ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਮੱਕੀ / ਪ੍ਰਕਾਸ਼ ਅਤੇ ਨਰ ਲਾਈਨ (ਐਲ ਐਮ ੧੬)
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪ੍ਰਕਾਸ਼ ਅਤੇ ਨਰ ਲਾਈਨ (ਐਲ ਐਮ ੧੬)

ਪ੍ਰਕਾਸ਼ ਅਤੇ ਨਰ ਲਾਈਨ (ਐਲ ਐਮ ੧੬) ਬਾਰੇ ਜਾਣਕਾਰੀ।

ਨਰ ਲਾਈਨ (ਐਲ ਐਮ ੧੬)

ਇਸ ਦੇ ਪੌਦੇ ਦਰਮਿਆਨੇ ਉੱਚੇ ਕੱਦ ਦੇ ਅਤੇ ਛੱਲੀਆਂ ਦਰਮਿਆਨੀ ਉਚਾਈ ਤੇ ਲੱਗਦੀਆਂ ਹਨ। ਪੱਤਿਆਂ ਦੇ ਕਿਨਾਰੇ ਹਲਕੇ ਲਹਿਰਾਉਂਦੇਪਣ ਵਿਚ ਹੁੰਦੇ ਹਨ। ਇਸ ਦਾ ਬਾਬੂ ਝੰਡਾ ਦਰਮਿਆਨੇ ਆਕਾਰ ਦਾ ਅੱਧ ਖੁੱਲ੍ਹਾ ਹੁੰਦਾ ਹੈ। ਛੱਲੀ ਦੇ ਸੂਤ ਦਾ ਰੰਗ ਹਲਕਾ ਹਰਾ ਹੁੰਦਾ ਹੈ। ਦਾਣੇ ਮੋਟੇ ਗੋਲ ਹੁੰਦੇ ਹਨ, ਜਿੰਨ੍ਹਾਂ ਦਾ ਰੰਗ ਸੰਤਰੀ ਹੁੰਦਾ ਹੈ। ਛੱਲੀਆਂ ਦਾਣਿਆਂ ਨਾਲ ਸਿਰੇ ਤੱਕ ਭਰੀਆਂ ਹੁੰਦੀਆਂ ਹਨ। ਗੁੱਲ ਦਾ ਰੰਗ ਚਿੱਟਾ ਹੁੰਦਾ ਹੈ। ਇਹ ਲਾਈਨ ਲਗਪਗ ੮੮ ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ।

ਪ੍ਰਕਾਸ਼

ਮਾਦਾ ਲਾਈਨ (ਸੀ ਐਮ ੧੩੯): ਇਸ ਦੇ ਪੌਦੇ ਦਰਮਿਆਨੇ ਉੱਚੇ ਅਤੇ ਛੱਲੀਆਂ ਦਰਮਿਆਨੀ ਉਚਾਈ ਤੇ ਲੱਗਦੀਆਂ ਹਨ। ਇਸ ਦਾ ਬਾਬੂ ਝੰਡਾ ਛੋਟਾ ਅਤੇ ਖੁੱਲ੍ਹਾ ਹੁੰਦਾ ਹੈ। ਛੱਲੀ ਦੇ ਸੂਤ ਦਾ ਰੰਗ ਹਲਕਾ ਹਰਾ ਹੁੰਦਾ ਹੈ। ਦਾਣੇ ਮੋਟੇ ਸੰਤਰੀ ਰੰਗ ਦੇ ਅਤੇ ਗੋਲ ਹੁੰਦੇ ਹਨ। ਇਸ ਦਾ ਗੁੱਲ ਚਿੱਟੇ ਰੰਗ ਦਾ ਹੁੰਦਾ ਹੈ ਅਤੇ ਇਹ ੮੮ ਦਿਨਾਂ ਵਿੱਚ ਪੱਕ ਕੇ ਤਕਰੀਬਨ ੬ ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।

