ਅਰਹਰ ਇੱਕ ਸਖ਼ਤ ਫ਼ਸਲ ਹੈ ਅਤੇ ਇਸ ਦੀ ਕਾਸ਼ਤ ਤੇ ਬਹੁਤ ਘੱਟ ਲਾਗਤ ਆਉਂਦੀ ਹੈ। ਅਰਹਰ ਦੀ ਕਾਸ਼ਤ ਸਾਲ ੨੦੧੩ - ੨੦੧੪ ਦੌਰਾਨ ੨.੯ ਹਜ਼ਾਰ ਹੈਕਟੇਅਰ ਭੂਮੀ ਵਿੱਚ ਕੀਤੀ ਗਈ ਅਤੇ ਇਸ ਦੀ ਕੁੱਲ ਉਪਜ ੨.੬ ਹਜ਼ਾਰ ਟਨ ਹੋਈ। ਇਸ ਦਾ ਔਸਤ ਝਾੜ 363 ਕਿਲੋ ਪ੍ਰਤੀ ਏਕੜ ਪ੍ਰਾਪਤ ਹੋਇਆ।
ਜ਼ਮੀਨ: ਅਰਹਰ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਪੈਦਾ ਹੋ ਸਕਦੀ ਹੈ, ਪਰ ਭਾਰੀਆਂ ਅਤੇ ਚੰਗੇ ਜਲ ਨਿਕਾਸ ਵਾਲੀਆਂ ਜ਼ਮੀਨਾਂ ਵਿੱਚ ਇਹ ਜ਼ਿਆਦਾ ਚੰਗੀ ਹੁੰਦੀ ਹੈ। ਇਸ ਦੀ ਕਾਸ਼ਤ ਲਈ ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਢੁਕਵੀਆਂ ਨਹੀ।
ਫ਼ਸਲ ਚੱਕਰ: ਅਰਹਰ-ਕਣਕ/ਜੌਂ, ਅਰਹਰ-ਸਫੈਦ ਸੇਂਜੀ-ਕਮਾਦ।
ਪੀ ਏ ਯੂ ੮੮੧ (੨੦੦੭): ਇਹ ਇੱਕ ਅਗੇਤੀ ਪੱਕਣ ਵਾਲੀ ਅਤੇ ਅਸਥਿਰ ਵਾਧੇ ਵਾਲੀ ਕਿਸਮ ਹੈ। ਇਹ ਕਿਸਮ ੧੩੨ ਦਿਨਾਂ ਵਿੱਚ ਪੱਕਦੀ ਹੈ ਅਤੇ ਅਗਲੀ ਕਣਕ ਦੀ ਫ਼ਸਲ ਵਾਸਤੇ ਸਮੇਂ ਸਿਰ ਖੇਤ ਵਿਹਲਾ ਕਰ ਦਿੰਦੀ ਹੈ। ਇਸ ਦੇ ਬੂਟੇ ਤਕਰੀਬਨ ੨ ਮੀਟਰ ਉੱਚੇ ਹੁੰਦੇ ਹਨ। ਫ਼ਲੀਆਂ ਭਰਪੂਰ ਲੱਗਦੀਆਂ ਹਨ ਅਤੇ ਹਰੇਕ ਫ਼ਲੀ ਵਿੱਚ ਪੀਲੇ ਭੂਰੇ ਰੰਗ ਦੇ ਅਤੇ ਦਰਮਿਆਨੇ ਮੋਟੇ ੩ - ੫ ਦਾਣੇ ਹੁੰਦੇ ਹਨ। ਇਸ ਕਿਸਮ ਦਾ ਔਸਤ ਝਾੜ ੫.੬ ਕੁਇੰਟਲ ਪ੍ਰਤੀ ਏਕੜ ਹੈ।
