ਨਦੀਨ ਨਾਸ਼ਕ ਦਵਾਈਆਂ ਦਾ ਛਿੜਕਾਅ ਕਰਦੇ ਸਮੇ ਨੋਜਲ ਦੀ ਉਚਾਈ ਜਮੀਨ ਤੋਂ ਜਾਂ ਫਸਲਫ਼ਨਦੀਨ ਦੇ ਉਪਰਲੇ ਪੱਤਿਆਂ ਤੋ ਤਕਰੀਬਨ ਡੇਢ ਫੁੱਟ ਉੱਚੀ ਹੋਣੀ ਚਾਹੀਦੀ ਹੈ। ਆਮ ਤੌਰ ਤੇ ਦੇਖਿਆ ਗਿਆ ਹੈ ਕਿ ਜ਼ਿਮੀਦਾਰ ਕੋਨ ਕਿਸਮ ਦੀ ਨੋਜ਼ਲ ਵਰਤਦੇ ਹਨ ਅਤੇ ਉਸ ਦੀ ਉਚਾਈ ਤਕਰੀਬਨ ੪-੫ ਫੁੱਟ ਰੱਖਦੇ ਹਨ। ਜਿਮੀਦਾਰ ਭਰਾ ਛਿੜਕਾਅ ਦੇ ਸਮੇ ਨੋਜ਼ਲ ਨੂੰ ਇੱਧਰ-ਉਧਰ ਵੀ ਘੁਮਾਉਦੇ ਹਨ ਤਾਂ ਜੋ ੮-੧੦ ਫੁੱਟ ਚੌੜੀ ਪੱਟੀ ਵਿਚ ਛਿੜਕਾਅ ਇੱਕ ਹੀ ਚੱਕਰ ਵਿਚ ਖਤਮ ਹੋ ਜਾਵੇ। ਇਸ ਤਰ੍ਹਾਂ ਛਿੜਕਾਅ ਕਰਨਾ ਬਹੁਤ ਗਲਤ ਹੈ ਅਤੇ ਚੰਗੇ ਨਤੀਜੇ ਨਹੀ ਮਿਲਦੇ। ਨਦੀਨ ਨਾਸ਼ਕ ਦਵਾਈਆਂ ਦਾ ਛਿੜਕਾਅ ਨੋਜਲ ਨੂੰ ਇੱਧਰ ਉਧਰ ਘੁੰਮਾ ਕੇ ਕਰਨ ਨਾਲ ਤਕਰੀਬਨ ਤੀਜਾ ਹਿੱਸਾ ਖੇਤ ਬਗੈਰ ਦਵਾਈ ਦੇ ਛਿੜਕਾਅ ਤੋ ਰਹਿ ਜਾਂਦਾ ਹੈ ਅਤੇ ਇਸ ਹਿੱਸੇ ਵਿਚ ਨਦੀਨ ਨਹੀ ਮਰਦੇ ਜੋ ਕਿ ਫਸਲ ਦਾ ਝਾੜ ਘਟਾਉਣ ਤੋ ਇਲਾਵਾ ਲੱਖਾਂ ਦੀ ਮਾਤਰਾ ਵਿਚ ਬੀਜ ਵੀ ਪੈਦਾ ਕਰਦੇ ਹਨ ਜੋਕਿ ਆਉਣ ਵਾਲੇ ਸਾਲਾਂ ਵਿਚ ਸਮੱਸਿਆ ਬਣਦੇ ਹਨ। ਹਮੇਸ਼ਾ ਹਵਾ ਦੇ ੯੦ ਡਿਗਰੀ ਕੋਣ ਤੇ ਛਿੜਕਾਅ ਕਰੋ ਅਤੇ ਕਦੇ ਵੀ ਹਵਾ ਤੋ ਉਲਟੇ ਪਾਸੇ ਛਿੜਕਾਅ ਨਾ ਕਰੋ। ਹਵਾ ਦੀ ਜ਼ਿਆਦਾ ਗਤੀ (੪ ਕਿ.ਮੀ. ਪ੍ਰਤੀ ਘੰਟਾ ਤੋ ਜਿਆਦਾ) ਵਿਚ ਵੀ ਛਿੜਕਾਅ ਨਹੀ ਕਰਨਾ ਚਾਹੀਦਾ।
