ਪੰਜਾਬ ਵਿੱਚ ੨੦੧੩ - ੨੦੧੪ ਵਰ੍ਹੇ ਦੌਰਾਨ ਮੂੰਗੀ ਦੀ ਕਾਸ਼ਤ ੪.੬ ਹਜ਼ਾਰ ਹੈਕਟੇਅਰ ਭੂਮੀ ਵਿੱਚ ਕੀਤੀ ਗਈ ਤੇ ਇਸ ਦੀ ਕੁੱਲ ਉਪਜ ੩.੮ ਹਜ਼ਾਰ ਟਨ ਹੋਈ। ਇਸ ਦਾ ਔਸਤ ਝਾੜ ੮੧੮ ਕਿਲੋ ਪ੍ਰਤੀ ਹੈਕਟੇਅਰ (੩੨੭ ਕਿਲੋ ਪ੍ਰਤੀ ਏਕੜ) ਰਿਹਾ।
ਇਸ ਫ਼ਸਲ ਲਈ ਗਰਮ ਜਲਵਾਯੂ ਦੀ ਲੋੜ ਹੈ। ਇਹ ਫ਼ਸਲ ਹੋਰ ਦਾਲਾਂ ਨਾਲੋਂ ਵਧੇਰੇ ਗਰਮੀ ਅਤੇ ਖੁਸ਼ਕੀ ਸਹਾਰ ਸਕਦੀ ਹੈ। ਗਰਮੀ ਦੀ ਰੁੱਤ ਵਿੱਚ ਬੀਜਣ ਲਈ ਵੀ ਇਹ ਫ਼ਸਲ ਢੁਕਵੀਂ ਹੈ।
ਮੂੰਗੀ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ ਭਲ ਤੋਂ ਰੇਤਲੀ ਭਲ ਵਾਲੀ ਜ਼ਮੀਨ ਚੰਗੀ ਹੁੰਦੀ ਹੈ। ਕਲਰਾਠੀ ਜਾਂ ਸੇਮ ਵਾਲੀ ਜ਼ਮੀਨ ਮੂੰਗੀ ਲਈ ਢੁਕਵੀਂ ਨਹੀਂ।
ਮੂੰਗੀ-ਰਾਇਆ/ਕਣਕ, ਗਰਮੀ ਰੁੱਤ ਦੀ ਮੂੰਗੀ--ਸਾਉਣੀ ਰੁੱਤ ਦੀ ਮੂੰਗੀ-ਰਾਇਆ/ਕਣਕ।
ਉੱਨਤ ਕਿਸਮਾਂ
ਇਸ ਕਿਸਮ ਦੇ ਬੂਟੇ ਸਿੱਧੇ, ਗੁੰਦਵੇਂ, ਸਥਿਰ ਵਾਧੇ ਵਾਲੇ ਅਤੇ ਦਰਮਿਆਨੀ ਉੱਚਾਈ (ਤਕਰੀਬਨ ੭੦ ਸੈਂਟੀਮੀਟਰ) ਦੇ ਹੁੰਦੇ ਹਨ। ਫ਼ਲੀਆਂ ਭਰਪੂਰ ਲੱਗਦੀਆਂ ਹਨ ਅਤੇ ਹਰੇਕ ਫ਼ਲੀ ਵਿੱਚ ੯ - ੧੧ ਦਾਣੇ ਹੁੰਦੇ ਹਨ। ਇਹ ਮੂੰਗੀ ਦੇ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਦਾ ਟਾਕਰਾ ਕਰਨ ਦੇ ਕਾਫ਼ੀ ਸਮਰੱਥ ਹੈ। ਇਹ ਕਿਸਮ ਪੱਕਣ ਵਾਸਤੇ ਤਕਰੀਬਨ ੭੫ ਦਿਨ ਲੈਂਦੀ ਹੈ। ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਚਮਕਦਾਰ ਹੁੰਦੇ ਹਨ ਜੋ ਖਾਣ ਵਿੱਚ ਸੁਆਦੀ ਬਣਦੇ ਹਨ। ਇਸ ਕਿਸਮ ਦਾ ਔਸਤ ਝਾੜ ੪.੯ ਕੁਇੰਟਲ ਪ੍ਰਤੀ ਏਕੜ ਹੈ।
ਇਸ ਦੇ ਬੂਟੇ ਖੜ੍ਹਵੇਂ, ਸਥਿਰ ਅਤੇ ਦਰਮਿਆਨੇ (੭੫ ਸੈਂਟੀਮੀਟਰ) ਕੱਦ ਦੇ ਹੁੰਦੇ ਹਨ। ਫ਼ਲੀਆਂ ਗੁੱਛਿਆਂ ਵਿੱਚ ਭਰਪੂਰ ਲੱਗਦੀਆਂ ਹਨ ਅਤੇ ਹਰ ਇੱਕ ਫ਼ਲੀ ਵਿੱਚ ਤਕਰੀਬਨ ੧੦-੧੧ ਦਾਣੇ ਪੈਂਦੇ ਹਨ। ਇਹ ਕਿਸਮ ਪੀਲੀ ਚਿਤਕਬਰੀ ਅਤੇ ਧੱਬਿਆਂ ਦੇ ਰੋਗ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਕਿਸਮ ਚਿੱਟੀ ਮੱਖੀ ਦਾ ਵੀ ਚੰਗੀ ਤਰ੍ਹਾਂ ਮੁਕਾਬਲਾ ਕਰ ਸਕਦੀ ਹੈ। ਇਹ ਕਿਸਮ ੮੦ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ, ਹਰੇ ਰੰਗ ਦੇ ਚਮਕੀਲੇ ਹੁੰਦੇ ਹਨ ਅਤੇ ਦਾਲ ਸੁਆਦ ਬਣਦੀ ਹੈ। ਇਸ ਕਿਸਮ ਦਾ ਔਸਤ ਝਾੜ ੪.੯ ਕੁਇੰਟਲ ਪ੍ਰਤੀ ਏਕੜ ਹੈ।
ਇਸ ਦੇ ਪੌਦੇ ਸਿੱਧੇ, ਸਥਿਰ ਅਤੇ ਦਰਮਿਆਨੀ ਉਚਾਈ ਵਾਲੇ (੮੫ ਸੈਂਟੀਮੀਟਰ) ਹੁੰਦੇ ਹਨ। ਇਸ ਨੂੰ ਭਰਪੂਰ ਫ਼ਲੀਆਂ ਗੁੱਛਿਆਂ ਵਿੱਚ ਲੱਗਦੀਆਂ ਹਨ ਅਤੇ ਹਰ ਫ਼ਲੀ ਵਿੱਚ ਤਕਰੀਬਨ ੧੧ - ੧੨ ਦਾਣੇ ਹੁੰਦੇ ਹਨ। ਇਸ ਕਿਸਮ ਵਿੱਚ ਪੀਲੀ ਚਿਤਕਬਰੀ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਸ ਵਿੱਚ ਚਿੱਟੀ ਮੱਖੀ ਅਤੇ ਤੇਲੇ ਦਾ ਟਾਕਰਾ ਕਰਨ ਦੀ ਵੀ ਸਮਰੱਥਾ ਹੈ। ਇਹ ਕਿਸਮ ਤਕਰੀਬਨ ੮੫ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਹਰੇ ਰੰਗ ਦੇ ਮੋਟੇ ਹੁੰਦੇ ਹਨ, ਜੋ ਕਿ ਬਹੁਤ ਫੁੱਲਦੇ ਹਨ ਅਤੇ ਦਾਲ ਬਹੁਤ ਸੁਆਦ ਬਣਦੀ ਹੈ। ਇਸ ਦਾ ਔਸਤ ਝਾੜ ੪.੩ ਕੁਇੰਟਲ ਪ੍ਰਤੀ ਏਕੜ ਹੈ।
ਸ੍ਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020