ਏ ਐਲ ੨੦੧ (੧੯੯੩): ਇਹ ਅਨਿਸਚਿਤ ਵਾਧੇ ਵਾਲੀ ਅਗੇਤੀ ਪੱਕਣ ਵਾਲੀ ਕਿਸਮ ਹੈ ਜੋ ਕਿ ੧੪੦ ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਅਕਤੂਬਰ ਦੇ ਅੰਤ ਤੱਕ ਖੇਤ ਵਿਹਲਾ ਕਰ ਦਿੰਦੀ ਹੈ ਜਿਸ ਕਰਕੇ ਕਣਕ ਵੇਲੇ ਸਿਰ ਬੀਜੀ ਜਾ ਸਕਦੀ ਹੈ। ਇਸ ਕਿਸਮ ਦੇ ਪੌਦੇ ਸਿੱਧੇ ਅਤੇ ਤਕਰੀਬਨ ੨.੫ ਮੀਟਰ ਉੱਚੇ ਹੁੰਦੇ ਹਨ। ਵਿਚਕਾਰਲਾ ਤਣਾ ਟਾਹਣੀਆਂ ਨਾਲੋਂ ਕਾਫ਼ੀ ਲੰਮਾ ਹੁੰਦਾ ਹੈ ਅਤੇ ਇਸ ਦੇ ਫੁੱਲ ਪੀਲੇ ਹੁੰਦੇ ਹਨ ਜਿਨ੍ਹਾਂ ਦੀਆਂ ਪੱਤੀਆਂ ਉੱਤੇ ਲਾਲ ਧਾਰੀਆਂ ਹੁੰਦੀਆਂ ਹਨ। ਪੌਦੇ ਨੂੰ ਭਰਪੂਰ ਫ਼ਲੀਆਂ ਲੱਗਦੀਆਂ ਹਨ। ਹਰ ਫ਼ਲੀ ਵਿੱਚ ੩ - ੫ ਪੀਲੇ ਭੂਰੇ ਦਰਮਿਆਨੇ
ਆਕਾਰ ਦੇ ਬੀਜ ਹੁੰਦੇ ਹਨ। ਔਸਤ ਝਾੜ ਤਕਰੀਬਨ ੬.੨ ਕੁਇੰਟਲ ਪ੍ਰਤੀ ਏਕੜ ਹੈ।
ਏ ਐਲ ੧੫ (੧੯੮੧): ਇਹ ਨਿਸਚਿਤ ਵਾਧੇ ਵਾਲੀ ਇੱਕ ਥੋੜ੍ਹੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਹ ੧੩੫ ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਖੇਤ ਅਕਤੂਬਰ ਦੇ ਅਖੀਰ ਤੱਕ ਖਾਲੀ ਹੋ ਜਾਂਦਾ ਹੈ, ਜਿਸ ਕਰਕੇ ਕਣਕ ਦੀ ਫ਼ਸਲ ਵੇਲੇ ਸਿਰ ਬੀਜੀ ਜਾ ਸਕਦੀ ਹੈ। ਇਸ ਦੇ ਪੌਦੇ ਝਾੜੀਦਾਰ ਅਤੇ ਛੋਟੇ ਕੱਦ ਦੇ ਹੁੰਦੇ ਹਨ, ਜਿਨ੍ਹਾਂ ਦਾ ਕੱਦ ਤਕਰੀਬਨ ੧.੫ ਤੋਂ ੧.੮ ਮੀਟਰ ਤੱਕ ਹੁੰਦਾ ਹੈ। ਪੌਦੇ ਦੇ ਸਿਖਰ ਤੇ ਭਰਪੂਰ ਫ਼ਲੀਆਂ ਗੁੱਛਿਆਂ ਵਿੱਚ ਲੱਗਦੀਆਂ ਹਨ ਅਤੇ ਇਕਸਾਰ ਪੱਕਦੀਆਂ ਹਨ। ਹਰ ਫ਼ਲੀ ਵਿੱਚ ੩ - ੫ ਪੀਲੇ ਭੂਰੇ ਰੰਗ ਦੇ ਦਰਮਿਆਨੇ ਆਕਾਰ ਦੇ ਦਾਣੇ ਹੁੰਦੇ ਹਨ। ਇਹ ਲਗਭਗ ੫.੫ ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/15/2020