ਨਦੀਨ ਨਾਸ਼ਕ ਦਵਾਈਆਂ ਦੇ ਛਿੜਕਾਅ ਦਾ ਢੰਗ ਨਦੀਨ ਨਾਸ਼ਕ ਦਵਾਈ ਦਾ ਅਸਰ ਨਦੀਨ ਨਾਸ਼ਕ ਦੀ ਕੁਆਲਿਟੀ ਅਤੇ ਉਸ ਦੇ ਵਰਤਣ ਦੇ ਢੰਗ ਤੇ ਨਿਰਭਰ ਕਰਦਾ ਹੈ। ਕਈ ਵਾਰੀ ਬਹੁਤ ਵਧੀਆ ਨਦੀਨ ਨਾਸ਼ਕ ਦਵਾਈ ਦਾ ਉਸਦੇ ਛਿੜਕਾਅ ਦੀ ਗਲਤ ਵਰਤੋ ਨਾਲ ਉਸ ਦੇ ਠੀਕ ਨਤੀਜੇ ਨਹੀ ਮਿਲਦੇ। ਖੇਤ ਵਿਚ ਉੱਗੇ ਹੋਏ ਨਦੀਨਾਂ ਦੇ ਸਾਰੇ ਬੂਟਿਆਂ ਨੂੰ ਮਾਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਛਿੜਕਾਅ ਸਾਰੇ ਬੂਟਿਆਂ ਤੇ ਪਵੇ। ਬਹੁਤ ਸਾਰੇ ਜ਼ਿਮੀਦਾਰ ਨਦੀਨ ਨਾਸ਼ਕ ਦਾ ਛਿੜਕਾਅ ਸਹੀ ਢੰਗ ਨਾਲ ਨਹੀ ਕਰਦੇ। ਛਿੜਕਾਅ ਦਾ ਗਲਤ ਢੰਗ ਹੋਣ ਕਰਕੇ ਨਦੀਨਾਂ ਦੀ ਸੁਚੱਜੀ ਰੋਕਥਾਮ ਨਹੀ ਹੁੰਦੀ ਨਦੀਨਾਂ ਦੇ ਖੇਤ ਵਿਚ ਬਚਣ ਕਾਰਨ ਨਾ ਸਿਰਫ਼ ਫ਼ਸਲ ਦਾ ਝਾੜ ਘੱਟਦਾ ਹੈ ਬਲਕਿ ਨਦੀਨਾਂ ਦਾ ਬੀਜ ਤਿਆਰ ਹੋਣ ਨਾਲ ਆਉਣ ਵਾਲੀਆਂ ਫ਼ਸਲਾਂ ਲਈ ਵੀ ਸਮੱਸਿਆ ਬਣਦੀ ਹੈ। ਇਸ ਲਈ ਨਦੀਨਾਂ ਦੀ ਸੁਚੱਜੀ ਰੋਕਥਾਮ ਅਤੇ ਨਦੀਨ ਨਾਸ਼ਕ ਦਵਾਈਆਂ ਉਤੇ ਲੰਬਾ ਸਮਾਂ ਨਿਰਭਰਤਾ ਰੱਖਣ ਲਈ ਛਿੜਕਾਅ ਦਾ ਸਹੀ ਢੰਗ ਵਰਤਣਾ ਬਹੁਤ ਜ਼ਰੂਰੀ ਹੈ। ਨਦੀਨ ਨਾਸ਼ਕ ਦਾ ਛਿੜਕਾਅ ਬਹੁਤ ਹੀ ਧਿਆਨ ਨਾਲ ਅਤੇ ਇਕਸਾਰ ਕਰਨਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋ ਸਿਫਾਰਸ਼ ਕੀਤੀਆਂ ਗਈਆਂ ਨਦੀਨ ਨਾਸ਼ਕ ਦਵਾਈਆਂ ਦੇ ਵਧੀਆ ਅਸਰ ਲੈਣ ਲਈ ਹੇਠ ਲਿਖੇ ਨੁਕਤਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ:-
