ਮਈ ਦੇ ਆਖਰੀ ਹਫ਼ਤੇ ਤੋਂ ਅਖੀਰ ਜੂਨ ਤੱਕ। ਅਗਸਤ ਦੇ ਦੂਸਰੇ ਪੰਦਰ੍ਹਵਾੜੇ ਵਿੱਚ ਬਿਜਾਈ ਕਰਕੇ ਮੱਕੀ ਤੋਂ ਜ਼ਿਆਦਾ ਝਾੜ ਲਿਆ ਜਾ ਸਕਦਾ ਹੈ। ਖੇਤ ਅਗੇਤੇ ਖਾਲੀ ਕਰਨ ਲਈ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀ ਦੋਗਲੀ ਕਿਸਮ ਪੀ ਐੱਮ ਐੱਚ ੨ ਬੀਜੋ ਪਰ ਜ਼ਿਆਦਾ ਝਾੜ ਲੈਣ ਲਈ ਪੀ ਐਮ ਐਚ ੧ ਹੀ ਢੁਕਵੀਂ ਕਿਸਮ ਹੈ ਜਿਹੜੀ ਕਿ ਪੱਕਣ ਲਈ ਜ਼ਿਆਦਾ ਸਮਾਂ ਲੈਂਦੀ ਹੈ। ਇਸ ਸਮੇਂ ਬਿਜਾਈ ਕਰਨ ਨਾਲ ਪੀ ਐਮ ਐਚ ੧ ਔਸਤਨ ੧੧੫ ਦਿਨ ਅਤੇ ਪੀ ਐੱਮ ਐੱਚ ੨ ਅਤੇ ਪ੍ਰਕਾਸ਼ ਸੌ ਦਿਨ ਪੱਕਣ ਲਈ ਲੈਂਦੇ ਹਨ। ਪਰ ਜਿਉਂ ਜਿਉਂ ਬਿਜਾਈ ਅਗੱਸਤ ਦੇ ਅਖੀਰ ਵੱਲ ਜਾਂਦੀ ਹੈ ਤਾਂ ਫ਼ਸਲ ਪੱਕਣ ਦੇ ਸਮੇਂ ਵਿੱਚ ਵੀ ਉਸ ਸਮੇਂ ਦੇ ਮੌਜੂਦਾ ਤਾਪਮਾਨ ਮੁਤਾਬਿਕ ਵਾਧਾ ਹੁੰਦਾ ਰਹਿੰਦਾ ਹੈ। ਬਿਜਾਈ ਪੱਧਰੀ ਜਾਂ ਵੱਟਾਂ ਉਤੇ ੬ ਤੋਂ ੭ ਸੈਂਟੀਮੀਟਰ ਦੀ ਉਚਾਈ ਤੇ ਚੋਕੇ ਨਾਲ ਕਰੋ ਅਤੇ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਤਾਂ ਮਿੱਟੀ ਚੜ੍ਹਾ ਦਿਉ। ਵੱਟਾਂ ਤੇ ਕੀਤੀ ਬਿਜਾਈ ਨਾਲ ਛੋਟੀ ਫ਼ਸਲ ਤੇ ਵਾਧੂ ਪਾਣੀ ਨਾਲ ਨੁਕਸਾਨ ਘੱਟ ਹੁੰਦਾ ਹੈ। ਕਤਾਰਾਂ ਵਿੱਚ ਫ਼ਾਸਲਾ ੬੦ ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ ੨੦ ਸੈਂਟੀਮੀਟਰ ਰੱਖੋ। ਕਾਸ਼ਤ ਸਬੰਧੀ ਬਾਕੀ ਸਾਰੀਆਂ ਸਿਫ਼ਾਰਸ਼ਾਂ ਸਾਉਣੀ ਦੀ ਮੱਕੀ ਦੀ ਫ਼ਸਲ ਅਨੁਸਾਰ ਹੀ ਹਨ। ਅਗਸਤ ਮਹੀਨੇ ਵਿੱਚ ਬੀਜੀ ਗਈ ਮੱਕੀ ਨੂੰ ਗੜੂੰਏਂ ਦਾ ਬਹੁਤ ਘੱਟ ਨੁਕਸਾਨ ਹੁੰਦਾ ਹੈ।
ਮੱਕੀ ਦੀ ਬਿਜਾਈ ੩ - ੫ ਸੈਂਟੀਮੀਟਰ ਡੂੰਘੀ, ਲਾਈਨਾਂ ਵਿੱਚ ਕਰੋ। ਕਤਾਰ ਤੋਂ ਕਤਾਰ ਦਾ ਫ਼ਾਸਲਾ ੬੦ ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ ੨੦ ਸੈਂਟੀਮੀਟਰ ਰੱਖੋ। ਬਿਜਾਈ, ਖਾਦ-ਬੀਜ ਡਰਿੱਲ ਜਾਂ ਮੱਕੀ ਵਾਲੇ ਪਲਾਂਟਰ ਨਾਲ ਕਰੋ।
ਮਈ ਦੇ ਅਖੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਮੱਕੀ ਦੀ ਬਿਜਾਈ ਟਰੈਕਟਰ ਜਾਂ ਬਲਦਾਂ ਨਾਲ ਚੱਲਣ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲ਼ੀਆਂ ਵਿੱਚ ਕੀਤੀ ਜਾ ਸਕਦੀ ਹੈ ਜਿਸ ਨਾਲ ਖੁਸ਼ਕ ਅਤੇ ਗਰਮ ਮੌਸਮ ਵਿੱਚ ਪਾਣੀ ਘੱਟ ਅਤੇ ਸੌਖਾ ਲਗਦਾ ਹੈ। ਬਿਜਾਈ ਰਿਜਰ ਮਸ਼ੀਨ ਤੇ ਲੱਗੀ ਸੀਡ ਡਰਿੱਲ ਦੀਆਂ ਫਾਲੀਆਂ ਨੂੰ ਲੋੜੀਂਦੀ ਜਗ੍ਹਾ ਤੇ ਲਾ ਕੇ ਵੀ ਕੀਤੀ ਜਾ ਸਕਦੀ ਹੈ। ਖਾਲੀਆਂ ਵਿੱਚ ਬੀਜੀ ਮੱਕੀ ਦੀ ਫ਼ਸਲ ਬਹੁਤ ਘੱਟ ਡਿੱਗਦੀ ਹੈ ਅਤੇ ਪੱਧਰੀ ਬਿਜਾਈ ਨਾਲੋਂ ਝਾੜ ਵੀ ਜ਼ਿਆਦਾ ਦਿੰਦੀ ਹੈ।
