(੧) ਚੂਹੇਮਾਰ ਦਵਾਈਆਂ ਤੇ ਜ਼ਹਿਰੀਲਾ ਚੋਗਾ ਬੱਚਿਆਂ ਤੇ ਪਾਲਤੂ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖੋ।
(੨) ਚੋਗੇ ਵਿਚ ਜ਼ਹਿਰੀਲੀ ਦਵਾਈ ਸੋਟੀ, ਖੁਰਪਾ ਜਾਂ ਹੱਥਾਂ ਤੇ ਰਬੜ ਦੇ ਦਸਤਾਨੇ ਪਾ ਕੇ ਮਿਲਾਓ। ਜ਼ਹਿਰ ਨੂੰ ਮੂੰਹ, ਨੱਕ ਤੇ ਅੱਖਾਂ ਵਿਚ ਪੈਣ ਤੋਂ ਬਚਾਓ । ਜ਼ਹਿਰੀਲਾ ਚੋਗਾ ਬਣਾਉਣ ਤੋਂ ਬਾਅਦ ਹੱਥਾਂ ਤੇ ਸਰੀਰ ਦੇ ਨੰਗੇ ਹਿੱਸਿਆਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਵੋ।
(੩) ਜ਼ਹਿਰੀਲਾ ਚੋਗਾ ਬਣਾਉਣ ਲਈ ਕਦੇ ਰਸੋਈ ਦੇ ਭਾਂਡੇ ਨਾ ਵਰਤੋ।
(੪) ਜ਼ਹਿਰੀਲਾ ਚੋਗਾ ਖੇਤਾਂ ਵਿਚ ਲਿਜਾਣ ਤੇ ਸਾਂਭਣ ਵਾਸਤੇ ਪਲਾਸਟਿਕ ਦੇ ਲਿਫ਼ਾਫ਼ੇ ਵਰਤੋ ਤੇ ਵਰਤਣ ਤੋਂ ਬਾਅਦ ਇਨ੍ਹਾਂ ਨੂੰ ਜ਼ਮੀਨ ਵਿਚ ਦਬਾ ਦਿਓ।
(੫) ਬਾਕੀ ਬਚਿਆ ਜ਼ਹਿਰੀਲਾ ਚੋਗਾ ਅਤੇ ਮਰੇ ਚੂਹੇ ਖੇਤਾਂ ਵਿਚੋਂ ਇਕੱਠੇ ਕਰੋ ਤੇ ਜ਼ਮੀਨ ਵਿਚ ਦਬਾ ਦਿਓ।
(੬) ਜ਼ਿੰਕ ਫ਼ਾਸਫ਼ਾਈਡ ਦਵਾਈ ਦਾ ਕੋਈ ਤੋੜ (ਐਂਟੀਡੋਟ) ਨਹੀਂ ਹੈ। ਕਿਸੇ ਮਨੁੱਖ ਦੇ ਅਚਨਚੇਤ ਖਾ ਲੈਣ ਤੇ ਉਸ ਦੇ ਸੰਘ ਵਿਚ ਉਂਗਲ ਪਾ ਕੇ ਉਸਦੀ ਉਲਟੀ ਕਰਵਾਓ ਤੇ ਡਾਕਟਰ ਕੋਲ ਲੈ ਜਾਓ। ਬਰੋਮਾਡਾਈਲੋ ਦਵਾਈ ਦਾ ਜ਼ਹਿਰੀਲਾ ਅਸਰ ਡਾਕਟਰ ਦੀ ਨਿਗਰਾਨੀ ਹੇਠ ਵਿਟਾਮਿਨ ਕੇ ਦੇਣ ਨਾਲ ਖ਼ਤਮ ਕੀਤਾ ਜਾ ਸਕਦਾ ਹੈ।
ਘਾਹ ਤੇ ਝਾੜੀਆਂ ਚੂਹਿਆਂ ਨੂੰ ਲੁਕਣ ਵਿਚ ਮਦਦ ਕਰਦੀਆਂ ਹਨ ਤੇ ਔਖੇ ਵੇਲੇ ਉਨ੍ਹਾਂ ਦੇ ਭੋਜਨ ਦਾ ਅਧਾਰ ਬਣਦੀਆਂ ਹਨ। ਇਸ ਲਈ ਘਾਹ ਫੂਸ ਨੂੰ ਸਮੇਂ-ਸਮੇਂ ਤੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਪੁਰਾਣੀਆਂ ਵੱਟਾਂ, ਖਾਲ, ਖੇਤਾਂ ਵਿਚਲੀਆਂ ਪਗਡੰਡੀਆਂ ਆਦਿ ਕੁਝ ਸਮੇਂ ਬਾਅਦ ਢਾਹ ਕੇ ਨਵੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਚੂਹਿਆਂ ਦੀਆਂ ਪੱਕੀਆਂ ਖੁੱਡਾਂ ਨਸ਼ਟ ਹੋ ਜਾਣ। ਸੜਕਾਂ, ਨਹਿਰਾਂ ਤੇ ਰੇਲਵੇ ਲਾਈਨਾਂ ਨਾਲ ਲਗਦੀ ਖਾਲੀ ਜ਼ਮੀਨ, ਹੋਰ ਅਣਵਾਹੀਆਂ ਥਾਵਾਂ, ਬਾਗਾਂ ਅਤੇ ਜੰਗਲਾਤ ਵਾਲੀਆਂ ਥਾਵਾਂ ਵਿਚ ਚੂਹੇ ਸਥਾਈ ਖੁੱਡਾਂ ਬਣਾਉਂਦੇ ਹਨ। ਇਨ੍ਹਾਂ ਸਾਰੀਆਂ ਥਾਵਾਂ ਤੇ ਚੂਹਿਆਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਤਾਂ ਜੋ ਨਾਲ ਲਗਦੀਆਂ ਫ਼ਸਲਾਂ ਵਿਚ ਚੂਹਿਆਂ ਦਾ ਪ੍ਰਵੇਸ਼ ਰੋਕਿਆ ਜਾ ਸਕੇ।