(੧) ਨਦੀਨ ਨਾਸ਼ਕ ਦੀ ਚੋਣ ਵੱਖ-ਵੱਖ ਨਦੀਨਾਂ ਲਈ ਵੱਖ ਵੱਖ ਨਦੀਨ ਨਾਸ਼ਕ ਦਵਾਈਆਂ ਦੀ ਸਿਫਾਰਸ਼ ਕੀਤੀ ਗਈ ਹੈ। ਦਵਾਈ ਦੀ ਚੋਣ ਕਰਨ ਤੋ ਪਹਿਲਾਂ ਆਪਣੀ ਫ਼ਸਲ ਵਿਚ ਉੱਗਣ ਵਾਲੇ (ਪਿਛਲੇ ਸਾਲ ਦੇ ਤਜ਼ਰਬੇ ਅਨੁਸਾਰ) ਜਾਂ ਉਗੇ ਹੋਏ ਨਦੀਨਾਂ ਦੀ ਪਹਿਚਾਣ ਕਰੋ ਅਤੇ ਨਦੀਨ ਦੀ ਕਿਸਮ ਦੇ ਅਨੁਸਾਰ ਨਦੀਨ ਨਾਸ਼ਕ ਦਵਾਈ ਦੀ ਚੋਣ ਕਰੋ। ਚੁਣੀ ਹੋਈ ਨਦੀਨ ਨਾਸ਼ਕ ਦੀ ਖਰੀਦ ਕਿਸੇ ਇਮਾਨਦਾਰ ਦੁਕਾਨਦਾਰ ਤੋ ਪੱਕੀ ਰਸੀਦ ਲੈ ਕੇ ਕਰੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋ ਸਿਫਾਰਸ਼ ਕੀਤੀ ਗਈ ਨਦੀਨ ਨਾਸ਼ਕ ਦਵਾਈ ਹੀ ਖਰੀਦੋ ਅਤੇ ਦੁਕਾਨਦਾਰ ਦੇ ਕਹਿਣ ਤੇ ਕੋਈ ਵੀ ਗੈਰ-ਪ੍ਰਮਾਣਿਤ ਨਦੀਨ ਨਾਸ਼ਕ ਦਵਾਈ ਨਾ ਖਰੀਦੋ। ਨਦੀਨ ਨਾਸ਼ਕ ਦਵਾਈਆਂ ਪਾਉਣ ਦਾ ਸਮਾਂ ਅਤੇ ਮਿਕਦਾਰ ਹਮੇਸ਼ਾ ਸਿਫ਼ਾਰਸ਼ ਅਨੁਸਾਰ ਹੀ ਵਰਤੋ ਅਤੇ ਕਦੀ ਵੀ ਵੱਧ ਜਾਂ ਘੱਟ ਮਿਕਦਾਰ ਨਾ ਵਰਤੋ। ਫ਼ਸਲ ਬੀਜਣ ਤੋ ਪਹਿਲਾਂ ਪਾਉਣ ਵਾਲੇ ਨਦੀਨ ਨਾਸ਼ਕਾਂ ਅਤੇ ਬਿਜਾਈ ਵਿਚ ਘੱਟ ਤੋ ਘੱਟ ਸਮੇ ਦਾ ਵਕਫ਼ਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਨਦੀਨ ਅਤੇ ਫ਼ਸਲ ਉੱਗਣ ਤੋਂ ਪਹਿਲਾਂ ਪਾਉਣ ਵਾਲੇ ਨਦੀਨ ਨਾਸ਼ਕ ਵੀ ਬਿਜਾਈ ਤੋ ਇਕ ਜਾਂ ਦੋ ਦਿਨਾਂ ਵਿਚ ਪਾਉਣੇ ਚਾਹੀਦੇ ਹਨ।
