ਪੰਜਾਬ ਵਿੱਚ ਬਾਜਰੇ ਦੀ ਕਾਸ਼ਤ ਸਾਲ ੨੦੧੩-੨੦੧੪ ਵਿੱਚ ਲਗਭਗ ੦.੮ ਹਜ਼ਾਰ ਹੈਕਟੇਅਰ ਭੂਮੀ ਵਿੱਚ ਕੀਤੀ ਗਈ ਅਤੇ ਇਸ ਦਾ ਔਸਤ ਝਾੜ ੯.੭੫ ਕੁਇੰਟਲ ਪ੍ਰਤੀ ਹੈਕਟੇਅਰ ਆਇਆ। ਇਸ ਦੀ ਕੁਲ ਉਪਜ ੦.੮ ਹਜ਼ਾਰ ਟਨ ਹੋਈ। ਬਾਜਰਾ ਪੈਦਾ ਕਰਨ ਵਾਲੇ ਮੁੱਖ ਇਲਾਕਿਆਂ ਵਿੱਚ ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਮਾਨਸਾ ਅਤੇ ਸੰਗਰੂਰ ਸ਼ਾਮਲ ਹਨ।
ਬਾਜਰਾ ਕਈ ਤਰ੍ਹਾਂ ਦੀ ਜ਼ਮੀਨ ਵਿੱਚ ਬੀਜਿਆ ਜਾ ਸਕਦਾ ਹੈ ਪਰ ਚੰਗੇ ਜਲ ਨਿਕਾਸ ਤੇ ਭਲ ਵਾਲੀ ਰੇਤਲੀ ਜ਼ਮੀਨ ਇਸ ਦੀ ਕਾਸ਼ਤ ਲਈ ਬਹੁਤ ਚੰਗੀ ਹੈ ਕਿਉਂਕਿ ਇਹ ਫ਼ਸਲ ਸੇਮ ਨਾਲ ਛੇਤੀ ਮਾਰੀ ਜਾਂਦੀ ਹੈ। ਇਹ ਛੇਤੀ ਵਧਣ ਵਾਲੀ ਗਰਮ ਰੁੱਤ ਦੀ ਫ਼ਸਲ ਹੈ ਜੋ ਕਿ ੪੦ ਤੋਂ ੬੫ ਸੈਂਟੀਮੀਟਰ ਸਾਲਾਨਾ ਵਰਖਾ ਵਾਲੇ ਇਲਾਕਿਆਂ ਲਈ ਬਹੁਤ ਢੁਕਵੀਂ ਹੈ। ਵਧੇਰੇ ਵਰਖਾ ਵਾਲੀਆਂ ਥਾਵਾਂ ਤੇ ਇਹ ਚੰਗੀ ਨਹੀਂ ਹੁੰਦੀ। ਫਿਰ ਵੀ ਚੰਗਾ ਝਾੜ ਲੈਣ ਲਈ ਫ਼ਸਲ ਦੇ ਵਾਧੇ ਸਮੇਂ ਚੋਖੀ ਵਰਖਾ ਦੀ ਲੋੜ ਹੈ। ਸਿੱਟੇ ਨਿਕਲਣ ਸਮੇਂ ਵਰਖਾ ਨੁਕਸਾਨਦੇਹ ਹੈ ਕਿਉਂਕਿ ਇਸ ਨਾਲ ਪਰਾਗ ਕਣ ਧੋਤੇ ਜਾਂਦੇ ਹਨ ਅਤੇ ਦਾਣੇ ਘੱਟ ਪੈਂਦੇ ਹਨ।
ਫ਼ਸਲ ਚੱਕਰ: ਬਾਜਰਾ-ਕਣਕ, ਬਾਜਰਾ-ਛੋਲੇ, ਬਾਜਰਾ-ਰਾਇਆ/ਗੋਭੀ ਸਰ੍ਹੋਂ/ਤੇਲ ਬੀਜ, ਬਾਜਰਾ-ਜੌਂ।
ਪੀ ਐਚ ਬੀ ੨੮੮੪ (੨੦੧੫) : ਇਸ ਦੋਗਲੀ ਕਿਸਮ ਦੇ ਪੌਦੇ ੨੩੦ ਸੈਂਟੀਮੀਟਰ ਉੱਚੇ, ੨-੩ ਪੜਸੂਏਂ, ਸਿੱਟੇ ੨੮ ਸੈਂਟੀਮੀਟਰ ਲੰਬੇ ਅਤੇ ੧੨ ਸੈਂਟੀਮੀਟਰ ਘੇਰੇ ਵਾਲੇ ਹੁੰਦੇ ਹਨ। ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਕਿਸਮ ਬਾਜਰੇ ਦੀਆਂ ਸਾਰੀਆਂ ਬਿਮਾਰੀਆਂ ਨੂੰ ਸਹਿਣ ਦੀ ਸਮਰੱਥਾ ਰੱਖਦੀ ਹੈ। ਇਹ ਕਿਸਮ ੮੮ ਦਿਨਾਂ ਵਿੱਚ ਪੱਕ ਕੇ ੧੩.੨ ਕੁਇੰਟਲ ਪ੍ਰਤੀ ਏਕੜ ਦਾ ਔਸਤ ਝਾੜ ਦਿੰਦੀ ਹੈ।