(੧) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋ ਮੰਨਜ਼ੂਰ-ਸ਼ੁਦਾ ਨਦੀਨ ਨਾਸ਼ਕ ਦਵਾਈ ਹੀ ਖਰੀਦੋ ਅਤੇ ਕਦੇ ਵੀ ਦੁਕਾਨਦਾਰ ਦੀ ਮਰਜ਼ੀ ਦੇ ਮੁਤਾਬਿਕ ਨਦੀਨ ਨਾਸ਼ਕ ਦਵਾਈ ਨਾ ਖਰੀਦੋ।
(੨) ਨਦੀਨ ਨਾਸ਼ਕ ਦਵਾਈ ਖਰੀਦਣ ਸਮੇ ਉਸ ਦੀ ਪੱਕੀ ਰਸੀਦ ਦੁਕਾਨਦਾਰ ਤੋਂ ਜ਼ਰੂਰ ਲੈ ਲਉ।
(੩) ਨਦੀਨ ਨਾਸ਼ਕ ਦਵਾਈ ਦੀ ਚੋਣ ਖੇਤ ਵਿਚ ਉੱਗੇ ਨਦੀਨਾਂ ਦੀ ਕਿਸਮ ਦੇ ਆਧਾਰ ਤੇ ਕਰੋ।
(੪) ਕਦੇ ਵੀ ਛਿੜਕਾਅ ਖਾਲੀ ਪੇਟ ਨਾ ਕਰੋ ਅਤੇ ਛਿੜਕਾਅ ਕਰਨ ਤੋ ਬਾਅਦ ਕੱਪੜੇ ਉਤਾਰ ਦੇਣੇ ਚਾਹੀਦੇ ਹਨ ਅਤੇ ਚੰਗੀ ਤਰ੍ਹਾਂ ਸਾਬਣ ਲਗਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ।
(੫) ਹਵਾ ਦੇ ਰੁੱਖ ਦੇ ਉਲਟ ਕਦੇ ਵੀ ਛਿੜਕਾਅ ਨਾ ਕਰੋ। ਪਰੰਤੂ ਛਿੜਕਾਅ ਇਸ ਤਰੀਕੇ ਨਾਲ ਕਰੋ ਕਿ ਦਵਾਈ ਹਵਾ ਨਾਲ ਉੱਡ ਕੇ ਉਪਰ ਨਾ ਪਵੇ।
(੬) ਛਿੜਕਾਅ ਕਰਨ ਤੋ ਪਹਿਲਾਂ ਅਤੇ ਬਾਅਦ ਵਿਚ ਸਪਰੇ ਪੰਪ ਨੂੰ ਚੰਗੀ ਤਰ੍ਹਾਂ ਸਰਫ਼ ਨਾਲ ਧੋਵੋ।
(੭) ਹਮੇਸ਼ਾ ਛਿੜਕਾਅ ਘੱਟ ਹਵਾ ਵਾਲੇ ਦਿਨ ਅਤੇ ਸਿੱਧੀ ਪੱਟੀ ਵਿਚ ਕਰੋ।
(੮) ਦਵਾਈ ਦੇ ਘੋਲ ਨੂੰ ਪੰਪ ਦੀ ਟੈਕੀ ਵਿਚ ਪਾਉਣ ਤੋ ਪਹਿਲਾਂ ਚੰਗੀ ਤਰ੍ਹਾਂ ਹਿਲਾ ਲੈਣਾ ਚਾਹੀਦਾ ਹੈ।
(੯) ਛਿੜਕਾਅ ਕਰਨ ਵੇਲੇ ਦਸਤਾਨੇ, ਗੈਸ ਮਾਸਕ, ਪੂਰੀ ਬਾਂਹ ਦੀ ਕਮੀਜ਼ ਅਤੇ ਪਜ਼ਾਮਾ/ਪੈਂਟ ਪਾ ਲੈਣੇ ਚਾਹੀਦੇ ਹਨ।
(੧੦) ਫ਼ਸਲ ਉਗੱਣ ਤੋ ਪਹਿਲਾਂ ਜਾਂ ਪਹਿਲਾ ਪਾਣੀ ਲਾਉਣ ਤੋ ਪਹਿਲਾਂ ਪਾਉਣ ਵਾਲੀਆਂ ਨਦੀਨ ਨਾਸ਼ਕ ਦਵਾਈਆਂ ਦੇ ਛਿੜਕਾਅ ਲਈ ਟਰੈਕਟਰ ਵਾਲੇ ਪੰਪ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ।