(੨) ਛਿੜਕਾਅ ਵਾਲੇ ਪੰਪ ਅਤੇ ਨੋਜ਼ਲ ਦੀ ਚੋਣ ਨਦੀਨ ਨਾਸ਼ਕ ਦੀ ਵਰਤੋ ਲਈ ਜ਼ਿਮੀਦਾਰ ਪਿੱਠ ਵਾਲੇ ਪੰਪ (ਨੈਪਸੈਕ ਸਪਰੇਅਰ) ਦੀ ਵਰਤੋ ਜ਼ਿਆਦਾ ਕਰਦੇ ਹਨ ਕਿਉਂਕਿ ਇਹ ਬਹੁਤ ਸਸਤਾ ਅਤੇ ਵਧੀਆ ਛਿੜਕਾਅ ਵਾਲਾ ਜੰਤਰ ਹੈ। ਇਸ ਤੋਂ ਇਲਾਵਾ ਇਹਨਾਂ ਦਵਾਈਆਂ ਦਾ ਛਿੜਕਾਅ ਪਾਵਰ ਸਪਰੇਅਰ ਜਾਂ ਟਰੈਕਟਰ ਸਪਰੇਅਰ ਨਾਲ ਵੀ ਹੋ ਸਕਦਾ ਹੈ। ਜੇਕਰ ਨਦੀਨ ਨਾਸ਼ਕ ਦਵਾਈਆਂ ਦੀ ਵਰਤੋ ਫਸਲ ਉਗੱਣ ਤੋ ਪਹਿਲਾਂ ਕਰਨੀ ਹੋਵੇ ਤਾਂ ਟਰੈਕਟਰ ਸਪਰੇਅਰ ਦੀ ਵੀ ਵਰਤੋ ਕੀਤੀ ਜਾ ਸਕਦੀ ਹੈ। ਨਦੀਨ ਨਾਸਕ ਦਵਾਈਆਂ ਦਾ ਛਿੜਕਾਅ ਫਲੈਟ ਫੈਨ ਜਾਂ ਫਲੱਡ ਜੈਟ ਨੋਜਲ ਨਾਲ ਹੀ ਕਰੋ ਅਤੇ ਕੋਨ ਕਿਸਮ ਨੋਜਲ ਦੀ ਵਰਤੋ ਕਦੇ ਵੀ ਨਾ ਕਰੋ। ਉੱਗੀ ਹੋਈ ਫਸਲ ਤੇ ਫਲੈਟ-ਫੈਨ ਨੋਜਲ ਦੀ ਹੀ ਵਰਤੋ ਕਰੋ ਜਿਹੜੀ ਕਿ ੮੦-੧੦੦ ਲਿਟਰ ਪ੍ਰਤੀ ਏਕੜ ਪਾਣੀ ਲਾਉਦੀ ਹੋਵੇ। ਫਲੈਟ ਫੈਨਫ਼ਫਲੱਡ ਜੈਟ ਨੋਜਲਾਂ ਖੇਤ ਵਿੱਚ ਇਕਸਾਰ ਛਿੜਕਾਅ ਕਰਦੀਆਂ ਹਨ ਜਦ ਕਿ ਕੋਨ ਕਿਸਮ ਨੋਜ਼ਲ ਨਾਲ ਇੱਕਸਾਰ ਛਿੜਕਾਅ ਨਹੀ ਹੁੰਦਾ ਅਤੇ ਦਵਾਈ ਵੀ ਹਵਾ ਨਾਲ ਵੱਧ ਉੱਡਦੀ ਹੈ। ਇਸ ਤੋ ਇਲਾਵਾ ਮਲਟੀ ਬੂਮ ਨੋਜਲਾਂ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ। ਮਲਟੀ ਬੂਮ ਨੋਜਲਾਂ ਦਾ ਛਿੜਕਾਅ ਇਕਸਾਰ ਹੁੰਦਾ ਹੈ ਅਤੇ ਛਿੜਕਾਅ ਲਈ ਸਮਾਂ ਵੀ ਘੱਟ ਲੱਗਦਾ ਹੈ। ਇਹ ਮਲਟੀ ਬੂਮ ਨੋਜਲਾਂ ਬਜਾਰ ਵਿੱਚ ਆਮ ਉਪਲੱਬਧ ਹਨ ਅਤੇ ਇਹਨਾਂ ਨੂੰ ਪਿੱਠ ਵਾਲੇ ਪੰਪ (ਨੈਪਸੈਕ ਸਪਰੇਅਰ) ਤੇ ਲਗਾਇਆ ਜਾ ਸਕਦਾ ਹੈ।