ਪੀ ਐਚ ਬੀ ੨੧੬੮ (੨੦੦੬): ਇਹ ਹਾਈਬ੍ਰਿਡ ਤਕਰੀਬਨ ੨੧੦ ਸੈਂਟੀਮੀਟਰ ਉੱਚਾ ਹੁੰਦਾ ਹੈ ਅਤੇ ਇਸ ਦੇ ੨-੩ ਪੜਸੂਏ ਹੁੰਦੇ ਹਨ। ਇਹ ਤਕਰੀਬਨ ੮੩ ਦਿਨਾਂ ਵਿੱਚ ਪੱਕ ਜਾਂਦਾ ਹੈ। ਇਸ ਦੇ ਸਿੱਟੇ ੨੬ ਸੈਂਟੀਮੀਟਰ ਲੰਬੇ ਅਤੇ ੯ ਸੈਂਟੀਮੀਟਰ ਘੇਰੇ ਵਾਲੇ ਹੁੰਦੇ ਹਨ। ਇਸ ਦੇ ਦਾਣੇ ਦਰਮਿਆਨੇ ਮੋਟੇ ਤੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਕਿਸਮ ਹਰੇ ਸਿੱਟੇ ਦੇ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਕਿਸਮ ਦਾ ਔਸਤਨ ਝਾੜ ੧੬.੪ ਕੁਇੰਟਲ ਪ੍ਰਤੀ ਏਕੜ ਹੈ।
ਪੀ ਸੀ ਬੀ ੧੬੪ (੨੦੦੩): ਇਸ ਕਿਸਮ ਦੇ ਟਾਂਡੇ ਦਰਮਿਆਨੇ ਮੋਟੇ ਹੁੰਦੇ ਹਨ। ਇਸ ਦੇ ਪੌਦਿਆਂ ਦੀ ਔਸਤ ਉੱਚਾਈ ੨੦੭ ਸੈਂਟੀਮੀਟਰ ਹੁੰਦੀ ਹੈ। ਸਿੱਟੇ ਦਾਣਿਆਂ ਨਾਲ ਭਰਪੂਰ ਹੁੰਦੇ ਹਨ। ਇਹ ੨੭ ਤੋਂ ੨੮ ਸੈਂਟੀਮੀਟਰ ਲੰਮੇ ਅਤੇ ੮ ਤੋਂ ੧੦ ਸੈਂਟੀਮੀਟਰ ਘੇਰੇ ਵਾਲੇ ਹੁੰਦੇ ਹਨ। ਦਾਣੇ ਦਰਮਿਆਨੇ ਮੋਟੇ ਅਤੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਕਿਸਮ ਹਰੇ ਸਿੱਟੇ ਦੇ ਰੋਗ ਦਾ ਟਾਕਰਾ ਕਰਨ ਦੀ ਕਾਫ਼ੀ ਸਮਰਥਾ ਰੱਖਦੀ ਹੈ। ਇਹ ਕਿਸਮ ੮੦ ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਦਾਣਿਆਂ ਦਾ ਝਾੜ ਤਕਰੀਬਨ ੧੫ ਕੁਇੰਟਲ ਪ੍ਰਤੀ ਏਕੜ ਹੈ।
ਪੀ ਐਚ ਬੀ ੪੭ (੧੯੮੩): ਇਹ ਮੋਟੇ ਤਣੇ ਅਤੇ ਚੌੜੇ ਪੱਤਿਆਂ ਵਾਲੀ ਇੱਕ ਦੋਗਲੀ ਕਿਸਮ ਹੈ ਜਿਹੜੀ ਕਿ ਅਖੀਰ ਤੱਕ ਹਰੀ ਰਹਿੰਦੀ ਹੈ। ਇਸ ਦਾ ਕੱਦ ਤਕਰੀਬਨ ੨ ਮੀਟਰ ਹੁੰਦਾ ਹੈ। ਇਸ ਦੇ ਸਿੱਟੇ ਤਕਰੀਬਨ ੩੫ ਸੈਂਟੀਮੀਟਰ ਲੰਮੇ, ਗੁੰਦਵੇਂ ਅਤੇ ਸੰਘਣੇ ਕਸੀਰਾਂ ਵਾਲੇ ਹੁੰਦੇ ਹਨ। ਇਸ ਦੇ ਇੱਕ ਬੂਟੇ ਨੂੰ ੨ ਸ਼ਾਖਾਂ ਫੁੱਟਦੀਆਂ ਹਨ। ਇਹ ਕਿਸਮ ਤਕਰੀਬਨ ੮੫ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਗੂੜ੍ਹੇ ਸਲੇਟੀ ਰੰਗ ਦੇ ਹੁਂੰਦੇ ਹਨ। ਇਸ ਨੂੰ ਹਰੇ ਸਿੱਟਿਆਂ ਦਾ ਰੋਗ ਨਹੀਂ ਲੱਗਦਾ। ਚੇਪਾ ਅਤੇ ਕਾਂਗਿਆਰੀ ਦਾ ਟਾਕਰਾ ਕਰਨ ਦੀ ਵੀ ਸਮਰੱਥਾ ਹੈ। ਸੇਂਜੂ ਹਾਲਤਾਂ ਵਿੱਚ ਇਸ ਦੇ ਦਾਣਿਆਂ ਦਾ ਝਾੜ ਤਕਰੀਬਨ ੧੩ ਕੁਇੰਟਲ ਪ੍ਰਤੀ ਏਕੜ ਹੈ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/21/2020