ਨਰ ਲਾਈਨ (ਸੀ ਐਮ ੧੪੦): ਇਸ ਦੇ ਪੌਦੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਨ੍ਹਾਂ ਨੂੰ ਛੱਲੀਆਂ ਵੀ ਦਰਮਿਆਨੀ ਉਚਾਈ ਤੇ ਲੱਗਦੀਆਂ ਹਨ। ਪੱਤੇ ਅੱਧ ਖੜ੍ਹਵੇਂ ਅਤੇ ਬਾਬੂ ਝੰਡੇ ਹਲਕੇ ਅਤੇ ਖੁੱਲ੍ਹੇ ਹੁੰਦੇ ਹਨ। ਇਸ ਦੀ ਛੱਲੀ ਦਾ ਸੂਤ ਹਲਕਾ ਗੁਲਾਬੀ ਭਾਅ ਮਾਰਦਾ ਹੈ। ਦਾਣੇ ਫਿੱਕੇ-ਸੰਤਰੀ ਤੋਂ ਸੰਤਰੀ ਅਤੇ ਗੋਲ ਹੁੰਦੇ ਹਨ। ਇਸ ਦੇ ਗੁੱਲ ਦਾ ਰੰਗ ਚਿੱਟਾ ਹੁੰਦਾ ਹੈ। ਇਹ ਲਾਈਨ ਲਗਭਗ ੮੮ ਦਿਨਾਂ ਵਿੱਚ ਪੱਕ ਕੇ ਤਕਰੀਬਨ ੬ ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ। ਦੋਗਲੀਆਂ ਕਿਸਮਾਂ ਦਾ ਬੀਜ ਜੁਲਾਈ ਦੇ ਦੂਜੇ ਪੰਦਰ੍ਹਵਾੜੇ ਅਤੇ ਅਗਸਤ ਦੇ ਪਹਿਲੇ ਹਫ਼ਤੇ ਬਿਜਾਈ ਕਰਕੇ ਸਫ਼ਲਤਾ ਪੂਰਵਕ ਪੈਦਾ ਕੀਤਾ ਜਾ ਸਕਦਾ ਹੈ। ਇਸ ਸਮੇਂ ਬਿਜਾਈ ਕਰਨ ਨਾਲ ਪਰਾਗ ਕਣ ਵਰਖਾ ਦੇ ਪਾਣੀ ਨਾਲ ਬੇਕਾਰ ਹੋਣ ਤੋਂ ਬਚ ਜਾਦੇ ਹਨ।

ਇਨ੍ਹਾਂ ਦਾ ਬੀਜ ਪੈਦਾ ਕਰਨ ਲਈ ਹੇਠ ਲਿਖੇ ਨੁਕਤੇ ਅਪਨਾਉਣੇ ਪੈਂਦੇ ਹਨ

ੳ) ਹਰ ਸਾਲ ਦੋਵੇਂ ਨਰ ਅਤੇ ਮਾਦਾ ਲਾਈਨਾਂ ਦਾ ਨਵਾਂ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਾਪਤ ਕਰੋ।

ਅ) ਇੱਕ ਏਕੜ ਵਿੱਚ ਦੋਗਲਾ ਬੀਜ ਪੈਦਾ ਕਰਨ ਲਈ ਨਰ ਅਤੇ ਮਾਦਾ ਲਾਈਨਾਂ ਦੇ ਬੀਜ ਦੀ ਮਾਤਰਾ ਹੇਠ ਲਿਖੇ ਅਨੁਸਾਰ ਵਰਤੋ:

ਪ੍ਰਕਾਸ਼: ਸੀ ਐਮ ੧੩੯ = ੬ ਕਿਲੋ ਸੀ ਐਮ ੧੪੦ = ੨ ਕਿਲੋ

ਪੀ ਐਮ ਐਚ ੧: ਐਲ ਐਮ ੧੩ = ੬ ਕਿਲੋ, ਐਲ ਐਮ ੧੪ = ੨ ਕਿਲੋ

ਪੀ ਐਮ ਐਚ ੨: ਐਲ ਐਮ ੧੫ = ੫.੫ ਕਿਲੋ ਐਲ ਐਮ ੧੬ = ੨.੫ ਕਿਲੋ

ੲ) ਕਤਾਰਾਂ ਅਤੇ ਬੂਟਿਆਂ ਵਿਚਕਾਰ ਫ਼ਾਸਲਾ ੬੦ ਅਤੇ ੧੫ ਸੈਂਟੀਮੀਟਰ ਹੋਣਾ ਚਾਹੀਦਾ ਹੈ।

ਸ) ਨਵੇਕਲਾ ਖੇਤ ਜੋ ਕਿ ਹੋਰ ਮੱਕੀ ਦੀ ਕਿਸਮ ਤੋਂ ਘੱਟੋ ਘੱਟ ੨੦੦ ਤੋਂ ੩੦੦ ਮੀਟਰ (ਬੀਜ ਦੀ ਸ਼੍ਰੇਣੀ ਅਨੁਸਾਰ) ਦੂਰ ਹੋਵੇ ਦੀ ਚੋਣ ਕਰੋ ਜਾਂ ਫਿਰ ਬੂਰ ਝੜਨ ਜਾਂ ਵਾਲ ਨਿੱਕਲਣ ਦਾ ਸਮਾਂ ਨੇੜੇ ਦੇ ਖੇਤਾਂ ਨਾਲ ਮੇਲ ਨਾ ਖਾਂਦਾ ਹੋਵੇ।

ਹ) ਪ੍ਰਕਾਸ਼, ਪੀ ਐਮ ਐਚ ੧ ਅਤੇ ਪੀ ਐਮ ਐਚ ੨ ਵਾਸਤੇ ਨਰ ਦੀ ਇੱਕ ਕਤਾਰ ਪਿੱਛੇ ਮਾਦਾ ਲਾਈਨਾ ਦੀਆਂ ਤਿੰਨ ਕਤਾਰਾਂ ਦਾ ਅਨੁਪਾਤ ਹੋਣਾ ਚਾਹੀਦਾ ਹੈ।

ਕ) ਓਪਰੇ ਬੂਟੇ ਬੂਰ ਝੜਨ ਤੋਂ ਪਹਿਲਾਂ ਹੀ ਪੁੱਟ ਦੇਣੇ ਚਾਹੀਦੇ ਹਨ।

ਖ) ਪਰਾਗ ਕਣ ਝੜਣ ਤੋਂ ਪਹਿਲਾਂ ਮਾਦਾ ਕਤਾਰਾਂ ਵਿੱਚੋਂ ਬਾਬੂ ਝੰਡੇ ਕੱਢ ਦਿਉ। ਭਾਵੇਂ ਮੀਂਹ ਵੀ ਕਿਉਂ ਨਾ ਹੋਵੇ ਬਾਬੂ ਝੰਡੇ ਹਰ ਰੋਜ਼ ਕੱਢੋ।

ਗ) ਬੀਜ ਪੈਦਾ ਕਰਨ ਵਾਲੇ ਖੇਤਾਂ ਵਿੱਚ ੭੫ ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਪਾਉ।

ਘ) ਕਾਸ਼ਤ ਦੇ ਦੂਸਰੇ ਨੁਕਤੇ ਆਮ ਫ਼ਸਲ ਲਈ ਸਿਫ਼ਾਰਸ਼ ਮੁਤਾਬਕ ਅਪਣਾਉ।

ਙ) ਸਿਰਫ਼ ਮਾਦਾ ਕਤਾਰਾਂ ਵਿੱਚੋਂ ਲਿਆ ਬੀਜ ਹੀ ਦੋਗਲੇ ਬੀਜ ਦੇ ਤੌਰ ਤੇ ਰੱਖੋ ਜਾਂ ਵਰਤੋ । ਨਰ ਕਤਾਰਾਂ ਦੀਆਂ ਛੱਲੀਆਂ ਪਹਿਲਾਂ ਤੋੜੋ ਅਤੇ ਵੱਖਰੀਆਂ ਰੱਖੋ। ਫਿਰ ਮਾਦਾ ਕਤਾਰਾਂ ਦੀਆਂ ਛੱਲੀਆਂ ਤੋੜੋ। ਓਪਰੀਆਂ ਛੱਲੀਆਂ ਵੱਖ ਕਰ ਦਿਉ ਅਤੇ ਇਨ੍ਹਾਂ ਨੂੰ ਦੋਗਲੇ ਬੀਜ ਵਿੱਚ ਨਾ ਰਲਾਉ।

