ਵਾਹੀ: ਰਸਾਇਣਕ ਖੇਤੀ ਦੇ ਮੁਕਾਬਲੇ ਜੈਵਿਕ ਖੇਤੀ ਵਿਚ ਕਣਕ ਦੀ (ਨਾੜ) ਪਰਾਲੀ ਨੂੰ ਵਾਹੁਣ, ਰੂੜੀ ਅਤੇ ਹਰੀ ਖਾਦ ਨੂੰ ਦਬਾਉਣ ਲਈ ਤਿੰਨ ਜਾਂ ਚਾਰ ਵਾਰ ਤਵੀਆ (ਕਲਟੀਵੇਟਰ) ਦੀ ਜ਼ਿਆਦਾ ਲੋੜ ਪੈਂਦੀ ਹੈ।
ਖ਼ੁਰਾਕ: ੪ ਟਨ ਸੁੱਕੀ ਗਲੀ ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ, ਜੈਵਿਕ ਖੇਤੀ ਸ਼ੁਰੂ ਕਰਨ ਤੋਂ ਪਹਿਲੇ ਪੰਜ ਸਾਲ ਤੱਕ ਪਾਉ ਜਦੋਂ ਕਿ ਪੰਜ ਸਾਲ ਬਾਅਦ ਰੂੜੀ ਦੀ ਖਾਦ ਅੱਧੀ ਕਰ ਦਿਉ। ਕਣਕ ਦੀ ਪਰਾਲੀ ਖੇਤ ਦੇ ਵਿਚ ਹੀ ਵਾਹੋ। ਹਰੀ ਖਾਦ (ਸਣ/ਢੈਂਚਾ) ੨੦ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਅਪ੍ਰੈਲ ਦੇ ਤੀਜੇ ਹਫ਼ਤੇ ਜਾਂ ਕਣਕ ਦੀ ਵਾਢੀ ਤੋਂ ਤੁਰੰਤ ਬਾਅਦ ਬੀਜ ਦਿਉ। ਹਰੀ ਖਾਦ ਨੂੰ ਉਗਾਉਣ ਲਈ ੨ - ੩ ਪਾਣੀ ਚਾਹੀਦੇ ਹਨ। ਹਰੀ ਖਾਦ ਨੂੰ ੪੦ - ੪੫ ਦਿਨਾਂ ਦੀ ਹੋਣ ਉਪਰੰਤ ਸੋਇਆਬੀਨ ਦੀ ਬਿਜਾਈ ਤੋਂ ੫-੭ ਦਿਨ ਪਹਿਲਾਂ ਖੇਤ ਵਿਚ ਵਾਹ ਦਿਉ।
ਨਦੀਨਾਂ ਦੀ ਰੋਕਥਾਮ: ਜੈਵਿਕ ਖੇਤੀ ਵਿਚ ਰੂੜੀ ਦੀ ਖਾਦ ਵਰਤਣ ਨਾਲ ਨਦੀਨਾਂ ਦੀ ਸੰਖਿਆ ਕੁਝ ਜ਼ਿਆਦਾ ਹੁੰਦੀ ਹੈ। ਇਸ ਲਈ ਸੋਇਆਬੀਨ ਦੀ ਫ਼ਸਲ ਵਿਚ ਨਦੀਨਾਂ ਨੂੰ ਕਾਬੂ ਕਰਨ ਲਈ ਦੋ ਜਾਂ ਤਿੰਨ ਵਾਰ ਵੀਲ ਹੋਅ / ਖੁਰਪਾ/ਕਸੋਲਾ ਨਾਲ ਗੱਡੀ ਕਰੋ। ਕੀੜੇ-ਮਕੌੜਿਆਂ ਦੀ ਰੋਕਥਾਮ: ਚਿੱਟੀ ਮੱਕੀ ਅਤੇ ਸੋਇਆਬੀਨ ਦੇ ਹੋਰ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਨੀਮਅਜਾਲ (੧%) ੧੨੦ ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਵਾਹੀ: ਕਣਕ ਦੀ ਜੈਵਿਕ ਖੇਤੀ ਵਿਚ ਮੱਕੀ ਜਾਂ ਸੋਇਆਬੀਨ ਦੀ ਰਹਿੰਦ-ਖੂਹੰਦ ਅਤੇ ਰੂੜੀ ਦੀ ਖਾਦ ਖੇਤ ਵਿੱਚ ਚੰਗੀ ਤਰ੍ਹਾਂ ਰਲਾਉਣ ਲਈ ੩ ਜਾਂ ੪ ਵਾਰ ਰਸਾਇਣਕ ਖੇਤੀ ਤੋਂ ਵਾਧੂ ਤਵੀਆਂ (ਕਲਟੀਵੇਟਰ) ਦੀ ਲੋੜ ਪੈਂਦੀ ਹੈ।
