ਰਾਈਸਬੀਨ ਨੀਮ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੀ ਫ਼ਸਲ ਹੈ। ਇਸ ਵਿੱਚ ਬਹੁਤਾ ਝਾੜ ਦੇਣ ਅਤੇ ਪੀਲੀਏ ਦੇ ਰੋਗ ਨੂੰ ਸਹਿਣ ਦੀ ਸਮਰੱਥਾ ਹੈ। ਇਹ ਖੁਰਾਕੀ ਤੱਤਾਂ ਨਾਲ ਭਰਪੂਰ ਅਤੇ ਕੋਕੜੂ ਰਹਿਤ ਦਾਲ ਹੈ।
ਜਲਵਾਯੂ: ਇਸ ਫ਼ਸਲ ਨੂੰ ਗਰਮ - ਤਰ ਜਲਵਾਯੂ (ਜੁਲਾਈ ਤੋਂ ਨਵੰਬਰ) ਦੀ ਲੋੜ ਹੈ। ਇਹ ਫ਼ਸਲ ੧੮ ਤੋਂ ੩੭੦ ਸੈਂਟੀਗਰੇਡ ਤਾਪਮਾਨ ਵਿੱਚ ਚੰਗੀ ਹੁੰਦੀ ਹੈ।
ਸਿਫ਼ਾਰਸ਼ ਕੀਤੇ ਇਲਾਕੇ: ਨੀਮ ਪਹਾੜੀ ਅਤੇ ਕੇਂਦਰੀ ਜ਼ਿਲ੍ਹੇ।
ਜ਼ਮੀਨ: ਇਸ ਫ਼ਸਲ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀਆਂ ਉਪਜਾਊ ਮੈਰਾ ਤੇ ਰੇਤਲੀ ਮੈਰਾ ਜ਼ਮੀਨਾਂ ਵਿੱਚ ਕਰਨੀ ਚਾਹੀਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਇਹ ਫ਼ਸਲ ਚੰਗੀ ਨਹੀਂ ਹੁੰਦੀ। ਸੇਮ ਵਾਲੀਆਂ ਤੇ ਕਲਰਾਠੀਆਂ ਜ਼ਮੀਨਾਂ ਵੀ ਇਸ ਫ਼ਸਲ ਦੀ ਕਾਸ਼ਤ ਲਈ ਢੁਕਵੀਆਂ ਨਹੀਂ।
ਫ਼ਸਲ ਚੱਕਰ: ਰਾਈਸਬੀਨ - ਕਣਕ (ਪਛੇਤੀ), ਰਾਈਸਬੀਨ-ਆਲੂ (ਬਹਾਰ ਰੁੱਤ ਦੇ), ਰਾਈਸਬੀਨ-ਸੂਰਜਮੁਖੀ (ਬਹਾਰ ਰੁੱਤ ਦੀ), ਰਾਈਸਬੀਨ-ਮੂੰਗੀ (ਗਰਮੀ ਰੁੱਤ ਦੀ), ਰਾਈਸਬੀਨ-ਗਰਮੀ ਰੁੱਤ ਦੇ ਚਾਰੇ ਉੱਨਤ ਕਿਸਮ:
ਆਰ ਬੀ ਐਲ ੬ (੨੦੦੨): ਇਹ ਇੱਕ ਫੈਲਵੀਂ ਕਿਸਮ ਹੈ, ਜਿਸਨੂੰ ਭਰਪੂਰ ਸ਼ਾਖਾਂ ਫੁੱਟਦੀਆਂ ਹਨ ਅਤੇ ਜਿਨ੍ਹਾਂ ਦਾ ਵਾਧਾ ਬਹੁਤ ਹੁੰਦਾ ਹੈ। ਇਹ ਕਿਸਮ ਬਿਮਾਰੀਆਂ ਤੋਂ ਰਹਿਤ ਹੈ ਅਤੇ ਖਾਸ ਕਰਕੇ ਇਸ ਨੂੰ ਪੀਲਾ ਚਿਤਕਬਰਾ ਰੋਗ ਨਹੀਂ ਲੱਗਦਾ। ਇਸ ਨੂੰ ਫ਼ਲੀਆਂ ਬਹੁਤ ਲੱਗਦੀਆਂ ਹਨ ਜੋ ਕਿ ਇੱਕਸਾਰ ਪੱਕਦੀਆਂ ਹਨ। ਇਸ ਦੇ ਬੀਜ ਹਲਕੇ ਹਰੇ, ਦਰਮਿਆਨੇ ਮੋਟੇ ਹੁੰਦੇ ਹਨ। ਸੇਂਜੂ ਹਾਲਤਾਂ ਵਿੱਚ 125 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਔਸਤ ਝਾੜ ਤਕਰੀਬਨ ੬ ਕੁਇੰਟਲ ਪ੍ਰਤੀ ਏਕੜ ਹੈ।
ਜ਼ਮੀਨ ਦੀ ਤਿਆਰੀ: ਚੰਗੀ ਫ਼ਸਲ ਲੈਣ ਲਈ ਖੇਤ ਚੰਗੀ ਤਰ੍ਹਾਂ ਤਿਆਰ ਹੋਣਾ ਬਹੁਤ ਜ਼ਰੂਰੀ ਹੈ।
ਬੀਜ ਦੀ ਮਾਤਰਾ: ੧੦ - ੧੨ ਕਿਲੋ ਪ੍ਰਤੀ ਏਕੜ।