(੧੧) ਘੋਲ ਬਣਾਉਣ ਲਈ ਖਾਰੇ ਪਾਣੀ ਦੀ ਵਰਤੋ ਨਾ ਕਰੋ।
(੧੨) ਛਿੜਕਾਅ ਕਰਨ ਸਮੇ ਨੋਜ਼ਲ ਦੀ ਉਚਾਈ ਤਕਰੀਬਨ ਡੇਢ ਫੁੱਟ ਰੱਖੋ ਅਤੇ ਇਸ ਨੂੰ ਇੱਧਰ-ਉਧਰ ਨਾ ਘੁੰਮਾਓ।
(੧੩) ਬਚੀਆਂ ਹੋਈਆਂ ਨਦੀਨ ਨਾਸ਼ਕ ਦਵਾਈਆਂ ਨੂੰ ਕੀੜੇਮਾਰ ਦਵਾਈਆਂ ਅਤੇ ਬੱਚਿਆਂ ਦੀ ਪਹੁੰਚ ਤੋ ਪਰੇ ਰੱਖਣਾ ਚਾਹੀਦਾ ਹੈ।
(੧੪) ਕੋਸ਼ਿਸ਼ ਕਰੋ ਕਿ ਨਦੀਨ ਨਾਸ਼ਕ ਦਵਾਈਆਂ ਦੇ ਛਿੜਕਾਅ ਲਈ ਵਰਤੇ ਜਾਣ ਵਾਲੇ ਪੰਪ ਕੀੜੇਮਾਰ ਅਤੇ ਉੱਲ੍ਹੀਮਾਰ ਦਵਾਈਆਂ ਲਈ ਵਰਤੇ ਜਾਣ ਵਾਲੇ ਪੰਪਾਂ ਤੋ ਅਲੱਗ ਰੱਖੇ ਜਾਣ।
ਫਾਰਮ ਵਿਚੋ ਬੇਲੋੜੇ ਬੂਟਿਆਂ ਜਿਵੇਂ ਕਿ ਰਸਤਿਆਂ ਤੇ ਖਾਲ੍ਹਾਂ ਵਿੱਚ ਉੱਗੇ ਨਦੀਨ ਮਾਰਨ ਲਈ ਇਕ ਏਕੜ ਪਿੱਛੇ ੨੦੦ ਲਿਟਰ ਪਾਣੀ ਵਿਚ ਅੱਧੀ ਤੋ ਇਕ ਲਿਟਰ ਗਰੋਮੈਕਸੋਨ ਘੋਲ ਕੇ ਛਿੜਕਣ ਦੀ ਸਿਫਾਰਸ ਕੀਤੀ ਜਾਂਦੀ ਹੈ। ਘੱਟ ਮਿਕਦਾਰ ਪੁੰਗਰ ਰਹੇ ਅਤੇ ਵੱਧ ਮਿਕਦਾਰ ਵਧੇ ਫੁੱਲੇ ਹੋਏ ਨਦੀਨਾਂ ਲਈ ਵਰਤੀ ਜਾਣੀ ਚਾਹੀਦੀ ਹੈ। ਗਰੋਮੈਕਸੋਨ ਆਪਣੀ ਛੋਹ ਵਿਚ ਆਉਣ ਵਾਲੇ ਹਰ ਪੌਦੇ ਨੂੰ ਮਾਰ ਦਿੰਦੀ ਹੈ। ਇਸ ਲਈ ਇਸ ਦੇ ਛਿੜਕਾਅ ਦੇ ਮਗਰੋ ਪੰਪ ਨੂੰ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਸਾਫ ਕਰ ਦਿਓ। ਭੁਲੇਖੇ ਤੋ ਬਚਣ ਲਈ ਨਦੀਨ ਨਾਸ਼ਕ ਦੀਆਂ ਸ਼ੀਸ਼ੀਆਂ ਉਪਰ ਲੇਬਲ ਲੱਗੇ ਰਹਿਣ ਦੇਣੇ ਚਾਹੀਦੇ ਹਨ।
