ਪੰਜਾਬ ਵਿੱਚ ਮੱਕੀ ਦੀ ਕਾਸ਼ਤ ਸਾਲ ੨੦੧੩-੧੪ ਵਿੱਚ ੧੩੦ ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਅਤੇ ਇਸ ਦੀ ਕੁੱਲ ਉਪਜ ੫੦੭ ਹਜ਼ਾਰ ਟਨ ਹੋਈ । ਮੱਕੀ ਦਾ ਪ੍ਰਤੀ ਹੈਕਟਰ ਔਸਤ ਝਾੜ ੩੯.੦ ਕੁਇੰਟਲ (੧੪.੭ ਕੁਇੰਟਲ ਪ੍ਰਤੀ ਏਕੜ) ਰਿਹਾ ਹੈ।
ਮੱਕੀ ਨੂੰ ਉੱਗਣ ਤੋਂ ਲੈ ਕੇ ਪੂਰੀ ਨਿਸਰਣ ਤੱਕ ਕਾਫ਼ੀ ਸਿੱਲ੍ਹੇ ਤੇ ਗਰਮ ਜਲਵਾਯੂ ਦੀ ਲੋੜ ਹੈ। ਇਸ ਦੇ ਉੱਗਣ ਲਈ ਤਾਪਮਾਨ ੨੧ ਡਿਗਰੀ ਸੈਂਟੀਗਰੇਡ ਅਤੇ ਵਧਣ-ਫੁੱਲਣ ਲਈ ਲੋੜੀਂਦਾ ਤਾਪਮਾਨ ੩੨ ਡਿਗਰੀ ਸੈਂਟੀਗਰੇਡ ਚਾਹੀਦਾ ਹੈ। ਫ਼ਸਲ ਨਿਸਰਣ ਸਮੇਂ ਘੱਟ ਸਿੱਲ੍ਹ ਤੇ ਬਹੁਤ ਜ਼ਿਆਦਾ ਤਾਪਮਾਨ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਰਾਗ ਕਿਣਕੇ ਸੁੱਕ ਜਾਂਦੇ ਹਨ, ਪਰਾਗਣ ਕਿਰਿਆ ਠੀਕ ਨਹੀਂ ਹੁੰਦੀ ਅਤੇ ਦਾਣੇ ਘੱਟ ਪੈਂਦੇ ਹਨ। ਮੱਕੀ ਦੀ ਫ਼ਸਲ ਦੇ ਸਮੇਂ ਵਿੱਚ ੫੦ ਤੋਂ ੭੫ ਸੈਂਟੀਮੀਟਰ ਵਰਖਾ ਬਹੁਤ ਚੰਗੀ ਹੈ। ਚੰਗਾ ਝਾੜ ਲੈਣ ਲਈ ਖੇਤਾਂ ਦੇ ਜਲ ਨਿਕਾਸ ਦਾ ਠੀਕ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ।
ਮੱਕੀ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ, ਮੈਰਾ ਤੋਂ ਭਲ ਵਾਲੀ ਜ਼ਮੀਨ ਸਭ ਤੋਂ ਚੰਗੀ ਹੈ।
ਮੱਕੀ-ਕਣਕ/ਜੌਂ/ਆਲੂ/ਬਰਸੀਮ, ਮੱਕੀ-ਸੇਂਜੀ-ਗੰਨਾ-ਕਪਾਹ, ਮੱਕੀ-ਕਣਕ-ਸੱਠੀ ਮੱਕੀ/ਮੂੰਗੀ, ਮੱਕੀਕਣਕ-ਸੱਠੀ ਮੱਕੀ/ਹਰੀ ਖਾਦ, ਮੱਕੀ-ਆਲੂ-ਕਣਕ/ਸੂਰਜਮੁਖੀ, ਮੱਕੀ-ਅਗੇਤੇ ਮਟਰ-ਸੂਰਜਮੁਖੀ, ਮੱਕੀ-ਕਣਕਰਵਾਂਹ (ਚਾਰਾ), ਮੱਕੀ-ਰਾਇਆ/ਗੋਭੀ ਸਰ੍ਹੋਂ, ਮੱਕੀ-ਆਲੂ-ਗਰਮੀ ਰੁੱਤ ਦੀ ਮੂੰਗੀ, ਮੱਕੀ-ਆਲੂ-ਮੈਂਥਾ, ਮੱਕੀ (ਅਗਸਤ)-ਮੈਂਥਾ, ਮੱਕੀ (ਅਗਸਤ)-ਕਣਕ/ਕਰਨੌਲੀ-ਬਾਜਰਾ (ਚਾਰਾ), ਮੱਕੀ-ਗੋਭੀ ਸਰ੍ਹੋਂ - ਗਰਮ ਰੁੱਤ ਦੀ ਮੂੰਗੀ।
