਗ ਦੇ ਤੇ ਹਲਕੀਆਂ ਭੂਰੀਆਂ ਲੱਤਾਂ ਵਾਲੇ, ਗੋਲ ਜਿਹੇ ਅਤੇ ਮਾਦਾ ਨਾਲੋਂ ਛੋਟੇ ਹੁੰਦੇ ਹਨ। ਇਹ ਮਾਈਟ ਕਾਮਾ ਮੱਖੀਆਂ ਉਪਰ ਬੈਠੀ ਵੀ ਨਜ਼ਰ ਆ ਜਾਂਦੀ ਹੈ। ਪਿਊਪਿਆਂ ਨੂੰ ਵਰੋਆ ਕੰਘੇ ਨਾਲ ਬਾਹਰ ਕੱਢਣ ਤੇ ਉਨ੍ਹਾਂ ਦੀ ਪਿੱਠ ਤੇ ਬੈਠੀਆਂ ਜਵਾਨ ਚਿੱਚੜੀਆਂ ਨਜ਼ਰ ਆ ਜਾਂਦੀਆਂ ਹਨ। ਬੰਦ ਬਰੂਡ ਵਿਚ ਅਣਢਕੇ ਪਿਊਪਿਆਂ ਦੇ ਸਿਰ ਨਜ਼ਰ ਆਉਂਦੇ ਹਨ। ਕਈ ਵਾਰ ਅੱਧੇ ਕੁ ਬਣੇ ਪਿਊਪੇ ਦੇ ਸਿਰ ਵਾਲੇ ਪਾਸੇ ਦੇ ਕੁਝ ਸਰੀਰਕ ਅੰਗ ਟੁੱਟੇ ਨਜ਼ਰ ਆਉਂਦੇ ਹਨ। ਇਸ ਮਰੇ ਹੋਏ ਬਰੂਡ ਉੱਪਰ ਕਾਲੇ ਜਿਹੇ ਨਿਸ਼ਾਨ ਨਜ਼ਰ ਆਉਂਦੇ ਹਨ। ਹਮਲਾ ਗ੍ਰਸਤ ਮੱਖੀਆਂ ਕੁਝ ਛੋਟੀਆਂ ਅਤੇ ਵਿਗੜੇ ਖੰਭਾਂ, ਲੱਤਾਂ ਅਤੇ ਸਰੀਰ ਵਾਲੀਆਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਕਾਮਾ ਮੱਖੀਆਂ ਬਕਸੇ ਤੋਂ ਗੇਟ ਰਾਹੀਂ ਬਾਹਰ ਸੁੱਟ ਦਿੰਦੀਆਂ ਹਨ। ਕਟੁੰਬਾਂ ਵਿੱਚ ਸ਼ਹਿਦ ਅਤੇ ਪੋਲਣ ਦੇ ਜ਼ਖੀਰੇ ਅਤੇ ਬਰੂਡ ਪੈਣਾ ਘੱਟ ਜਾਂਦੇ ਹਨ। ਇਸ ਚਿੱਚੜੀ ਦੀ ਰੋਕਥਾਮ ਨਾ ਕਰਨ ਨਾਲ ਕਟੁੰਬ ਕਮਜ਼ੋਰ ਰਹਿ ਜਾਂਦੇ ਹਨ ਅਤੇ ਤਕੜੇ ਕਟੁੰਬ ਇਨ੍ਹਾਂ ਦੀ ਰੌਬਿੰਗ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਦੇ ਫਲਸਰੂਪ ਇਹ ਮਾਈਟ ਹੋਰ ਕਟੁੰਬਾਂ ਵਿੱਚ ਫੈਲ ਜਾਂਦੀ ਹੈ।
ਡਰੋਨ ਬਰੂਡ ਟਰੈਪ: ਇਹ ਮਾਈਟ ਡਰੋਨ ਬਰੂਡ ਨੂੰ ਜ਼ਿਆਦਾ ਪਸੰਦ ਕਰਦੀ ਹੈ। ਚਿੱਚੜੀ ਦੇ ਹਮਲੇ ਵਾਲੇ ਕਟੁੰਬ ਵਿਚ ਕਾਮਾ ਬਰੂਡ ਵਾਲੇ ਛੱਤਿਆਂ ਦੇ ਵਿਚਕਾਰ, ਕਟੁੰਬ ਦੀ ਬਲਤਾ ਅਨੁਸਾਰ ਡਰੋਨ ਸੈੱਲਾਂ ਵਾਲੇ ਇੱਕ ਜਾਂ ਦੋ ਖਾਲੀ ਛੱਤੇ ਪਾਓ। ਕਟੁੰਬ ਵਿਚਲੀਆਂ ਬਹੁਤੀਆਂ ਵਰੋਆ ਚਿੱਚੜੀਆਂ ਡਰੋਨ ਬਰੂਡ ਵਿੱਚ ਵੜ ਜਾਣਗੀਆਂ। ਡਰੋਨ ਬਰੂਡ ਸੀਲ ਹੋਣ ਤੇ ਮੱਖੀਆਂ ਝਾੜ ਦਿਓ ਅਤੇ ਡਰੋਨ ਬਰੂਡ ਵਾਲੇ ਛੱਤੇ ਕੱਢ ਕੇ ਬਰੂਡ ਨਸ਼ਟ ਕਰ ਦਿਓ ਜਾਂ ਕੱਟ ਕੇ ਡੂੰਘਾ ਦੱਬ ਦਿਓ।
ਬਹੁਤ ਜ਼ਿਆਦਾ ਹਮਲੇ ਵਾਲੇ ਕਟੁੰਬ ਦੀ ਰਾਣੀ ਮੱਖੀ ਨੂੰ ਦੋ ਹਫਤਿਆਂ ਲਈ ਰਾਣੀ ਪਿੰਜਰੇ ਵਿੱਚ ਬੰਦ ਕਰ ਦੇਵੋ। ਇਸ ਤਰ੍ਹਾਂ ਰਾਣੀ ਮੱਖੀ ਨਵੇਂ ਅੰਡੇ ਨਹੀਂ ਦੇ ਸਕੇਗੀ ਅਤੇ ਪੁਰਾਣੀ ਬਰੂਡ ਖੁੱਲ੍ਹਣ ਤੋਂ ਬਾਅਦ ਕੁਝ ਚਿਰ ਲਈ ਕਟੁੰਬ ਬਰੂਡ ਰਹਿਤ ਹੋ ਜਾਵੇਗਾ। ਜਿਸ ਕਾਰਨ ਵਰੋਆ ਦਾ ਵਾਧਾ ਬਹੁਤ ਹੱਦ ਤੱਕ ਰੁਕ ਜਾਵੇਗਾ।
ਜਾਲੀਦਾਰ ਬਾਟਮ ਬੋਰਡ ਅਤੇ ਉਚੇ ਸਟੈਂਡ ਦੀ ਵਰਤੋਂ: ਜੇਕਰ ਆਮ ਬੌਟਮ-ਬੋਰਡ ਦੀ ਥਾਂ ਜਾਲੀਦਾਰ ਬਾਟਮਸ਼ ਬੋਰਡ ਉਚੇ ਸਟੈਂਡ ਉਤੇ ਰੱਖ ਕੇ ਵਰਤੀਏ ਤਾਂ ਬਹੁਤੀ ਮਾਈਟ ਜੋ ਸ਼ਹਿਦ ਮੱਖੀਆਂ ਆਪਣੇ ਸਰੀਰ ਤੋਂ ਝਾੜਨਗੀਆਂ, ਜਾਲੀ ਵਿਚੋਂ ਦੀ ਹੇਠਾਂ ਜ਼ਮੀਨ ਤੇ ਡਿੱਗ ਪਵੇਗੀ ਅਤੇ ਬਰੂਡ ਛੱਤਿਆਂ ਤੇ ਮੁੜ ਨਹੀਂ ਚੜ੍ਹ ਸਕੇਗੀ।
ਚੇਪੂ ਕਾਗਜ਼ ਦੀ ਵਰਤੋਂ: ਵਰੋਆ ਮਾਈਟ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਮੱਖੀਆਂ ਆਪਣੀਆਂ ਲੱਤਾਂ ਨਾਲ ਸਰੀਰ ਤੋਂ ਮਾਈਟ ਨੂੰ ਹੇਠਾਂ ਸੁੱਟਣ ਦੀ ਕੋਸ਼ਿਸ਼ ਕਰਦੀਆਂ ਹਨ। ਇਹ ਮਾਈਟ ਤੇਜ਼ ਤੁਰਦੀ ਹੈ ਅਤੇ ਇਸ ਲਈ ਦੁਬਾਰਾ ਮੱਖੀਆਂ ਵਾਲੇ ਛੱਤਿਆਂ ਤੇ ਚੜ੍ਹ ਸਕਦੀ ਹੈ। ਵਰੋਆ ਬੌਟਮ ਬੋਰਡ ਦੀ ਵਰਤੋਂ ਕਰਕੇ, ਇਸ ਉੱਪਰ ਲੱਗੀ ਤਾਰ ਦੀ ਜਾਲੀ ਹੇਠ ਉਸੇ ਆਕਾਰ ਦੇ ਚੇਪੂ ਕਾਗਜ਼ ਲਗਾ ਕੇ ਮਾਈਟ ਨੂੰ ਚਿਪਕਾਉਣ ਦਾ ਪ੍ਰਬੰਧ ਕਰਨ ਨਾਲ ਛੱਤਿਆਂ ਤੋਂ ਹੇਠਾਂ ਡਿੱਗਣ ਵਾਲੀਆਂ ਵਰੋਆ ਮਾਈਟ ਚੇਪੂ ਕਾਗਜ਼ ਉਪਰ ਚਿਪਕ ਜਾਣਗੀਆਂ।