ਪਾਰਥੀਨੀਅਮ ਘਾਹਫ਼ਗਾਜਰ ਘਾਹਫ਼ਕਾਂਗਰਸ ਘਾਹ ਦੀ ਰੋਕਥਾਮ - ਇਹ ਘਾਹ ਅਣ-ਵਾਹੀਆਂ ਜਮੀਨਾਂ, ਬਾਗਾਂ ਅਤੇ ਹੋਰ ਦਰੱਖਤਾਂ ਵਾਲੀਆਂ ਥਾਵਾਂ ਤੇ ਬੜੀ ਸਮੱਸਿਆ ਬਣਦਾ ਜਾ ਰਿਹਾ ਹੈ। ਇਹ ਘਾਹ ਕਈ ਬਿਮਾਰੀਆਂ ਜਿਵੇਂ ਕਿ ਅਲਰਜੀ, ਸਾਹ ਅਤੇ ਚਮੜੀ ਦੇ ਰੋਗ ਵੀ ਉਤਪੰਨ ਕਰਦਾ ਹੈ। ਇਹ ਫਰਵਰੀ ਮਹੀਨੇ ਤੋ ਉਗੱਣਾ ਸੁਰੂ ਹੁੰਦਾ ਹੈ ਅਤੇ ਬਰਸਾਤ ਦੇ ਮੌਸਮ ਵਿਚ ਭਰ ਜੋਬਨ ਤੇ ਹੁੰਦਾ ਹੈ ਸਰਦੀਆਂ ਵਿਚ ਇਸ ਦੇ ਪੌਦੇ ਸੁੱਕ ਜਾਂਦੇ ਹਨ। ਇਸ ਨੂੰ ਵਾਰ-ਵਾਰ ਕੱਟ ਕੇ ਜਾਂ ਜੜ੍ਹੋ ਪੁੱਟ ਕੇ ਇਸ ਦਾ ਨਾਸ ਕੀਤਾ ਜਾ ਸਕਦਾ ਹੈ। ਰਸਾਇਣਿਕ ਨਦੀਨ ਨਾਸਕ
ਐਟਰਾਟਾਫ ੫੦ ਘੁਲਣਸੀਲ (ਐਟਰਾਜ਼ੀਨ)੧.੦-੧.੫ ਲਿਟਰ ੨੦੦-੨੫੦ ਲਿਟਰ ਪਾਣੀ ਵਿਚ ਪ੍ਰਤੀ ਏਕੜ ਘੋਲ ਕੇ ਇਸ ਦੀ ਸਪਰੇਅ ਨਦੀਨ ਉਗੱਣ ਤੋ ਪਹਿਲਾਂ ਜਾਂ ਬਾਅਦ ਵਿੱਚ ਕਰਨ ਨਾਲ ਵੀ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਨਦੀਨ ਦੀ ਰੋਕਥਾਮ ਲਈ ਰਾਊਂਡ-ਅੱਪ (ਗਲਾਈਫੋਸੇਟ ੪੧ ਤਾਕਤ) ੧.੦ ਲਿਟਰ ਪ੍ਰਤੀ ਏਕੜ ਜਾਂ ਐਕਸਲ ਮੈਰਾ (ਗਲਾਈਫੋਸੇਟ ੭੧ ਤਾਕਤ) ੬੦੦ ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਇਸ ਰਸਾਇਣਿਕ ਨਦੀਨ ਨਾਸ਼ਕ ਦਾ ਅਸਰ ਜਦੋ ਬੂਟਾ ਵਧਣ ਫੁੱਲਣ ਦੀ ਅਵਸਥਾ ਵਿਚ ਹੋਵੇ (ਫੁੱਲ ਆਉਣ ਤੋ ਪਹਿਲਾਂ) ਵਧੇਰੇ ਹੁੰਦਾ ਹੈ।
ਸਰੋਤ : ਅਗ੍ਰਿਛੁਲ੍ਤੁਰੇ , ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020