ਮੱਕੀ ਦੀਆਂ ਪੀ ਐਮ ਐਚ ੧, ਪੀ ਐਮ ਐਚ ੨, ਕੇਸਰੀ, ਪ੍ਰਭਾਤ ਅਤੇ ਪੰਜਾਬ ਸਵੀਟ ਕੌਰਨ ੧ ਉੱਨਤ ਕਿਸਮਾਂ ਹਨ। ਪੀ ਐਮ ਐਚ ੧ ਅਤੇ ਪੀ. ਐਮ. ਐਚ ੨ ਦੋਗਲੀਆਂ ਅਤੇ ਦੂਸਰੀਆਂ ਕਿਸਮਾਂ ਕੰਪੋਜ਼ਿਟ ਹਨ। ਪੰਜਾਬ ਸਵੀਟ ਕੌਰਨ ੧ ਅਤੇ ਪਰਲ ਪੌਪ ਕੌਰਨ ਖਾਸ ਵਰਤੋ ਵਾਲੀਆਂ ਕਿਸਮਾਂ ਹਨ। ਕੰਪੋਜ਼ਿਟ ਕਿਸਮਾਂ ਦਾ ਵਿਸ਼ੇਸ਼ ਗੁਣ ਹੈ ਕਿ ਇਨ੍ਹਾਂ ਦੇ ਦਾਣਿਆਂ ਤੋਂ ਹੀ ਆਏ ਸਾਲ ਬੀਜ ਵਰਤਿਆ ਜਾ ਸਕਦਾ ਹੈ ਪਰ ਦੋਗਲੀਆਂ ਕਿਸਮਾਂ ਦਾ ਬੀਜ ਹਰ ਸਾਲ ਨਵਾਂ ਲੈਣਾ ਪੈਂਦਾ ਹੈ।
ਇਸ ਦੇ ਬੂਟੇ ਲੰਮੇ ਅਤੇ ਇਸ ਦਾ ਤਣਾ ਤਰਤੀਬਵਾਰ ਟੇਢਾ ਮੇਢਾ ਅਤੇ ਹਲਕੇ ਬੈਂਗਣੀ ਰੰਗ ਦਾ ਹੁੰਦਾ ਹੈ। ਇਸ ਦੇ ਪੱਤੇ ਅਤੇ ਬਾਬੂ ਝੰਡੇ ਦਰਮਿਆਨੇ ਅਕਾਰ ਦੇ ਹੁੰਦੇ ਹਨ। ਇਸ ਦੀਆਂ ਛੱਲੀਆਂ ਦਰਮਿਆਨੀਆਂ ਲੰਮੀਆਂ ਅਤੇ ਮੋਟੀਆਂ ਹੁੰਦੀਆਂ ਹਨ। ਇਸ ਦੇ ਦਾਣੇ ਪੀਲੇ ਸੰਤਰੀ ਰੰਗ ਦੇ ਹੁੰਦੇ ਹਨ। ਇਹ ਤਕਰੀਬਨ ੯੫ ਦਿਨਾਂ ਵਿਚ ਪੱਕ ਜਾਂਦੀ ਹੈ। ਛੱਲੀਆਂ ਪੱਕਣ ਤੇ ਵੀ ਟਾਂਡੇ ਹਰੇ ਰਹਿੰਦੇ ਹਨ। ਇਸ ਦਾ ਔਸਤ ਝਾੜ ੨੧ ਕੁਇੰਟਲ ਪ੍ਰਤੀ ਏਕੜ ਹੈ।
ਇਹ ਕੰਪੋਜ਼ਿਟ ਕਿਸਮ ਹੈ । ਇਸ ਦਾ ਤਣਾ ਦਰਮਿਆਨਾ ਮੋਟਾ ਹੁੰਦਾ ਹੈ, ਇਸ ਕਰਕੇ ਫ਼ਸਲ ਢਹਿੰਦੀ ਨਹੀਂ। ਪੌਦਾ ਦਰਮਿਆਨਾ ਉੱਚਾ ਹੁੰਦਾ ਹੈ ਅਤੇ ਛੱਲੀਆਂ ਵੀ ਬਹੁਤੀਆਂ ਉੱਚੀਆਂ ਨਹੀਂ ਲਗਦੀਆਂ। ਛੱਲੀਆਂ ਪਰਦਿਆਂ ਨਾਲ ਪੂਰੀ ਤਰ੍ਹਾਂ ਢੱਕੀਆਂ ਹੁੰਦੀਆਂ ਹਨ। ਛੱਲੀਆਂ ਦਰਮਿਆਨੀਆਂ ਲੰਮੀਆਂ ਤੇ ਮੋਟੀਆਂ ਹੁੰਦੀਆਂ ਹਨ। ਇਸ ਕਿਸਮ ਦੇ ਦਾਣੇ ਦਰਮਿਆਨੇ ਮੋਟੇ, ਪੀਲੇ ਤੇ ਸੰਤਰੀ ਰੰਗੇ ਅਤੇ ਅੱਧ-ਪਚ੍ਹੱਧੇ ਚਿੱਬੇ ਹੁੰਦੇ ਹਨ। ਇਹ ਤਕਰੀਬਨ ੯੫ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ ੧੭.੫ ਕੁਇੰਟਲ ਪ੍ਰਤੀ ਏਕੜ ਹੈ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/20/2020