ਬਿਨਾਂ ਵਹਾਈ ਜਾਂ ਵਾਹ ਕੇ ਬੀਜੀ ਹੋਈ ਕਣਕ ਤੋਂ ਬਾਅਦ ਮੱਕੀ ਬਿਨਾਂ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਬੀਜੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਨਦੀਨ ਜ਼ਿਆਦਾ ਹੋਣ ਉਥੇ ਅੱਧਾ ਲਿਟਰ ਗ੍ਰਾਮੈਕਸੋਨ ੨੦੦ ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਣ ਨਾਲ ਬੀਜਣ ਤੋਂ ਪਹਿਲਾਂ ਉਨ੍ਹਾਂ ਦੀ ਰੋਕਥਾਮ ਕਰ ਸਕਦੇ ਹਾਂ। ਇਹ ਰਸਾਇਣ ਹਰੀ ਤਿਕੋਨ ਵਾਲੀ ਸ਼੍ਰੇਣੀ ਵਿੱਚ ਆਉਂਦੇ ਹਨ। ਮੱਕੀ ਨੂੰ ਬਿਨਾਂ ਵਹਾਏ ਬੀਜਣ ਦੇ ਕਈ ਲਾਭ ਹਨ ਜਿਵੇਂ ਕਿ ਡੀਜ਼ਲ ਅਤੇ ਸਮੇਂ ਦੀ ਬੱਚਤ, ਵਾਯੂ ਮੰਡਲ ਦਾ ਘੱਟ ਪ੍ਰਦੂਸ਼ਣ, ਪਹਿਲੀ ਸਿੰਚਾਈ ਸਮੇਂ ਪਾਣੀ ਦੀ ਬੱਚਤ, ਨਦੀਨਾਂ ਦੀ ਘੱਟ ਸਮੱਸਿਆ ਆਦਿ ਕਾਰਨਾਂ ਕਰਕੇ ਫ਼ਸਲ ਝਾੜ ਪੂਰਾ ਦਿੰਦੀ ਹੈ ਅਤੇ ਖਰਚਾ ਵੀ ਘੱਟ ਆਉਂਦਾ ਹੈ। ਇਨ੍ਹਾਂ ਲਾਭਾਂ ਤੋਂ ਇਲਾਵਾ ਇਸ ਢੰਗ ਨਾਲ ਜ਼ਿਆਦਾ ਰਕਬੇ ਤੇ ਮੱਕੀ ਦੀ ਫ਼ਸਲ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ।
ਮੱਕੀ ਨੂੰ ੬੦ ਸੈਂਟੀਮੀਟਰ ਕਤਾਰਾਂ ਵਿੱਚ ਬੀਜ ਕੇ ਉਸ ਵਿੱਚ ਇਕ ਕਤਾਰ ਰਵਾਂਹ ਜਾਂ ਮੱਕੀ ਜਾਂ ਮੱਕਚਰ੍ਹੀ ਨੂੰ ਚਾਰੇ ਵਾਸਤੇ ਅਤੇ ਮੂੰਗਫ਼ਲੀ ਨੂੰ ਗੱਠੀਆਂ ਵਾਸਤੇ ਅੰਤਰ-ਫ਼ਸਲਾਂ ਦੇ ਤੌਰ ਤੇ ਉਗਾਉਣ ਨਾਲ ਨਿਰੋਲ ਫ਼ਸਲ ਦੇ ਮੁਕਾਬਲੇ ਵਧੇਰੇ ਉਤਪਾਦਕਤਾ ਅਤੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਮੱਕੀ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਅਤੇ ਅੰਤਰ-ਫ਼ਸਲਾਂ ਨੂੰ ਖੇਤਰਫ਼ਲ ਦੇ ਆਧਾਰ ਤੇ ਸਿਫ਼ਾਰਸ਼ ਅਨੁਸਾਰ ਬੀਜ ਅਤੇ ਖਾਦਾਂ ਪਾਉ। ਮੱਕੀ, ਰਵਾਂਹ ਅਤੇ ਮੱਕਚਰ੍ਹੀ ਨੂੰ ਬਿਜਾਈ ਤੋਂ ੪੫-੫੫ ਦਿਨਾਂ ਬਾਅਦ ਚਾਰੇ ਲਈ ਕੱਟ ਲਉ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 5/23/2020