੨੦ ਗ੍ਰਾਮ ਬਰੀਕ ਪੀਸੀ ਹੋਈ ਖੰਡ ਪ੍ਰਤੀ ੧੦ ਛੱਤਿਆਂ ਦੇ ਹਿਸਾਬ ਨਾਲ ਦੇਰ ਸ਼ਾਮ ਨੂੰ, ਹਰ ਦੋ ਛੱਤਿਆਂ ਦੇ ਵਿਚਕਾਰ ਇੱਕ ਸਾਰ ਤਿੰਨ-ਤਿੰਨ ਦਿਨਾਂ ਦੇ ਵਕਫੇ ਤੇ ਸੱਤ ਵਾਰ ਧੂੜਨ ਨਾਲ ਇਸ ਮਾਈਟ ਤੇ ਠੱਲ੍ਹ ਪਾਇਆ ਜਾ ਸਕਦਾ ਹੈ।
ਫਾਰਮਿਕ ਏਸਿਡ: ਫਾਰਮਿਕ ਏਸਿਡ (੮੫%) ਦੀ ਵਰਤੋਂ ੫ ਮਿਲੀਲਿਟਰ ਪ੍ਰਤੀ ਦਿਨ ਪ੍ਰਤੀ ਕਟੁੰਬ ਖਾਲੀ ਸ਼ੀਸ਼ੀ ਵਿੱਚ ਪਾ ਕੇ ਕਟੁੰਬ ਦੇ ਅੰਦਰ ਸ਼ਹਿਦ ਮੱਖੀ ਵਾਲੇ ਛੱਤਿਆਂ ਵੱਲ ਲਗਾਤਾਰ ਦੋ ਹਫਤਿਆਂ ਲਈ ਰੱਖ ਕੇ ਕਰੋ। ਸ਼ੀਸ਼ੀ ਵਿੱਚ ਇੱਕ ਸੂਤੀ ਬੱਤੀ ਪਾ ਦਿਓ ਜੋ ਅੱਧੀ ਕੁ ਇੰਚ ਸ਼ੀਸ਼ੀ ਤੋਂ ਬਾਹਰ ਰਹੇ। ਇਸ ਏਸਿਡ ਨੂੰ ਸਰੀਰ ਦੇ ਉੱਤੇ ਡਿਗਣ ਤੋਂ ਬਚਾਓ। ਇਸ ਰਸਾਇਣ ਦੀ ਵਰਤੋਂ ਨੈਕਟਰ ਦੀ ਆਮਦ ਦੌਰਾਨ ਨਾ ਕਰੋ।
ਔਗਜ਼ੈਲਿਕ ਏਸਿਡ: ਪਾਣੀ ਵਿੱਚ ਖੰਡ ਦੇ ੬੦ ਪ੍ਰਤੀਸ਼ਤ ਘੋਲ ਵਿੱਚ ਔਗਜ਼ੈਲਿਕ ਏਸਿਡ ਦਾ ੪.੨ ਪ੍ਰਤੀਸ਼ਤ ਘੋਲ ਬਣਾ ਕੇ ਹਰ ਦੋ ਸ਼ਹਿਦ ਮੱਖੀਆਂ ਵਾਲੇ ਛੱਤਿਆਂ ਦੇ ਵਿਚਕਾਰ ੫ ਮਿਲੀਲਿਟਰ ਦੇ ਹਿਸਾਬ ਨਾਲ ਛੱਤਿਆਂ ਦੇ ਦਰਮਿਆਨ ਤਤ੍ਹੀਰੀ ਦੇ ਰੂਪ ਵਿੱਚ ਦੇਰ ਸ਼ਾਮ ਨੂੰ ਹਫਤੇ-ਹਫਤੇ ਦੇ ਵਕਫੇ ਤੇ ਤਿੰਨ ਵਾਰ ਵਰਤੋਂ। ਇਸ ਦੀ ਵਰਤੋਂ ਖੁੱਲ੍ਹੇ ਬਰੂਡ ਉਪਰ ਨਹੀਂ ਕਰਨੀ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020