(੩) ਪਾਣੀ ਦਾ ਅੰਦਾਜ਼ਾ ਨਦੀਨ ਨਾਸ਼ਕ ਦਵਾਈ ਦੇ ਛਿੜਕਾਅ ਤੋ ਪਹਿਲਾਂ ਛਿੜਕਾਅ ਲਈ ਵਰਤੇ ਜਾਣ ਵਾਲੇ ਪਾਣੀ ਦਾ ਅੰਦਾਜਾ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਨਦੀਨ ਨਾਸ਼ਕ ਦਵਾਈ ਦਾ ਇਕਸਾਰ ਛਿੜਕਾਅ ਹੋ ਸਕੇ। ਪਾਣੀ ਦਾ ਅੰਦਾਜਾ ਲਗਾਉਣਾ ਬਹੁਤ ਹੀ ਸੌਖਾ ਹੈ ਅਤੇ ਇਸ ਕੰਮ ਲਈ ਇੱਕ ਛੋਟਾ ਜਿਹਾ ਮਿਣ ਕੇ ਪਲਾਟ ਬਣਾਉ। ਪੰਪ ਦੀ ਢੋਲੀ ਵਿੱਚ ਨਾਪ ਕੇ ਪਾਣੀ ਪਾਉ ਅਤੇ ਬਣਾਏ ਹੋਏ ਪਲਾਟ ਤੇ ਇਕਸਾਰ ਛਿੜਕਾਅ ਕਰੋ। ਛਿੜਕਾਅ ਖਤਮ ਹੋਣ ਤੇ ਢੋਲੀ ਵਿੱਚ ਰਹਿੰਦੇ ਪਾਣੀ ਦੀ ਮਿਣਤੀ ਕਰੋ ਅਤੇ ਛਿੜਕਾਅ ਲਈ ਵਰਤੇ ਪਾਣੀ ਦਾ ਹਿਸਾਬ ਲਗਾਉ। ਉਦਾਹਰਣ ਵਜੋ ਜੇ ਤੁਹਾਡਾ ਮਿਣਿਆ ਹੋਇਆ ਪਲਾਟ ੫੦ ਵਰਗਮੀਟਰ ਹੈ ਅਤੇ ਤੁਸੀ ਢੋਲੀ ਵਿਚ ੫ ਲਿਟਰ ਪਾਣੀ ਪਾਇਆ ਹੈ। ਜੇਕਰ ੫੦ ਵਰਗਮੀਟਰ ਪਲਾਟ ਵਿੱਚ ਛਿੜਕਾਅ ਤੋ ਬਾਅਦ ਤੁਹਾਡੀ ਢੋਲੀ ਵਿੱਚ ੩ ਲਿਟਰ ਪਾਣੀ ਬਚਿਆ ਹੈ ਅਤੇ ਛਿੜਕਾਅ ਵਾਸਤੇ ੨ ਲਿਟਰ ਪਾਣੀ ਲੱਗਿਆ ਹੈ ਇਸ ਤੋ ਬਾਅਦ ਇੱਕ ਏਕੜ ਲਈ ਲੋੜੀਦੇ ਪਾਣੀ ਦੀ ਮਾਤਰਾ ਦਾ ਹਿਸਾਬ ਲਾਉ।
ਇਕ ਏਕੜ ਲਈ ਲੋੜੀਦੇ ਪਾਣੀ ਦੀ ਮਾਤਰਾ = ਮਿਣੇ ਹੋਏ ਪਲਾਟ ਵਿਚ ਪਾਣੀ ਦੀ ਵਰਤੀ ਮਾਤਰਾ & ੪੦੦੦
ਮਿਣੇ ਹੋਏ ਪਲਾਟ ਦਾ ਖੇਤਰਫ਼ਲ
੨/੫੦੪੦੦੦ = ੧੬੦ ਲਿਟਰ ?
ਜਿਸ ਪੰਪ, ਨੋਜ਼ਲ ਅਤੇ ਆਦਮੀ ਨਾਲ ਪਾਣੀ ਦਾ ਅੰਦਾਜ਼ਾ ਲਗਾਇਆ ਗਿਆ ਹੈ ਉਸ ਨੂੰ ਹੀ ਨਦੀਨ ਨਾਸਕ ਦਵਾਈ ਦੇ ਛਿੜਕਾਅ ਲਈ ਵਰਤੋ ਤਾਂ ਜੋ ਪਾਣੀ ਦਾ ਨਿਕਾਸ ਅਤੇ ਛਿੜਕਾਅ ਦੀ ਰਫਤਾਰ ਤੇ ਕਾਬੂ ਰਹੇ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020