ਬਿਜਾਈ ਦਾ ਸਮਾਂ ਤੇ ਢੰਗ: ਬਿਜਾਈ ਜੁਲਾਈ ਦੇ ਪਹਿਲੇ ਤੋਂ ਤੀਜੇ ਹਫ਼ਤੇ ਦੌਰਾਨ ਕਰਨੀ ਚਾਹੀਦੀ ਹੈ। ਕਤਾਰਾਂ ਵਿਚਕਾਰ ੩੦ ਸੈਂਟੀਮੀਟਰ ਅਤੇ ਪੌਦਿਆਂ ਵਿਚਕਾਰ ੧੦ -੧੨ ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਬਿਜਾਈ ਕੇਰੇ, ਪੋਰੇ ਜਾਂ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਚੰਗੀ ਫ਼ਸਲ ਲੈਣ ਲਈ ਇਸ ਨੂੰ ਸੇਂਜੂ ਹਾਲਤਾਂ ਵਿੱਚ ਬੀਜੋ।
ਖਾਦਾਂ: ਬਿਜਾਈ ਸਮੇਂ ਪ੍ਰਤੀ ਏਕੜ ਦੇ ਹਿਸਾਬ ੬ ਕਿਲੋ ਨਾਈਟ੍ਰੋਜਨ (੧੩ ਕਿਲੋ ਯੂਰੀਆ) ਅਤੇ ੮ ਕਿਲੋ ਫਾਸਫੋਰਸ (੫੦ ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਡਰਿੱਲ ਕਰੋ। ਹਲਕੀਆਂ ਜ਼ਮੀਨਾਂ ਵਿੱਚ ੧੦ -੧੫ ਟਨ ਗਲੀ ਸੜੀ ਰੂੜੀ ਪਾਉ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਇੱਕ ਜਾਂ ਦੋ ਗੋਡੀਆਂ (ਬਿਜਾਈ ਤੋਂ ੩੦ ਅਤੇ ੫੦ ਦਿਨਾਂ ਪਿੱਛੋਂ) ਕਾਫ਼ੀ ਹਨ।
ਸਿੰਚਾਈ: ਮੌਨਸੂਨ ਰੁੱਤੇ ਜੇ ਮੀਂਹ ਨਾ ਪੈਣ ਤਾਂ ਪਾਣੀ ਲਾ ਦਿਉ। ਇਸ ਤੋਂ ਪਿੱਛੋਂ ੨ -੩ ਪਾਣੀ ਲਾਉ।
ਵਾਢੀ: ਜਦੋਂ ਤਕਰੀਬਨ ੮੦ ਪ੍ਰਤੀਸ਼ਤ ਫ਼ਲੀਆਂ ਪੱਕ ਜਾਣ ਤਾਂ ਫ਼ਸਲ ਦੀ ਵਾਢੀ ਕਰ ਲਉ। ਵਾਢੀ ਸਵੇਰ ਵੇਲੇ ਕਰਨੀ ਚਾਹੀਦੀ ਹੈ ਤਾਂ ਕਿ ਦਾਣੇ ਨਾ ਕਿਰਨ ਕਿਉਂਕਿ ਬੂਟੇ ਇੱਕ ਦੂਜੇ ਵਿੱਚ ਫਸੇ ਹੋਏ ਹੁੰਦੇ ਹਨ, ਇਸ ਲਈ ਥੋੜ੍ਹੇ-ਥੋੜ੍ਹੇ ਥਾਂ ਤੇ ਪੌਦੇ ਇਕੱਠੇ ਕਰਕੇ ਵੱਢੋ।
ਸੰਭਾਲ: ਇਸ ਦੇ ਦਾਣਿਆਂ ਤੇ ਦਾਲਾਂ ਦੀ ਭੂੰਡੀ ਹਮਲਾ ਨਹੀਂ ਕਰਦੀ। ਇਸ ਲਈ ਇਸ ਦੇ ਦਾਣਿਆਂ ਨੂੰ ਧੁੱਪ ਵਿੱਚ ਸੁਕਾ ਕੇ, ਬਿਨਾ ਕਿਸੇ ਦਵਾਈ ਲਾਉਣ ਤੇ ਦਾਣਿਆਂ ਨੂੰ ਸੁੱਕੇ ਢੋਲਾਂ ਜਾਂ ਲੱਕੜੀ ਦੇ ਚੌਖਟਿਆਂ ਉੱਤੇ ਬੋਰੀਆਂ ਰੱਖ ਕੇ ਸਟੋਰ ਕੀਤਾ ਜਾ ਸਕਦਾ ਹੈ।
ਕੀੜੇ-ਮਕੌੜੇ ਅਤੇ ਬਿਮਾਰੀਆਂ: ਮੂੰਗੀ ਦੀ ਫ਼ਸਲ ਹੇਠ ਦੇਖੋ। ਰਾਈਸਬੀਨ ਆਰ ਬੀ ਐਲ ੬ ਵਿੱਚ ਪੀਲੇ ਪੱਤਿਆਂ ਦੀ ਬਿਮਾਰੀ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਸ ਫ਼ਸਲ ਤੇ ਜੜ੍ਹਾਂ ਤੇ ਗੰਢਾਂ ਬਨਾਉਣ ਵਾਲੇ ਨਿਮਾਟੋਡ ਦਾ ਵੀ ਹਮਲਾ ਹੋ ਜਾਂਦਾ ਹੈ। ਇਹ ਰੋਗ ਹਲਕੀਆਂ ਤੇ ਮੈਰਾ ਰੇਤਲੀਆਂ ਜ਼ਮੀਨਾਂ ਵਿੱਚ ਕਾਫ਼ੀ ਸਮੱਸਿਆ ਪੈਦਾ ਕਰਦਾ ਹੈ। ਇਸ ਤਰ੍ਹਾਂ ਦੀਆਂ ਜ਼ਮੀਨਾਂ ਤੇ ਰਾਈਸਬੀਨ ਦੀ ਕਾਸ਼ਤ ਨਾ ਕਰੋ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/15/2020