ਉੱਲੂ, ਇੱਲਾਂ, ਸ਼ਿਕਰੇ, ਬਾਜ, ਸੱਪ, ਬਿੱਲੀਆਂ, ਨਿਉਲੇ ਤੇ ਗਿੱਦੜ ਚੂਹਿਆਂ ਨੂੰ ਖਾਂਦੇ ਹਨ ਤੇ ਉਨ੍ਹਾਂ ਦੇ ਕੁਦਰਤੀ ਦੁਸ਼ਮਣ ਹਨ। ਇਨ੍ਹਾਂ ਨੂੰ ਨਾ ਮਾਰੋ।
ਉਪਰੋਕਤ ਦੱਸੇ ਚੂਹੇਮਾਰ ਤਰੀਕਿਆਂ ਵਿਚੋਂ ਕਿਸੇ ਵੀ ਇਕ ਤਰੀਕੇ ਨਾਲ ਸਾਰੇ ਚੂਹੇ ਨਹੀਂ ਮਾਰੇ ਜਾ ਸਕਦੇ। ਇਕ ਸਮੇਂ ਦੀ ਰੋਕਥਾਮ ਤੋਂ ਬਾਅਦ ਬਚੇ ਹੋਏ ਚੂਹੇ ਬੜੀ ਤੇਜ਼ੀ ਨਾਲ ਬੱਚੇ ਜੰਮ ਕੇ ਰੋਕਥਾਮ ਤੋਂ ਪਹਿਲਾਂ ਵਾਲੀ ਗਿਣਤੀ ਵਿਚ ਆ ਜਾਂਦੇ ਹਨ। ਇਸ ਲਈ ਫ਼ਸਲਾਂ ਦੀਆਂ ਅਲੱਗ ਅਲੱਗ ਅਵਸਥਾਵਾਂ ਤੇ ਬਹੁਪੱਖੀ ਵਿਉਂਤਬੰਦੀ ਨਾਲ ਇਕ ਤੋਂ ਵੱਧ ਤਰੀਕੇ ਅਪਣਾਓ ਜਿਵੇਂ ਕਿ ਖੇਤਾਂ ਨੂੰ ਪਾਣੀ ਲਾਉਣ ਵੇਲੇ ਚੂਹੇ ਡੰਡਿਆਂ ਨਾਲ ਮਾਰੋ। ਫ਼ਸਲ ਬੀਜਣ ਤੋਂ ਬਾਅਦ ਢੁਕਵੇਂ ਸਮਿਆਂ ਤੇ ਰਸਾਇਣਕ ਤਰੀਕੇ ਉਪਰੋਕਤ ਵਿਧੀਆਂ ਨਾਲ ਅਪਣਾਓ। ਜ਼ਿੰਕ ਫ਼ਾਸਫ਼ਾਈਡ ਦਵਾਈ ਵਰਤਣ ਤੋਂ ਫੌਰਨ ਬਾਅਦ ਅਗਰ ਲੋੜ ਪਵੇ ਤਾਂ ਬਰੋਮਾਡਾਇਲੋਨ ਵਾਲਾ ਚੋਗ ਵਰਤੋ। ਇਕ ਹੀ ਫ਼ਸਲ ਵਿਚ ੨ ਵਾਰ ਜ਼ਿੰਕ ਫ਼ਾਸਫ਼ਾਈਡ ਦਵਾਈ ਵਰਤਣ ਵਿਚਕਾਰ ਸਮਾਂ ਘੱਟੋ ਘੱਟ ੨ ਮਹੀਨੇ ਹੋਣਾ ਅਤਿ ਜ਼ਰੂਰੀ ਹੈ।
ਪਿੰਡ ਪੱਧਰ ਤੇ ਚੂਹੇਮਾਰ ਮੁਹਿੰਮ: ਥੋੜ੍ਹੇ ਰਕਬੇ ਵਿਚ ਚੂਹਿਆਂ ਦੀ ਰੋਕਥਾਮ ਬੇਅਸਰ ਸਾਬਤ ਹੁੰਦੀ ਹੈ ਕਿਉਂਕਿ ਨਾਲ ਲਗਦੇ ਖੇਤਾਂ ਵਿਚੋਂ ਚੂਹੇ ਮੁੜ ਆ ਵਸਦੇ ਹਨ। ਇਸ ਲਈ ਚੰਗੇ ਨਤੀਜੇ ਹਾਸਲ ਕਰਨ ਲਈ ਚੂਹੇਮਾਰ ਮੁਹਿੰਮ ਦਾ ਪਿੰਡ ਪੱਧਰ ਤੇ ਅਪਨਾਉਣਾ ਬਹੁਤ ਜਰੂਰੀ ਹੈ, ਜਿਸ ਵਿਚ ਇਕ ਪਿੰਡ ਦੀ ਸਾਰੀ ਜ਼ਮੀਨ (ਬੀਜੀ ਹੋਈ, ਬਾਗਾਂ ਵਾਲੀ, ਜੰਗਲਾਤ ਵਾਲੀ ਅਤੇ ਖਾਲੀ) ਉੱਤੇ ਇਕੱਠੇ ਤੌਰ ਤੇ ਚੂਹਿਆਂ ਦਾ ਖਾਤਮਾ ਕੀਤਾ ਜਾਵੇ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020