ਕੰਪਾਜ਼ਿਟ ਕਿਸਮਾਂ ਦਾ ਬੀਜ ਉਤਪਾਦਨ

ਕੰਪਾਜ਼ਿਟ ਕਿਸਮਾਂ ਜਿਵੇਂ ਪੰਜਾਬ ਸਵੀਟ ਕੌਰਨ - ੧ ਕੇਸਰੀ, ਪਰਲ ਪੌਪਕੌਰਨ, ਪ੍ਰਭਾਤ, ਮੇਘਾ (ਬਰਾਨੀ ਕਾਸ਼ਤ ਲਈ) ਅਤੇ ਜੇ ੧੦੦੬ (ਚਾਰੇ ਲਈ) ਦਾ ਆਪਣਾ ਤਿਆਰ ਕੀਤਾ ਬੀਜ ੩-੪ ਸਾਲ ਤੱਕ ਵਰਤਿਆ ਜਾ ਸਕਦਾ ਹੈ ਅਤੇ ਇਸ ਬੀਜ ਨਾਲ ਝਾੜ ਵਿੱਚ ਕਮੀ ਨਹੀਂ ਆਉਂਦੀ। ਚੰਗਾ ਬੀਜ ਤਿਆਰ ਕਰਨ ਅਤੇ ਇਸ ਨੂੰ ਖ਼ਾਲਸ ਰੱਖਣ ਲਈ ਹੇਠ ਦੱਸੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

੧) ਦੂਸਰੀਆਂ ਕਿਸਮਾਂ ਦਾ ਬੀਜ ਇਸ ਵਿੱਚ ਨਾ ਰਲਣ ਦਿੱਤਾ ਜਾਵੇ।

੨) ਇਨ੍ਹਾਂ ਕਿਸਮਾਂ ਦਾ ਕੁਦਰਤੀ ਪਰ - ਪਰਾਗਣ ਨੇੜੇ ਬੀਜੀਆਂ ਕਿਸਮਾਂ ਨਾਲ ਨਾ ਹੋਣ ਦਿੱਤਾ ਜਾਵੇ। ਇਸ ਦੀ ਰੋਕਥਾਮ ਲਈ ਬੀਜ ਵਾਲੀ ਫ਼ਸਲ ਦੇ ਚੌਂਹੀਂ ਪਾਸੀਂ ੨੦੦ ਮੀਟਰ ਤੱਕ ਕੋਈ ਹੋਰ ਕਿਸਮ ਨਹੀਂ ਬੀਜਣੀ ਚਾਹੀਦੀ ਜਾਂ ਮੱਕੀ ਦੇ ਇੱਕ ਏਕੜ ਦੇ ਚਾਰ - ਚੁਫੇਰੇ ਦਾ ੯ ਮੀਟਰ ਦਾ ਹਿੱਸਾ ਛੱਡ ਕੇ ਖੇਤ ਵਿਚਕਾਰੋਂ ਚੰਗੀਆਂ ਛੱਲੀਆਂ ਲਉ।

੩) ਘੱਟੋ-ਘੱਟ ੫ ਹਜ਼ਾਰ ਛੱਲੀਆਂ ਚੁਣੋ ਅਤੇ ਇਨ੍ਹਾਂ ਛੱਲੀਆਂ ਦਾ ਬੀਜ ਮਿਲਾ ਕੇ ਅਗਲੇ ਸਾਲ ਲਈ ਰੱਖ ਲਉ। ਜੇਕਰ ਘਟ ਬੀਜ ਚਾਹੀਦਾ ਹੋਵੇ ਤਾਂ ਵੀ ਤਿੰਨ ਹਜ਼ਾਰ ਛੱਲੀਆਂ ਚੁਣ ਕੇ ਬੀਜ ਤਿਆਰ ਕਰੋ।

੪) ਕੰਪਾਜ਼ਿਟ ਕਿਸਮਾਂ ਦੇ ਦਾਣੇ ਬਤੌਰ ਬੀਜ ਦੇ ਪਹਿਲੇ ਸਾਲ ਵੀ ਬੀਜੇ ਜਾ ਸਕਦੇ ਹਨ। ਭਾਵੇਂ ਨੰਬਰ ੨ ਅਤੇ ੩ ਸ਼ਰਤਾਂ ਪੂਰੀਆਂ ਨਾ ਕੀਤੀਆਂ ਜਾਣ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.14473684211
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top