ਖ਼ੁਰਾਕ: ਜੈਵਿਕ ਖੇਤੀ ਦੇ ਪਹਿਲੇ ਪੰਜ ਸਾਲਾਂ ਵਿਚ ਕਣਕ ਨੂੰ ੮ ਟਨ ਸੁੱਕੀ ਅਤੇ ਗਲੀ ਹੋਈ ਰੂੜੀ ਦੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ ਅਤੇ ਬਾਅਦ ਵਿਚ ੨੫ ਫ਼ੀਸਦੀ ਰੂੜੀ ਦੀ ਖਾਦ ਦੀ ਮਾਤਰਾ ਘਟਾ ਦਿਉ। ਮੱਕੀ ਅਤੇ ਸੋਇਆਬੀਨ ਦੀ ਰਹਿੰਦ-ਖੂਹੰਦ ਨੂੰ ਖੇਤ ਵਿਚ ਹੀ ਵਾਹੋ।
ਨਦੀਨਾਂ ਦੀ ਰੋਕਥਾਮ: ਜੈਵਿਕ ਖੇਤੀ ਵਿਚ ਰੂੜੀ ਦੀ ਖਾਦ ਵਰਤਣ ਕਰਕੇ ਨਦੀਨਾਂ ਦੀ ਗਿਣਤੀ ਕੁਝ ਜ਼ਿਆਦਾ ਹੁੰਦੀ ਹੈ। ਇਸ ਲਈ ਨਦੀਨਾਂ ਨੂੰ ਕਾਬੂ ਕਰਨ ਲਈ ਦੋ ਜਾਂ ਤਿੰਨ ਵਾਰ ਵੀਲ ਹੋਅ/ਖੁਰਪਾ/ਕਸੋਲਾ ਨਾਲ ਗੋਡੀ ਕਰੋ।
ਕੀੜੇ-ਮਕੌੜੇ: ਜੈਵਿਕ ਕਣਕ ਵਿੱਚ ਕੀੜੇ-ਮਕੌੜਿਆਂ ਦੀ ਕੋਈ ਖ਼ਾਸ ਸਮੱਸਿਆ ਨਹੀਂ ਆਉਂਦੀ। ਜੇ ਤੇਲਾ ਦਿਖਾਈ ਵੀ ਦੇਵੇ ਤਾਂ ਮਿੱਤਰ ਕੀੜੇ ਉਸਨੂੰ ਖ਼ਤਮ ਕਰ ਦਿੰਦੇ ਹਨ।
ਮੱਕੀ-ਆਲੂ-ਪਿਆਜ਼ ਫ਼ਸਲੀ ਚੱਕਰ ਦੀ ਜੈਵਿਕ ਖੇਤੀ ਵੱਧ ਫਾਇਦੇ ਵਾਲੀ ਹੋ ਸਕਦੀ ਹੈ; ਜਦੋਂ ਇਨ੍ਹਾਂ ਦੇ ਖੁਰਾਕੀ ਤੱਤਾਂ (ਨਾਈਟ੍ਰੋਜਨ) ਦੀ ਪੂਰਤੀ ਇਕ ਤਿਹਾਈ ਰੂੜੀ ਦੀ ਖਾਦ, ਗੰਡੋਇਆ ਦੀ ਖਾਦ ਅਤੇ ਨਾ ਖਾਣ ਯੋਗ ਰਿੰਡ ਦੀ ਖੱਲ੍ਹ ਤੋਂ ਕੀਤੀ ਹੋਵੇ। ਜੇਕਰ ਆਲੂ ਅਤੇ ਮੂਲੀ ਦੀ ਰਲਵੀਂ ਫ਼ਸਲ ਅਤੇ ਪਿਆਜ਼ ਅਤੇ ਧਨੀਏ ਦੀ ਰਲਵੀਂ ਫ਼ਸਲ ਬੀਜੀ ਹੋਵੇ ਤਾਂ ਜੈਵਿਕ ਖੇਤੀ ਦੇ ਪਹਿਲੇ ਸਾਲ ਹੀ ਰਸਾਇਣਕ ਖੇਤੀ ਦੇ ਬਰਾਬਰ ਝਾੜ ਦੇ ਸਕਦੀ ਹੈ। ਮੱਕੀ ਲਈ ਸਿਫ਼ਾਰਸ਼ ਕੀਤੀ ੫੦ ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਨੂੰ ੧੬.੭ ਕੁਇੰਟਲ ਰੂੜੀ ਦੀ ਖਾਦ (੧.੦ ਪ੍ਰਤੀਸ਼ਤ ਨਾਈਟ੍ਰੋਜਨ) +੧੧.੧ ਕੁਇੰਟਲ ਗੰਡੋਇਆਂ ਦੀ ਖਾਦ (੧.੫ ਪ੍ਰਤੀਸ਼ਤ ਨਾਈਟ੍ਰੋਜਨ) + ੬.੭ ਕੁਇੰਟਲ ਨਾ ਖਾਣ ਯੋਗ ਰਿੰਡ ਦੀ ਖੱਲ਼ (੨.੫ ਪ੍ਰਤੀਸ਼ਤ ਨਾਈਟ੍ਰੋਜਨ) ਪ੍ਰਤੀ ਏਕੜ ਤੋਂ ਪ੍ਰਾਪਤ ਕਰ ਸਕਦੇ ਹਾਂ। ਇਸੇ ਤਰ੍ਹਾਂ ਆਲੂਆਂ ਲਈ ੭੫ ਕਿਲੋ ਨਾਈਟ੍ਰੋਜਨ ਨੂੰ ੨੫ ਕੁਇੰਟਲ ਰੂੜੀ ਦੀ ਖਾਦ + ੧੬.੭ ਕੁਇੰਟਲ ਗੰਡੋਇਆ ਖਾਦ + ੧੦ ਕੁਇੰਟਲ ਨਾ ਖਾਣ ਯੋਗ ਰਿੰਡ ਦੀ ਖੱਲ਼ ਤੋਂ ਪ੍ਰਾਪਤ ਕਰ ਸਕਦੇ ਹਾਂ। ਪਿਆਜ਼ ਲਈ ੪੦ ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਲਈ ਕ੍ਰਮਵਾਰ ੧੩.੩ ਕੁਇੰਟਲ ਰੂੜੀ ਦੀ ਖਾਦ + ੮.੯ ਕੁਇੰਟਲ ਗੰਡੋਇਆ ਖਾਦ + ੫.੩ ਕੁਇੰਟਲ ਨਾ ਖਾਣ ਯੋਗ ਰਿੰਡ ਦੀ ਖੱਲ ਪ੍ਰਤੀ ਏਕੜ ਤੋਂ ਪ੍ਰਾਪਤ ਕਰ ਸਕਦੇ ਹਾਂ। ਆਲੂ ਬੀਜਣ/ਪਿਆਜ ਦੀ ਪਨੀਰੀ ਲਾਉਣ ਸਮੇਂ ਕਨਸੌਰਸ਼ੀਅਮ ਜੀਵਾਣੂ ਖਾਦ ੪ ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਆਲੂ/ਪਿਆਜ ਦਾ ਝਾੜ ਵੱਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਕਨਸੌਰਸ਼ੀਅਮ ਦਾ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਪਾਸੋਂ ਮਿਲਦਾ ਹੈ। ਇਸ ਲਈ ਮੱਕੀ ਦੀ ਫ਼ਸਲ ਨੂੰ ਜੂਨ ਦੇ ਪਹਿਲੇ ਪੰਦਰ੍ਹਵਾੜੇ, ਆਲੂ ਅਕਤੂਬਰ ਦੇ ਪਹਿਲੇ ਪੰਦਰ੍ਹਵਾੜੇ ਅਤੇ ਪਿਆਜ਼ ਜਨਵਰੀ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਬੀਜੇ ਜਾਣੇ ਚਾਹੀਦੇ ਹਨ। ਮੂਲੀ ਨੂੰ ਅਕਤੂਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਆਲੂਆਂ ਦੀ ਹਰੇਕ ਵੱਟ ਦੇ ਦੱਖਣ ਵਾਲੇ ਪਾਸੇ ਬੀਜ ਕੇ, ਦਸੰਬਰ ਦੇ ਮਹੀਨੇ ਵਿੱਚ ਬਿਜਾਈ ਤੋਂ ੫੦ ਤੋਂ ੭੦ ਦਿਨਾਂ ਵਿੱਚ ੨-੩ ਵਾਰੀ ਪੁੱਟ ਲਵੋ। ਧਨੀਏ ਦੀ ਇਕ ਕਤਾਰ ਪਿਆਜ਼ ਦੀਆਂ ੫ ਕਤਾਰਾਂ ਬਾਅਦ ਜਨਵਰੀ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਪਿਆਜ਼ ਦੀ ਪਨੀਰੀ ਲਾਉਣ ਤੇ ਪਹਿਲੇ ਪਾਣੀ ਦੇਣ ਉਪਰੰਤ ਲਾਓ। ਹਰੇ ਧਨੀਏ ਦੀ ਬਿਜਾਈ ਤੋਂ ਚਾਲੀ ਦਿਨਾਂ ਬਾਅਦ ਪਹਿਲੀ ਕਟਾਈ ਕਰੋ ਅਤੇ ਬੀਜ ਦੇ ਤੌਰ ਤੇ ਧਨੀਏ ਨੂੰ ਮਈ ਦੇ ਦੂਸਰੇ ਹਫ਼ਤੇ ਕੱਟ ਲਓ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/20/2020